Saturday, August 08, 2015

ਪੰਜਾਬੀ ਯੂਨੀਵਰਸਿਟੀ ਵਿਚ ਲੋਕਾਂ ਨੂੰ ਨੌਕਰੀਆਂ ਦਵਾਉਣ ਬਦਲੇ ਠੱਗਣ ਵਾਲਾ ਗਰੁੱਪ ਸਰਗਰਮ

ਅਧਿਕਾਰੀਆਂ ਦੇ ਨਾਮ ਤੇ ਰੁਪਏ ਲੈਂਦਾ ਹਰਦੀਪ ਸਿੰਘ ਹੋਇਆ ਜੱਗ ਜ਼ਾਹਿਰ
ਨੌਕਰੀਆਂ ਨਾ ਮਿਲਣ ਕਰਕੇ ਅਧਿਕਾਰੀਆਂ ਕੋਲ ਪੇਸ਼ ਹੋਏ ਕਈ ਪੀੜਤ ਲੋਕ
ਹਰਦੀਪ ਸਿੰਘ ਦੇ ਖ਼ਿਲਾਫ਼ ਪਰਚਾ ਦਰਜ ਕਰਨ ਦੀ ਕਰਾਂਗੇ ਸਿਫ਼ਾਰਸ਼ : ਰਜਿਸਟਰਾਰ
ਗੁਰਨਾਮ ਸਿੰਘ ਅਕੀਦਾ
ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀਆਂ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਵੱਡੇ ਅਫ਼ਸਰਾਂ (ਅਥਾਰਿਟੀ) ਦਾ ਨਾਮ ਲੈ ਕੇ ਰੁਪਏ ਲਏ ਜਾਂਦੇ ਰਹੇ ਹਨ, ਜਿਸ ਕਰਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਵੀ  ਸਵਾਲ ਪੈਦਾ ਹੋ ਗਏ ਹਨ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਰਿਸ਼ਵਤ ਦੇ ਕੇ ਨੌਕਰੀ ਲੈਣ ਵਾਲਿਆਂ ਨੂੰ ਜਦੋਂ ਨੌਕਰੀਆਂ ਨਹੀਂ ਮਿਲੀਆਂ ਤਾਂ ਇਸ ਸਬੰਧੀ ਅਧਿਕਾਰੀਆਂ ਕੋਲ ਸ਼ਿਕਾਇਤਾਂ ਪੁੱਜੀਆਂ ਹਨ।
ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਯੂਨੀਵਰਸਿਟੀ ਦੇ 'ਯੂਸਿਕ' ਵਿਭਾਗ ਵਿਚ ਬਤੌਰ ਸੇਵਾਦਾਰ ਕੰਮ ਕਰਦਾ ਹਰਦੀਪ ਸਿੰਘ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਨੂੰ ਇਹ ਲਾਰੇ ਲਾਕੇ ਰੁਪਏ ਲੈਂਦਾ ਰਿਹਾ ਹੈ ਕਿ ਉਨ੍ਹਾਂ ਨੂੰ ਉਹ ਨੌਕਰੀ ਲਵਾ ਦੇਵੇਗਾ, ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਸਾਡੇ ਕੋਲ 7 ਵਿਅਕਤੀਆਂ ਨੇ ਸ਼ਿਕਾਇਤ ਕੀਤੀ ਹੈ, ਜਿਸ ਵਿਚ ਕਰੀਬ 11 ਲੱਖ ਰੁਪਏ ਹਰਦੀਪ ਸਿੰਘ ਵੱਲੋਂ ਲਏ ਹੋਏ ਪਤਾ ਲੱਗੇ ਹਨ, ਜਿਸ ਬਾਰੇ ਕਮੇਟੀ ਬਣਾਈ ਗਈ ਹੈ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਕੋਲ ਆਕੇ ਕੁੱਝ ਪ੍ਰਭਾਵ ਵਾਲੇ ਲੋਕ ਬੈਠ ਜਾਂਦੇ ਹਨ ਜਿਨ੍ਹਾਂ ਦੀ ਇੱਜ਼ਤ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਹੈ, ਪਰ ਕੁੱਝ ਲੋਕ ਅਜਿਹੇ ਤਰੀਕੇ ਵਰਤ ਰਹੇ ਹਨ ਜੋ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਨੌਕਰੀ ਲਵਾਉਣ ਦੇ ਬਦਲੇ ਰੁਪਏ ਦੇਣ ਦਾ ਝੂਠਾ ਲਾਰਾ ਕੁੱਝ ਲੋਕਾਂ ਨੂੰ ਲਾ ਦਿੰਦੇ ਹਨ, ਜਿਸ ਕਰਕੇ ਕੁੱਝ ਲੋਕ ਉਨ੍ਹਾਂ ਕੋਲ ਫਸ ਜਾਂਦੇ ਹਨ, ਇਸ ਬਾਰੇ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਹਰਦੀਪ ਸਿੰਘ ਵੀ ਇਸੇ ਤਰ੍ਹਾਂ ਕਰਦਾ ਰਿਹਾ ਹੈ, ਜਿਸ ਨੇ ਜ਼ਿਆਦਾ ਤਰ ਘੱਗਾ ਇਲਾਕੇ ਦੇ ਲੋਕਾਂ ਕੋਲ ਤੇ ਕੁੱਝ ਹੋਰ ਲੋਕਾਂ ਕੋਲੋਂ ਰੁਪਏ ਇਹ ਕਹਿਕੇ ਫੜ ਲਏ ਕਿ ਰੁਪਏ ਫਲਾਣੇ ਅਧਿਕਾਰੀ ਨੂੰ ਦੇਣੇ ਹਨ, ਪਰ ਇਹ ਕੇਸ ਉਜਾਗਰ ਹੋਣ ਦਾ ਕਾਰਨ ਇਹ ਰਿਹਾ ਕਿ ਜਿਨ੍ਹਾਂ ਕੋਲੋਂ ਹਰਦੀਪ ਨੇ ਰੁਪਏ ਲਏ ਸੀ ਉਨ੍ਹਾਂ ਵਿਚੋਂ ਇਕ ਵੀ ਨੌਕਰੀ ਨਹੀਂ ਲੱਗਾ, ਨਹੀਂ ਤਾਂ ਬਾਕੀਆਂ ਨੂੰ ਬਾਅਦ ਵਿਚ ਨੌਕਰੀ ਲਵਾਉਣ ਦਾ ਲਾਰਾ ਲਾ ਦੇਣਾ ਸੀ, ਰਜਿਸਟਰਾਰ ਨੇ ਕਿਹਾ ਕਿ ਇਕ ਵਿਅਕਤੀ ਨੇ ਤਾਂ ਮੈਨੂੰ ਇੱਥੇ ਤੱਕ ਕਹਿ ਦਿਤਾ ਕਿ ਸਾਨੂੰ ਹਰਦੀਪ ਨੇ ਇਹ ਕਿਹਾ ਕਿ ਰਜਿਸਟਰਾਰ ਕੈਨੇਡਾ ਗਿਆ ਹੋਇਆ ਹੈ ਇਸ ਕਰਕੇ ਅਜੇ ਨੌਕਰੀ ਲੱਗਣ ਵਿਚ ਦੇਰ ਲੱਗੇਗੀ, ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਹੁਣ ਸਾਡਾ ਨਾਮ ਵਰਤ ਕੇ ਜੇਕਰ ਕੋਈ ਰੁਪਿਆ ਲੈ ਰਿਹਾ ਹੈ ਤੇ ਲੋਕ ਦੇ ਰਹੇ ਹਨ ਇਹ ਬਿਲਕੁਲ ਹੀ ਗਲਤ ਹੈ ਇਸ ਵਿਚ ਰੁਪਏ ਦੇਣ ਵਾਲਾ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਹਰੇਕ ਵਿਅਕਤੀ ਦਾ ਸਤਿਕਾਰ ਕਰਦੇ ਹਾਂ ਪਰ ਜੇਕਰ ਉਹ ਸਾਡੇ ਕੋਲ ਚਾਹ ਪੀ ਕੇ ਤੇ ਕਿਸੇ ਤੋਂ ਸਾਡੇ ਨਾਮ ਦੇ ਰੁਪਏ ਲੈ ਲੈਂਦਾ ਹੈ ਇਸ ਦਾ ਅਸੀਂ ਕੀ ਇਲਾਜ ਕਰ ਸਕਦੇ ਹਾਂ? ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਚ ਮੈਰਿਟ ਦੇ ਅਧਾਰ ਤੇ ਨੌਕਰੀ ਮਿਲਦੀ ਹੈ, ਅਜਿਹਾ ਕੋਈ ਵੀ ਤਰੀਕਾ ਨਹੀਂ ਹੈ ਕਿ ਕੋਈ ਤੁਹਾਡੇ ਕੋਲੋਂ ਰੁਪਏ ਲੈ ਕੇ ਤੁਹਾਨੂੰ ਨੌਕਰੀ ਦੇ ਦੇਵੇ। ਇਸ ਕਰਕੇ ਅਜਿਹੇ ਚਾਲਬਾਜ਼ਾਂ ਤੋਂ ਸਾਵਧਾਨ ਰਹੋ। ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਬਾਰੇ ਕਮੇਟੀ ਬਣੀ ਹੈ, ਹਰਦੀਪ ਸਿੰਘ ਕਮਾਊ ਛੁੱਟੀ ਲੈ ਕੇ ਫ਼ਰਾਰ ਹੋ ਗਿਆ ਹੈ, ਹਰਦੀਪ ਸਿੰਘ ਨੂੰ ਬੁਲਾਇਆ ਵੀ ਗਿਆ ਸੀ ਪਰ ਉਸ ਦਾ ਪੀਜੀਆਈ ਤੋਂ ਇਲਾਜ ਕਰਾਉਣ ਦਾ ਇਕ ਪ੍ਰਮਾਣ ਪੱਤਰ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕਮੇਟੀ ਦੇ ਹੱਥ ਹੈ ਕਿ ਉਹ ਹਰਦੀਪ ਸਿੰਘ ਬਾਰੇ ਕੀ ਫ਼ੈਸਲਾ ਕਰਦੀ ਹੈ ਪਰ ਅਜਿਹੇ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ। ਇਸ ਦੀ ਪੜਤਾਲ ਕਰ ਰਹੀ ਕਮੇਟੀ ਕੋਲ ਹੋਰ ਸ਼ਿਕਾਇਤਾਂ ਵੀ ਪੁੱਜ ਰਹੀਆਂ ਹਨ। ਜਿਸ ਕਰਕੇ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਕੋਈ ਵੱਡਾ ਗਰੁੱਪ ਯੂਨੀਵਰਸਿਟੀ ਵਿਚ ਠੱਗੀਆਂ ਮਾਰਨ ਦਾ ਵੱਡਾ ਧੰਦਾ ਕਰ ਰਿਹਾ ਹੈੇ।

No comments:

Post a Comment