Monday, August 10, 2015

ਪਟਿਆਲਾ ਦਾ ਨਵਾਂ ਬੱਸ ਅੱਡਾ ਹੁਣ ਨਹੀਂ ਬਣੇਗਾ?

ਅੰਤਰਰਾਸ਼ਟਰੀ ਸਹੂਲਤਾਂ ਨਾਲ ਲੈਸ ਇਸ ਬੱਸ ਅੱਡੇ ਵਿਚ ਹੈਲੀਪੈਡ ਵੀ ਬਣਨਾ ਸੀ
ਦੋ ਸਾਲਾਂ ਵਿਚ ਬਣਨ ਵਾਲਾ ਬੱਸ ਅੱਡਾ ਪੰਜ ਸਾਲਾਂ ਤੱਕ ਵੀ ਨਹੀਂ ਬਣਾਇਆ ਕੰਪਨੀ ਨੇ : ਡੀ ਐਮ
ਬੱਸ ਅੱਡੇ ਵਾਲੀ ਜ਼ਮੀਨ ਤੇ ਕਈ ਸਾਰੇ ਕੇਸ ਚੱਲ ਰਹੇ ਹਨ : ਕੰਪਨੀ
ਗੁਰਨਾਮ ਸਿੰਘ ਅਕੀਦਾ
ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਲਾ ਪਟਿਆਲਾ ਦਾ ਨਵਾਂ ਬੱਸ ਸਟੈਂਡ ਹੁਣ ਪਟਿਆਲਵੀਆਂ ਦੇ ਹਵਾਲੇ ਹੋਣ ਮੁਮਕਿਨ ਨਹੀਂ ਜਾਪ ਰਿਹਾ ਕਿਉਂਕਿ ਜਿਸ ਕੰਪਨੀ ਨੇ ਇਹ ਨਵੀਨਤਮ ਸਹੂਲਤਾਂ ਨਾਲ ਲੈਸ ਕਿਸਮ ਦਾ ਬੱਸ ਅੱਡਾ ਬਣਾਉਣ ਦਾ ਸਮਝੌਤਾ ਕੀਤਾ ਸੀ ਉਹ ਦੋਵਾਂ ਧਿਰਾਂ ਦੀਆਂ ਜ਼ਰਬਾਂ ਤਕਸੀਮਾਂ ਕਰਕੇ ਕਰੀਬ ਕਰੀਬ ਫੈਲ ਹੀ ਹੋ ਗਿਆ ਹੈ। ਹੁਣ ਇਹ ਬੱਸ ਅੱਡਾ ਜਨਤਾ ਦੇ ਹਵਾਲੇ ਹੋਣਾ ਨੇੜ ਭਵਿੱਖ ਵਿਚ  ਨਹੀਂ ਜਾਪ ਰਿਹਾ। ਸਿਰਫ਼ ਕੰਡਿਆਂ ਵਿਚ ਘਿਰਿਆ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਰੱਖਿਆ ਨੀਂਹ ਪੱਥਰ ਹੀ ਨਜ਼ਰ ਆ ਰਿਹਾ ਹੈ।

        ਪ੍ਰਾਪਤ ਜਾਣਕਾਰੀ ਵਿਚ ਨਵਾਂ ਬੱਸ ਅੱਡਾ ਬਣਾਉਣ ਲਈ ਪੰਜਾਬ ਸਰਕਾਰ ਨੇ ਆਪਣੀ ਰਾਜਪੁਰਾ ਰੋਡ ਤੇ ਪਈ 90 ਵਿੱਘਾ ਇੱਕ ਵਿਸਵਾ ਜਗ੍ਹਾ ਪੀ ਆਰ ਟੀ ਸੀ ਨੂੰ ਦੇ ਦਿੱਤੀ ਸੀ, ਜਿਸ ਵਿਚੋਂ ਪੀ ਆਰ ਟੀ ਸੀ ਨੇ ਇੱਕ ਵਿੱਘਾ 5 ਵਿਸਵਾ ਜਗ੍ਹਾ ਕੇਦਾਰ ਨਾਥ ਦੇ ਮੰਦਰ ਦੇ ਹਵਾਲੇ ਕਰ ਦਿੱਤੀ ਸੀ। ਬੱਸ ਸਟੈਂਡ ਦਾ ਕੰਮ ਨੇਪਰੇ ਚਾੜ੍ਹਨ ਲਈ ਪੀ ਆਈ ਡੀ ਬੀ ਨੇ ਇਹ ਪ੍ਰੋਜੈਕਟ 'ਬੂਟ ਸਿਸਟਮ' ਰਾਹੀਂ ਪੂਰਾ ਕਰਨ ਦਾ ਪ੍ਰੋਗਰਾਮ ਬਣਾਇਆ, ਜਿਸ ਤਹਿਤ ਕੁੱਝ ਕੰਪਨੀਆਂ ਨੂੰ ਬੁਲਾਵਾ ਦਿੱਤਾ ਗਿਆ ਜਿਸ ਵਿਚੋਂ ਇੱਕ ਕੌਮੀ ਕੰਪਨੀ 'ਸਪਿਰਟ ਗਲੋਬਲ' ਕੰਪਨੀ ਨਾਲ ਇੱਕ ਸਮਝੌਤਾ ਕਲਮਬੰਦ ਕੀਤਾ ਗਿਆ, ਸਮਝੌਤੇ ਤਹਿਤ ਸਪਿਰਟ ਕੰਪਨੀ ਨੇ 27 ਕਰੋੜ ਰੁਪਏ ਸਾਲ ਦੇ ਦੋ ਕਿਸ਼ਤਾਂ ਵਿਚ ਜਮਾਂ ਕਰਾਉਣੇ ਸਨ,  90 ਸਾਲਾ ਦੀ ਤਹਿ ਹੋਈ ਲੀਜ਼ ਤਹਿਤ ਪ੍ਰੋਜੈਕਟ ਪੂਰਾ ਕਰਨ ਵਾਲੀ ਕੰਪਨੀ ਬੱਸ ਅੱਡੇ ਤੋਂ ਹੀ ਆਮਦਨ ਪ੍ਰਾਪਤ ਕਰਨ ਦਾ ਤਹਿ ਹੋਇਆ, ਪਹਿਲੀ ਕਿਸ਼ਤ ਦੇ 13 ਕਰੋੜ 50 ਲੱਖ ਰੁਪਏ ਕੰਪਨੀ ਨੇ ਜਮਾਂ ਕਰਵਾ ਦਿੱਤੇ ਗਏ ਤੇ ਬੈਂਕ ਗਰੰਟੀ ਵੀ ਦੇ ਦਿੱਤੀ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 90 ਸਾਲ ਤੱਕ ਹਰ ਸਾਲ ਸਮਝੌਤੇ ਅਨੁਸਾਰ ਕੰਪਨੀ ਨੇ ਪੀ ਆਰ ਟੀ ਸੀ ਨੂੰ ਇਹ ਰੁਪਏ 5 ਫ਼ੀਸਦੀ ਵਧਾਕੇ ਦੇਣੇ ਸਨ। ਸਮਝੌਤੇ ਵਿਚ 56000 ਸਕੇਅਰ ਮੀਟਰ ਥਾਂ ਕੰਪਨੀ ਨੂੰ ਦੇਣੀ ਸੀ ਤੇ ਕੰਪਨੀ ਨੇ ਬੱਸ ਸਟੈਂਡ 2 ਸਾਲਾਂ ਵਿਚ ਪੂਰਾ ਕਰਨਾ ਸੀ, ਪੂਰਾ ਨਾ ਕਰਨ ਦੀ ਸੂਰਤ ਵਿਚ ਕੁੱਝ ਪੈਨਲਟੀ ਲਗਾਉਣ ਦਾ ਵੀ ਪ੍ਰਵਾਧਾਨ ਰੱਖਿਆ ਗਿਆ, ਬੱਸ ਸਟੈਂਡ ਤੋਂ ਇਲਾਵਾ ਇਸ ਕੰਪਨੀ ਨੇ ਆਪਣੇ ਤਰੀਕੇ ਨਾਲ ਬੱਸ ਸਟੈਂਡ ਦੀ ਹੋਰ ਜਗ੍ਹਾ ਵਿਚ ਮਲਟੀ ਸਟੋਰੀ ਬਿਲਡਿੰਗ ਬਣਾਉਣੀ ਸੀ, ਜਿਸ ਵਿਚ ਰੈਸਟੋਰੈਂਟ, ਹੋਟਲ, ਮਾਲਜ, ਹੋਸਟਲ, ਬੈਂਕ, ਆਦਿ ਹੋਰ ਜੋ ਵੀ ਆਮ ਵਰਤੋਂ ਵਿਚ ਆਉਂਦਾ ਹੈ ਉਹ ਇਸ ਕੰਪਨੀ ਨੇ ਤਿਆਰ ਕਰਨਾ ਸੀ, ਇਸ ਬੱਸ ਸਟੈਂਡ ਦੀ ਮਲਟੀ ਸਟੋਰੀ ਥਾਂ ਦੀ ਛੱਤ ਤੇ 'ਹੈਲੀਪੈਡ' ਵੀ ਕੰਪਨੀ ਨੇ ਹੀ ਬਣਾਉਣਾ ਸੀ। ਇਸ ਦਾ ਨਕਸ਼ਾ ਬਣਾਉਣ ਲਈ ਪੀ ਆਰ ਟੀ ਸੀ ਤੋਂ ਇਲਾਵਾ ਪੀ ਡਬਲਿਊ ਡੀ, ਪਾਵਰ ਕੌਮ, ਟਾਊਨ ਪਲਾਨਰ ਜ਼ਿਲ੍ਹਾ ਤੇ ਰਾਜ, ਪਬਲਿਕ ਹੈਲਥ, ਆਰਕੀਟੈਕਚਰ ਵਿਭਾਗ ਆਦਿ ਤੇ ਮੁਖੀ ਇੰਜੀਨੀਅਰ ਆਦਿ ਦੀ ਕਮੇਟੀ ਬਣਾਈ ਗਈ, ਇਸ ਬੱਸ ਸਟੈਂਡ ਵਿਚ ਕਾਂਉਂਟਰ, ਦਫ਼ਤਰ, ਪਾਰਕਿੰਗ, ਪੀਣ ਵਾਲਾ ਪਾਣੀ, ਟੌਆਇਲਟ, ਦੁਕਾਨਾਂ, ਕੰਟਰੋਲ ਦਫ਼ਤਰ, ਏ ਸੀ ਮੀਟਿੰਗ ਰੂਮ ਤੋਂ ਇਲਾਵਾ ਬੱਸ ਸਟੈਂਡ ਦਾ ਕੁੱਝ ਹਿੱਸਾ ਏ ਸੀ ਵੀ ਹੋਣਾ ਸੀ, ਆਦਿ ਹੋਰ ਕਈ ਸਾਰੀਆਂ ਸਹੂਲਤਾਂ ਇੱਥੇ ਉਪਲਭਦ ਕਰਾਉਣੀਆਂ ਸਨ।

        ਇਸ ਪ੍ਰੋਜੈਕਟ ਨੂੰ ਕਿਸੇ ਵੀ ਵਿਵਾਦ ਤੋਂ ਮੁਕਤ ਰੱਖਣ ਲਈ 'ਕੰਡੀਸ਼ਨ ਪ੍ਰੈਸੀਡੈਟਸ' ਤੇ ਜੋ ਵੀ ਸ਼ਰਤਾਂ ਰੱਖੀਆਂ ਗਈਆਂ ਉਨ੍ਹਾਂ ਅਨੁਸਾਰ ਪੀ ਆਰ ਟੀ ਸੀ ਨੇ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਾਉਣੇ, ਲੀਜ਼ ਡੀਡ ਪੂਰੀ ਕਰਨੀ ਆਦਿ ਵੀ ਨਾਲੋਂ ਨਾਲ ਹੋਣਾ ਸੀ, ਪੀ ਆਰ ਟੀ ਸੀ ਸੂਤਰਾਂ ਅਨੁਸਾਰ ਇੱਕ ਮੁੰਨਾ ਲਾਲ ਨਾਂ ਦੇ ਵਿਅਕਤੀ ਨੇ ਇੱਕ ਕੇਸ ਮਾਨਯੋਗ ਅਦਾਲਤ ਵਿਚ ਪਾ ਦਿੱਤਾ ਜਿਸ ਦੀ ਮਾਨਯੋਗ ਅਦਾਲਤ ਨੇ ਕੋਈ ਸਟੇਅ ਨਹੀਂ ਦਿੱਤੀ, ਤਾਂ ਦੋਵਾਂ ਧਿਰਾਂ ਨੂੰ ਕੋਈ ਮੁਸ਼ਕਿਲ ਆਉਣੀ ਸੰਭਵ ਨਹੀਂ ਸੀ । ਦੋਵਾਂ ਧਿਰਾਂ ਮੀਟਿੰਗਾਂ ਜਾਰੀ ਰਹੀਆਂ, ਇਸੇ ਤਹਿਤ ਸਪਿਰਟ ਗਲੋਬਲ ਕੰਪਨੀ ਪਟਿਆਲਾ ਦੇ ਸੈਸ਼ਨ ਕੋਰਟ ਵਿਚ ਚਲੀ ਗਈ, ਕੰਪਨੀ ਦੇ ਸੂਤਰਾਂ ਅਨੁਸਾਰ ਦੋਸ਼ ਲਗਾਇਆ ਕਿ ਇਸ ਥਾਂ ਤੇ ਨਜਾਇਜ਼ ਕਬਜ਼ੇ ਹਨ ਤੇ ਇਸ ਥਾਂ ਤੇ ਮਾਨਯੋਗ ਅਦਾਲਤ ਵਿਚ ਕੇਸ ਚੱਲ ਰਿਹਾ ਹੈ, ਪਰ ਇੱਥੋਂ ਕੰਪਨੀ ਕੇਸ ਹਾਰ ਗਈ, ਨਿਯਮਾਂ ਅਨੁਸਾਰ ਕੰਪਨੀ ਨੂੰ ਪਹਿਲਾਂ ਪੀਰਾ (ਪੰਜਾਬ ਇਨਫਰਾਸਟਕਚਰ ਰੈਗੂਲੇਟਰੀ ਅਥਾਰਿਟੀ) ਕੋਲ ਜਾਣਾ ਬਣਦਾ ਸੀ, ਕੰਪਨੀ ਅਪਣਾ ਪੱਖ ਹੋਰ ਜ਼ੋਰਦਾਰ ਤਰੀਕੇ ਨਾਲ ਰੱਖਣ ਲਈ ਇੱਕ ਪਾਸੇ ਪੀਰਾ ਕੋਲ ਚਲੀ ਗਈ ਦੂਜੇ ਪਾਸੇ ਕੰਪਨੀ ਮਾਨਯੋਗ ਹਾਈਕੋਰਟ ਵਿਚ ਚਲੀ ਗਈ, ਕਈ ਤਰ੍ਹਾਂ ਦੇ ਦੋਵਾਂ ਧਿਰਾਂ ਵੱਲੋਂ ਪੱਖ ਰੱਖਣ ਤੋਂ ਬਾਅਦ ਕੰਪਨੀ ਨੂੰ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਿਸ ਤਹਿਤ ਕੰਪਨੀ ਵੱਲੋਂ ਪਹਿਲਾਂ ਜੋ ਬੈਂਕ ਗਰੰਟੀ ਨਵਿਆਉਣ ਦਾ ਮਨਾ ਕਰ ਦਿੱਤਾ ਸੀ ਤਾਂ ਉਸ ਬਾਰੇ ਕੰਪਨੀ ਨੇ ਬੈਂਕ ਗਰੰਟੀ ਨਵਿਆਂ ਦਿੱਤੀ, ਮਾਨਯੋਗ ਅਦਾਲਤ ਵੱਲੋਂ ਕੰਪਨੀ ਨੂੰ ਜੁਰਮਾਨਾ ਵੀ ਕਰ ਦਿੱਤਾ, ਪਰ ਕੰਪਨੀ ਨੇ ਮਾਨਯੋਗ ਹਾਈਕੋਰਟ ਵਿਚ ਇਹ ਬੇਨਤੀ ਕੀਤੀ ਕਿ ਪੀਰਾ ਕੋਈ ਵੀ ਫ਼ੈਸਲਾ ਨਾ ਸੁਣਾਵੇ ਤਾਂ ਮਾਨਯੋਗ ਹਾਈਕੋਰਟ ਨੇ ਪੀਰਾ ਤੇ ਕੋਈ ਵੀ ਫ਼ੈਸਲਾ ਸੁਣਾਉਣ ਤੇ ਸਟੇਅ ਲਗਾ ਦਿੱਤੀ, ਹੁਣ ਇਹ ਕੇਸ ਪੀਰਾ ਕੋਲ ਵਿਚਾਰ ਅਧੀਨ ਹੈ ਅਤੇ ਮਾਨਯੋਗ ਹਾਈਕੋਰਟ ਵਿਚ ਪੀਰਾ ਤੇ ਲੱਗੀ ਸਟੇਅ ਨੂੰ ਤੁੜਵਾਉਣ ਲਈ ਵੀ ਕੇਸ ਚੱਲ ਰਿਹਾ ਹੈ, ਇਸ ਬਾਰੇ ਐਮ ਡੀ ਪੀ ਆਰ ਟੀ ਸੀ ਸ੍ਰੀ ਮਨਜੀਤ ਸਿੰਘ ਨਾਰੰਗ ਨੇ ਕਿਹਾ ਹੈ ਕਿ ਅਸਲ ਵਿਚ ਇਹ ਕੰਪਨੀ ਸਾਡਾ ਇਹ ਵੱਡਾ ਪ੍ਰੋਜੈਕਟ ਪੂਰਾ ਕਰਨਾ ਹੀ ਨਹੀਂ ਚਾਹੁੰਦੀ, ਇਸੇ ਕਰਕੇ ਸਾਨੂੰ ਇਹ ਉਲਝਾ ਰਹੀ ਹੈ,ਪਰ ਜੇਕਰ ਇਹ ਕੰਪਨੀ ਇਹ ਪ੍ਰੋਜੈਕਟ ਪੂਰਾ ਕਰਨ ਲਈ ਆਪਣਾ ਹੱਥ ਵਧਾ ਵੀ ਦਿੰਦੀ ਹੈ ਤਾਂ ਉਸ ਨੂੰ ਕਈ ਸਾਰੀਆਂ ਪਨੈਲਟੀਆਂ ਵਿਚ ਨੂੰ ਗੁਜ਼ਰਨਾ ਪਵੇਗਾ। ਅਸੀਂ ਸਮਝੌਤੇ ਅਨੁਸਾਰ ਸਾਰੀਆਂ ਮੱਦਾਂ ਪੂਰੀਆਂ ਕਰ ਦਿੱਤਿਆਂ ਹਨ ਪਰ ਕੰਪਨੀ ਆਪਣਾ ਫ਼ਰਜ਼ ਨਹੀਂ ਨਿਭਾ ਰਹੀ। ਉਸ ਨੂੰ ਸ਼ਾਇਦ ਘਾਟਾ ਪੈਂਦਾ ਨਜ਼ਰ ਆ ਰਿਹਾ ਹੈ।

ਸਾਡੇ ਨਾਲ ਪੀ ਅਾਰ ਟੀ ਸੀ ਨੇ ਧੋਖਾ ਕੀਤਾ : ਕੰਪਨੀ      
 'ਸਪਿਰਟ ਗਲੋਬਲ' ਕੰਪਨੀ ਵੱਲੋਂ ਪੱਖ ਲੈਣ ਲਈ ਕਈ ਸਾਰੇ ਮੋਬਾਈਲ ਨੰਬਰਾਂ ਤੇ ਫ਼ੋਨ ਕੀਤਾ ਗਿਆ ਜਿਸ ਤਹਿਤ ਦਿਲੀ ਦੀ ਇੱਕ ਅਫ਼ਸਰ ਸੋਨੀਆ ਨੇ ਦੱਸਿਆ ਇਸ ਜ਼ਮੀਨ ਤੇ ਕਈ ਸਾਰੇ ਮਾਲਕਾਂ ਨੇ ਕੇਸ ਕੀਤੇ ਹੋਏ ਹਨ, ਜਿਸ ਕਰਕੇ ਕੰਪਨੀ ਨੂੰ ਬੱਸ ਸਟੈਂਡ ਬਣਾਉਣ ਵਿਚ ਕਾਫ਼ੀ ਦਿੱਕਤ ਆ ਰਹੀ ਸੀ, ਸਾਡੇ ਨਾਲ ਪੀ ਆਰ ਟੀ ਸੀ ਨੇ ਧੋਖਾ ਕੀਤਾ ਹੈ ਜਿਸ ਕਰਕੇ ਸਾਨੂੰ ਹੁਣ ਤੱਕ ਬੱਸ ਸਟੈਂਡ ਬਣਾਉਣ ਵਿਚ ਦਿੱਕਤ ਆ ਰਹੀ ਹੈ। ਸੋਨੀਆ ਨੇ ਕਿਹਾ ਕਿ ਹੋਰ ਜਾਣਕਾਰੀ ਮੈਂ ਸਾਡੇ ਮਾਲਕਾਂ ਨਾਲ ਗੱਲ ਕਰਕੇ ਦੇ ਸਕਦੀ ਹਾਂ, ਪਰ ਕਈ ਦਿਨਾਂ ਬਾਅਦ ਵੀ ਮਾਲਕਾਂ ਦਾ ਪੱਖ ਨਹੀਂ ਆਇਆ।

No comments:

Post a Comment