Saturday, August 08, 2015

ਮੁਸਲਮਾਨਾਂ ਦੀ ਇਕੋ ਇਕ ਵਿਰਾਸਤੀ ਈਦਗਾਹ ਪੂਰੀ ਨਹੀਂ ਪੈਂਦੀ ਨਮਾਜ਼ ਪੜਨ ਲਈ

ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਦਿਤੀ 31 ਵਿੱਘੇ ਦੀ ਥਾਂ ਹੁਣ ਰਹਿ ਗਈ ਸਿਰਫ਼ 4 ਵਿੱਘੇ ਜ਼ਮੀਨ
ਅਸੀਂ ਕਈ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਅਪੀਲ ਕੀਤੀ ਪਰ ਕੋਈ ਸੁਣਵਾਈ ਨਹੀਂ : ਆਸਿਫ਼ ਅਲੀ
ਗੁਰਨਾਮ ਸਿੰਘ ਅਕੀਦਾ
ਮੁਸਲਮਾਨਾਂ ਦੀ ਪਟਿਆਲਾ ਵਿਚ ਇਕੋ ਇਕ ਵਿਰਾਸਤ ਬਾਕੀ ਰਹੀ ਮਾਲ ਰੋਡ ਤੇ ਈਦਗਾਹ ਤੇ ਵੀ ਸਰਕਾਰ ਨੇ ਕਬਜ਼ਾ ਕਰ ਰਖਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਕੋਲ ਕਈ ਵਾਰੀ ਅਪੀਲਾਂ ਪਾਉਣ ਤੋਂ ਬਾਅਦ ਵੀ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਈਦਗਾਹ ਵਿਚ  15 ਹਜਾਰ ਦੇ ਕਰੀਬ ਮੁਸਲਮਾਨਾਂ ਨਮਾਜ਼ ਪੜ੍ਹ ਕੇ ਅੱਲਾ ਪਾਕ ਨੂੰ ਸਜਦਾ ਕਰਦੇ ਹਨ, ਜਿਸ ਲਈ ਹੁਣ ਇਸ ਈਦਗਾਹ ਦੀ ਜਗ੍ਹਾ ਘੱਟਦੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਵਿਚ ਇਕੋ ਇਕ ਈਦਗਾਹ ਹੈ ਜਿੱਥੇ ਮੁਸਲਮਾਨ ਭਾਈਚਾਰਾ ਮੁਸਲਿਮ ਅਕੀਦਿਆਂ ਅਨੁਸਾਰ ਨਮਾਜ਼ ਅਦਾ ਕਰ ਸਕਦਾ ਹੈ ਜਦ ਕਿ ਮਸਜਿਦ ਵਿਚ ਨਮਾਜ਼ ਪੜ੍ਹਨਾ ਮੁਸਲਿਮ ਨਿਯਮਾਂ ਅਨੁਸਾਰ ਸਹੀ ਨਹੀਂ ਹੈ। ਮੁਸਲਿਮ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਈਦਗਾਹ ਪਟਿਆਲਾ ਦੇ ਇੰਤਜ਼ਾਮੀਆਂ ਕਮੇਟੀ ਦੇ ਚੇਅਰਮੈਨ ਆਸਿਫ਼ ਅਲੀ ਨੇ ਕਿਹਾ ਕਿ ਰਿਕਾਰਡ ਅਨੁਸਾਰ ਮਹਾਰਾਜਾ ਭੁਪਿੰਦਰ ਸਿੰਘ ਨੇ ਹੋਰ ਧਰਮਾਂ ਦੇ ਧਾਰਮਿਕ ਅਸਥਾਨਾਂ ਦੀ ਤਰ੍ਹਾਂ ਹੀ ਈਦਗਾਹ ਲਈ ਵੀ 31 ਵਿੱਘੇ ਜ਼ਮੀਨ ਦਿਤੀ ਸੀ ਜੋ 19 ਨੰਬਰ ਫਾਟਕ ਤੋਂ ਲੈ ਕੇ ਮੌਜੂਦਾ ਈਦਗਾਹ ਤੱਕ ਰੇਲਵੇ ਟਰੈਕ ਦੇ ਨਾਲ ਨਾਲ ਮੌਜੂਦ ਸੀ ਪਰ ਹੁਣ ਈਦਗਾਹ ਲਈ ਸਿਰਫ਼ 4 ਵਿੱਘੇ ਜ਼ਮੀਨ ਹੀ ਈਦਗਾਹ ਦੇ ਕੋਲ ਹੈ। 1954 ਵਿਚ ਲਾਇਬ੍ਰੇਰੀ ਲਈ ਸਰਕਾਰ ਨੇ ਈਦਗਾਹ ਦੀ ਜ਼ਮੀਨ ਅਕਵਾਇਰ ਕਰ ਲਈ ਸੀ, ਇਸ ਤੋਂ ਇਲਾਵਾ ਦੋ ਪੈਟਰੋਲ ਪੰਪ ਤੇ ਇਕ ਮੋਟਰ ਸਾਈਕਲਾਂ ਦੀ ਏਜੰਸੀ ਵੀ ਈਦਗਾਹ ਦੀ ਜ਼ਮੀਨ ਵਿਚ ਮੌਜੂਦ ਹੈ ਜੋ ਵਕਫ਼ ਬੋਰਡ ਨੇ ਲੀਜ਼ ਤੇ ਦੇ ਦਿਤੀ ਹੈ। ਆਸਿਫ਼ ਅਲੀ ਲੇ ਕਿਹਾ ਕਿ ਉਸ ਸਮੇਂ ਮੁਸਲਮਾਨ ਤਾਂ ਆਪਣੇ ਆਪ ਨੂੰ ਮੁਸਲਮਾਨ ਹੀ ਕਹਿਣ ਲਈ ਤਿਆਰ ਨਹੀਂ ਸਨ ਕਿਉਂਕਿ 1947 ਵਿਚ ਜੋ ਕਹਿਰ ਵਰਤਿਆ ਸੀ ਉਹ ਬੜਾ ਹੀ ਖ਼ਤਰਨਾਕ ਸੀ। ਆਸਿਫ਼ ਅਲੀ ਨੇ ਕਿਹਾ ਕਿ ਮੇਰੇ ਵਾਲਿਦ ਮੁਹੰਮਦ ਰਮਜ਼ਾਨ ਜੋ ਮੁਸਲਮਾਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹੁੰਦੇ ਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਇਹ ਅਪੀਲ ਕੀਤੀ ਸੀ ਕਿ ਜੋ ਲਾਇਬ੍ਰੇਰੀ ਦੇ ਪਾਸੇ 4 ਵਿੱਘੇ ਜ਼ਮੀਨ ਪਈ ਹੈ ਉਹ ਈਦਗਾਹ ਨੂੰ ਦਿਤੀ ਜਾਵੇ ਤਾਂ ਉਸ ਵੇਲੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਸੀ, ਜਦੋਂ ਕੈਪ. ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਪਟਿਆਲਾ ਦੇ ਮੁਸਲਮਾਨਾਂ ਨੇ ਕੈਪ. ਅਮਰਿੰਦਰ ਸਿੰਘ ਕੋਲ ਫ਼ਰਿਆਦ ਕੀਤੀ ਸੀ ਪਰ ਉਸ ਦਾ ਵੀ ਅਮਲ ਕੋਈ ਨਹੀਂ ਹੋਇਆ। ਆਸਿਫ਼ ਅਲੀ ਨੇ ਕਿਹਾ ਕਿ ਹੁਣ ਵੀ ਅਸੀਂ ਕਈ ਵਾਰੀ ਸਰਕਾਰਾਂ ਦੇ ਦਰਵਾਜੇ ਖੜਕਾ ਚੁੱਕੇ ਹਾਂ ਪਰ ਸਾਡੀ ਫ਼ਰਿਆਦ ਕੋਈ ਨਹੀਂ ਸੁਣਦਾ, ਉਲਟਾ ਸਾਡੀਆਂ ਧਾਰਮਿਕ ਜ਼ਮੀਨਾਂ, ਕਬਰਸਤਾਨਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਸਾਡੀ ਇਹ ਵਿਰਾਸਤੀ ਈਦਗਾਹ ਹੈ ਜਿਸ ਵਿਚ ਜਦੋਂ ਈਦ ਹੁੰਦੀ ਹੈ ਤਾਂ ਜਗ੍ਹਾ ਘੱਟ ਹੋਣ ਕਰਕੇ ਮਾਲ ਰੋਡ ਤੇ ਵੀ ਖੜਕੇ ਨਮਾਜ਼ ਪੜਨ ਲਈ ਮਜਬੂਰ ਹੋਣਾ ਪੈਂਦਾ ਹੈ, ਜਿਸ ਕਰਕੇ ਬੈਂਕ ਕਲੌਨੀ ਵਿਚ ਸਥਿਤ ਮਸਜਿਦ ਵਿਚ ਨਮਾਜ਼ ਪੜੀ ਜਾਣ ਲੱਗ ਪਈ ਹੈ ਜਦ ਕਿ ਇਸਲਾਮ ਦੇ ਨਿਯਮਾਂ ਅਨੁਸਾਰ ਮਸਜਿਦ ਵਿਚ ਨਮਾਜ਼ ਪੜ੍ਹਨੀ ਜਾਇਜ਼ ਨਹੀਂ ਹੈ। ਆਸਿਫ਼ ਅਲੀ ਨੇ ਕਿਹਾ ਕਿ ਇਸ ਗੱਲ ਤੇ ਮੁਸਲਮਾਨ ਭਾਈਚਾਰਾ ਕਾਫੀ ਪ੍ਰੇਸ਼ਾਨ ਰਹਿੰਦਾ ਹੈ ਇਕ ਪਾਸੇ 30 ਦਿਨ ਰੋਜ਼ੇ ਰੱਖ ਕੇ ਨਮਾਜ਼ ਪੜ੍ਹਨੀ ਹੁੰਦੀ ਹੈ ਪਰ ਦੂਜੇ ਪਾਸੇ ਨਮਾਜ਼ ਲਈ ਪੂਰੀ ਜਗ੍ਹਾ ਨਾ ਮਿਲਣ ਕਰਕੇ ਅਸੀਂ ਪ੍ਰੇਸ਼ਾਨ ਹੁੰਦੇ ਹਾਂ। ਜੇਕਰ ਲਾਇਬ੍ਰੇਰੀ ਵਾਲੇ ਪਾਸੇ ਈਦਗਾਹ ਨਾਲ ਲਗਦੀ ਈਦਗਾਹ ਦੀ ਜ਼ਮੀਨ ਜੇਕਰ ਸਾਨੂੰ ਦੇ ਦਿਤੀ ਜਾਵੇ ਤਾਂ ਸਾਡੇ ਧਾਰਮਿਕ ਅਕੀਦੇ ਨੂੰ ਠੰਢ ਪੈ ਸਕਦੀ ਹੈ।


ਮੇਰੇ ਧਿਆਨ ਵਿਚ ਇਹ ਕੇਸ ਨਹੀਂ ਹੈ : ਡੀ ਸੀ ਪਟਿਆਲਾ
ਇਸ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਨੇ ਕਿਹਾ ਕਿ ਇਸ ਮਾਮਲੇ ਬਾਰੇ ਮੈਨੂੰ ਕੋਈ ਇਲਮ ਨਹੀਂ ਹੈ ਪਰ ਫੇਰ ਵੀ ਮੈਂ ਪੜਤਾਲ ਕਰਦਾ ਹਾਂ, ਕਿ ਜੇਕਰ ਕਾਨੂੰਨੀ ਰਾਏ ਅਨੁਸਾਰ ਕੁਝ ਬਣਦਾ ਹੋਇਆ ਤਾਂ ਜਰੂਰ ਕੀਤਾ ਜਾਵੇਗਾ। 

No comments:

Post a Comment