Sunday, August 23, 2015

ਮਹਾਤਮਾਂ ਗਾਂਧੀ ਦਾ ਬੁੱਤ ਸਵੀਕਾਰ ਨਹੀਂ ਕੀਤਾ ਪਟਿਆਲਵੀਆਂ ਨੇ

-'ਮਹਾਤਮਾਂ ਗਾਂਧੀ' ਦੇ ਬੁੱਤ ਦੀ ਥਾਂ ਲੱਗਾ ਸੀ 'ਕਿੰਗ ਐਡਵਾਰਡ' ਦਾ ਬੁੱਤ

-ਕਿੰਗ ਐਡਵਾਰਡ ਦਾ ਬੁੱਤ ਅੱਜ ਵੀ ਸੰਭਾਲ ਨਾਲ ਪ੍ਰਦਰਸ਼ਿਤ ਹੈ ਸ਼ੀਸ਼ ਮਹਿਲ ਵਿਚ

-ਕਿੰਗ ਐਡਵਾਰਡ ਨੂੰ ਮਹਾਰਾਜਾ ਪਟਿਆਲਾ ਨੇ ਬਿਮਾਰੀ ਦੀ ਹਾਲਤ ਵਿਚ ਲਿਆਂਦਾ ਸੀ ਪਟਿਆਲਾ

-ਵਿਸ਼ੇਸ਼ ਤੌਰ ਤੇ ਰਾਜਿੰਦਰਾ ਝੀਲ ਬਣਾ ਕੇ ਉਸ ਵਿਚ ਠਹਿਰਾਇਆ ਸੀ ਕਿੰਗ ਐਡਵਾਰਡ ਨੂੰ 

ਗੁਰਨਾਮ ਸਿੰਘ ਅਕੀਦਾ

ਇੰਗਲੈਂਡ ਦੇ 'ਕਿੰਗ ਐਡਵਾਰਡ' ਸੱਤਵੇਂ ਦੇ ਬੁੱਤ ਦੀ ਪੰਜਾਬ ਦਾ ਪੁਰਾਤਤਵ ਵਿਭਾਗ ਅੱਜ ਵੀ ਪੂਰੀ ਤਰ੍ਹਾਂ ਸੰਭਾਲ ਕਰ ਰਿਹਾ ਹੈ। ਸ਼ੀਸ਼ ਮਹਿਲ ਵਿਚ ਪ੍ਰਦਰਸ਼ਿਤ ਕੀਤੇ ਕਿੰਗ ਐਡਵਾਰਡ ਦੇ ਬੁੱਤ ਨੂੰ ਸੈਲਾਨੀ ਹੈਰਾਨੀਜਨਕ ਅਨਜਾਣਤਾ ਨਾਲ ਨਿਹਾਰਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕਿੰਗ ਐਡਵਾਰਡ ਨੂੰ ਜ਼ਿਆਦਾ ਸਿਗਰਟ ਤੇ ਸਿਗਾਰ ਪੀਣ ਨਾਲ ਬਰੋਨਕਿਟਿਸ (bronchitis) ਨਾਂ ਦੀ ਬਿਮਾਰੀ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਪ੍ਰਦੂਸ਼ਣ ਰਹਿਤ ਤੇ ਸਿੱਲ੍ਹੀ ਜਗ੍ਹਾ ਵਿਚ ਰਹਿਣ ਦੀ ਸਲਾਹ ਦਿਤੀ, ਜਿਸ ਤਹਿਤ ਉਹ ਬਹੁਤ ਸਾਰਾ ਸਮਾਂ ਸਮੁੰਦਰੀ ਜਹਾਜ਼ ਵਿਚ ਰਿਹਾ, ਮਹਾਰਾਜਾ ਪਟਿਆਲਾ ਨੇ ਉਸ ਨੂੰ ਚੰਗੇ ਸੰਬੰਧਾਂ ਦੀ ਦੁਹਾਈ ਦੇਕੇ ਪਟਿਆਲਾ ਆਉਣ ਲਈ ਕਿਹਾ,  ਉਸ ਲਈ ਸਿੱਲ੍ਹਾ ਵਾਤਾਵਰਨ ਪੈਦਾ ਕਰਨ ਲਈ ਇਕ ਤਲਾਅ ਦਾ ਇੰਤਜ਼ਾਮ ਕੀਤਾ, ਹਸਪਤਾਲ ਨੇੜੇ ਸੀ। ਪ੍ਰੋ. ਪੈਟਰਿਕ ਗੈਡੇਸ ਵੱਲੋਂ ਪਟਿਆਲਾ ਸਟੇਟ ਦੇ 1922 ਵਿਚ ਤਿਆਰ ਕੀਤੇ ਟਾਊਨ ਪਲਾਨ ਦੀ ਕਿਤਾਬ ਅਨੁਸਾਰ ਇਸ ਤਲਾਅ ਨੂੰ 'ਹਸਪਤਾਲ ਤਲਾਅ' ਨਾਲ ਜਾਣਿਆ ਜਾਂਦਾ ਸੀ, ਇਸ ਹਸਪਤਾਲ ਤਲਾਅ ਵਿਚ ਬਿਲਕੁਲ ਹੀ ਜਹਾਜ਼ ਜਿਹਾ ਨਕਸ਼ਾ ਬਣਾ ਕੇ ਰਿਹਾਇਸ਼ ਬਣਾਈ ਗਈ, ਜਿਸ ਵਿਚ ਕਿੰਗ ਰਿਹਾ, ਕਿੰਗ ਐਡਵਰਡ ਦੀ ਮੌਤ 20 ਮਈ 1910 ਨੂੰ ਇੰਗਲੈਂਡ ਵਿਚ ਹੋਈ, ਉਸ ਤੋਂ ਬਾਅਦ ਮਹਾਰਾਜਾ ਭੁਪਿੰਦਰ ਸਿੰਘ ਨੇ ਇਸੇ ਸਥਾਨ 'ਤੇ ਕਿੰਗ ਐਡਵਾਰਡ ਦਾ ਬੁੱਤ ਲਗਾ ਦਿਤਾ, ਬੀਰ ਦਵਿੰਦਰ ਸਿੰਘ ਅਨੁਸਾਰ ਇਸ ਬੁੱਤ ਦੇ ਇਕ ਹੱਥ ਵਿਚ ਕਲਮ ਫੜਾਈ ਗਈ ਜੋ ਕਿ ਹਕੂਮਤ ਦੀ ਪ੍ਰਤੀਕ ਸੀ, ਇਕ ਹੱਥ ਵਿਚ ਚਾਬੁਕ ਫੜਾਇਆ ਗਿਆ ਜੋ ਹੁਕਮ ਅਦੁਲੀ ਕਰਨ ਵਾਲਿਆਂ ਲਈ ਸਜਾ ਦਾ ਪ੍ਰਤੀਕ ਸੀ। ਕਿੰਗ ਐਡਵਾਰਡ ਨੂੰ ਪੰਜਾਬੀ ਨਫ਼ਰਤ ਕਰਦੇ ਸਨ ਇਸ ਕਰਕੇ ਉਸ ਸਮੇਂ ਲੋਕ ਕਵਿਤਾ ਹੋਂਦ ਵਿਚ ਆਈ 'ਏ ਬੀ ਸੀ, ਕਿੱਥੇ ਗਈ ਸੀ, ਐਡ-ਵੈਡ ਮਰ ਗਿਆ ਮਕਾਣ ਗਈ ਸੀ'।
ਜਦੋਂ ਹੀ ਦੇਸ਼ ਆਜ਼ਾਦ ਹੋਇਆ ਤਾਂ ਕਿੰਗ ਐਡਵਾਰਡ ਦੇ ਬੁੱਤ ਦੀ ਥਾਂ ਤੇ ਮਹਾਤਮਾਂ ਗਾਂਧੀ ਦਾ ਬੁੱਤ ਲਗਾ ਦਿਤਾ ਗਿਆ, ਜਿਸ ਦੀ ਉਸ ਸਮੇਂ ਕਾਫੀ ਵਿਰੋਧਤਾ ਵੀ ਹੋਈ ਦੱਸੀ ਗਈ ਹੈ। ਕਿੰਗ ਐਡਵਾਰਡ ਦਾ ਇੱਥੋਂ ਹਟਾਇਆ ਬੁੱਤ ਕੁਝ ਸਮਾਂ ਤਾਂ ਨਜ਼ਰ ਅੰਦਾਜ਼ ਰਿਹਾ ਪਰ ਅੱਜ ਕੱਲ੍ਹ ਇਹ ਬੁੱਤ ਪਟਿਆਲਾ ਦੇ ਸ਼ੀਸ਼ ਮਹਿਲ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ।


ਪਟਿਆਲਵੀਆਂ ਨੇ ਸਵੀਕਾਰ ਨਹੀਂ ਕੀਤਾ ਮਹਾਤਮਾ ਗਾਂਧੀ ਦਾ ਬੁੱਤ
ਰਾਜਿੰਦਰਾ ਝੀਲ (ਹਸਪਤਾਲ ਤਲਾਅ) ਵਿਚ ਲਗਾਏ ਗਏ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਦੇ ਬੁੱਤ ਨੂੰ ਪਟਿਆਲਵੀਆਂ ਨੇ ਅੱਜ ਤੱਕ ਵੀ ਸਵੀਕਾਰ ਨਹੀਂ ਕੀਤਾ। ਇਸ ਬੁੱਤ ਨੂੰ ਹਮੇਸ਼ਾ ਤਾਲੇ ਲੱਗੇ ਰਹਿੰਦੇ ਦਰਵਾਜੇ ਦੇ ਆਲੇ ਦੁਆਲੇ ਲੋਕ ਪਿਸ਼ਾਬ ਕਰਦੇ ਆਮ ਨਜ਼ਰ ਆ ਜਾਂਦੇ ਹਨ। ਮਹਾਤਮਾਂ ਗਾਂਧੀ ਦੇ ਬੁੱਤ ਨੂੰ ਸ਼ਰਾਰਤੀਆਂ ਨੇ ਇਕ ਵਾਰ ਬੰਬ ਮਾਰ ਕੇ ਉਡਾ ਵੀ ਦਿਤਾ ਸੀ, ਇਕ ਵਾਰੀ ਸ਼ਰਾਰਤੀ ਲੋਕ ਇਸ ਨੂੰ ਪੁੱਟ ਕੇ ਸ਼ਹਿਰ ਤੋਂ ਬਾਹਰ ਵੀ ਸੁੱਟ ਆਏ ਸਨ। ਕਈ ਲੋਕ ਕਥਿਤ ਦੁਰਗਤੀ ਕਰਦੇ ਹਨ, ਬੁੱਤ ਦੀ ਸੰਭਾਲ ਲਈ ਸੁਰੱਖਿਆ ਵੀ ਲੱਗੀ ਰਹੀ। ਬੁੱਤ ਦਾ ਦਰਵਾਜ਼ਾ ਆਮ ਜਨਤਾ ਲਈ ਨਹੀਂ ਖੋਲਿਆ ਜਾਂਦਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰੁਣ ਰੁਜ਼ਮ ਨੇ ਕਿਹਾ ਕਿ ਇਸ ਤੇ ਹੋਰ ਸਖ਼ਤ ਪ੍ਰਬੰਧ ਕੀਤੇ ਜਾਣਗੇ ਤਾਂ ਕਿ ਲੋਕ ਬੇਅਦਬੀ ਨਾ ਕਰਨ। ਬਾਬਾ ਆਲਾ ਸਿੰਘ ਫਾਉਂਡੇਸ਼ਨ ਦੇ ਮੁਖੀ ਦਵਿੰਦਰ ਸਿੰਘ ਜੇਜੀ ਕਹਿੰਦੇ ਰਹੇ ਕਿ ਇਸ ਥਾਂ ਤੇ ਮਹਾਤਮਾਂ ਗਾਂਧੀ ਦਾ ਬੁੱਤ ਲਾਉਣ ਦੀ ਥਾਂ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਦਾ ਬੁੱਤ ਲਾਉਣਾ ਚਾਹੀਦਾ ਸੀ।

No comments:

Post a Comment