Monday, September 28, 2015

ਸ਼ੀਸ਼ ਮਹਿਲ ਦੇ ਪੁਰਾਤਨ ਮੀਨਾਕਾਰੀ ਦੇ ਕਮਰਿਆਂ ਦੀਆਂ ਛੱਤਾਂ ਡਿੱਗੀਆਂ

 19ਵੀਂ ਸਦੀ ਦੇ ਮੱਧ ਦੀ 'ਗੋਲਡ ਪਲੇਟਡ' ਮੀਨਾਕਾਰੀ ਕੀਤੀ ਸੀ ਕਾਂਗੜਾ ਦੇ ਕਾਰੀਗਰਾਂ ਨੇ

ਮੀਨਾਕਾਰੀ ਵਿਚ ਹਿੰਦੂ ਦੇਵੀ ਦੇਵਤਿਆਂ ਤੇ ਹੋਰ ਕਈ ਤਰ੍ਹਾਂ ਦੀਆਂ ਫ਼ੋਟੋਆਂ ਮੌਜੂਦ

ਪੁਰਾਤਨ ਮੀਨਾਕਾਰੀ ਨੂੰ ਸਹੀ ਕਰਨ ਲਈ ਨਹੀਂ ਮਿਲ ਰਹੇ ਕਾਰੀਗਰ

ਗੁਰਨਾਮ ਸਿੰਘ ਅਕੀਦਾ

ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੀ 8 ਸਾਲਾਂ ਵਿਚ ਚਲ ਰਹੀ ਮੁਰੰਮਤ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਵਿਸ਼ੇਸ਼ ਕਮਰਿਆਂ ਦੀ ਮੁਰੰਮਤ ਨਹੀਂ ਹੋ ਪਈ ਜਿਨ੍ਹਾਂ ਕਮਰਿਆਂ ਕਰਕੇ 'ਸ਼ੀਸ਼ ਮਹਿਲ' ਦਾ ਨਾਮ 'ਸ਼ੀਸ਼ ਮਹਿਲ' ਪਿਆ ਹੈ। ਇਨ੍ਹਾਂ ਕਮਰਿਆਂ ਦੀਆਂ ਛੱਤਾਂ ਡਿਗ ਚੁੱਕੀਆਂ ਹਨ, ਜਿਨ੍ਹਾਂ ਦੀ ਬਿਲਕੁਲ ਪਹਿਲਾਂ ਦੀ ਤਰ੍ਹਾਂ ਮੁਰੰਮਤ ਹੋਣਾ ਸੰਭਵ ਨਹੀਂ ਹੈ। ਮਾਹਿਰਾਂ ਅਨੁਸਾਰ ਇਸ ਮੀਨਾਕਾਰੀ ਵਾਲੇ ਕਮਰਿਆਂ ਨੂੰ ਸੰਵਾਰਨਾ ਆਮ ਕਾਰੀਗਰ ਦਾ ਕੰਮ ਨਹੀਂ ਹੈ।
ਡਾ. ਜਗਜੀਵਨ ਮਹਿਲ ਵਾਲੀਆ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਪਬਲੀਕੇਸ਼ਨ ਅਧੀਨ ਲਿਖੀ ਕਿਤਾਬ 'ਪਟਿਆਲਾ ਸ਼ਹਿਰ' ਵਿਚ ਸ਼ੀਸ਼ ਮਹਿਲ ਵਿਚ ਹੋਈ ਸ਼ੀਸ਼ੇ ਦੀ ਮੀਨਾਕਾਰੀ ਬਾਰੇ ਕੁੱਝ ਕੁ ਅੰਸ਼ ਦਰਜ ਹਨ ਉਸ ਵਿਚ ਲਿਖਿਆ ਹੈ ''ਮਹਾਰਾਜਾ ਨਰਿੰਦਰ ਸਿੰਘ ਨੇ ਸਾਹਿਤ, ਸੰਗੀਤ ਤੇ ਚਿੱਤਰਕਾਰੀ ਦੀ ਸਰਪ੍ਰਸਤੀ ਕੀਤੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਰਿਆਸਤ ਤੇ ਕਬਜ਼ਾ ਕੀਤਾ ਤਾਂ ਕਾਂਗੜਾ ਰਿਆਸਤ ਦੇ ਕੁੱਝ ਚਿੱਤਰਕਾਰ ਪਟਿਆਲਾ ਆ ਗਏ। ਮਹਾਰਾਜੇ ਨੇ ਉਨ੍ਹਾਂ ਨੂੰ ਨੌਕਰ ਰੱਖ ਲਿਆ, ਸ਼ੀਸ਼ ਮਹਿਲ ਦੀਆਂ ਦੀਵਾਰਾਂ ਤੇ ਹਿੰਦੂ ਦੇਵੀ ਦੇਵਤਿਆਂ, ਸਿੱਖ ਗੁਰੂ ਸਹਿਬਾਨਾਂ ਅਤੇ ਹਿੰਦੂ ਮਿਥਿਹਾਸ ਨਾਲ ਸਬੰਧਿਤ ਦੀਵਾਰੀ ਚਿੱਤਰ ਹਨ। ਸ਼ੀਸ਼ੇ ਦਾ ਸ਼ਾਨਦਾਰ ਕੰਮ ਹੋਇਆ, ਸ਼ੀਸ਼ ਮਹਿਲ ਦੇ ਅਜਾਇਬ ਘਰ ਵਿਚ ਕਾਂਗੜਾ ਚਿੱਤਰਕਾਰੀ ਦੇ ਸ਼ਾਨਦਾਰ ਚਿੱਤਰ ਹਨ, 'ਗੀਤ ਗੋਬਿੰਦ' ਦੇ ਆਧਾਰਿਤ ਅਤੇ ਕ੍ਰਿਸ਼ਨ ਲੀਲਾ ਨਾਲ ਸਬੰਧਿਤ ਕਈ ਅਦਭੁਤ ਕਾਂਗੜਾ ਚਿੱਤਰ ਹਨ। ਜੋ ਉੱਨ੍ਹੀਵੀਂ ਸਦੀ ਦੇ ਮੱਧ ਦੇ ਹਨ। ਅਜਾਇਬ ਘਰ ਵਿਚ ਹਾਥੀ ਦੰਦ ਤੇ ਕਾਰੀਗਰੀ ਦੇ ਸ਼ਾਨਦਾਰ ਨਮੂਨੇ ਪ੍ਰਦਰਸ਼ਿਤ ਹਨ, ਇਨ੍ਹਾਂ ਵਿਚ ਸਤਰੰਜ ਦੇ ਮੋਹਰੇ ਘੋੜ ਸਵਾਰ ਅਤੇ ਹਾਥੀ ਦੰਦ ਤੇ ਅੰਕਿਤ ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰ ਵੀ ਹਨ''
ਸ਼ੀਸ਼ ਮਹਿਲ ਦੇ ਇਹ ਅਦਭੁਤ ਕਾਰੀਗਰੀ ਦੇ ਨਮੂਨੇ ਮੌਕੇ ਤੇ ਦੇਖ ਕੇ ਪਤਾ ਲੱਗਦਾ ਹੈ ਕਿ ਇਨ੍ਹਾਂ ਤੇ ਕਾਰੀਗਰਾਂ ਨੇ ਬਹੁਤ ਹੀ ਸਖ਼ਤ ਮਿਹਨਤ ਨਾਲ ਕੰਮ ਕੀਤਾ ਹੋਵੇਗਾ, ਇੱਥੇ ਮੌਜੂਦ ਕੁੱਝ ਜਾਣਕਾਰਾਂ ਨੇ ਦਸਿਆ ਕਿ ਇਸ ਮੀਨਾਕਾਰੀ ਵਿਚ ਸੋਨੇ ਦੀ ਵਰਤੋਂ ਵੀ ਕੀਤੀ ਗਈ ਹੈ, ਮੌਕੇ ਤੇ ਲਗਦਾ ਵੀ ਹੈ ਕਿਉਂਕਿ ਬੇਸ਼ੱਕ ਇਨ੍ਹਾਂ ਕਮਰਿਆਂ ਦਾ ਹਾਲ ਮਾੜਾ ਹੈ ਪਰ ਚਮਕ ਅਜੇ ਵੀ ਬਰਕਰਾਰ ਹੈ। ਇਸ ਕਮਰੇ ਵਿਚ ਬੜੇ ਗ਼ੌਰ ਨਾਲ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਹ ਮੀਨਾਕਾਰੀ ਵਿਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤਾਂ ਵੀ ਬਣੀਆਂ ਹਨ। ਪਰ ਇੱਥੇ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਜੀ ਦੀਆਂ ਫ਼ੋਟੋਆਂ ਮੀਨਾਕਾਰੀ ਵਿਚ ਨਹੀਂ ਹਨ ਸਗੋਂ ਇਹ ਉਂਜ ਸ਼ੀਸ਼ੇ ਵਿਚ ਜੜੀਆਂ ਤਿੰਨ ਫ਼ੋਟੋਆਂ ਹੀ ਹਨ। ਜੋ ਪੁਰਾਤਨ ਫ਼ੋਟੋਆਂ ਦੀ ਯਾਦਗਾਰ ਦਾ ਸਪਸ਼ਟ ਅਕਸ ਪੇਸ਼ ਕਰਦੀਆਂ ਹਨ। ਇੱਥੇ ਰਾਜਸਥਾਨ ਤੋਂ ਕੰਮ ਕਰ ਰਹੇ ਕਾਰੀਗਰਾਂ ਦਾ ਕਹਿਣਾ ਹੈ ਕਿ ਇਹ ਕੰਮ ਹੈ ਤਾਂ ਮੁਸ਼ਕਿਲ ਪਰ ਠੇਕੇਦਾਰ ਹੈ ਉਹ ਅਜਿਹੇ ਕਾਰੀਗਰਾਂ ਦਾ ਇੰਤਜ਼ਾਮ ਕਰਨਗੇ ਤਾਂ ਹੀ ਇਹ ਕਮਰੇ ਪੁਰਾਤਨ ਦਿੱਖ ਨੂੰ ਸਹੀ ਕਰਨ ਵਿਚ ਕਾਮਯਾਬ ਹੋਣਗੇ।

ਸ਼ੀਸ਼ ਮਹਿਲ ਦੇ ਅੰਦਰਲੇ ਕਮਰਿਆਂ ਦੀ ਹਾਲਤ ਮਾੜੀ ਹੈ : ਅਬਲੋਵਾਲ
ਇਸ ਬਾਬਤ ਸੁਰਜੀਤ ਸਿੰਘ ਅਬਲੋਵਾਲ ਚੇਅਰਮੈਨ ਪੰਜਾਬ ਸੇਰ ਸਪਾਟਾ ਵਿਕਾਸ ਨਿਗਮ ਨੇ ਸਵੀਕਾਰ ਕੀਤਾ ਕਿ ਸ਼ੀਸ਼ ਮਹਿਲ ਦੇ ਇਨ੍ਹਾਂ ਕਮਰਿਆਂ ਦੀ ਹਾਲਤ ਮਾੜੀ ਹੈ, ਪਰ ਢਾਈ ਕਰੋੜ ਦੇ ਕਰੀਬ ਫ਼ੰਡ ਸ਼ੀਸ਼ ਮਹਿਲ ਲਈ ਆਏ ਹਨ ਜਿਸ ਲਈ ਕੰਮ ਪੂਰਨ ਹੋਵੇਗਾ।

ਅਮਰਿੰਦਰ ਨੇ ਮੁੱਖ ਮੰਤਰੀ ਹੁੰਦੇ ਹੋਏ ਕੀਮਤੀ ਵਿਰਾਸਤ ਦੀ ਸੰਭਾਲ ਨਹੀ ਕੀਤੀ : ਠੰਡਲ
ਇਸ ਸਬੰਧੀ ਸ਼ੇਰ ਸਪਾਟਾ, ਵਿਰਾਸਤ ਮਾਮਲੇ ਤੇ ਸਭਿਆਚਾਰ ਮੰਤਰੀ ਸੋਹਨ ਸਿੰਘ ਠੰਡਲ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਇਸ ਕੀਮਤੀ ਵਿਰਾਸਤ ਨੂੰ ਸੰਭਾਲਣਾ ਸੀ, ਪਰ ਹੁਣ ਇਸ ਦਾ ਬੁਰਾ ਹਾਲ ਹੈ ਜਿਸ ਕਰਕੇ ਸਾਨੂੰ ਇਸ ਦੀ ਪੁਰਾਣੀ ਦਿੱਖ ਬਹਾਲ ਕਰਨ ਲਈ ਕਾਫੀ ਮਿਹਨਤ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਵੀ ਹੋਵੇ ਅਸੀਂ ਇਸ ਮਹਿਲ ਨੂੰ ਸਵਾਰ ਕੇ ਹੀ ਦਮ ਲਵਾਂਗੇ।

Saturday, September 19, 2015

ਭਾਰਤ ਦਾ ਸਭ ਤੋਂ ਛੋਟਾ ਤੇ ਖ਼ੂਬਸੂਰਤ ਪਿੰਡ 'ਨਾਨੋਕੀ'

ਕਰਨਲਾਂ ਲਫ਼ਟੈਣਾਂ ਦਾ ਪਿੰਡ ਨਾਨੋਕੀ

ਗੁਰਨਾਮ ਸਿੰਘ ਅਕੀਦਾ

ਭਾਰਤ ਦਾ ਸਭ ਤੋਂ ਛੋਟਾ ਅਤੇ ਖ਼ੂਬਸੂਰਤ ਪਿੰਡ ਨਾਨੋਕੀ ਅੱਜ ਵੀ ਆਪਣੇ ਆਪ ਵਿਚ ਦੇਸ਼ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ। ਜ਼ਿਲ੍ਹਾ ਪਟਿਆਲਾ ਬਲਾਕ ਨਾਭਾ ਵਿਚ ਆਉਂਦਾ ਭਾਦਸੋਂ ਨੇੜੇ ਨਾਨੋਕੀ ਪਿੰਡ ਵਿਚ ਛੁਪਿਆ ਹੋਇਆ ਇਤਿਹਾਸ ਦੇਖਿਆ ਜਾਵੇ ਤਾਂ ਹੈਰਾਨ ਕਰਨ ਵਾਲਾ ਹੈ, ਇਹ ਪਿੰਡ ਕਰਨਲਾਂ, ਲਫ਼ਟੈਣਾਂ ਜਨਰਲਾਂ ਤੋਂ ਲੈ ਕੇ ਹੋਰ ਕਈ ਅਹਿਮ ਕਿਰਦਾਰਾਂ ਨੂੰ ਜਨਮ ਦੇਣ ਵਾਲਾ ਹੈ, ਇਹ ਪਿੰਡ ਪਟਿਆਲਾ ਦਾ ਪਹਿਲਾ ਪਿੰਡ ਹੈ ਜਿਸ ਵਿਚ ਪੈਦਾ ਹੋਈ ਧੀ ਫ਼ੌਜ ਦੇ ਵੱਡੇ ਅਹੁਦੇ ਤੇ ਅੱਜ ਵੀ ਕਾਰਜਸ਼ੀਲ ਹੈ। ਸਿਆਸੀ ਲੀਡਰਾਂ ਤੋਂ ਲੈ ਕੇ ਫ਼ਿਲਮੀ ਲੇਖਕਾਂ ਤੱਕ ਨੂੰ ਜਨਮ ਦੇਣ ਵਾਲਾ ਹੀ ਨਹੀਂ ਸਗੋਂ ਖੇਤੀਬਾੜੀ, ਕਲਾਤਮਕ ਕਦਰਾਂ ਕੀਮਤਾਂ ਆਦਿ ਹੋਰ ਬਹੁਤ ਸਾਰੇ ਰੰਗ ਆਪਣੇ ਅੰਦਰ ਸਮੋਈ ਬੈਠਾ ਹੈ। ਮਹਾਰਾਜਾ ਨਾਭਾ ਹੀਰਾ ਸਿੰਘ ਨਾਲ ਸਰਦਾਰ ਮਹਿਤਾਬ ਸਿੰਘ, ਇਸੇ ਤਰ੍ਹਾਂ ਨਾਭਾ ਅਕਾਲ ਵਿਚ ਕੈਪਟਨ ਸਰਦਾਰ ਇੰਦਰ ਸਿੰਘ ਪਿੰਡ ਨਾਨੋਕੀ ਦੇ ਹੀ ਵਸਨੀਕ ਸਨ, ਇਸੇ ਪਿੰਡ ਦੇ ਕਰਨਲ ਸ੍ਰ. ਬਲਦੇਵ ਸਿੰਘ 14 ਸਾਲ ਦੀ ਉਮਰ 'ਚ 1941 ਵਿਚ ਨਾਭਾ ਅਕਾਲ ਇਨਫੈਂਟਰੀ ਵਿਚ ਅਫ਼ਸਰ ਕੈਡਟ ਸਿਲੈੱਕਟ ਹੋਏ, 1943 'ਚ ਬੰਗਲੌਰ ਓ. ਟੀ. ਐੱਸ. ਟਰੇਨਿੰਗ ਕਰਕੇ ਅਫ਼ਸਰ ਬਣ ਗਏ। ਉਹ 200 ਜਵਾਨਾਂ ਸਮੇਤ 1947 'ਚ ਮੁੰਬਈ ਤੋਂ ਕਈ ਖ਼ਤਰਿਆਂ ਦਾ ਸਾਹਮਣਾ ਕਰਦੇ ਹੋਏ ਇਟਲੀ ਗਏ। ਕਰਨਲ ਬਲਦੇਵ ਸਿੰਘ ਤ੍ਰਿਵੈਂਦਰਮ, ਮਲੇਸ਼ੀਆ ਜਾਂ ਫੇਰ ਨਾਗਾਲੈਂਡ, ਆਦਿ ਥਾਵਾਂ ਤੇ ਗਏ ਤੇ ਸਫਲਤਾ ਹਾਸਲ ਕਰਦੇ ਗਏ, 1965, 1971  ਦੀ ਜੰਗ ਵਿਚ ਵੀ ਉਨ੍ਹਾਂ ਦੁਸ਼ਮਣਾਂ ਦੇ ਛੱਕੇ ਛਡਾਏ ਫੇਰ ਕਰਨਲ ਬਣ ਗਏ ਸਨ। ਇਸ ਫੋਟੋ ਵਿਚ ਮਹਿਤਾਬ ਸਿੰਘ, ਮਾਤਾ ਭਗਵਾਨ ਕੌਰ, ਇੰਦਰ ਸਿੰਘ ਤੇ ਕਰਨਲ ਬਲਦੇਵ ਸਿੰਘ ਦੀ ਫ਼ੋਟੋ ਦੇ ਹੇਠਾਂ ਪਿੰਡ ਵੜਨ ਸਾਰਾ ਮਾਤਾ ਭਗਵਾਨ ਕੌਰ ਦਾ ਬੁੱਤ।
ਉਨ੍ਹਾਂ ਦੇ ਪਰਿਵਾਰ 'ਚੋਂ ਵੱਡਾ ਬੇਟਾ ਸੁਖਚਰਨ ਸਿੰਘ ਗਰੇਵਾਲ ਏਅਰਫੋਰਸ ਵਿੰਗ ਦੇ ਕਮਾਂਡਰ ਤੋਂ ਅਸਤੀਫ਼ਾ ਦੇ ਕੇ ਇੰਗਲੈਂਡ ਤੱਕ ਗਿਆ। ਰੁਪਿੰਦਰ ਸਿੰਘ ਕਰਨਲ ਰਹੇ ਜਿਨ੍ਹਾਂ ਦੇ ਧਰਮ ਪਤਨੀ ਪਰਮਿੰਦਰ ਕੌਰ ਗਰੇਵਾਲ ਅੱਜ ਕੱਲ੍ਹ ਪਿੰਡ ਦੇ ਪੜ੍ਹੇ ਲਿਖੇ ਸਰਪੰਚ ਹਨ, ਸ਼ੇਰ ਸਿੰਘ ਗਰੇਵਾਲ ਮੇਜਰ ਸਨ, ਏ ਐੱਸ ਗਰੇਵਾਲ ਵਿੰਗ ਕਮਾਂਡਰ ਰਹੇ, ਕਰਨਲ ਬਲਦੇਵ ਸਿੰਘ ਹੋਰਾਂ ਦਾ ਇਕ ਬੇਟਾ ਰੁਪਿੰਦਰ ਗਰੇਵਾਲ ਫ਼ੌਜ 'ਚ ਲੈਫ਼ਟੀਨੈਂਟ ਕਰਨਲ ਸੇਵਾ ਮੁਕਤ ਹੈ। ਕਰਨਲ ਬਲਦੇਵ ਸਿੰਘ ਦੇ ਬਾਪੂ ਪਹਿਲੀ ਸੰਸਾਰ ਜੰਗ ਵਿਚ ਟਰਾਂਸਪੋਰਟ ਅਫ਼ਸਰ ਸਨ, ਦਾਦਾ ਮਹਿਤਾਬ ਸਿੰਘ ਇੰਜੀਨੀਅਰ ਸਨ ਜਿਨ੍ਹਾਂ ਨੇ ਰੋਪੜ ਤੋਂ ਸਰਹਿੰਦ ਕੈਨਾਲ ਦੇ ਬਹੁਤ ਸਾਰੇ ਪੁਲ ਬਣਵਾਏ। ਉਨ੍ਹਾਂ ਦੀ ਇਮਾਨਦਾਰੀ ਕਰਕੇ ਨਾਭਾ ਰਾਜਾ ਨੇ ਉਨ੍ਹਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਕਿਹਾ ਜਿਨ੍ਹਾਂ ਨੇ ਫੂਲ ਤੇ ਜੈਤੋਂ ਆਦਿ ਪਸ਼ੂ ਮੰਡੀਆਂ ਬਣਵਾਈਆਂ।
ਇਸੇ ਪਿੰਡ ਦੀ ਸਿਆਸੀ ਲੀਡਰਾਂ ਵਿਚ ਪ੍ਰਮੁੱਖ ਦਸੇ ਜਾਂਦੇ ਗੁਰਬਚਨ ਸਿੰਘ ਨਾਨੋਕੀ ਦੀ ਬੇਟੀ ਲੜਕੀ ਲੈਫ਼ਟੀਨੈਂਟ ਮਾਨਵਿੰਦਰ ਕੌਰ ਫ਼ੌਜ ਵਿਚ ਅਫ਼ਸਰ ਬਣਨ ਵਾਲੀ ਇਹ ਪਟਿਆਲਾ ਦੀ ਪਹਿਲੀ ਕੁੜੀ ਹੈ, ਮਾਨਵਿੰਦਰ ਦਾ ਪਤੀ ਵੀ ਫ਼ੌਜ ਵਿਚ ਅਫ਼ਸਰ ਹੈ। ਇਸੇ ਤਰ੍ਹਾਂ ਇਸ ਪਿੰਡ ਵਿਚ ਵਿਆਹੇ ਹੋਇਆਂ ਵਿਚੋਂ ਭਾਰਤੀ ਨੇਵੀ ਵਿਚ ਲੈਫਟੀਨੇਟ ਕਮਾਂਡਰ ਪਾਇਲਟ ਰਣਬੀਰ ਸਿੰਘ ਢਿੱਲੋਂ, ਫ਼ੌਜ ਵਿਚ ਕਰਨਲ ਹਰਮਨਜੀਤ ਸਿੰਘ ਮੋਹੀ ਰਜੌਰੀ ਵਿਚ ਤਾਇਨਾਤ ਹੈ, ਪਿੰਡ ਨਾਨੋਕੀ ਦੇ ਸਰਦਾਰ ਜਸਵੰਤ ਸਿੰਘ ਏਅਰਫੋਰਸ ਵਿਚ ਵੀ ਰਹੇ। ਸਰਦਾਰ ਮਹਿਤਾਬ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਸਾਰਾ ਕਾਰੋਬਾਰ ਸੰਭਾਲਿਆ ਤੇ ਘੋੜੇ ਤੇ ਚੜ ਕੇ ਜ਼ਮੀਨ ਦੀ ਰਾਖੀ ਕੀਤੀ, ਜਿਸ ਦਾ ਬੁੱਤ ਪਿੰਡ ਵਿਚ ਵੜਨ ਸਾਰ ਹੀ ਲੱਗਾ ਨਜ਼ਰ ਆਉਂਦਾ ਹੈ।


ਪਿੰਡ ਵਸਾਏ ਜਾਣ ਦੀ ਦਿਲਚਸਪ ਕਹਾਣੀ
ਅੰਮ੍ਰਿਤਸਰ ਜ਼ਿਲ੍ਹੇ ਦੇ ਨਾਨੋਕੀ ਪਿੰਡ ਦਾ ਇਕ ਵਿਅਕਤੀ ਇੱਥੇ ਆਕੇ ਰਹਿਣ ਲੱਗਾ, ਕਰੀਬ 500 ਏਕੜ ਜ਼ਮੀਨ ਦਾ ਮਾਲਕ ਸੀ, ਪਿੰਡ ਸੁਧੇਵਾਲ ਤੇ ਸਕਰਾਲੀ ਦੇ ਲੋਕ ਹਮੇਸ਼ਾ ਆਪਣੇ ਖੂਹਾਂ ਦੀ ਹੱਦ ਨੂੰ ਲੈ ਕੇ ਝਗੜਦੇ ਰਹਿੰਦੇ ਸਨ। ਤਾਂ ਮਹਾਰਾਜਾ ਨਾਭਾ ਦੇ ਕਹਿਣ ਤੇ ਇਸ ਵਿਅਕਤੀ ਨੇ 500 ਏਕੜ ਜ਼ਮੀਨ ਦਾ ਵੱਖਰਾ ਪਿੰਡ ਬੰਨ੍ਹ ਦਿਤਾ ਜਿਸ ਦਾ ਨਾਮ ਨਾਨੋਕੀ ਹੀ ਰੱਖਿਆ। ਪਰ ਉਸ ਦੇ ਹਾਲਤ ਮਾੜੇ ਹੋ ਗਏ ਲਗਾਨ ਭਰਿਆ ਨਾ ਗਿਆ ਤਾਂ ਜ਼ਮੀਨ ਦੀ ਨਿਲਾਮੀ ਕਰਨੀ ਪਈ। ਮਹਿਤਾਬ ਸਿੰਘ ਇੱਥੇ ਨਹਿਰਾਂ ਦੇ ਪੁਲ਼ ਬਣਾਉਂਦੇ ਸੀ। ਉਸ ਨੇ ਮਹਾਰਾਜਾ ਨਾਭਾ ਦੇ ਕਹਿਣ ਅਨੁਸਾਰ ਇਹ ਜ਼ਮੀਨ ਸਿਰਫ਼ 7000 ਰੁਪਏ ਵਿਚ ਲੈ ਲਈ। ਪਰ ਰਾਜੇ ਨੇ ਇਨਸਾਫ਼ ਕੀਤਾ, ਉਸ ਵਿਅਕਤੀ ਦੀਆਂ ਦੋ ਔਰਤਾਂ ਨੂੰ ਦੋ ਖੂਹਾਂ ਦੀ ਜ਼ਮੀਨ ਦੇ ਦਿਤੀ, ਜਦੋਂ ਤੱਕ ਉਹ ਜਿੰਦਾ ਰਹੀਆਂ ਉਦੋਂ ਤੱਕ ਉਹ ਉੱਥੋਂ ਗੁਜ਼ਾਰਾ ਕਰਦੀਆਂ ਰਹੀਆਂ, ਮਰਨ ਤੋਂ ਬਾਅਦ ਉਹ ਜ਼ਮੀਨ ਵੀ ਮਹਿਤਾਬ ਸਿੰਘ ਦੇ ਕਬਜ਼ੇ ਵਿਚ ਆ ਗਈ ਅੱਜ ਵੀ ਉਨ੍ਹਾਂ ਖੂਹਾਂ ਦਾ ਨਾਮ ਮਾਈ ਵਾਲੇ ਖੂਹ ਹੀ ਵੱਜਦਾ ਹੈ।  ਭਾਰਤ ਸਰਕਾਰ ਨੇ 1987 ਵਿਚ ਪਿੰਡ ਦੀ ਖ਼ੂਬਸੂਰਤੀ ਤੇ ਭਾਰਤ ਦੇ ਸਭ ਤੋਂ ਛੋਟੇ ਪਿੰਡ ਲਈ ਰਾਸ਼ਟਰਪਤੀ ਐਵਾਰਡ ਦਿਤਾ ਗਿਆ। ਇਸ ਫੋਟੌ ਵਿਚ ਪਿੰਡ ਦੇ ਪ੍ਰਵੇਸ਼ ਤੇ ਵੱਡਾ ਸਾਰਾ ਬੋਰਡ ਲੱਗਾ ਨਜ਼ਰ ਆ ਰਿਹਾ ਹੈ।

ਵਿਦੇਸ਼ਾਂ ਵਿਚ ਨਾਨੋਕੀ : 
ਇਸ ਪਿੰਡ ਵਿਚ ਹਾਲਾਂ ਕਿ ਸਿਰਫ਼ 63 ਵੋਟਾਂ ਹੀ ਹਨ ਪਰ ਜ਼ਿਆਦਾ ਤਰ ਲੋਕ ਫ਼ੌਜ ਆਦਿ ਵਿਚ ਹਨ ਜਾਂ ਫਿਰ ਵਿਦੇਸ਼ਾਂ ਵਿਚ ਹਨ, ਜਿਸ ਕਰਕੇ ਇਸ ਵਾਰ ਸਿਰਫ਼ 33 ਵੋਟਾਂ ਹੀ ਪੋਲ ਹੋ ਪਾਈਆਂ ਹਨ, ਸਾਬਕਾ ਸਰਪੰਚ ਉਪਦੇਸ਼ ਪਾਲ ਸਿੰਘ ਪਰਵਾਰ ਸਮੇਤ ਅਮਰੀਕਾ ਵਿਚ ਹੈ, ਇਸੇ ਤਰ੍ਹਾਂ ਸੁਖਚਰਨ ਸਿੰਘ ਗਰੇਵਾਲ ਨਾਰਵੇ ਵਿਚ ਸੀ ਜਿੱਥੇ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ, ਜਸਦੇਵ ਸਿੰਘ ਗਰੇਵਾਲ ਇੰਗਲੈਂਡ, ਜਸਮੀਤ ਸਿੰਘ ਕੈਨੇਡਾ ਹੈ ਇਸੇ ਤਰ੍ਹਾਂ ਹੋਰ ਵੀ ਕਈ ਵਿਦੇਸ਼ ਵਿਚ ਹਨ। ਇਸ ਪਿੰਡ ਦੇ ਸਰਪੰਚ ਹਮੇਸ਼ਾ ਹੀ ਸਰਬ ਸੰਮਤੀ ਨਾਲ ਹੀ ਬਣਦੇ ਹਨ ਅੱਜ ਕੱਲ੍ਹ ਸਰਪੰਚ ਪਰਮਿੰਦਰ ਕੌਰ ਕਹਿੰਦੇ ਹਨ ਕਿ ਸਾਡੇ ਪਿੰਡ ਵਿਚ ਕੋਈ ਸਰਕਾਰੀ ਸਕੂਲ, ਸਰਕਾਰੀ ਡਿਸਪੈਂਸਰੀ, ਸਰਕਾਰੀ ਪਸੂਆਂ ਦਾ ਹਸਪਤਾਲ, ਕੋਈ ਸਰਕਾਰੀ ਪੰਚਾਇਤ ਘਰ ਜਾਂ ਫਿਰ ਧਰਮਸ਼ਾਲਾ ਆਦਿ ਨਹੀਂ ਹੈ, ਪਰ ਪਿੰਡ ਨੇ ਸਾਂਝ ਪਾਕੇ ਇਕ ਰੈਸਟ ਹਾਊਸ ਤੇ ਇਕ ਗੁਰਦੁਆਰਾ ਸਾਹਿਬ ਬਣਾਏ ਹਨ। ਪਿੰਡ ਵਿਚ ਸਿਰਫ਼ ਜੱਟ ਬਰਾਦਰੀ ਹੀ ਰਹਿੰਦੀ ਹੈ।


-ਏਸ਼ੀਅਨ ਖੇਡਾਂ ਦਾ ਸ਼ੇਰਾ ਬਣਾਉਣ ਵਾਲਾ 'ਗੈਰੀ ਆਰਟ ਕੇਂਦਰ' ਨਾਨੋਕੀ 

-ਵਿਦੇਸ਼ਾਂ ਵਿਚੋਂ ਵੀ ਗੈਰੀ ਫਾਰਮ ਨੂੰ ਦੇਖਣ ਲਈ ਆਉਂਦੇ ਹਨ ਸੈਲਾਨੀ

-ਖੇਤੀਬਾੜੀ ਵਿਚ ਸ਼ੇਰ-ਸਪਾਟਾ ਕੇਂਦਰ ਵਿਕਸਤ ਕਰਕੇ ਨਵੇਕਲਾ ਕੰਮ ਕੀਤਾ ਮਰਹੂਮ ਅਵਨਿੰਦਰ ਸਿੰਘ ਨੇ

ਅਵਨਿੰਦਰ ਸਿੰਘ ਗਰੇਵਾਲ ਮੂਰਤੀਆਂ (ਗੈਰੀ ਆਰਟ ਕੇਂਦਰ) ਬਣਾਉਂਦਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ। 1996 ਵਿਚ ਅਵਨਿੰਦਰ ਸਿੰਘ ਗਰੇਵਾਲ ਦੇ ਦੋਸਤ ਦਾ 'ਸਰਮੈਕਸ' ਦਾ ਕੰਮ ਛੋਟੀਆਂ ਕਲਾਕ੍ਰਿਤਾਂ (ਮੂਰਤਾਂ) ਬਣਾਉਣ ਦਾ ਕਾਫੀ ਢਿੱਲਾ ਚਲ ਰਿਹਾ ਸੀ ਫੇਰ ਅਵਨਿੰਦਰ ਸਿੰਘ ਨੇ ਇਹ ਕੰਮ ਆਪਣੇ ਹੱਥ ਵਿਚ 1999 ਵਿਚ ਲਿਆ, ਉਨ੍ਹਾਂ ਫਾਈਬਰ ਦੀਆਂ ਵੱਡੀਆਂ ਮੂਰਤੀਆਂ ਬਣਾਈਆਂ। ਉਨ੍ਹਾਂ ਪੰਜਾਬ ਦਾ ਸਭਿਆਚਾਰ ਇਨ੍ਹਾਂ ਮੂਰਤਾਂ ਰਾਹੀਂ ਦਿਖਾਇਆ। ਜਿਸ ਕਰਕੇ ਇਨ੍ਹਾਂ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਟੇਟ ਐਵਾਰਡ ਵੀ ਦਿਤਾ, ਅਵਨਿੰਦਰ ਸਿੰਘ ਗਰੇਵਾਲ ਅਣਆਈ ਮੌਤ ਤੋਂ ਬਾਅਦ ਇਹ ਸਾਰਾ ਕੰਮ ਉਨ੍ਹਾਂ ਦੀ ਬੇਟੀ ਗਗਨਦੀਪ ਕੌਰ ਨੇ ਸੰਭਾਲ ਲਿਆ। ਇਨ੍ਹਾਂ ਮੂਰਤਾਂ ਦਾ ਕਾਫੀ ਭੰਡਾਰ ਪਿੰਡ ਨਾਨੋਕੀ ਵਿਚ ਕਰਨਲ ਬਲਦੇਵ ਸਿੰਘ ਹੋਰਾਂ ਦੇ ਘਰ ਦੇ ਬਾਹਰ ਪ੍ਰਦਰਸ਼ਿਤ ਕੀਤਾ ਹੋਇਆ ਦੇਖਿਆ ਜਾ ਸਕਦਾ ਹੈ ਜਿਸ ਦੀ ਸੰਭਾਲ ਅਵਨਿੰਦਰ ਸਿੰਘ ਤੇ ਪੁੱਤਰ ਅਬਜਿੰਦਰ ਸਿੰਘ
ਕਰ ਰਹੇ ਹਨ। 'ਗੈਰੀ ਆਰਟ ਸੈਂਟਰ' ਨੇ ਪੰਜਾਬ ਦੇ ਸਭਿਆਚਾਰ ਵਿਚ ਜਿੱਥੇ ਬਲਦ, ਮੱਝਾਂ, ਇਨਸਾਨਾਂ, ਹਿਰਨਾਂ ਆਦਿ ਦੁੱਧ ਰਿੜਕਦੀ ਔਰਤ, ਪਾਣੀ ਪਿਲਾਉਂਦੀ ਔਰਤ, ਬੰਟੇ ਖੇਡਦੇ ਜਵਾਕ, ਘੁੰਡ ਕੱਢੀ ਬੈਠੀ ਨਵ ਵਿਆਹੀ, ਸੱਥ ਵਿਚ ਤਾਸ਼ ਖੇਡਦੇ ਪਿੰਡ ਦੇ ਲੋਕ, ਨਿਹੰਗ ਸਿੰਘ, ਪਿੰਡਾਂ ਦਾ ਪੁਰਾਤਨ ਖੂਹ ਸਭਿਆਚਾਰ, ਲੁਹਾਰੇ ਦੇ ਕੰਮ ਵਿਚ ਲੋਹਾਰ ਦਾ ਹੱਥ ਵਟਾਉਂਦੀ ਔਰਤ, ਤੋਂ ਲੈ ਕੇ ਸਭ ਤੋਂ ਅਹਿਮ ਕੰਮ ਏਸ਼ੀਅਨ ਖੇਡਾਂ ਦਾ ਸ਼ੇਰਾ ਬਣਾ ਕੇ ਕੀਤਾ, ਜੋ ਦੁਨੀਆਂ ਭਰ ਵਿਚ ਮਕਬੂਲ ਹੋਇਆ। ਇਨ੍ਹਾਂ ਮੂਰਤਾਂ ਵਿਚ ਸਿਰਫ਼ ਜਾਨ ਨਹੀ ਪਰ ਇਨ੍ਹਾਂ ਮੂਰਤੀਆਂ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਹੁਣੇ ਤੁਰਨਗੀਆਂ ਤੇ ਬੋਲਣਗੀਆਂ।

ਨਾਨੋਕੀ ਦਾ ਜੱਸ ਗਰੇਵਾਲ ਹੈ ਫ਼ਿਲਮਾਂ ਦਾ ਲੇਖਕ

ਗੁਰਬਚਨ ਸਿੰਘ ਨਾਨੋਕੀ ਦਾ ਬੇਟਾ ਜੱਸ ਗਰੇਵਾਲ (ਜੱਸ ਮਹਿੰਦਰ ਸਿੰਘ ਗਰੇਵਾਲ) ਨੇ ਫ਼ਿਲਮ 'ਜੱਟ ਜੈਮਸ ਬਾਂਡ' ਲਿਖੀ ਹੈ ਜਿਸ ਨੂੰ ਸਰਾਹਿਆ ਜਾ ਰਿਹਾ ਹੈ। ਜੱਸ ਗਰੇਵਾਲ ਨੂੰ ਹੁਣੇ ਹੀ ਪੀ ਟੀ ਸੀ ਵੱਲੋਂ  ਬੈੱਸਟ ਫ਼ਿਲਮ ਲੇਖਕ ਦਾ ਪਹਿਲਾ ਸਨਮਾਨ ਦਿਤਾ ਹੈ।  ਅੱਜ ਕੱਲ੍ਹ ਉਹ ਬਾਲੀਵੁੱਡ ਦੀ ਇਕ ਫ਼ਿਲਮ ਲਿਖਣ ਲੱਗਾ ਹੈ।

ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਹੋਇਆ ਪਿੰਡ ਨਾਨੋਕੀ

ਫਾਈਬਰ ਦੀਆਂ ਮੂਰਤਾਂ ਵਿਕਸਤ ਕਰਨ ਕਰਕੇ ਤੇ ਮੱਛੀ ਫਾਰਮ ਬਣਾਉਣ ਕਰਕੇ ਤੇ ਨੇੜੇ ਭਾਦਸੋਂ ਦਾ ਬੀੜ ਹੋਣ ਕਰਕੇ ਪਿੰਡ ਨਾਨੋਕੀ ਸੇਰ ਸਪਾਟਾ ਕੇਂਦਰ ਵਜੋਂ ਵਿਕਸਤ ਹੋ ਗਿਆ ਹੈ। ਇਸ ਕੰਮ ਦੀ ਅਗਵਾਈ ਕਰਨਲ ਬਲਦੇਵ ਸਿੰਘ ਦੇ ਪੋਤਰੇ ਅਬਜਿੰਦਰ ਸਿੰਘ ਗਰੇਵਾਲ ਕਰ ਰਹੇ ਹਨ।
ਇੱਥੇ ਘੋੜ ਸਵਾਰੀ, ਵੋਟਿੰਗ, ਬੱਘੀ ਸਵਾਰੀ, ਜੌਂਗਾ ਸਵਾਰੀ ਜਿਸ ਨਾਲ ਸੈਲਾਨੀਆਂ ਨੂੰ ਭਾਦਸੋਂ ਬੀੜ ਵਿਚ ਸ਼ੇਰ ਕਰਾਈ ਜਾਂਦੀ ਹੈ। ਇਸ ਤੋਂ ਇਲਾਵਾ ਇੱਥੇ ਹੋਰ ਕਈ ਤਰ੍ਹਾਂ ਦਾ ਬਚਿਆਂ ਲਈ ਖੇਡਣ ਦਾ ਪ੍ਰਬੰਧ, ਖਾਣੇ ਦਾ ਪ੍ਰਬੰਧ, ਪਿੰਡਾਂ ਵਿਚ ਪੁਰਾਣਾ ਸਭਿਆਚਾਰ ਦਿਖਾਉਣ ਦਾ ਪ੍ਰਬੰਧ, ਤਾਂ ਕੀਤਾ ਹੀ ਗਿਆ ਹੈ ਸਗੋਂ ਇੱਥੇ ਪੁਰਾਣੀ ਵਿਰਾਸਤ ਅਨੁਸਾਰ ਟੋਕਰੇ ਬਨਾਉਣੇ, ਪਸੂਆਂ ਦੀਆਂ ਮੁਹਰੀਆਂ ਬਣਾਉਣੀਆਂ, ਰੱਸੇ ਵਟਣੇ, ਘੁਮਹਾਰ ਦੇ ਚੱਕ ਦੇ ਮਿੱਟੀ ਦੇ ਭਾਂਡੇ ਬਨਾਉਣੇ ਵੀ ਸਿਖਾਇਆ ਜਾਂਦਾ ਹੈ ਇਸ ਸੈਂਟਰ ਵਿਚ ਆਕੇ ਪਿੰਡਾਂ ਦੇ ਸਭਿਆਚਾਰ ਤੋਂ ਅਣਜਾਣ ਵੀ ਪੂਰੀ ਜਾਣਕਾਰੀ ਹਾਸਲ ਕਰ ਲੈਣਾ ਹੈ। ਇੱਥੇ ਸਕੂਲਾਂ ਦੇ ਬਚਿਆਂ ਦੇ ਕੈਂਪ ਵੀ ਲਗਾਏ ਜਾਂਦੇ ਹਨ ਜਿਸ ਵਿਚ ਬਚਿਆਂ ਨੂੰ ਜ਼ਿੰਦਗੀ ਦਾ ਉਹ ਰੰਗ ਦਿਖਾਇਆ ਜਾਂਦਾ ਹੈ ਜਿਸ ਨੂੰ ਕਦੇ ਵੀ ਉਹ ਨਹੀਂ ਭੁੱਲਣਗੇ। ਜਿਸ ਵਿਚ ਜੰਗਲਾਂ ਵਿਚ ਗੁੰਮ ਹੋਣ ਤੋਂ ਬਾਅਦ ਬਾਹਰ ਆਉਣ ਲਈ ਕੀ ਤਰੀਕਾ ਅਪਣਾਇਆ ਜਾਵੇ, ਅੱਗ ਲੱਗਣ ਤੇ ਕੀ ਕੀਤਾ ਜਾਵੇ, ਭੁਚਾਲ ਆਉਣ ਦੇ ਕੀ ਕੀਤਾ ਜਾਵੇ ਆਦਿ। ਇਸ ਥਾਂ ਤੇ ਵਿਦੇਸ਼ਾਂ ਤੋਂ ਸੈਲਾਨੀ ਆਉਂਦੇ ਹਨ, ਸਰਕਾਰੀ ਅਧਿਕਾਰੀ ਮੁੱਖ ਸਕੱਤਰ ਤੱਕ ਇੱਥੇ ਪਰਵਾਰ ਸਮੇਤ ਆ ਚੁੱਕੇ ਹਨ। ਜ਼ਿਲ੍ਹਾ ਪ੍ਰਸ਼ਾਸਨ ਤਾਂ ਇੱਥੇ ਕਦੇ ਵੀ ਆ ਸਕਦਾ ਹੈ।


8146001100


Saturday, September 12, 2015

ਪੁਰਾਣੇ ਗੀਤਾਂ ਦੇ ਰਿਕਾਰਡ ਸਾਂਭਣ ਦਾ ਜਨੂਨੀ ਹੈ ਜਸਪਾਲ ਸਿੰਘ ਕੁੱਥਾ ਖੇੜੀ ਤੋਂ

ਪੰਜਾਬੀ ਯੂਨੀਵਰਸਿਟੀ 'ਚ ਹੋ ਰਹੀ ਖੋਜ ਵਿਚ ਸਭਿਆਚਾਰ ਦਾ ਮਿਲਿਆ ਖ਼ਜ਼ਾਨਾ

1900 ਤੋਂ ਲੈ ਕੇ ਹੋਏ ਤਵਿਆਂ ਦੇ ਰੂਪ ਵਿਚ ਰਿਕਾਰਡ ਗੀਤਾਂ ਵਿਚ ਮਿਲੇ ਪੁਰਾਣੇ ਕਲਾਕਾਰ

ਗੁਰਨਾਮ ਸਿੰਘ ਅਕੀਦਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਪੁਰਾਣੇ ਰਿਕਾਰਡ ਗੀਤਾਂ ਦੇ ਆਧਾਰ ਤੇ ਪੰਜਾਬੀ ਗੀਤ ਗਾਇਕੀ ਅਤੇ ਪੇਸ਼ਕਾਰੀ, ਰੂਪ ਤੇ ਵਿਚਾਰਧਾਰਾ ਵਿਸ਼ੇ ਤੇ ਖੋਜ (ਪੀਐਚਡੀ) ਹੋ ਰਹੀ ਹੈ, ਜਿਸ ਤਹਿਤ ਡਾ. ਰਾਜਿੰਦਰਪਾਲ ਬਰਾੜ ਦੀ ਨਿਗਰਾਨੀ ਹੇਠ ਸੀਨੀਅਰ ਰਿਸਰਚ ਸਕਾਲਰ ਸਿਮਰਨਜੀਤ ਸਿੰਘ ਨੇ ਇੱਕ ਅਜਿਹਾ ਜਨੂਨੀ ਵਿਅਕਤੀ ਖ਼ੋਜਿਆ ਹੈ ਜਿਸ ਕੋਲ ਸੰਨ 1900 ਤੋਂ ਲੈ ਕੇ ਪੰਜਾਬੀ ਸਭਿਆਚਾਰ ਦੇ ਵੱਖੋ ਵੱਖਰੇ ਪੰਜਾਬੀ ਗੀਤ ਤਵਿਆਂ ਰਾਹੀਂ ਸੁਣਨ ਨੂੰ ਮਿਲਦੇ ਹਨ। ਉਸ ਕੋਲ 1000 ਦੇ ਕਰੀਬ ਪੰਜਾਬੀ ਕਲਾਕਾਰਾਂ ਦੇ 4000 ਦੇ ਕਰੀਬ ਤਵੇ ਸਾਂਭੇ ਪਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ 60 ਵਰ੍ਹੇ ਦੇ ਜਸਪਾਲ ਸਿੰਘ ਪਿੰਡ ਕੁੱਥਾਖੇੜੀ ਨੂੰ ਇਹ ਸ਼ੌਕ 1975 ਤੋਂ ਅਜਿਹਾ  ਪਿਆ ਕਿ ਉਸ ਨੇ 700 ਪੱਥਰ ਦੇ ਤਵੇ ਐੱਸ ਪੀ ਤੇ ਈ ਪੀ , 1500 ਦੇ ਕਰੀਬ ਐੱਸ ਈ ਪੀ,  ਈ ਪੀ ਤੇ ਸੁਪਰ ਤੇ ਹੋਰ ਵੱਡੀ ਗਿਣਤੀ ਵਿਚ ਐਨ ਐਲ ਪੀ, ਐਲ ਪੀ ਇਕੱਠੇ ਕਰ ਲਏ। ਤਵਿਆਂ ਦੇ ਗੀਤਾਂ ਦੀਆਂ ਕਿਸਮਾਂ ਵਿਚ ਦੁਗਾਣਾ, ਸੋਲੋ ਗੀਤ, ਪੰਜਾਬੀ ਫ਼ਿਲਮੀ, ਧਾਰਮਿਕ, ਉਰਦੂ, ਕੱਵਾਲੀ, ਭੇਟਾ ਧਾਰਮਿਕ, ਦੇਸ਼ ਭਗਤੀ, ਲੋਕ-ਗਾਥਾਵਾਂ, ਡਿਸਕੋ ਗੀਤ, ਪੰਜਾਬੀ ਕਾਮੇਡੀ ਗੀਤ, ਪੰਜਾਬੀ ਜੋਕ, ਗੁਰਬਾਣੀ ਸ਼ਬਦ-ਕੀਰਤਨ, ਇਤਿਹਾਸਕ ਕਥਾਵਾਂ, ਢੱਡ-ਸਾਰੰਗੀ ਕਥਾਵਾਂ, ਕਵੀਸ਼ਰੀ, ਸ਼ਹੀਦੀ ਸਾਕੇ, ਓਪੇਰੇ, ਮਸਾਲੇਦਾਰ ਦੋਗਾਣੇ, ਪੰਜਾਬੀ ਪੋਇਟਰੀ, ਪੰਜਾਬੀ ਸਟੇਜੀ ਅਖਾੜੇ, ਰਵਾਇਤੀ ਲੋਕ ਗੀਤ, ਵਿਆਹ ਦੇ ਗੀਤ, ਪੰਜਾਬੀ ਸਰਾਇਕੀ ਐਂਡ ਮੁਲਤਾਨੀ ਗੀਤ, ਢਾਡੀ ਕਲੀਆਂ ਆਦਿ ਅਤੇ ਉਸ ਕੋਲ ਹਿੰਦੀ ਫ਼ਿਲਮੀ ਗੀਤ, ਗ਼ਜ਼ਲ, ਕੱਵਾਲੀਆਂ, ਉਰਦੂ ਅਤੇ ਅੰਗਰੇਜ਼ੀ ਦੇ ਵੀ ਕੁੱਝ ਤਵੇ ਮੌਜੂਦ ਹਨ। ਇਹਨਾਂ ਤਵਿਆਂ ਨੂੰ ਚਲਾਉਣ ਲਈ ਉਨ੍ਹਾਂ ਕੋਲ ਚਾਬੀ ਵਾਲੀ ਗਰਾਮੋਫ਼ੋਨ ਤੋਂ ਬਿਨਾਂ ਬੈਟਰੀ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਵੀ ਮੌਜੂਦ ਹਨ। ਤਵਿਆਂ ਨੂੰ ਰਿਕਾਰਡ ਕਰਨ ਵਾਲੀਆਂ ਕੰਪਨੀਆਂ ਵਿਚ ਐਚ.ਐਮ.ਵੀ., ਰੀਗਲ, ਜੈਨਾਫੋਰ, ਕੋਲੰਬੀਆ, ਸਟਾਰ ਹਿੰਦੁਸਤਾਨ, ਯੰਗ ਇੰਡੀਆ, ਹਿੰਦੁਸਤਾਨ ਰਿਕਾਰਡਜ਼, ਦ ਟਵਿਨ, ਕੋਹੇਨੂਰ ਰਿਕਾਰਡਜ਼ ਜ਼ਿਕਰਯੋਗ ਹਨ, ਇਨ੍ਹਾਂ ਗੀਤਾਂ ਦੇ ਗਾਇਕਾਂ ਵਿਚ ਲਾਲ ਚੰਦ ਯਮ੍ਹਲਾ ਜੱਟ,  ਸੁਰਿੰਦਰ ਕੌਰ, ਹਰਚਰਨ ਗਰੇਵਾਲ, ਰਾਜਿੰਦਰ ਰਾਜਨ, ਸਵਰਨ ਲਤਾ, ਪ੍ਰਕਾਸ਼ ਕੌਰ, ਦੀਦਾਰ ਸੰਧੂ, ਦੀਦਾਰ ਸਿੰਘ ਸਟੈਂਡਾਂ (ਢਾਡੀ), ਨਿਰੰਜਨ ਸਿੰਘ ਐਂਡ ਪਾਰਟੀ (ਢਾਡੀ), ਕਮਲਜੀਤ ਮਧੂ, ਗੰਗਾ ਸਿੰਘ ਐਂਡ ਪਾਰਟੀ (ਢਾਡੀ), ਮੋਹਨ ਸਿੰਘ ਸ਼ੌਂਕੀ (ਢਾਡੀ), ਕਰਮਜੀਤ ਧੂਰੀ, ਨਰਿੰਦਰ ਬੀਬਾ, ਚਾਂਦੀ ਰਾਮ-ਸ਼ਾਤੀ ਦੇਵੀ, ਰੰਗੀਲਾ ਜੱਟ, ਅਮਰ ਸਿੰਘ ਸ਼ੌਂਕੀ (ਢਾਡੀ), ਮੁਹੰਮਦ ਸਦੀਕ-ਰਣਜੀਤ ਕੌਰ, ਕਰਨੈਲ ਗਿੱਲ, ਕਰਤਾਰ ਰਮਲਾ, ਬੀਰ ਚੰਦ ਗੋਪੀ, ਬੁੱਧ ਸਿੰਘ ਤਾਨ, ਮਿਸ ਬਦਰੂਨਿਸਾ, ਰਾਮੇਸ਼ ਰੰਗੀਲਾ, ਨਵਾਬ ਘੁਮਾਰ (ਤੂੰਬਾ-ਅਲਗੋਜ਼ਾ ਗਾਇਕੀ), ਮੋਹਨੀ ਨਰੂਲਾ, ਭਾਈ ਪ੍ਰਧਾਨ ਸਿੰਘ ਐਂਡ ਪਾਰਟੀ (ਆਸਾ ਦੀ ਵਾਰ 6 ਤਵਿਆਂ 'ਚ), ਗੁਰਪਾਲ ਸਿੰਘ ਪਾਲ, ਸੁਰਿੰਦਰ ਛਿੰਦਾ, ਕੁਲਦੀਪ ਕੌਰ, ਗੁਲਸ਼ਨ ਕੋਮਲ., ਕੁਲਦੀਪ ਮਾਣਕ, ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ, ਤਿਰਲੋਕ ਕਪੂਰ, ਸ਼੍ਰੀ ਰਾਮ ਦਰਦ ਪਟਿਆਲਵੀ, ਸੱਦ ਦੀਵਾਨਾ, ਆਸ਼ਾ ਭੌਂਸਲੇ, ਰਾਜ ਗਾਇਕ ਭਾਈ ਸੈਲਾ ਆਦਿ ਹਨ। ਪੰਜਾਬੀ ਯੂਨੀਵਰਸਿਟੀ ਵਿਚ ਆਏ ਜਸਪਾਲ ਸਿੰਘ ਨੇ ਦੱਸਿਆ ਕਿ ਕਈ ਬਜ਼ੁਰਗ ਹੋ ਚੁੱਕੇ ਕਲਾਕਾਰਾਂ ਨੂੰ ਜਦੋਂ ਮੈਂ ਅੱਜ ਮਿਲਦਾ ਹਾਂ ਤਾਂ ਉਹ ਉਨ੍ਹਾਂ ਦੀ ਆਵਾਜ਼ ਵਿਚ ਪੁਰਾਣੇ ਗੀਤ ਸੁਣ ਕੇ ਦੰਗ ਰਹਿ ਜਾਂਦੇ ਹਨ। ਆਮ ਸਾਧਾਰਨ ਪਰਵਾਰ ਦੇ 60 ਸਾਲਾ ਜਸਪਾਲ ਸਿੰਘ ਮਿਸਤਰੀ ਦਾ ਕੰਮ ਕਰਦਾ ਹੈ, ਜਿੱਥੇ ਵੀ ਕਿਤੇ ਪੁਰਾਣਾ ਗੀਤ ਰਿਕਾਰਡ ਮਿਲੇ ਤਾਂ ਮੂੰਹੋਂ ਮੰਗੇ ਰੁਪਏ ਦੇਕੇ ਉਹ ਰਿਕਾਰਡ ਖ਼ਰੀਦ ਲੈਂਦਾ ਹੈ। ਉਸ ਦੇ ਪੀ ਐਚ ਡੀ ਰਾਹੀਂ ਸਾਂਭੇ ਜਾ ਰਹੇ ਸਭਿਆਚਾਰਕ ਖ਼ਜ਼ਾਨੇ ਬਾਰੇ ਉਹ ਕਹਿੰਦਾ ਹੈ ਕਿ ਉਸ ਦੀ ਜ਼ਿੰਦਗੀ ਦੀ ਮਿਹਨਤ ਸਫਲ ਹੋ ਗਈ ਜਾਪ ਰਹੀ ਹੈ।

Wednesday, September 09, 2015

ਨਰਿੰਦਰ ਮੋਦੀ ਦਾ ਹਮਸ਼ਕਲ ਮਿਲਣਾ ਚਾਹੁੰਦਾ ਹੈ ਮੋਦੀ ਪ੍ਰਧਾਨ ਮੰਤਰੀ ਨੂੰ

ਜਦੋਂ ਲੋਕ ਮੈਨੂੰ ਮੋਦੀ ਮੋਦੀ ਕਹਿ ਕੇ ਬੁਲਾਉਣ ਲੱਗੇ ਤਾਂ ਮੈਨੂੰ ਮੇਰੀ ਸ਼ਕਲ ਬਾਰੇ ਪਤਾ ਲੱਗਾ : ਰਾਮ ਚਰਨ

ਨਰਿੰਦਰ ਮੋਦੀ ਤੋਂ ਬਤੌਰ ਪ੍ਰਧਾਨ ਮੰਤਰੀ ਚੰਗੇ ਕੰਮਾਂ ਦੀ ਆਸ ਕਰਦਾ ਹੈ ਹਮਸ਼ਕਲ

ਗੁਰਨਾਮ ਸਿੰਘ ਅਕੀਦਾ

ਕਹਿੰਦੇ ਹਰੇਕ ਇਨਸਾਨ ਦੇ ਦੁਨੀਆ ਵਿਚ 7 ਹਮਸ਼ਕਲ ਹੁੰਦੇ ਹਨ ਇਸੇ ਤਰ੍ਹਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੀ 7 ਹਮਸ਼ਕਲਾਂ ਵਿਚੋਂ ਇੱਕ ਪਟਿਆਲਾ ਲਾਗੇ ਪਿੰਡ ਥੇੜ੍ਹੀ ਵਿਚ ਵੱਸਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਸ਼ਕਲ ਨੇ ਸਥਾਨਕ ਇਤਿਹਾਸਕ ਤੁੰਗ ਨਾਥ ਦੇ ਮੰਦਰ ਵਿਚ ਅਰਦਾਸ ਕਰਦਾ ਹੈ ਕਿ ਨਰਿੰਦਰ ਮੋਦੀ ਦੀ ਪ੍ਧਾਨ ਮੰਤਰੀ ਦਾ ਕਾਰਜਕਾਲ ਚੰਗਾ ਹੋਵੇ, ਉਸ ਨੂੰ ਸਾਰਾ ਸੰਸਾਰ ਯਾਦ ਕਰੇ, ਉਸ ਨੂੰ ਆਸ ਹੈ ਇਕ ਨਰਿੰਦਰ ਮੋਦੀ ਫਿਕਰਾਪ੍ਰਸਤੀ ਛੱਡ ਦੇਣਗੇ। ਉਹ ਕਾਮਨਾ ਕਰਦੇ ਹਨ ਕਿ ਨਰਿੰਦਰ ਮੋਦੀ ਸਰਕਾਰ ਭਾਰਤ ਵਿਚ ਚੰਗੇ ਕੰਮ ਕਰੇ ਤਾਂ ਕਿ ਸਾਰਾ ਭਾਰਤ ਧਰਮਾਂ ਜਾਤਾਂ ਦੇ ਝਗੜੇ ਮੁਕਾ ਕੇ ਇੱਕ ਹੋ ਸਕੇ। ਸਾਰਾ ਦਿਨ ਦਰਜ਼ੀ ਦੀ ਦੁਕਾਨ ਦੇ ਲੋਕਾਂ ਦੇ ਕੱਪੜੇ ਬਣਾ ਕੇ ਘਰ ਦਾ ਗੁਜ਼ਾਰਾ ਕਰਨ ਵਾਲੇ 46 ਸਾਲਾ ਰਾਮ ਚਰਨ ਨੂੰ ਸਾਰੇ ਹੀ ਮੋਦੀ ਮੋਦੀ ਕਹਿੰਦੇ ਹਨ। ਹਾਲਾਂ ਕਿ ਉਸ ਦੀ ਸ਼ਕਲ ਸ੍ਰੀ ਨਰਿੰਦਰ ਮੋਦੀ ਨਾਲ 90 ਕੁ ਫ਼ੀਸਦੀ ਹੀ ਮਿਲਦੀ ਦੇਖੀ ਗਈ ਹੈ ਪਰ ਜੇਕਰ ਉਸ ਦੀ ਉਮਰ ਵੀ ਨਰਿੰਦਰ ਮੋਦੀ ਹੋਰਾਂ ਜਿੰਨੀ ਅੱਜ ਹੋ ਜਾਵੇ ਤਾਂ ਰਾਮ ਚਰਨ ਦੀ ਸ਼ਕਲ ਬਿਲਕੁਲ ਹੀ ਮਿਲ ਜਾਣ ਦੀ ਸੰਭਾਵਨਾ ਹੈ। ਉਹ ਸ੍ਰੀ ਮੋਦੀ ਨ਼ੂੰ ਮਿਲਣਾ ਚਾਹੁੰਦਾ ਹੈ।
ਸ੍ਰੀ ਨਰਿੰਦਰ ਮੋਦੀ ਦੇ ਹਮਸ਼ਕਲ ਸ੍ਰੀ ਰਾਮ ਚਰਨ ਨੇ ਕਿਹਾ ਹੈ ਕਿ ਮੈਨੂੰ ਪਿਛਲੇ ਦਿਨਾਂ ਤੋਂ ਬੜੀ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਂ ਜਿੱਥੇ ਵੀ ਜਾਂਦਾ ਹਾਂ ਮੈਨੂੰ ਮੋਦੀ ਮੋਦੀ ਕਹਿਣ ਲੱਗ ਜਾਂਦੇ ਹਨ ਤਾਂ ਮੈਂ ਆਪਣਾ ਚਿਹਰਾ ਗ਼ੌਰ ਨਾਲ ਵਾਰ ਵਾਰ ਦੇਖਦਾ ਹਾਂ, ਮੇਰੇ ਬੱਚੇ ਵੀ ਮੈਨੂੰ ਹੁਣ ਮੋਦੀ ਦਾ ਹਮਸ਼ਕਲ ਕਹਿ ਕੇ ਮਾਣ ਮਹਿਸੂਸ ਕਰਦੇ ਹਨ ਕਿਉਂਕਿ ਮੇਰੇ ਬਚਿਆਂ ਨੂੰ ਲੋਕ ਕਹਿ ਦਿੰਦੇ ਹਨ ਕਿ ਤੁਹਾਡਾ ਪਾਪਾ ਜੇਕਰ ਨਰਿੰਦਰ ਮੋਦੀ ਵਾਲੀ ਪੋਸ਼ਾਕ ਪਾ ਲਵੇ ਤੇ ਥੋੜ੍ਹੇ ਸਿਰ ਦੇ ਵਾਲ ਠੀਕ ਕਰ ਲਵੇ ਤਾਂ ਕੋਈ ਕਹਿ ਨਹੀਂ ਸਕਦਾ ਕਿ ਉਹ ਨਰਿੰਦਰ ਮੋਦੀ ਨਹੀਂ ਹੈ। ਰਾਮ ਚਰਨ ਨੇ ਕਿਹਾ ਕਿ ਮੈਂ ਲੋਕ ਸਭਾ ਦੀਆਂ ਚੋਣਾਂ ਵਿਚ ਜਦੋਂ ਵੋਟਾਂ ਪਾਉਣ ਲਈ ਗਿਆ ਤਾਂ ਮੈਨੂੰ ਸਾਰੇ ਕਹਿਣ ਲੱਗੇ ਕਿ ਮੋਦੀ ਹੁਣ ਵੋਟ ਪਾਉਣ ਆਇਆ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਇੱਥੇ ਅਰਬਨ ਅਸਟੇਟ ਫ਼ੇਜ਼ 1 ਵਿਚ ਸਥਿਤ ਪਿੰਡ ਥੇੜ੍ਹੀ ਵਿਚ ਛੋਟੇ ਜਿਹੇ ਮਕਾਨ ਵਿਚ ਰਹਿੰਦੇ ਰਾਮ ਚਰਨ ਆਪਣੇ ਦੋ ਮੁੰਡੇ ਤੇ ਦੋ ਕੁੜੀਆਂ ਦਾ ਬਾਪ ਹੈ, ਘਰਵਾਲੀ ਮਾਇਆ ਦੇਵੀ ਕਹਿੰਦੀ ਹੈ ਕਿ ਬੇਸ਼ੱਕ ਮੇਰੇ ਪਤੀ ਦੀ ਸ਼ਕਲ ਨਰਿੰਦਰ ਮੋਦੀ ਜੀ ਨਾਲ ਮਿਲਦੀ ਹੈ ਪਰ ਸਾਡਾ ਪਰਵਾਰ ਕਿਸੇ ਝੰਜਟ ਵਿਚ ਨਹੀਂ ਪੈਣਾ ਚਾਹੁੰਦਾ। ਨਰਿੰਦਰ ਮੋਦੀ ਦਾ ਹਮਸ਼ਕਲ ਕਹਿੰਦਾ ਹੈ ਕਿ ਮੈਨੂੰ ਪੁਰੀ ਆਸ ਹੈ ਕਿ ਮੋਦੀ ਭਾਈ ਭਾਰਤ ਨੂੰ ਹੁਣ ਜ਼ਰੂਰ ਵਿਕਾਸ ਦੀਆਂ ਲੀਹਾਂ ਤੇ ਤੋਰਨਗੇ, ਉਹ ਦੇਸ ਨੂੰ ਲੱਗੇ ਭ੍ਰਿਸ਼ਟਾਚਾਰ ਦੇ ਘੁਣ ਤੋਂ ਬਚਾਉਣਗੇ ਤੇ ਕਾਲਾ ਧੰਨ ਦੇਸ ਵਿਚ ਵਾਪਸ ਲੈ ਕੇ ਆਉਣਗੇ। ਬੇਸ਼ੱਕ ਮੋਦੀ ਦੇ ਹਮਸ਼ਕਲ ਦੀ ਨੇੜੇ ਦੀ ਨਿਗਾਹ ਘੱਟ ਹੈ ਤਾਂ ਪਰ ਦੂਰ ਦੀ ਨਿਗਾਹ ਠੀਕ ਹੈ। ਇੱਥੇ ਮੌਜੂਦ ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਨੇ ਕਿਹਾ ਕਿ ਅਸੀਂ ਪਹਿਲਾਂ ਤਾਂ ਕਦੇ ਰਾਮ ਚਰਨ ਵੱਲ ਗ਼ੌਰ ਨਹੀਂ ਕੀਤੀ ਪਰ ਹੁਣ ਜਦੋਂ ਸਾਡੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀਂ ਬਣ ਗਏ ਤਾਂ ਹੋਈ ਚਰਚਾ ਤੋਂ ਬਾਅਦ ਅਸੀਂ ਇਹ ਬਿਲਕੁਲ ਹੀ ਦੇਖਿਆ ਤਾਂ ਸਾਡੇ ਪਿੰਡ ਨੂੰ ਇਹ ਮਾਣ ਹੈ ਕਿ ਸਾਡੇ ਪਿੰਡ ਵਿਚ ਮੋਦੀ ਹੋਰਾਂ ਦਾ ਹਮਸ਼ਕਲ ਰਹਿੰਦਾ ਹੈ। ਜਦੋਂ ਇਸ ਪੱਤਰਕਾਰ ਨੇ ਰਾਮ ਚਰਨ ਦੀਆਂ ਫ਼ੋਟੋਆਂ ਲੈਣ ਲਈ ਕਿਹਾ ਤਾਂ ਉਸ ਨੇ ਆਪਣੇ ਮੱਥੇ ਤੇ ਤਿਲਕ ਵੀ ਲਾ ਲਿਆ ਤੇ ਕਿਹਾ ਕਿ ਜਿਸ ਦਿਨ ਨਰਿੰਦਰ ਮੋਦੀ ਹੋਰੀਂ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਹੇ ਸਨ ਉਸ ਵੇਲੇ ਮੈਂ ਇਤਿਹਾਸਕ ਮੰਦਰ ਤੁੰਗ ਨਾਥ ਵਿਚ ਸੇਵਾ ਕਰਕੇ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕਰ ਰਿਹਾ ਸਾਂ। ਰਾਮ ਚਰਨ ਦੀ ਫ਼ੋਟੋ ਫੇਸ ਬੁੱਕ ਤੇ ਪਾਕੇ ਜਦੋਂ ਉਸ ਦੀ ਉਮਰ ਬਾਰੇ ਪੁੱਛਿਆ ਗਿਆ ਤਾਂ ਬਹੁਤੇ ਕੁਮੈਂਟ ਮੋਦੀ ਰਾਮ ਚਰਨ ਨੂੰ ਮੋਦੀ ਹੀ ਕਹਿੰਦੇ ਰਹੇ।

Tuesday, September 08, 2015

ਪਟਿਆਲਾ ਦੀ ਵਿਰਾਸਤ ਦਾ ਬੇਸ਼ਕੀਮਤੀ ਨਮੂਨਾ ਸ਼ੀਸ਼ ਮਹਿਲ ਬੰਦ ਹੈ ਸੈਲਾਨੀਆਂ ਲਈ

ਪੰਜ ਸਾਲਾਂ ਤੋਂ ਬੰਦ ਸ਼ੀਸ਼ ਮਹਿਲ ਨੂੰ ਖੂਬਸੂਰਤ ਦਿੱਖ ਦੇਣ ਦੀ ਆਸ ਬੱਝੀ

-ਅਰਬਾਂ ਰੁਪਏ ਦੇ ਮੈਡਲ ਤੇ ਹੋਰ ਬੇਸ਼ਕੀਮਤੀ ਵਸਤਾਂ ਦਾ ਭੰਡਾਰ ਹੈ ਸ਼ੀਸ਼ ਮਹਿਲ ਦੀ ਗੋਦ ਵਿਚ

ਗੁਰਨਾਮ ਸਿੰਘ ਅਕੀਦਾ

ਪਟਿਆਲਾ ਨੂੰ ਸ਼ਾਹੀ ਸ਼ਹਿਰ ਦੀ ਇਕ ਝਲਕ ਪੇਸ਼ ਕਰਦਾ ਇਤਿਹਾਸਕ ਸ਼ੀਸ਼ ਮਹਿਲ ਹੁਣ ਖੂਬਸੂਰਤ ਦਿੱਖ ਹਾਸਲ ਕਰਨ ਵਿਚ ਕਾਮਯਾਬ ਹੋ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਦੇ ਮੰਤਰੀ ਵਲੋਂ ਦਿਤੇ ਜਾ ਰਹੇ ਬਿਆਨਾਂ ਵਿਚ ਲਗਦਾ ਹੈ ਕਿ ਸਰਕਾਰ ਨੇ ਨੇ ਇਸ ਨੂੰ ਸੰਵਾਰਨ ਦਾ ਬੀੜਾ ਚੁੱਕਿਆ ਹੈ , ਜਦ ਕਿ ਸ਼ੀਸ਼ ਮਹਿਲ ਪਿਛਲੇ 5 ਸਾਲਾਂ ਤੋਂ ਸਭਿਆਚਾਰਕ ਤੇ ਇਤਿਹਾਸਕ ਸੱਚ ਦੇਖਣ ਵਾਲੇ ਪ੍ਰੇਮੀਆਂ ਤੋਂ ਦੂਰ ਕੀਤਾ ਹੋਇਆ ਹੈ। ਇਸ ਬਾਰੇ ਜਦੋਂ ਸੱਭਿਆਚਾਰਕ ਮਾਮਲੇ ਪੁਰਾਤਤਵ ਵਿਭਾਗ ਤੇ ਅਜਾਇਬ ਘਰ ਪੰਜਾਬ ਦੇ ਡਾਇਰੈਕਟਰ ਨਵਜੋਤਪਾਲ ਸਿੰਘ ਰੰਧਾਵਾ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਇਹ ਗੱਲ ਮੰਨੀ ਕਿ ਪੈਸੇ ਦੀ ਘਾਟ ਕਾਰਨ ਪਿਛਲੇ ਸਮੇਂ ਵਿਚ ਸ਼ੀਸ਼ ਮਹਿਲ ਨੂੰ ਬੰਦ ਰੱਖਣਾ ਪਿਆ ।
ਜਾਣਕਾਰੀ ਅਨੁਸਾਰ ਅੱਜ ਤੋਂ ਪੰਜ ਸਾਲ ਪਹਿਲਾਂ ਸ਼ੀਸ਼ ਮਹਿਲ ਕਲਾ ਪ੍ਰੇਮੀਆਂ ਤੇ ਲੋਕਾਂ ਦੀ ਖਿੱਚ ਦਾ ਕੇਂਦਰ ਸੀ। ਪੰਜਾਬ ਤਾਂ ਕੀ ਦੇਸ਼ ਅਤੇ ਵਿਦੇਸ਼ਾਂ ਤੋਂ ਵੀ ਇਥੇ ਸੈਲਾਨੀ ਰਾਜਿਆਂ, ਮਹਾਰਾਜਿਆਂ ਦੀ ਬੇਸ਼ਕੀਮਤੀ ਇਤਿਹਾਸਕ ਵਸਤਾਂ ਨੂੰ ਦੇਖਣ ਪਹੁੰਚਦੇ ਸਨ ਤੇ ਇਹ ਸ਼ੀਸ਼ ਮਹਿਲ ਹਰ ਇਥੇ ਪਹੁੰਚਣ ਵਾਲੀ ਸ਼ਖਸੀਅਤ ਨੂੰ ਆਪਣੇ ਸੱਭਿਆਚਾਰ ਨੂੰ ਯਾਦ ਕਰਵਾ ਦਿੰਦਾ ਸੀ ਪਰ ਪੰਜ ਸਾਲ ਪਹਿਲਾਂ ਸਰਕਾਰ ਦੇ ਹੈਰੀਟੇਜ਼ ਵਿਭਾਗ ਨੇ ਇਸਦੀ ਮੁਰੰਮਤ ਲਈ ਢਾਈ ਕਰੋੜ ਰੁਪਏ ਭੇਜੇ ਤੇ ਇਸ ਵਿਚ ਸਥਿਤ ਸਮੁੱਚੀ ਪੁਰਾਤਨ ਬਿਲਡਿੰਗ ਤੇ ਸਿਸਟਮ ਨੂੰ ਨਵੀਂ ਦਿੱਖ ਦੇਣੀ ਸ਼ੁਰੂ ਕੀਤੀ। ਠੇਕੇਦਾਰ ਦੋ ਸਾਲ ਪਹਿਲਾਂ ਆਪਣਾ ਕੰਮ ਅੱਧਾ ਕੁ ਕਰਕੇ ਸਰਕਾਰ ਵਲੋਂ ਦਿੱਤੇ ਪੈਸਿਆਂ ਅਨੁਸਾਰ ਇਸਦੀ ਚਾਬੀ ਸੱਭਿਆਚਾਰਕ ਮਾਮਲੇ ਤੇ ਪੁਰਾਤਤਵ ਵਿਭਾਗ ਨੂੰ ਸੌਂਪ ਗਿਆ ਤੇ ਪੰਜ ਸਾਲ ਪਹਿਲਾਂ ਬੰਦ ਹੋਇਆ ਇਹ ਸ਼ੀਸ਼ ਮਹਿਲ ਦੋ ਸਾਲ ਤੋਂ ਪੂਰੀ ਤਰ੍ਹਾਂ ਖੰਡਰ ਦਾ ਦ੍ਰਿਸ਼ ਪੇਸ਼ ਕਰਨ ਲੱਗਿਆ ਪਰ ਸਰਕਾਰ ਇਸਨੂੰ ਲੈ ਕੇ ਅੱਜ ਵੀ ਪੂਰੀ ਤਰ੍ਹਾਂ ਖਾਮੋਸ਼ ਹੈ।
ਦਸਣਾ ਬਣਦਾ ਹੈ ਕਿ ਸ਼ਾਹੀ ਸ਼ਹਿਰ ਦੇ ਇਸ ਸ਼ੀਸ਼ ਮਹਿਲ ਅੰਦਰ ਸੰਸਾਰ ਦੀ ਇਕਲੌਤੀ ਅਜਿਹੀ ਸ਼ਾਨਦਾਰ ਗੈਲਰੀ ਹੈ, ਜਿਸ ਵਿਚ ਅਰਬਾਂ ਰੁਪਇਆਂ ਦੀਆਂ ਬੇਸ਼ਕੀਮਤੀ ਮੈਡਲ ਅਤੇ ਹੋਰ ਸਾਜੋ ਸਮਾਨ ਦੀਆਂ ਵਸਤਾਂ ਪਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਗੈਲਰੀ ਵਿਚ 3200 ਮੈਡਲ ਜਿਨ੍ਹਾਂ ਵਿਚ ਹੀਰੇ ਤੱਕ ਜੜ੍ਹੇ ਹੋਏ ਹਨ ਪਏ ਹਨ। ਇਹ ਮੈਡਲ ਮਹਾਰਾਜਾ ਭੁਪਿੰਦਰ ਸਿੰਘ ਦੇ ਹਨ। ਮਹਾਰਾਜਾ ਭੁਪਿੰਦਰ ਸਿੰਘ ਨੂੰ ਇਤਿਹਾਸਕ ਵਸਤਾਂ ਦਾ ਸ਼ੌਂਕ ਸੀ ਜਿਸ ਕਾਰਨ ਉਨ੍ਹਾਂ ਸਮੁੱਚੇ ਸੰਸਾਰ ਤੋਂ ਇਨ੍ਹਾਂ ਮੈਡਲਾਂ ਅਤੇ ਹੋਰ ਵਸਤਾਂ ਨੂੰ ਇਕੱਠਿਆਂ ਕੀਤਾ ਸੀ। 1938 ਵਿਚ ਮਹਾਰਾਜਾ ਭੁਪਿੰਦਰ ਸਿੰਘ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਬੇਟੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਇਹ ਸਮੁੱਚਾ ਖਜਾਨਾ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਸੀ। ਇਸ ਗੈਲਰੀ ਵਿਚ ਦਿੱਲੀ ਸਲਤਨਤ, ਪਠਾਣ ਅਤੇ ਮੁਗਲ ਸਲਤਨਤ, ਲਾਹੌਰ ਦਰਬਾਰ ਤੇ ਰਿਆਸਤਾਂ ਨਾਲ ਸਬੰਧਤ ਬੇਸ਼ਕੀਮਤੀ ਵਸਤਾਂ ਤੇ ਇਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਵਾਲੇ ਮੈਡਲ, ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਵਾਲੇ ਮੈਡਲ, ਇੰਗਲੈਂਡ ਦਾ ਬੁਲਟ ਵਾਲਾ ਵਿਕਟੋਰੀਆ ਕਰਾਸ ਤੇ ਕਾਫੀ ਅਜਿਹੀਆਂ ਇਤਿਹਾਸਕ ਧਰੋਹਰਾਂ ਵੀ ਹਨ ਤੇ ਅੱਜ ਇਹ ਮੈਡਲ ਗੈਲਰੀ ਛੇ ਸਾਲਾਂ ਤੋਂ ਬੰਦ ਹੈ, ਜਿਸਦਾ ਅਰਬਾਂ ਰੁਪਏ ਦਾ ਸਮਾਨ ਇਕ ਕਮਰੇ ਵਿਚ ਤੁੰਨਿਆਂ ਹੋਇਆ ਹੈ। ਪਹਿਲਾਂ ਇਹ ਗੈਲਰੀ ਸੁਰੱਖਿਆ ਕਾਰਨਾਂ ਕਰਕੇ ਵੀ ਬੰਦ ਕੀਤੀ ਸੀ ਪਰ ਹੁਣ ਮੁਰੰਮਤ ਕਰਨ ਦੇ ਬਹਾਨੇ ਕਾਰਨ ਇਥੇ ਸਭ ਕੁੱਝ ਕੁੜਾ ਕੀਤਾ ਪਿਆ ਹੈ।
ਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੋਰ ਦਸਣਾ ਬਣਦਾ ਹੈ ਕਿ ਸ਼ਾਹੀ ਸ਼ਹਿਰ ਦੇ ਇਸ ਇਤਿਹਾਸਕ ਸ਼ੀਸ਼ ਮਹਿਲ ਵਿਚ ਜੀਵ-ਜੰਤੂ ਗੈਲਰੀ, ਆਰਟ ਗੈਲਰੀ, ਫੋਕ ਆਰਟ ਗੈਲਰੀ, ਮੈਡਲ ਗੈਲਰੀ ਅਤੇ ਸ਼ੀਸ਼ ਮਹਿਲ ਵੇਖਣਯੋਗ ਇਤਿਹਾਸਕ ਗੈਲਰੀਆਂ ਹਨ। ਸ਼ੀਸ਼ ਮਹਿਲ ਦੀ ਜੀਵ-ਜੰਤੂ ਗੈਲਰੀ ਵੀ ਰਾਜਿਆਂ-ਮਹਾਰਾਜਿਆਂ ਵਲੋਂ ਉਸ ਵੇਲੇ ਸ਼ਿਕਾਰ ਕੀਤੀਆਂ ਗਈਆਂ ਖੱਲਾਂ ਅਤੇ ਹੋਰ ਇਤਿਹਾਸਕ ਜੀਵ-ਜੰਤੂਆਂ ਦਾ ਸਮਾਨ ਹੈ। ਇਸਦੇ ਨਾਲ ਹੀ ਆਰਟ ਗੈਲਰੀ ਬਹੁਤ ਹੀ ਸ਼ਾਨਦਾਰ ਤਰੀਕੇ ਦਾ ਆਰਟ, ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਤੇ ਹੋਰ ਇਤਿਹਾਸਕ ਵਸਤਾਂ ਹਨ। ਇਸ ਸ਼ੀਸ਼ ਮਹਿਲ ਅੰਦਰ ਇਕ ਫੋਕ ਆਰਟ ਗੈਲਰੀ ਹੈ, ਜਿਸ ਵਿਚ ਪੰਜਾਬ ਦਾ ਅਮੀਰ ਵਿਰਸਾ ਦੇਖਿਆ ਜਾ ਸਕਦਾ ਹੈ, ਇਸਦੇ ਨਾਲ ਹੀ ਸ਼ੀਸ਼ ਮਹਿਲ ਅੰਦਰ ਬਹੁਤ ਹੀ ਸ਼ਾਨਦਾਰ ਕਲਾਕਾਰੀ ਹੈ। ਇਹ ਸਾਰੀਆਂ ਚਾਰੇ ਵੱਖ-ਵੱਖ ਬਿਲਡਿੰਗਾਂ ਪੁਰਾਤਨ ਹਨ ਤੇ ਇਨ੍ਹਾਂ ਵਿਚ ਪੁਰਾਣੀਆਂ ਇੱਟਾਂ ਦਾ ਜਿਥੇ ਸੁਮੇਲ ਹੈ, ਉਥੇ ਇਨ੍ਹਾਂ ਵਿਚ ਪਈਆਂ ਕਰੋੜਾਂ ਦੀਆਂ ਇਤਿਹਾਸਕ ਵਸਤਾਂ ਅਸਲ ਪੰਜਾਬ ਦੀ ਝਲਕਾਰ ਪਾਉਂਦੀਆਂ ਹਨ।

Monday, September 07, 2015

ਭਾਰਤ ਦੇ ਰਾਸਟਰਪਤੀ ਗਿਆਨੀ ਜੈਲ ਸਿੰਘ ਵਲੋਂ ਬਣਾਇਆ ਖੇਡ ਸਟੇਡੀਅਮ ਉੑਦਾਸ ਹੈ : ਸਰਕਾਰੀ ਬੇਰੁਖੀ ਦਾ ਸਿਖਰ

ਪੰਜਾਬ ਦੇ ਪਿੰਡਾਂ 'ਚ ਦੋ ਦਹਾਕਿਆਂ ਤੋਂ ਨਹੀਂ ਵਿਕਸਤ ਹੋਇਆ ਕੋਈ ਖੇਡ ਸਟੇਡੀਅਮ

ਕੇਂਦਰ ਦੀ 'ਪਾਇਕਾ' ਸਕੀਮ ਅਧੀਨ ਦਿੱਤਿਆਂ ਗਰਾਂਟਾਂ ਸੱਕੀ ਘੇਰੇ ਵਿਚ

1973 'ਚ ਰੱਖੇ ਨੀਂਹ ਪੱਥਰ ਤਹਿਤ ਅਜੇ ਤੱਕ ਵਿਕਸਤ ਨਹੀਂ ਹੋਇਆ ਸਟੇਡੀਅਮ

ਗੁਰਨਾਮ ਸਿੰਘ ਅਕੀਦਾ

ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਕਬੱਡੀ ਕਰੋੜਾਂ ਦੀ ਕਰ ਦੇਣ ਦੇ ਦਮਗਜੇ ਮਾਰੇ ਜਾ ਰਹੇ ਹਨ ਪਰ ਜੇਕਰ ਪਿੰਡਾਂ ਵਿਚ ਖੇਡਾਂ ਦੀ ਅਸਲ ਸਥਿਤੀ ਜਾਣੀ ਜਾਵੇ ਤਾਂ ਸਥਿਤੀ ਹੋਰ ਹੀ ਨਜ਼ਰ ਆਉਂਦੀ ਹੈ, ਹਾਲਾਂ ਕਿ ਕੇਂਦਰ ਸਰਕਾਰ ਵੱਲੋਂ 'ਮੈਚਿੰਗ ਗਰਾਂਟ' ਜਾਰੀ ਕਰਨ ਵਾਲੀ 'ਪਾਇਕਾ' ਸਕੀਮ ਨੇ ਪੇਂਡੂ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਵੱਡਾ ਹੁੰਗਾਰਾ ਦਿੱਤਾ ਸੀ ਪਰ ਇਸ ਦਾ ਜ਼ਮੀਨੀ ਸੱਚ ਵੀ ਪੜਤਾਲ ਕਰਨ ਦੀ ਮੰਗ ਕਰਦਾ ਹੈ। ਪੰਜਾਬ ਦੇ ਪਿੰਡਾਂ ਵਿਚ ਪਿਛਲੇ ਦੋ ਦਹਾਕਿਆਂ ਤੋਂ ਕੋਈ ਵੀ ਖੇਡ ਦਾ ਮੈਦਾਨ ਬਣਾਇਆ ਨਜ਼ਰ ਨਹੀਂ ਆ ਰਿਹਾ। ਇੱਥੋਂ ਤੱਕ ਕਿ ਜੋ ਖੇਡ ਦੇ ਮੈਦਾਨ ਪਹਿਲਾਂ ਬਣਾਉਣ ਦੀਆਂ ਯੋਜਨਾਵਾਂ ਸਨ, ਨੀਂਹ ਪੱਥਰ ਵੀ ਰੱਖੇ ਸਨ ਪਰ ਉਨ੍ਹਾਂ ਦੀ ਬਾਅਦ ਵਿਚ 'ਉੱਜੜੇ ਬਾਗ਼ਾਂ ਦੇ ਗਾਲ੍ਹੜ ਪਟਵਾਰੀ' ਵਾਲੀ ਸਥਿਤੀ ਹੋ ਗਈ ਹੈ ।
ਪ੍ਰਾਪਤ ਜਾਣਕਾਰੀ ਵਿਚ ਪੰਜਾਬ ਸਰਕਾਰ ਨੇ ਬਾਦਲ ਪਿੰਡ ਸਮੇਤ ਪੰਜਾਬ ਵਿਚ 17 ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ, ਪਟਿਆਲਾ ਜ਼ਿਲ੍ਹੇ ਵਿਚ ਸਿਰਫ਼ ਦਿਆਲਪੁਰਾ ਵਿਚ ਬਣਾਇਆ ਜਾ ਰਿਹਾ ਹੈ, ਖੇਡ ਵਿਭਾਗ ਪਟਿਆਲਾ ਹਸਨਪੁਰ ਤੇ ਭੁਨਰਹੇੜੀ ਵਿਚ ਵੀ ਸਟੇਡੀਅਮ ਬਣਾਉਣ ਦਾ ਦਾਅਵਾ ਕਰਦਾ ਹੈ ਪਰ ਅਸਲ ਵਿਚ ਉਹ ਸਕੂਲਾਂ ਵਿਚ ਪਹਿਲਾਂ ਹੀ ਬਣੇ ਸਨ ਜਿਨ੍ਹਾਂ ਨੂੰ ਨਵਿਆਇਆ ਗਿਆ ਹੈ। ਕੇਂਦਰ ਸਰਕਾਰ ਦੀ 'ਪਾਇਕਾ' ਸਕੀਮ ਵਿਚ ਹਰੇਕ ਪਿੰਡ ਨੂੰ ਇੱਕ ਲੱਖ ਅਤੇ ਬਲਾਕ ਨੂੰ 5 ਲੱਖ ਰੁਪਏ ਦੇਣ ਦੀ ਯੋਜਨਾ ਹੈ, ਜਿਸ ਵਿਚ ਸਿਰਫ਼ 25 ਫ਼ੀਸਦੀ ਰਾਜ ਸਰਕਾਰ ਨੇ ਪਾਉਣਾ ਹੈ, 25 ਫ਼ੀਸਦੀ ਰਾਜ ਸਰਕਾਰ ਵੱਲੋਂ ਪਾਉਣ ਦੇ ਦਰਦ ਕਰਕੇ ਇਸ ਸਕੀਮ ਦਾ ਲਾਹਾ ਪਿੰਡਾਂ ਤੱਕ ਸਹੀ ਨਹੀਂ ਪੁੱਜ ਰਿਹਾ, 2008-09 ਵਿਚ ਸ਼ੁਰੂ ਕੀਤੀ ਇਸ ਸਕੀਮ ਤਹਿਤ ਪੇਂਡੂ ਖੇਤਰ ਨੂੰ 10 ਸਾਲਾਂ ਵਿਚ ਖੇਡਾਂ ਵੱਲ ਉਤਸ਼ਾਹਿਤ ਕਰਨਾ ਤਹਿ ਸੀ ਪਰ ਇਸ 'ਤੇ 2010 ਤੱਕ ਤਾਂ ਪੰਜਾਬ ਸਰਕਾਰ ਵੱਲੋਂ ਕੰਮ ਕੀਤਾ ਮਾੜਾ ਮੋਟਾ ਨਜ਼ਰ ਆਉਂਦਾ ਹੈ ਪਰ ਉਸ ਤੋਂ ਬਾਅਦ ਇਸ ਸਕੀਮ ਵਿਚ ਪਿੰਡਾਂ ਨੂੰ ਕੋਈ ਬਹੁਤ ਤਵੱਜੋ ਨਹੀਂ ਦਿੱਤੀ ਗਈ, ਇੱਥੇ ਚੀਕਾ ਰਸਤੇ ਤੇ ਪੈਂਦੇ ਪਿੰਡ ਰਾਮਨਗਰ ਦੇ ਨਜ਼ਦੀਕ ਪਿੰਡ ਬੀਬੀਪੁਰ ਦੇ ਆਗੂ ਗੁਰਬੰਸ ਸਿੰਘ ਪੂਨੀਆ ਨੇ ਕਿਹਾ ਕਿ ਸਾਡੇ ਪਿੰਡ ਵਿਚ ਜ਼ਮੀਨ ਹੈ ਅਸੀਂ ਕਈ ਵਾਰੀ ਖੇਡ ਦਾ ਮੈਦਾਨ ਵਿਕਸਤ ਕਰਨ ਬਾਰੇ ਕਈ ਵਾਰੀ ਖੇਡ ਵਿਭਾਗ ਕੋਲ ਜਾ ਆਏ ਹਾਂ ਪਰ ਸਾਡੀ ਕਿਸੇ ਗੱਲ ਤੇ ਗ਼ੌਰ ਨਹੀਂ ਕੀਤੀ ਗਈ। 
ਇੱਥੇ ਨਾਭਾ ਨਜ਼ਦੀਕ ਪੈਂਦੇ ਪਿੰਡ ਧੰਗੇੜਾ ਤੇ ਲੁਬਾਣਾ ਵਿਚ ਬਣਨ ਵਾਲੇ 6 ਏਕੜ ਜ਼ਮੀਨ ਵਿਚ ਸਟੇਡੀਅਮ ਦਾ ਨੀਂਹ ਪੱਥਰ ਤਤਕਾਲੀ ਮੁੱਖ ਮੰਤਰੀ ਅਤੇ ਭਾਰਤ ਦੇ ਰਾਸਟਰਪਤੀ ਗਿਆਨੀ ਜ਼ੈਲ ਸਿੰਘ ਨੇ 10 ਮਾਰਚ 1973 ਨੂੰ ਰੱਖਿਆ ਸੀ, 41 ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਸਟੇਡੀਅਮ ਵਿਕਸਤ ਨਹੀਂ ਕੀਤਾ ਗਿਆ, ਇੱਥੇ ਕੋਈ ਖੇਡ ਨਹੀਂ ਹੁੰਦੀ। ਜਦ ਕਿ ਇੱਥੇ ਬਣੇ ਜਮਾਂ ਦੋ ਦੇ ਸਕੂਲ ਵਿਚ 15 ਦੇ ਕਰੀਬ ਪਿੰਡਾਂ ਦੇ ਬੱਚੇ ਪੜਾਈ ਲਈ ਆਉਂਦੇ ਹਨ। ਇਸ ਸਟੇਡੀਅਮ ਨੂੰ ਸਕੂਲ ਨਾਲ ਜੋੜਨ  ਦੀ ਬਜਾਇ ਸਕੂਲ ਤੋਂ ਤੋੜਨ ਲਈ ਦੀਵਾਰ ਬਣਾ ਦਿੱਤੀ ਗਈ ਹੈ। 
ਕਬੱਡੀ ਕੋਚ ਗੁਰਮੇਲ ਦਿੜ੍ਹਬਾ ਕਹਿੰਦੇ ਹਨ ਕਿ ਸਰਕਾਰ ਪਿੰਡਾਂ ਵਿਚ ਖੇਡਾਂ ਵਿਕਸਤ ਕਰਨ ਦੀ ਚਾਹਵਾਨ ਹੀ ਨਹੀਂ ਹੈ, ਆਜ਼ਾਦੀ ਤੋਂ ਬਾਅਦ ਘੱਟੋ ਘੱਟ 10 ਪਿੰਡਾਂ ਵਿਚ ਤਾਂ ਇੱਕ ਸਟੇਡੀਅਮ ਬਣ ਜਾਣਾ ਚਾਹੀਦਾ ਸੀ, ਕਬੱਡੀ ਤਾਂ ਤਿਆਰ ਕਰ ਦਿੱਤੀ ਹੈ ਪਰ ਇਸ ਵਿਚ ਨਸ਼ਿਆਂ ਵਿਚ ਕਿੰਨੇ ਖਿਡਾਰੀ ਗ਼ਲਤਾਨ ਹਨ ਬਾਰੇ ਕਦੇ ਵੀ ਪੰਜਾਬ ਸਰਕਾਰ ਨੇ ਨਹੀਂ ਸੋਚਿਆ, ਉਸ ਨੇ ਕਿਹਾ ਕਿ 'ਪਾਇਕਾ'ਸਕੀਮ ਵਿਚ ਪਿੰਡਾਂ ਨੂੰ ਮਿਲਣ ਵਾਲੀਆਂ ਗਰਾਂਟਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਸ ਵਿਚ ਵੱਡੇ ਘਪਲੇ ਦਾ ਖ਼ਦਸ਼ਾ ਬਣਿਆ ਹੋਇਆ ਹੈ।
ਐਥਲੈਟਿਕ ਕੋਚ ਬਹਾਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੀ ਪੇਂਡੂ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਕੋਈ ਨੀਤੀ ਨਹੀਂ ਹੈ, ਪੰਚਾਇਤ ਕੋਲ ਕੋਈ ਟੂਰਨਾਮੈਂਟ ਕਰਾਉਣ ਦਾ ਬਜਟ ਨਹੀਂ ਹੈ।
ਬਾਕਸਿੰਗ ਕੋਚ ਹਰਪ੍ਰੀਤ ਸਿੰਘ ਕਹਿੰਦੇ ਹਨ ਕਿ ਸਟੇਡੀਅਮ ਤਾਂ ਸਰਕਾਰ ਬਣਾ ਲਵੇ ਪਰ ਸਰਕਾਰ ਕੋਲ ਪਿੰਡਾਂ ਵਿਚ ਖੇਡਾਂ ਵਿਚ ਖਿਡਾਰੀਆਂ ਨੂੰ ਸਿਖਾਉਣ ਲਈ ਕੋਚ ਹੀ ਨਹੀਂ ਹਨ।
ਇਸ ਬਾਬਤ ਜ਼ਿਲ੍ਹਾ ਸਪੋਰਟ ਅਫ਼ਸਰ ਬੀਬੀ ਜਸਬੀਰ ਪਾਲ ਕੌਰ ਬਰਾੜ ਨੇ ਕਿਹਾ ਕਿ ਅਸੀਂ ਜਿਨ੍ਹਾਂ ਵੀ ਹੋਵੇ ਕਰ ਰਹੇ ਹਾਂ ਧੰਗੇੜਾ ਸਟੇਡੀਅਮ ਲਈ ਅਸੀਂ 1 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ, ਪਾਇਕਾ ਦੇ ਸਬੰਧ ਵਿਚ ਅਸੀਂ 2011 ਤੱਕ 80 ਪਿੰਡ ਪ੍ਰਤੀ ਸਾਲ ਵਿਕਸਤ ਕਰਨ ਲਈ ਗਰਾਂਟਾਂ ਦਿੱਤਿਆਂ ਹਨ ਪਰ ਕਿਸ ਕਿਸ ਪਿੰਡ ਨੂੰ ਗਰਾਂਟ ਦਿੱਤੀ ਗਈ ਹੈ ਵੇਰਵਿਆਂ ਬਾਰੇ ਉਹ ਕਹਿੰਦੇ ਦੇਖਣਾ ਪਵੇਗਾ। ਸੋ ਆਮ ਤੌਰ ਦੇ ਮੰਗ ਉੱਠੀ ਹੈ ਕਿ 'ਪਾਇਕਾ' ਸਕੀਮ ਅਧੀਨ ਦਿੱਤਿਆਂ ਗਈਆਂ ਮੈਚਿੰਗ ਗਰਾਂਟਾਂ ਬਾਰੇ ਪੜਤਾਲ ਹੋਣੀ ਚਾਹੀਦੀ ਹੈ।

Friday, September 04, 2015

ਭਾਸ਼ਾ ਵਿਭਾਗ ਵੱਲੋਂ 136 ਤਿਆਰ ਪੁਸਤਕਾਂ ਦੇ ਖਰੜੇ ਉਡੀਕ ਰਹੇ ਸਰਕਾਰੀ ਫ਼ੰਡ ਨੂੰ

ਫ਼ੰਡ ਆਉਣ ਤੇ ਤੁਰੰਤ ਛਪ ਜਾਣਗੀਆਂ ਇਹ ਪੁਸਤਕਾਂ : ਡਾਇਰੈਕਟਰ

ਇਨ੍ਹਾਂ ਪੁਸਤਕਾਂ ਦੀ ਬਹੁਤ ਲੋੜ ਹੈ ਪੰਜਾਬੀ ਜਗਤ ਨੂੰ

ਗੁਰਨਾਮ ਸਿੰਘ ਅਕੀਦਾ 
ਭਾਸ਼ਾ ਵਿਭਾਗ ਪੰਜਾਬ ਵੱਲੋਂ 136 ਕਿਤਾਬਾਂ ਛਪਾਉਣ ਲਈ ਤਿਆਰ ਕਰ ਲਈਆਂ ਹਨ, ਪਰ ਫ਼ੰਡ ਨਾ ਹੋਣ ਕਰ ਕੇ ਇਹ ਕਿਤਾਬਾਂ ਛਪਾਉਣੀਆਂ ਮੁਸ਼ਕਿਲ ਹੋ ਰਹੀਆਂ ਹਨ। ਜਦ ਕਿ ਪੰਜਾਬੀ ਨੂੰ ਇਹਨਾਂ ਕਿਤਾਬਾਂ ਦੀ ਲੋੜ ਕਾਫ਼ੀ ਮਾਇਨੇ ਰੱਖਦੀ ਹੈ।
ਅਧਿਕਾਰਤ ਤੌਰ ਤੇ ਮਿਲੀ ਜਾਣਕਾਰੀ ਅਨੁਸਾਰ ਤਿਆਰ ਹੋਈਆਂ ਕਿਤਾਬਾਂ ਨੂੰ ਕੰਪਿਊਟਰ ਵਿਚ ਟਾਈਪ ਕਰ ਲਿਆ ਗਿਆ ਹੈ ਜੋ ਛਪ ਜਾਣ ਤੋਂ ਬਾਅਦ ਆਨ ਲਾਈਨ ਪਾਉਣ ਦੀ ਵੀ ਯੋਜਨਾ ਦੱਸੀ ਗਈ ਹੈ। ਇਨ੍ਹਾਂ ਕਿਤਾਬਾਂ ਵਿਚ ਰਾਮ ਪ੍ਰਸਾਦਿ ਬਿਸਮਿਲ ਦੀ ਆਤਮ ਕਥਾ, ਕਾਵਿ ਆਦਰਸ਼ ਦੰਡੀ, ਦਸ ਰੂਪਕ, ਬਜਵਾੜਾ ਸਰਵੇ ਪੁਸਤਕ, ਸੇਵਾ ਪੰਥੀਆਂ ਦੀ ਪੰਜਾਬੀ ਸਾਹਿੱਤ ਨੂੰ ਦੇਣ, ਹਿੰਦੀ ਆਤਮ ਕਥਾ ਲੇਖਨ ਕੀ ਅਪੇਕਸਾਏਂ, ਪੰਡਤ ਮਦਨ ਮੋਹਨ ਮਲਵੀਆ, ਸ਼ਿਵ ਰਾਜ ਵਿਜਯ, ਲੱਜਿਆ, ਸਵਾਮੀ ਵਿਵੇਕਾ ਨੰਦ, ਚੋਣਵੇਂ ਅੱਠ ਉਪਨਿਸ਼ਦ, ਹਰਨਾਮ ਸਿੰਘ ਸ਼ਾਨ ਜੀਵਨ ਤੇ ਰਚਨਾ, ਮੇਰਾ ਨਾਟਕ ਕਲਾ ਤੇ ਮੇਰਾ ਅਨੁਭਵ ਸੁਰਜੀਤ ਸਿੰਘ ਸੇਠੀ, ਚੋਣਵੀਂਆਂ ਪੰਜਾਬੀ ਦੀਆਂ ਕਹਾਣੀਆਂ ਗੁਰਮੇਲ ਮਡਹਾੜ, ਸ਼ੁਕਰ ਨੀਤੀ, ਅਧਿਆਤਮਕ ਰਮਾਇਣ ਸੰਤ ਗੁਲਾਬ ਸਿੰਘ, ਅੱਧੀ ਮਿੱਟੀ ਅੱਧਾ ਸੋਨਾ, ਅਲੀ ਬਾਬਾ ਔਰ ਪਾਗਲ ਹਵਾ, ਚੌਧਰੀ ਜੋਸ਼ੂਆ ਫ਼ਜ਼ਲੁੱਦੀਨ-ਜੀਵਨ ਤੇ ਰਚਨਾ, ਬਾਰਾਮਾਹ, ਪੰਜਾਬੀ ਵਿਸ਼ਵ ਕੋਸ਼ ਜਿਲਦ-4, 14,16, ਗੁਰਦਿਆਲ ਸਿੰਘ ਫ਼ੁਲ ਦਾ ਸਾਹਿੱਤ ਸੰਸਾਰ ਇੱਕ ਅਧਿਐਨ, ਡਾ. ਮਹਿੰਦਰ ਸਿੰਘ ਰੰਧਾਵਾ ਜੀਵਨ ਤੇ ਰਚਨਾ, ਚੋਣਵੀਂ ਕਵਿਤਾ ਬਾਬੂ ਰਜਬ ਅਲੀ, ਤਾਰੀਖ-ਏ-ਪਟਿਆਲਾ, ਸਾਜਨ ਰਾਏ ਕੋਟੀ ਜੀਵਨ ਤੇ ਰਚਨਾ, ਚੋਣਵੇਂ ਵਿਅੰਗ ਪਿਆਰਾ ਸਿੰਘ ਦਾਤਾ, ਨਾਸੂ, ਹਿਤੋਪਦੇਸ,ਐਮਾ, ਸਾਧੂ ਸਿੰਘ ਹਮਦਰਦ ਜੀਵਨ ਤੇ ਰਚਨਾ, ਚੋਣਵੀਂਆਂ ਕਹਾਣੀਆਂ ਬਲਦੇਵ ਸਿੰਘ, ਸਾਡੇ ਰਸਮ ਰਿਵਾਜ, ਅਹਿਮਦੀ ਕਵੀਆਂ ਨੂੰ ਪੰਜਾਬੀ ਸਾਹਿੱਤ ਨੂੰ ਦੇਣ, ਜੀਵਨ ਕਥਾ ਸੰਤ ਸਿੰਘ, ਕਹਾਣੀ ਕਲਾ ਤੇ ਮੇਰਾ ਅਨੁਭਵ, ਪ੍ਰਿ.ਤੇਜਾ ਸਿੰਘ ਜੀਵਨ ਤੇ ਰਚਨਾ, ਪੰਜਾਬ ਬੀਤੀ, ਪੰਜਾਬੀ ਪ੍ਰਬੋਧ, ਸ਼ੇਖ਼ ਫ਼ਰੀਦ, ਨਿੱਕੀਆਂ ਨਿੱਕੀਆਂ ਗੱਲਾਂ, ਮਿਰਜ਼ਾ ਸਾਹਿਬਾਂ, ਡਾ. ਭੀਮ ਰਾਓ ਅੰਬੇਦਕਰ, ਗੁਰਦਿਆਲ ਸਿੰਘ ਜੀਵਨ ਤੇ ਰਚਨਾ, ਸ਼ਿਵ ਕੁਮਾਰ ਦੀ ਚੋਣਵੀਂ ਕਵਿਤਾ, ਸੰਤ ਕਬੀਰ, ਪੰਜਾਬੀ ਕੋਸ਼, ਗੁਰਮਤਿ ਪ੍ਰਭਾਕਰ, ਗੁਰਮਤਿ ਸੁਧਾਕਰ, ਵਿਸ਼ਵ ਦੀਆਂ ਮੁਦਰਾਵਾਂ, ਲਹੌਰ ਦਾ ਸ਼ਾਹੀ ਘਰਾਨਾ, ਸੁਨਾਮ ਊਧਮ ਸਿੰਘ, ਵਾਰੇ ਸਾਹ ਦੀ ਮੌਤ, ਪੰਜਾਬੀ ਵਿਸ਼ਵ ਕੋਸ਼ ਤੋਂ ਇਲਾਵਾ ਹੋਰ ਕਈ ਕੋਸ਼ ਆਦਿ ਹੋਰ ਬਹੁਤ ਸਾਰੀਆਂ ਅਜਿਹੀਆਂ ਪੁਸਤਕਾਂ ਛਪਣ ਲਈ ਤਿਆਰ ਹਨ ਜੋ ਪੰਜਾਬੀ ਨੂੰ ਲੋੜੀਂਦੀਆਂ ਹਨ।
ਇਸ ਬਾਬਤ ਡਾਇਰੈਕਟਰ ਪੰਜਾਬ ਸ੍ਰੀ ਚੇਤਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਹਿਲਾਂ 1.50 ਕਰੋੜ ਰੁਪਏ ਸਰਕਾਰ ਵੱਲੋਂ ਦਿੱਤੇ ਗਏ ਸਨ ਪਰ ਉਹ ਤਿੰਨ ਸਾਲਾਂ ਵਿਚ 50-50 ਲੱਖ ਰੁਪਏ ਖ਼ਰਚ ਕਰਨੇ ਸਨ। ਪਰ ਇਹ ਬਹੁਤ ਥੋੜ੍ਹੇ ਹਨ, ਹੁਣ ਅਸੀਂ ਸਰਕਾਰ ਕੋਲੋਂ 4 ਕਰੋੜ ਰੁਪਏ ਦੀ ਮੰਗ ਕੀਤੀ ਹੈ, ਆਸ ਹੈ ਸਾਨੂੰ ਮਿਲ ਜਾਣਗੇ ਤਾਂ ਅਸੀਂ ਇਹ ਸਾਰੀਆਂ ਕਿਤਾਬਾਂ ਇਕੱਠੀਆਂ ਹੀ ਛਪਾ ਦਿਆਂਗੇ, ਉਨ੍ਹਾਂ ਕਿਹਾ ਕਿ ਇਸ ਬਾਬਤ ਸਾਡੇ ਜ਼ਿਲ੍ਹੇ ਦੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵੀ ਹਾਮੀ ਭਰੀ ਹੈ।

Thursday, September 03, 2015

ਸੁੱਤੇ ਪਏ ਗਰੀਬ ਕਿਸ਼ਾਨਾਂ ਤੇ ਮਜ਼ਦੂਰਾਂ 'ਤੇ ਪ੍ਰਮਾਣੂ ਬੰਬ ਸੁੱਟਿਆ ਸਰਕਾਰ ਨੇ

ਹਰਿਆਓ ਖੁਰਦ ਦੇ ਆਬਾਦਕਾਰਾਂ ਉੱਤੇ ਅਣਮਨੁੱਖੀ ਤਸ਼ੱਸਦ, 

ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ (ਆਈਡੀਪੀ) ਦੀ ਤੱਥ ਖੋਜ਼ ਕਮੇਟੀ ਦੀ ਰਿਪੋਰਟ

ਦਰਸਨ ਸਿੰਘ ਧਨੇਠਾ

ਕਿਸੇ ਦੁਸ਼ਮਣ ਉੱਤੇ ਅਚਾਨਕ ਹਮਲਾ ਕਰਕੇ ਉਸ ਨੂੰ ਭੈਭੀਤ ਕਰਨ ਦੀ ਨੀਅਤ ਵਾਂਗ ਪੰਜਾਬ ਦੀ ਲੋਕਤੰਤਰ ਵਿੱਚ ਯਕੀਨ ਰੱਖਣ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਪੁਲੀਸ ਅਤੇ ਪ੍ਰਸ਼ਾਸਨਿਕ ਕਰਿੰਦਿਆਂ ਨੇ ਹਰਿਆਓ ਖੁਰਦ ਦੇ ਆਬਾਦਕਾਰ ਗਰੀਬ ਕਿਸਾਨ ਅਤੇ ਮਜ਼ਦੂਰਾਂ ਉੱਤੇ ਧਾਵਾ ਬੋਲ ਦਿੱਤਾ। 6 ਅਗਸਤ ਦੁਨੀਆਂ ਭਰ ਵਿੱਚ ਵੀ ਗੈਰ ਮਨੁੱਖੀ ਕਾਰੇ ਲਈ ਯਾਦ ਕੀਤਾ ਜਾਂਦਾ ਹੈ ਜਦੋਂ ਜਪਾਨ ਦੇ ਸ਼ਹਿਰ ਹੀਰੋ  ਸੀਮਾ ਉੱਤੇ ਅਮਰੀਕਾ ਨੇ ਬੰਬ ਸੁੱਟ ਦੇ ਲੱਖਾਂ ਨਿਰਦੋਸ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਦਿਨ ਜਦੋਂ ਦੁਨੀਆਂ ਭਰ ਦੇ ਲੋਕ ਅਮਨ-ਸ਼ਾਂਤੀ ਦੀਆਂ ਅਰਦਾਸਾਂ ਕਰ ਰਹੇ ਸਨ, ਉਸੇ ਦਿਨ ਸਵੇਰੇ ਹੀ ਹਰਿਆਓ ਖੁਰਦ ਦੇ ਇਨ੍ਹਾਂ ਗਰੀਬ ਲੋਕਾਂ ਨੂੰ ਪੁਲੀਸ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ। ਪਟਿਆਲਾ ਜ਼ਿਲ੍ਹੇ ਦੇ ਚੁਰਾਸੋਂ ਤੋਂ ਬਾਅਦ ਇਹ ਦੂਸਰਾ ਪਿੰਡ ਹੈ ਜਿੱਥੇ ਇਹ ਕਹਾਣੀ ਦੁਹਰਾਈ ਗਈ ਹੈ। ਇਹ ਵੀ ਉਦੋਂ ਜਦੋਂ ਸੁਪਰੀਮ ਕੋਰਟ ਨੇ ਵੀ ਸਟੇਟਸ ਕੋ (ਯਥਾ ਸਥਿਤੀ) ਕਾਇਮ ਰੱਖਣ ਦੀ ਹਦਾਇਤ ਕੀਤੀ ਹੋਈ ਸੀ।
ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਸੰਬੰਧੀ ਅਸਲੀਅਤ ਲੋਕਾਂ ਸਾਹਮਣੇ ਲਿਆਉਣ ਲਈ ਇੰਨਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ (ਆਈ.ਡੀ.ਪੀ.) ਨੇ ਇਕ ਤੱਥ ਖੋਜ ਕਮੇਟੀ ਦਾ ਗਠਨ ਕੀਤਾ। ਕਮੇਟੀ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ , ਕਰਨੈਲ ਸਿੰਘ ਜਖੇਪਲ, ਖਿਆਲੀ ਰਾਮ, ਰਾਜਿੰਦਰ ਪਾਲ ਅਤੇ ਤਰਲੋਚਨ ਸਿੰਘ ਸ਼ਾਮਿਲ ਹਨ।

ਮਸਲੇ ਦਾ ਪਿਛੋਕੜ

ਪਿੰਡ ਹਰਿਆਓ ਖੁਰਦ ਪਟਿਆਲਾ ਜ਼ਿਲ੍ਹੇ ਦੇ ਪਾਤੜ੍ਹਾਂ ਬਲਾਕ ਦਾ ਪਿੰਡ ਹੈ। ਜਿਸ ਦੀ ਕੁੱਲ ਆਬਾਦੀ ਪੰਜ ਹਜ਼ਾਰ ਦੇ ਲਗਭਗ ਹੈ ਅਤੇ 3200 ਦੇ ਕਰੀਬ ਵੋਟ ਹੈ । ਇਸ ਪਿੰਡ ਵਿਚੋਂ ਦੋ ਪੰਚਾਇਤਾਂ ਅਰਜਨ ਨਗਰ ਅਤੇ ਹਰਿਆਓ ਜੱਟਾਂ  ਨਾਮ ਤੇ ਅਲੱਗ ਬਣ ਚੁੱਕੀਆਂ ਹਨ। ਇਸ ਪੰਚਾਇਤ ਦੇ ਦਾਇਰੇ ਵਿਚ ਕੁੱਲ 3340 ਏਕੜ ਜ਼ਮੀਨ ਹੈ। ਜਿਸ ਵਿਚੋਂ 3000 ਏਕੜ ਨਿੱਜੀ ਮਾਲਕੀ ਵਾਲੀ ਹੈ ਤੇ 340 ਏਕੜ ਪੰਚਾਇਤ ਦੀ ਮਾਲਕੀ ਵਾਲੀ ਸੀ। ਪਿੰਡ ਦੇ ਬਜ਼ੁਰਗਾਂ ਦੇ ਦੱਸਣ ਦੇ ਅਨੁਸਾਰ 1947 ਦੀ ਵੰਡ ਦੇ ਦੌਰਾਨ ਉਜੱੜ ਕੇ ਆਏ ਚਾਰ ਭਰਾ ਦਲੀਪ ਸਿੰਘ, ਫੌਜਾ ਸਿੰਘ, ਸਾਧਾ ਸਿੰਘ ਤੇ ਮੰਗਲ ਸਿੰਘ ਜੋ 1950 ਵਿਚ ਇਸ ਪਿੰਡ ਵਿਚ ਆਏ, ਨੇ ਜੰਗਲ ਪੁੱਟ ਕੇ ਜ਼ਮੀਨ ਆਬਾਦ ਕਰਨ ਦਾ ਮੁੱਢ ਬੰਨਿਆ। ਉਨ੍ਹਾਂ ਦੀ ਸਖਤ ਮਿਹਨਤ ਅਤੇ ਪਿੰਡ ਦੇ ਸਹਿਯੋਗ ਨਾਲ ਇਹ ਸਾਰੀ ਜ਼ਮੀਨ ਆਬਾਦ ਕਰ ਲਈ। ਪਰ ਇਨ੍ਹਾਂ ਖੇਤਾਂ ਵਿਚ ਪਿੰਡ ਆਉਣ ਤੇ ਜਾਣ ਲਈ ਭੁਪਿੰਦਰਾ ਸਾਗਰ ਬੇੜੀ ਰਾਹੀਂ ਪਾਰ ਕਰਨਾ ਪੈਂਦਾ ਸੀ। ਇਸ ਲਈ ਇੱਥੇ ਕੋਈ ਵੀ ਪਿੰਡ ਵਾਸੀ ਇੱਥੇ ਜਾਣਾ ਪਸੰਦ ਨਹੀਂ ਕਰਦਾ ਸੀ। ਪਿੰਡ ਦੇ ਸਰਪੰਚ ਨੱਥਾ ਸਿੰਘ ਨੇ ਪਿੰਡ ਦੇ ਇੱਕਠ ਵਿਚ ਇਹ ਜ਼ਮੀਨ ਤਿੰਨ ਹਿੱਸਿਆਂ ਵਿਚ, ਇੱਕ ਹਿੱਸਾ ਇੱਥੋਂ ਦੇ ਮੂਲ ਬਸਿੰਦੇ ਐਸ. ਸੀ. ਪਰਿਵਾਰਾਂ, ਇੱਕ ਹਿੱਸਾ 1947 ਦੀ ਵੰਡ ਦੌਰਾਨ ਉੱਜੜ ਕੇ ਆਏ ਪ੍ਰਜਾਪਤ ਤੇ ਹੋਰ ਜਾਤੀ ਨਾਲ ਸਬੰਧਤ ਲੋਕਾਂ ਨੂੰ ਅਤੇ ਇੱਕ ਹਿੱਸਾ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਦਿੱਤਾ। ਇਸ ਜ਼ਮੀਨ ਵਿਚ ਸਰਪੰਚ ਮਹਿੰਦਰ ਸਿੰਘ ਦੀ ਪੰਚਾਇਤ ਸਮੇਂ 125 ਏਕੜ ਜ਼ਮੀਨ ਵਿਚ ਸਹਿਕਾਰੀ ਸ਼ੂਗਰ ਮਿੱਲ ਲਾਉਣ ਲਈ ਦੇ ਦਿੱਤੀ। ਜੋ ਕੁਝ ਸਮਾਂ ਚੱਲੀ। ਬਾਅਦ ਵਿਚ ਸਰਕਾਰ ਨੇ ਇਹ ਮਿੱਲ ਵਿਨੋਦ ਸ਼ਰਮਾਂ ਨੂੰ ਵੇਚ ਦਿੱਤੀ। ਵਿਨੋਦ ਸ਼ਰਮਾਂ ਦੇਸ਼ ਦੇ ਰਾਸ਼ਟਰਪਤੀ ਡਾ: ਸ਼ੰਕਰ ਦਿਆਲ ਸ਼ਰਮਾਂ ਦੀ ਲੜਕੀ ਦੇ ਸਹੁਰਾ ਪਰਿਵਾਰ ਵਿਚੋਂ ਹੈ। ਇਸ ਤੋਂ ਇਲਾਵਾ 215 ਏਕੜ ਜ਼ਮੀਨ ਜਿਸ ਵਿਚੋਂ 170 ਏਕੜ ਜ਼ਮੀਨ ਉਪੱਰ 80-82 ਪਰਿਵਾਰ ਕਾਬਜ਼ ਹਨ। ਇਨ੍ਹਾਂ ਲੋਕਾਂ ਨੇ ਆਪਣੇ ਖੂਨ-ਪਸੀਨੇ ਦੀ ਕਮਾਈ ਨਾਲ ਜ਼ਮੀਨ ਆਬਾਦ ਕੀਤੀ। ਇਸ ਜ਼ਮੀਨ ਤੇ ਕੁਝ ਘਰ ਵੀ ਬਣਾਏ। ਬੋਰ ਅਤੇ ਮੋਟਰਾਂ ਆਪਣੇ ਖਰਚੇ ਤੇ ਲਾਏ। ਕੁਝ ਪਰਿਵਾਰ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਆਪਣੀ ਜ਼ਮੀਨ ਦੂਜੇ ਪਰਿਵਾਰਾਂ ਨੂੰ ਪਗੜੀ ਉੱਤੇ ਵੇਚ ਗਏ ਹਨ। ਇਸੇ ਤਰ੍ਹਾਂ ਪਿੰਡ ਦੇ ਧਨਾਡ  ਅਕਾਲੀ ਆਗੂ ਨਿਰਮਲ ਸਿੰਘ ਨੇ ਵੀ ਤਿੰਨ ਏਕੜ 12 ਲੱਖ ਦੀ ਪਗੜੀ ਤੇ ਵੇਚ ਦਿੱਤੇ। ਇਸ ਜ਼ਮੀਨ ਉੱਤੇ ਕਾਬਜ਼ ਪਰਿਵਾਰ ਪੰਚਾਇਤ ਨੂੰ ਥੋੜ੍ਹਾ ਬਹੁਤਾ ਚਕੌਤਾ ਦਿੰਦੇ ਆ ਰਹੇ ਸੀ। ਭਾਵ 1993 ਵਿਚ 250 ਰੁਪਏ ਚਕੌਤਾ ਸੀ। ਉਸ ਤੋਂ ਬਾਅਦ ਥੋੜ੍ਹਾ ਬਹੁਤਾ ਵਾਧਾ ਹੁੰਦਾ ਗਿਆ। ਮੁਜਾਰੇ ਚਕੌਤਾ ਭਰਦੇ ਰਹੇ। ਮੁਜਾਰਿਆਂ ਦੇ ਆਗੂ ਗੁਲਾਬ ਸਿੰਘ ਦਾ ਕਹਿਣਾ ਹੈ ਕਿ ਸਰਪੰਚ ਦਲਜੀਤ ਕੌਰ ਦੇ ਸਮੇਂ ਸਾਰੇ ਕਾਸ਼ਤਕਾਰਾਂ ਨੇ  ਅਕਾਲੀ ਆਗੂ ਨਿਰਮਲ ਸਿੰਘ  ਦੇ ਕਹਿਣ ਤੇ ਮਾਲਕੀ ਦਾ ਕੇਸ ਪਾ ਦਿੱਤਾ ਤੇ ਚਕੌਤਾ ਦੇਣਾ ਬੰਦ ਕਰ ਦਿੱਤਾ। 2009 ਵਿਚ ਇਹ ਕੇਸ ਕੋਰਟ ਨੇ ਕਾਸ਼ਤਕਾਰਾਂ ਦੇ ਖਿਲਾਫ ਕਰ ਦਿੱਤਾ ਤਾਂ 2011 ਵਿਚ ਹਾਈ ਕੋਰਟ ਨੇ ਕਾਸ਼ਤਕਾਰਾਂ ਦੇ ਖਿਲਾਫ ਫੈਸਲਾ ਸੁਣਾਉਂਦੇ ਹੋਏ ਉਸ ਫੈਸਲੇ ਤਹਿਤ ਪ੍ਰਸ਼ਾਸ਼ਨ ਨੇ 125 ਏਕੜ ਕਣਕ ਵੱਢ ਲਈ ਅਤੇ 25 ਏਕੜ ਕਣਕ ਸੜ ਗਈ ਤੇ 40 ਏਕੜ ਸੁਪਰੀਮ ਕੋਰਟ ਦੀ ਸਟੇਅ ਨਾਲ ਕਿਸਾਨਾਂ ਦੇ ਹੱਥ ਲੱਗੀ। 125 ਏਕੜ ਵਿਖ 25 ਮਣ ਪ੍ਰਤੀ ਕਿੱਲਾ ਕਣਕ ਦਾ ਝਾੜ ਵਿਖਾਇਆ ਪੇਸ਼ ਕੀਤਾ।
2011 ਵਿਚ ਸਰਪੰਚ ਦਲੇਲ ਸਿੰਘ ਤੇ ਪਰਚਾ ਦਰਜ ਹੋ ਗਿਆ ਤੇ ਉਨ੍ਹਾਂ ਤੋ ਰੁਪਿੰਦਰ ਕੌਰ ਪਤਨੀ ਗੁਲਾਬ ਸਿੰਘ ਅਧਿਕਾਰਤ ਸਰਪੰਚ ਬਣੀ। ਉਨ੍ਹਾਂ ਨੇ ਕਾਸ਼ਤਕਾਰਾਂ ਤੋਂ ਬਦਲਵੇਂ ਨਾਵਾਂ ਤੇ ਚਕੌਤਾ ਲੈ ਕੇ 7,99,000 ਰੁਪਏ ਸਿੰਧ ਬੈਂਕ ਵਿਚ ਜ਼ਮ੍ਹਾ ਕਰਵਾ ਦਿੱਤਾ। ਸਰਪੰਚ ਦਲੇਲ ਸਿੰਘ ਨੇ ਬਹਾਲ ਹੋਣ ਤੋਂ ਬਾਅਦ ਰੁਪਿੰਦਰ ਕੌਰ ਦੇ ਫੈਸਲੇ ਵਿਰੁੱਧ ਡੀ.ਡੀ.ਪੀ.ਓ. ਤੇ ਕੇਸ ਪਾ ਦਿੱਤਾ। ਰੁਪਿੰਦਰ ਕੌਰ ਦਾ ਪਾਇਆ ਹੋਇਆ ਮਤਾ ਰੱਦ ਕਰਵਾ ਦਿੱਤਾ। ਹਾਈ ਕੋਰਟ ਦੇ ਫੈਸਲੇ ਦੇ ਬਾਵਜੂਦ ਅੱਜ ਤੱਕ ਕਿਸਾਨਾਂ ਦਾ ਚਕੌਤਾ ਵਾਪਸ ਨਹੀਂ ਕੀਤਾ ਗਿਆ। 2014 ਵਿਚ ਸਾਬਕਾ ਸਰਪੰਚ ਦਲੇਲ ਸਿੰਘ ਨੇ ਹਾਈ ਕੋਰਟ ਵਿਚ ਰਿੱਟ ਪਾ ਦਿੱਤੀ। ਹਾਈ ਕੋਰਟ ਨੇ ਇਸ ਰਿੱਟ ਤੇ ਕਾਸ਼ਤਕਾਰਾਂ ਦੇ ਖਿਲਾਫ ਫੈਸਲਾ ਦੇ ਦਿੱਤਾ। 17 ਅਕਤੂਬਰ 2014 ਨੂੰ ਆਰਡਰ ਸੁਣਾ ਦਿੱਤਾ ਕਿ ਜ਼ਮੀਨ ਦਾ ਕਬਜ਼ਾ ਲੈ ਕੇ ਪੰਚਾਇਤ ਦੇ ਹਵਾਲੇ ਕੀਤੀ ਜਾਵੇ। ਪਰ ਕਾਸ਼ਤਕਾਰਾਂ ਦੇ ਰੀਵਿਊ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਸਟੇਅ ਦੇ ਦਿੱਤੀ। ਸਾਬਕਾ ਸਰਪੰਚ ਦਲੇਲ ਸਿੰਘ ਨੇ ਇਕ ਹੋਰ ਪਟੀਸ਼ਨ ਪਾਈ ਜਿਸ ਦੀ 14 ਜੁਲਾਈ 2015 ਨੂੰ ਪੇਸ਼ੀ ਸੀ ਇਸ ਪੇਸ਼ੀ ਤੇ ਪ੍ਰਸ਼ਾਸ਼ਨ ਨੇ 10 ਅਗਸਤ ਤੱਕ ਦਾ ਸਮਾਂ ਲੈ ਲਿਆ। 16 ਜੁਲਾਈ 2015 ਨੂੰ ਐਸ.ਪੀ. ਸ਼ਰਨਜੀਤ ਤੇ ਐਸ.ਡੀ.ਐਮ. ਪਾਤੜ੍ਹਾ ਦੀ ਅਗਵਾਈ 'ਚ ਜੇ.ਸੀ.ਬੀ. ਅਤੇ ਟਰੈਕਟਰਾਂ ਆਦਿ ਨਾਲ ਜ਼ਮੀਨ ਉਪੱਰ ਕਬਜ਼ਾ ਕਰ ਲਿਆ ਤੇ ਪੰਚਾਇਤ ਕਾਗਜ਼ੀ ਤੌਰ 'ਤੇ ਕਾਬਜ਼ ਵਿਖਾਇਆ ਗਿਆ। ਪਰ ਕਿਸਾਨਾਂ ਨੇ ਆਪਣੀ ਹਿੰਮਤ ਤੇ ਦਲੇਰੀ ਨਾਲ ਇਸ ਜ਼ਮੀਨ ਉੱਪਰ ਆਪਣਾ ਕਬਜ਼ਾ ਬਰਕਰਾਰ ਰੱਖਿਆ। 6 ਅਗਸਤ 2015 ਨੂੰ ਐਸ.ਡੀ.ਐਮ. ਪਾਤੜ੍ਹਾਂ ਤੇ ਬੀ.ਡੀ.ਪੀ.ਓ. ਪਰਮਜੀਤ ਕੌਰ, ਐਸ.ਪੀ. ਸ਼ਰਨਜੀਤ ਸਿੰਘ ਅਤੇ ਡੀ.ਐਸ.ਪੀ. ਸਵਰਨਜੀਤ ਸਿੰਘ ਦੀ ਅਗਵਾਈ 'ਚ ਸਵੇਰੇ-ਸਵੇਰੇ ਕਾਸ਼ਤਕਾਰਾਂ ਉੱਪਰ ਧਾਵਾ ਬੋਲ ਦਿੱਤਾ।

ਪੁਲਿਸ ਕਾਰਵਾਈ

ਹਰਿਆਓ ਖੁਰਦ ਦੇ ਆਬਾਦਕਾਰ ਮੁਜ਼ਾਰਿਆਂ ਉਪਰ 6 ਅਗਸਤ 2015 ਨੂੰ ਪੁਲਿਸ ਵੱਲੋਂ ਐਸ.ਪੀ. ਸ਼ਰਨਜੀਤ ਸਿੰਘ, ਡੀ.ਐਸ.ਪੀ. ਸਵਰਨਜੀਤ ਸਿੰਘ, ਐਸ.ਡੀ.ਐਮ. ਤੇ ਬੀ.ਡੀ.ਪੀ.ਓ. ਪਰਮਜੀਤ ਕੌਰ ਦੀ ਅਗਵਾਈ ਵਿਚ ਆਪਣੇ ਘਰਾਂ ਵਿਚ ਬੈਠੇ ਬਜ਼ੁਰਗਾਂ, ਮਰੀਜ਼, ਇਸਤਰੀਆਂ ਅਤੇ ਬੱਚਿਆਂ ਉੱਤੇ ਲਾਠੀਆਂ ਨਾਲ ਧਾਵਾਂ ਬੋਲ ਦਿੱਤਾ। ਡਰਦੇ ਮਾਰੇ ਬੱਚੇ ਭੱਜ ਗਏ, ਖੇਤਾਂ ਵਿਚ ਲੁਕ ਗਏ ਜਿਨ੍ਹਾਂ ਤੇ ਅੱਜ ਤੱਕ ਸਹਿਮ ਦਿਖਾਈ ਦੇ ਰਿਹਾ ਹੈ। ਧਾਵੇ ਦੌਰਾਨ ਲੋਕਾਂ ਦੇ ਟਰੈਕਟਰ ਅਤੇ ਹੋਰ ਸਾਮਾਨ ਤੋੜ ਦਿੱਤਾ, ਬਿਜਲੀ ਦੀਆਂ ਲਾਈਨਾਂ ਅਤੇ ਟਰਾਂਸਫਾਰਮ ਤੋੜ ਦਿੱਤੇ ਗਏ। ਲੋਕਾਂ ਦੇ ਘਰ ਢਾਹੇ ਬਾਕੀ ਘਰਾਂ ਨੂੰ ਜ਼ਿੰਦਰੇ ਲਾਕੇ ਸੀਲ ਕਰ ਦਿੱਤਾ। ਅੱਜ ਤੱਕ ਲੋਕ ਆਪਣੇ ਵਿਹੜਿਆ ਵਿਚ ਬੈਠ ਕੇ ਮੁਟਿਆਰ ਧੀਆਂ ਨਾਲ ਦਿਨ ਕਟੀ ਕਰ ਰਹੇ ਹਨ। ਘਰਾਂ ਵਿਚ ਲਾਈਟ ਨਹੀ, ਪੀਣ ਲਈ ਪਾਣੀ ਤੇ ਪਸ਼ੂਆਂ ਲਈ ਪਾਣੀ ਬਾਹਰੋਂ ਲੈ ਕੇ ਆਉਣਾ ਪੈਂਦਾ ਹੈ। ਲੋਕਾਂ ਦਾ ਬੀਜਿਆ ਝੋਨਾ ਅਤੇ ਪਸ਼ੂਆਂ ਦਾ ਚਾਰਾ ਸੁੱਕਦਾ ਜਾ ਰਿਹਾ ਹੈ। ਕਿਉਂਕਿ ਪ੍ਰਸ਼ਾਸ਼ਨ ਨੇ ਮੋਟਰਾਂ ਵੀ ਖੋਲ ਕੇ ਬੋਰ੍ਹਾਂ ਵਿਚ ਸੁੱਟ ਦਿੱਤੀਆਂ। ਘਰਾਂ ਵਿਚੋਂ 42 ਬੰਦੇ ਫੜ ਕੇ ਉਨ੍ਹਾਂ ਤੇ ਬਾਈ ਨੇਮ ਪਰਚੇ ਅਤੇ ਮਨ ਚਾਹੇ ਬੰਦਿਆਂ ਨੂੰ ਇਸ ਕੇਸ ਵਿਚ ਫਸਾਉਣ ਲਈ 100 ਅਣਪਛਾਤੇ ਬੰਦਿਆਂ ਤੇ ਪਰਚਾ ਦਰਜ਼ ਕੀਤਾ ਗਿਆ। ਪੁਲਿਸ ਨੇ ਇਕ ਬੁੱਢੀ ਮਾਤਾ ਗੁਰਦੇਵ ਕੌਰ ਪਤਨੀ ਸਾਬਕਾ ਸੂਬੇਦਾਰ ਨਰਾਤਾ ਸਿੰਘ ਜੋ ਕੈਂਸਰ ਦੀ ਮਰੀਜ਼ ਹੈ, ਉਸ ਨੂੰ ਵੀ ਨਹੀਂ ਬਖਸ਼ਿਆ। ਜਦੋਂ ਛੁਡਾਉਣ ਲਈ ਉਸ ਦੀ ਨੂੰਹ ਅੱਗੇ ਆਈ ਤਾਂ ਉਸ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ ਜੋ ਟੀਮ ਦੇ ਉਥੋਂ ਜਾਣ ਸਮੇਂ ਤੱਕ ਵੀ ਮੰਜੇ ਉਂਤੇ ਹੀ ਪਈ ਸੀ।
ਇਸ ਦਰਦਨਾਕ ਘਟਨਾ ਨੇ ਲੋਕਾਂ ਵਿਚ ਸਹਿਮ ਪੈਦਾ ਕਰ ਦਿੱਤਾ।  ਇਲਾਕੇ  ਭਰ ਵਿੱਚ ਹੱਕੇ ਬੱਕੇ ਹੋਏ ਲੋਕ ਜਾਨਣਾ ਚਾਹੁੰਦੇ ਹਨ ਕਿ ਕੀ ਇਹੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ 'ਰਾਜ ਨਹੀਂ ਸੇਵਾ'  ਦੇ ਨਾਅਰੇ ਦੀ ਅਸਲੀਅਤ? %ਪੰਜਾਬ ਦੇ ਸਿਆਸੀ ਗੁੱਟਬਾਜੀ ਦੇ ਅਧਾਰ ਉੱਤੇ ਵੰਡੇ ਪਏ ਪਿੰਡਾਂ ਦੇ ਵਾਂਗ ਇਸ ਤਸ਼ੱਦਦ ਦੇ ਬਾਵਜੂਦ ਇਹ ਪਿੰਡ ਵੀ ਪੂਰੀ ਤਰ੍ਹਾਂ ਪਾਟੋ ਧਾੜ ਦਾ ਸ਼ਿਕਾਰ ਹੋ ਚੁੱਕਿਆ ਹੈ। ਇਕ ਪਾਸੇ ਸੱਤਾਧਾਰੀ ਗਰੁੱਪ ਜ਼ਮੀਨ ਪੰਚਾਇਤ  ਨੂੰ ਦੇਣ ਦੇ  ਪੱਖ ਵਿੱਚ ਖੜ੍ਹ ਗਿਆ ਹੈ। ਦੂਸਰੇ ਪਾਸੇ ਗਰੀਬ ਮੁਜਾਹਰੇ  ਅਪਣੀ ਰੋਜ਼ੀ ਰੋਟੀ ਦਾ ਜ਼ਰੀਆ ਪਚਾਉਣ ਲਈ , ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਲੜਾਈ ਲੜ ਰਹੇ ਹਨ।

ਪੁਲਿਸ ਦਾ ਪੱਖ

ਪੁਲਿਸ ਜ਼ਮੀਨ ਤੋਂ ਕਬਜ਼ਾ ਛੁਡਾਉਣ ਲਈ ਹਾਈ ਕੋਰਟ ਦੇ ਹੁਕਮਾਂ ਤਹਿਤ ਡੀ.ਸੀ. ਦੇ ਕਬਜ਼ਾ ਵਾਰੰਟ ਦੇ ਹੁਕਮ ਤੇ ਹੀ ਕਬਜ਼ਾ ਛੁਡਾਉਣ ਗਈ ਹੈ। ਅਸੀਂ ਕਿਸੇ ਨੂੰ ਵੀ ਕੁੱਟਿਆ ਮਾਰਿਆ ਨਹੀਂ।
ਕਿਸਾਨ ਯੂਨੀਅਨ ਦਾ ਪੱਖ
ਇਹ ਸਾਰੇ ਆਬਾਦਕਾਰੀ ਕਿਸਾਨ ਹਨ ਜੋ 1947 ਦੇ ਉਜਾੜੇ ਦੌਰਾਨ ਪਾਕਿਸਤਾਨ ਤੋਂ ਉਜੱੜ ਕੇ ਆਏ ਹਨ ਉਨ੍ਹਾਂ ਦੀ ਮਿਹਨਤ ਨੇ ਜ਼ਮੀਨ ਉਪਜਾਊ ਬਣਾਈ ਹੈ। ਜ਼ਮੀਨ ਨੂੰ ਉਪਜਾਊ ਬਣਾਉਣ ਲਈ ਬੋਰ ਲਾਏ, ਕਰਾਹ ਕੇ ਸਾਫ ਕੀਤੀਆਂ ਤੇ ਹੋਰ ਸਾਰੇ ਖਰਚੇ ਇਨ੍ਹਾਂ ਕਾਸ਼ਤਕਾਰਾਂ ਨੇ ਕੀਤੇ ਹਨ ਅੱਜ ਤੱਕ ਇਸ ਜ਼ਮੀਨ ਦੀ ਕਦੇ ਬੋਲੀ ਨਹੀਂ ਹੋਈ। ਇਹ ਇਕ ਪਿੰਡ ਦੀ ਨਹੀਂ ਪਾਤੜ੍ਹਾਂ ਬਲਾਕ ਦੇ ਦਰਜਨਾਂ ਪਿੰਡਾਂ ਦੀ ਸਮੱਸਿਆ ਹੈ। ਇਸ ਲਈ ਇਨ੍ਹਾਂ ਨੂੰ ਮਾਲਕੀ ਦਾ ਹੱਕ ਮਿਲਣਾ ਚਾਹੀਦਾ ਹੈ।

ਉਭਰਵੇਂ ਕੁਝ ਤੱਥ

42 ਬੰਦਿਆਂ 'ਤੇ ਬਾਈ ਨੇਮ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਜੇਲ ਭੇਜਣਾ ਅਤੇ 100 ਬੰਦਿਆਂ ਤੇ ਅਣਪਛਾਤੇ ਨਾਵਾਂ ਤੇ ਪਰਚਾ ਦਰਜ ਕਰਕੇ ਮਨਚਾਹੇ ਬੰਦਿਆਂ ਨੂੰ ਫਸਾਉਣ ਦਾ ਤਰੀਕਾ।
ਸਾਬਕਾ ਸੂਬੇਦਾਰ ਦੀ ਪਤਨੀ ਗੁਰਦੇਵ ਕੌਰ (ਜੋ ਕਿ ਕੈਂਸਰ ਦੀ ਮਰੀਜ਼ ਹੈ) ਨੂੰ ਕੁੱਟਿਆ ਅਤੇ ਉਨ੍ਹਾਂ ਦੀ ਨੂੰਹ ਪਰਮਜੀਤ ਕੌਰ ਨੇ ਆਪਣੀ ਸੱਸ ਨੂੰ  ਬਚਾਉਣਾ ਚਾਹਿਆ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਸੂਬੇਦਾਰ ਤੇ ਪਰਚਾ ਦਰਜ ਕਰਕੇ ਜੇਲ ਭੇਜ ਦਿੱਤਾ।
ਸੂਬੇਦਾਰ ਦੇ ਬੇਟੇ ਨੇ ਦੱਸਿਆ ਕਿ ਸਾਡਾ ਮੋਟਰ ਕੂਨੇਕਸ਼ਨ ਕੱਟ ਦਿੱਤਾ ਤੇ ਟਰਾਂਸਫਾਰਮ ਤੋੜ ਦਿੱਤਾ। ਮੋਟਰ ਬੋਰ ਵਿਚ ਡੇਗ ਦਿੱਤੀ। ਘਰ ਦੇ ਸਾਰੇ ਕਮਰਿਆਂ ਨੂੰ ਜ਼ਿੰਦਰਾਂ ਲਾ ਕੇ ਸੀਲ ਕਰ ਦਿੱਤਾ। ਅਸੀਂ ਅੱਜ ਤੱਕ ਵਿਹੜ੍ਹੇ ਵਿਚ ਰਾਤ ਕੱਟ ਰਹੇ ਹਾਂ। ਅਸੀਂ ਆਪਣੇ ਪੀਣ ਲਈ ਤੇ 6 ਪਸ਼ੂਆਂ ਲਈ ਪਾਣੀ ਬਾਹਰੋਂ ਲੈਕੇ ਆਉਂਦੇ ਹਾਂ। ਸਾਡੀ ਫਸਲ ਸੁੱਕਦੀ ਜਾ ਰਹੀ ਹੈ। ਪਰ ਨਾਲ ਲੱਗਦੇ ਤਿੰਨ ਏਕੜ ਨਿਰਮਲ ਸਿੰਘ ਚੇਅਰਮੈਨ ਦੇ ਹਰੇ ਭਰੇ ਖੜੇ ਹਨ।
ਇਕ ਬੀਬੀ ਪਰਮਜੀਤ ਕੌਰ ਪਤਨੀ ਗੁਲਾਬ ਕੌਰ ਨੇ ਦੱਸਿਆ ਕਿ ਸਾਡੇ ਤੂੜੀ ਵਾਲਾ ਕੋਠਾ ਢਾਹ ਦਿੱਤਾ। ਟਰੈਕਟਰ ਤੋੜ ਦਿੱਤਾ। ਮੋਟਰ ਵਾਲਾ ਚਵੱਚਾ ਵੀ ਤੋੜ ਦਿੱਤਾ । ਉਨ੍ਹਾਂ ਕਿਹਾ ਕਿ ਅਸੀਂ ਮੁਟਿਆਰ ਧੀਆਂ ਨੂੰ ਕਿੱਥੇ ਲੈ ਕੇ ਜਾਈਏ ਅਸੀਂ ਥੋੜ੍ਹਾ ਬਹੁਤਾ ਚਕੌਤਾ ਦੇ ਸਕਦੇ ਹਾਂ ਉਹ ਪੰਚਾਇਤ ਨੂੰ ਲੈ ਲੈਣਾ ਚਾਹੀਦਾ ਹੈ।
ਪਿੰਡ ਦੀ ਪੰਚਾਇਤ ਵਿਚ ਫੁੱਟ ਹੋਣ ਕਾਰਨ 5-5 ਮੈਂਬਰ ਹਨ ਇਸ ਲਈ ਕੋਈ ਮਤਾ ਪਾਸ ਨਹੀਂ ਕੀਤਾ ਜਾ ਰਿਹਾ। ਪਿੰਡ ਦੀ ਸਰਪੰਚ ਕੋਲ ਕਾਸਟਿੰਗ ਵੋਟ ਦਾ ਹੱਕ ਹੈ। ਹਾਈ ਕੋਰਟ ਦੇ ਫੈਸਲੇ ਦੇ ਬਾਵਜੂਦ ਵੀ ਪ੍ਰਸ਼ਾਸ਼ਨ ਉਸ ਨੂੰ ਮੰਨਣ ਲਈ ਤਿਆਰ ਨਹੀਂ । ਜਬਰਦਸਤੀ ਪ੍ਰਸ਼ਾਸ਼ਕ ਲਾਇਆ ਹੋਇਆ ਹੈ।
ਪਿੰਡ ਦੇ ਬਜ਼ੁਰਗ  ਸਵਰਨ ਸਿੰਘ ਨੇ ਦੱਸਿਆ ਆਬਾਦ ਕਰਨ ਬਦਲੇ ਮਾਮੂਲੀ ਚਕੌਤਾ ਦਿੰਦੇ ਸੀ ਇਸ ਜ਼ਮੀਨ ਦੀ ਅੱਜ ਤੱਕ ਕੋਈ ਬੋਲੀ ਨਹੀਂ ਹੋਈ ਉਨ੍ਹਾਂ ਕਿਹਾ ਕਿ ਪੰਜ ਚਾਰ ਸਾਲਾਂ ਦੀ ਚੰਗੀ ਫਸਲ ਹੋਣ ਲੱਗੀ ਹੈ।
ਇਹ ਮਾਮਲਾ ਪਿੰਡ ਹਰਿਆਓ ਖੁਰਦ ਦਾ ਹੀ ਨਹੀਂ ਪਟਿਆਲਾ ਜ਼ਿਲ੍ਹੇ ਦੇ ਸਨੌਰ ਬਲਾਕ ਅਤੇ ਪਾਤੜਾਂ ਬਲਾਕ ਦੇ ਦਰਜਨਾਂ ਪਿੰਡਾਂ ਦਾ ਹੈ। ਅਜਿਹੇ ਮਾਮਲਿਆਂ ਦਾ ਇਕ ਸਾਰ ਨਿਪਟਾਰਾ ਕਰਨ
ਲਈ ਨੀਤੀਗਤ ਫੈਸਲਾ ਲੈਣਾ ਜ਼ਰੂਰੀ ਹੈ। ਕਿਉਂਕਿ ਪ੍ਰਭਾਵਸ਼ਾਲੀ ਅਤੇ ਹੁਸ਼ਿਆਰ ਲੋਕ ਪਹਿਲਾਂ ਹੀ ਅਫਸਰਾਂ ਨਾਲ ਮਿਲ ਕੇ ਅਜਿਹੀ ਜ਼ਮੀਨ ਦੇ ਮਾਲਕ ਬਣ ਗਏ ਹਨ ।

ਜਾਂਚ ਟੀਮ ਦੀ ਜਾਂਚ ਤੋਂ ਬਾਅਦ ਨਿਕਲੇ ਸਿੱਟੇ

1. ਪੁਲਿਸ ਦਾ ਹਮਲਾ ਯੋਜਨਾ ਬੱਧ ਸੀ :- ਲੋਕਾਂ ਵੱਲੋਂ ਆਪਣੀ ਰੋਜ਼ੀ ਰੋਟੀ ਦਾ ਜ਼ਰੀਆ ਬਣੀ ਜ਼ਮੀਨ ਤੋਂ ਕਬਜ਼ਾ ਨਾ ਛੱਡਣ ਦੇ ਯਤਨਾਂ ਕਾਰਨ ਪੁਲੀਸ ਅਤੇ ਪ੍ਰਸ਼ਾਸਸਨਿਕ ਅਧਿਕਾਰੀਆਂ ਨੇ ਗੁਪਤ ਕਰੀਕੇ ਨਾਲ ਧਾਵਾ ਬੋਲਿਆ। ਜ਼ਮੀਨਾਂ ਉੱਤੇ ਕਬਜ਼ਾ ਕਰਨ ਤੋਂ  ਇਲਾਵਾ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਸਬਕ ਸਿਖਾਉਣਾ ਵੀ ਸੀ। ਸਵੇਰੇ 6 ਵਜੇ ਦਾ ਸਮਾਂ, ਬੇਕਿਰਕੀ ਨਾਲ ਕੁੱਟਮਾਰ, ਬਜ਼ੁਰਗ, ਔਰਤਾਂ ਅਤੇ ਬੱਚਿਆਂ ਨੂੰ ਵੀ ਨਾ ਬਖ਼ਸਣਾ ਅਤੇ ਪਰਚੇ ਦਰਜ ਕਰਨ ਵਰਗੇ ਤੱਥ ਪੁਲੀਸ ਦੇ ਇਰਾਦੇ ਨੂੰ ਦਰਸਾਉਂਦੇ ਹਨ।
2. ਜ਼ਮੀਨ ਨੂੰ ਆਬਾਦ ਕਰਨ ਵਾਲੇ ਐਸ. ਸੀ. ਪਰਿਵਾਰ ਅਤੇ 47 ਵਿਚ ਪਾਕਿਸਤਾਨ ਤੋਂ ਉਜੱੜ ਕੇ ਆਏ ਲੋਕ ਉਦੋਂ ਤੋਂ ਹੀ ਜ਼ਮੀਨ ਉਪੱਰ ਕਾਬਜ਼ ਹਨ। ਚਕੌਤਾ ਦੇਣ ਤੱਕ ਗਿਰਦਾਵਰੀਆਂ  ਵੀ ਉਨ੍ਹਾਂ ਦੇ ਨਾਂ ਸਨ। ਜ਼ਮੀਨ ਨੂੰ ਵਾਹੀ ਯੋਗ, ਸਿੰਚਾਈ ਵਾਲੀ ਬਣਾਉਣ ਲਈ ਸਾਰੇ ਖਰਚੇ ਕਿਸਾਨਾਂ ਨੇ ਕੀਤੇ ਹਨ। ਉਨ੍ਹਾਂ ਦੇ ਨਾਵਾਂ ਤੇ ਹੀ ਮੋਟਰ ਕੂਨੇਕਸ਼ਨ ਲੱਗੇ ਹੋਏ ਹਨ ਅੱਜ ਤੱਕ ਉਸ ਜ਼ਮੀਨ ਦੀ ਕੋਈ ਬੋਲੀ ਨਹੀਂ ਹੋਈ।
3. ਇਸ ਜ਼ਮੀਨ ਉਪੱਰ ਹੀ 18 ਘਰਾਂ ਤੋਂ ਵਧੇਰੇ ਘਰ ਬਣੇ ਹੋਏ ਹਨ। ਘਰਾਂ ਦੇ ਬਿਜਲੀ ਕੁਨੈਕਸ਼ਨ ਹੋਰ ਸਾਜ਼ੋ ਸਾਮਾਨ ਸਭ ਉਨ੍ਹਾਂ ਦੇ ਨਾਮ ਹੈ। ਇਸ ਘਟਨਾ ਨਾਲ ਉਨ੍ਹਾਂ ਤੇ ਫਿਰ ਉਜਾੜੇ ਦੀ ਤਲਵਾਰ ਲਟਕਣ ਲੱਗੀ ਹੈ।
4. ਇਸ ਵਿਵਾਦਿਤ ਜ਼ਮੀਨ ਦਾ ਹੁਣ ਤੱਕ ਦਾ ਰੋਲ ਅਸਲ ਵਿਚ ਬਹੁਤੇ ਕਿਸਾਨਾਂ ਅਤੇ ਮਜ਼ਦੂਰਾਂ (ਆਬਾਦਕਾਰਾਂ) ਮੁੜ ਵਸੇਬੇ ਵਾਲਾ ਹੈ। ਇੰਨੇ ਲੰਬੇ  ਸਮੇਂ ਦੌਰਾਨ ਵੀ ਕਾਨੂੰਨੀ ਪੱਖੋਂ ਇਸਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ।
5. ਪਿੰਡ ਦੇ ਕਿਸੇ ਵੀ ਵਿਅਕਤੀ ਨੇ ਪੁਲਿਸ ਕਾਰਵਾਈ ਨੂੰ ਦਰੁਸਤ ਨਹੀਂ ਕਿਹਾ।
ਉਪਰੋਕਤ ਤੱਥਾਂ ਦੀ ਰੌਸ਼ਨੀ ਵਿਚ ਜਾਂਚ ਟੀਮ ਵੱਲੋਂ ਕੀਤੀਆਂ ਸਿਫਾਰਿਸ਼ਾਂ
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 6 ਅਗਸਤ ਨੂੰ ਆਬਾਦਕਾਰਾਂ ਉੱਤੇ ਕੀਤੇ ਅੱਤਿਆਚਾਰਾਂ ਦੀ ਸਮਾਬੱਧ ਨਿਆਂਇਕ ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਜਾਵੇ।
ਪੁਲੀਸ ਲਾਠੀਚਾਰਜ਼ ਦੌਰਾਨ ਜਖ਼ਮੀ ਕਿਸਾਨਾਂ ਅਤੇ ਮਜ਼ਦੂਰਾਂ ਦਾ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ ਜਾਵੇ।
ਪੁਲੀਸ ਕਾਰਵਾਈ ਦੌਰਾਨ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕੀਤੀ ਜਾਵੇ।
ਕਿਸਾਨਾਂ-ਮਜ਼ਦੂਰਾਂ ਖਿਲਾਫ਼ ਦਰਜ਼ ਕੇਸ ਵਾਪਸ ਲਏ ਜਾਣ।
ਇੰਨੇ ਲੰਬੇ ਸਮੇਂ ਬਾਅਦ ਆਬਾਦਕਾਰਾਂ ਦਾ ਉਜਾੜਾ ਇਖਲਾਕੀ ਅਤੇ ਇਨਸਾਨੀ ਪੱਖੋਂ ਦਰੁਸਤ ਨਹੀਂ ਹੈ। ਮਹਿਜ਼ ਕਾਨੂੰਨੀ ਅਤੇ ਤਨਕੀਕੀ ਕਾਰਨਾਂ ਕਰਕੇ ਜਮਹੂਰੀ ਕਹਾਉਣ ਵਾਲੀ ਸਰਕਾਰ ਦੇ ਤੰਤਰ ਵੱਲੋਂ ਕੀਤੇ ਅੱਤਿਆਚਾਰ ਬਰਦਾਸਯੋਗ ਨਹੀਂ। ਅਜਿਹੇ ਹੋਰ ਕਾਰਨਾਮੇ ਰੋਕਣ ਲਈ ਪਿੰਡ ਹਰਿਆਓ ਖੁਰਦ ਅਤੇ ਅਜਿਹੇ ਹੋਰ ਪਿੰਡਾਂ ਦੇ ਆਬਾਦਕਾਰਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿੱਤੇ ਜਾਣ।
ਸ਼ੂਗਰ ਮਿੱਲ ਦੀ ਜ਼ਮੀਨ ਪੰਚਾਇਤ ਨੂੰ ਵਾਪਿਸ ਦਿੱਤੀ ਜਾਏ।
 9417232327Wednesday, September 02, 2015

ਵਤਨਦੀਪ ਕੌਰ ਦੀ ਧੀ ਸਿੱਦਕਜੋਤ ਦੇ ਕਤਲ ਦਾ ਕੀ ਕਾਰਨ?

ਕਲ ਤੋਂ ਅੱਗੇ ਛੇਵੀਂ ਕਿਸ਼ਤ

ਕਿਤੇ ਸਿੱਦਕਜੋਤ ਦਾ ਬੋਝ ਤਾਂ ਨਹੀਂ ਇਸ ਸਾਰੇ ਘਟਨਾ ਕਰਮ ਦੇ ਪਿੱਛੇ?

ਸਿੱਦਕਜੋਤ ਨੂੰ ਮਾਰਨ ਦਾ ਕਾਰਨ ਕੀ ਹੋ ਸਕਦਾ ਹੈ? 

ਗੁਰਨਾਮ ਸਿੰਘ ਅਕੀਦਾ ਅਤੇ ਟੀਮ

ਪਟਿਆਲਾ ਦੇ ਅਬਲੋਵਾਲ ਪਿੰਡ ਦੇ ਪ੍ਰੀਤਮ ਪਾਰਕ ਵਿਚ ਹੋਏ ਦੂਹਰੇ ਕਤਲ ਅਤੇ ਇਕ ਖ਼ੁਦਕੁਸ਼ੀ ਮਾਮਲੇ ਵਿਚ ਇਕ ਡੇਢ ਸਾਲਾ ਬੱਚੀ ਦੇ ਮਾਰੇ ਜਾਣ ਨਾਲ ਇਕ ਹੋਰ ਸਵਾਲ ਪੈਦਾ ਹੋ ਗਿਆ ਹੈ ਕਿ ਆਖਿਰ ਉਸ ਡੇਢ ਸਾਲਾ ਬੱਚੀ ਨੂੰ ਮਾਰਨ ਦਾ ਕੀ ਕਾਰਨ ਹੈ। ਇਹ ਪੰਜਾਬ ਵਿਚ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਕੁੜੀਆਂ ਨੂੰ ਕੁੱਖ ਵਿਚ ਹੀ ਮਾਰਨ ਦਾ ਕਾਫੀ ਚਲਣ ਚਲ ਰਿਹਾ ਹੈ। ਇਸ ਕੁਰਹਿਤ ਨੂੰ ਹਟਾਉਣ ਲਈ ਸਰਕਾਰ ਨੂੰ ਕਾਨੂੰਨ ਬਣਾ ਕੇ ਸਖ਼ਤੀਆਂ ਵੀ ਕਰਨੀਆਂ ਪਈਆਂ ਹਨ। ਕੁੱਖ ਵਿਚ ਕੁੜੀਆਂ ਮਾਰਨ ਦਾ ਕੰਮ ਸੱਸਾਂ ਵੱਲੋਂ, ਸਹੁਰਿਆਂ ਵੱਲੋਂ, ਘਰਦਿਆਂ ਵੱਲੋਂ ਘਰਵਾਲਿਆਂ ਵੱਲੋਂ ਕਰਾਇਆ ਸਪਸ਼ਟ ਹੁੰਦਾ ਹੈ। ਇੱਥੇ ਜੋ ਸਿੱਦਕਜੋਤ ਕੌਰ ਦਾ ਕਤਲ ਗੋਲੀ ਮਾਰ ਕੇ ਕੀਤਾ ਗਿਆ
ਹੈ, ਉਹ ਕਤਲ ਗੋਲੀ ਮਾਰ ਕੇ ਕੀਤਾ ਗਿਆ ਹੈ ਜਾਂ ਫਿਰ ਉਸ ਨੂੰ ਸਲ ਫਾਸ ਨਾਲ ਹੀ ਮਾਰਿਆ ਗਿਆ ਹੈ ਇਹ ਤਾਂ ਡਾਕਟਰੀ ਮੁਆਇਨੇ ਵਿਚ ਸਪਸ਼ਟ ਹੋ ਜਾਣਾ ਚਾਹੀਦਾ ਹੈ। ਸਿੱਦਕਜੋਤ ਤਾਂ ਕੁੜੀ ਵੀ ਸੀ ਤੇ ਉਹ ਦਿਮਾਗ਼ੀ ਤੌਰ ਤੇ ਠੀਕ ਵੀ ਨਹੀਂ ਸੀ। ਉਸ ਨੂੰ ਮਾਰਨ ਦਾ ਕਾਰਨ ਕਿਤੇ ਇਹ ਤਾਂ ਨਹੀਂ ਹੈ। ਇਹ ਵਿਸ਼ਲੇਸ਼ਣ ਕਰਨਾ ਬਣਦਾ ਹੈ।
ਅਬਲੋਵਾਲ ਵਿਚ 26 ਅਗਸਤ ਨੂੰ ਇਕ ਪਿਤਾ ਸੁਖਦੇਵ ਸਿੰਘ ਨੇ ਆਪਣੇ ਇਕਲੌਤੇ ਸਪੁੱਤਰ ਦਿਲਾਵਰ ਸਿੰਘ ਅਤੇ ਇਕਲੌਤੀ ਡੇਢ ਸਾਲਾ ਪੋਤੀ ਸਿੱਦਕਜੋਤ ਦਾ ਗੋਲੀਆਂ ਨਾਲ ਭੁੰਨ ਕੇ ਕਤਲ ਕਰ ਦਿਤਾ ਹੈ। ਸਿੱਦਕਜੋਤ ਦੀ ਮਾਂ ਵਤਨਦੀਪ ਕੌਰ ਦਾ ਪਤੀ ਮਾਰਿਆ ਗਿਆ ਪਰ ਉਲਟਾ ਉਸ ਉੱਤੇ ਅਤੇ ਉਸ ਦੇ ਪਿਤਾ ਅਜਾਇਬ ਸਿੰਘ ਤੇ ਆਈ ਪੀ ਸੀ ਦੀ ਧਾਰ 306 ਤਹਿਤ ਪਰਚਾ ਵੀ ਪੁਲਸ ਨੇ ਦਰਜ ਕਰ ਲਿਆ ਹੈ। ਇਹ ਸਾਰੀ ਜਾਣਕਾਰੀ ਪਹਿਲਾਂ ਦਿਤੀ ਜਾ ਚੁੱਕੀ ਹੈ, ਅੱਜ ਆਪਾਂ ਡੇਢ ਸਾਲਾ ਮਾਸੂਮ ਸਿੱਦਕ ਬਾਰੇ ਗੱਲ ਕਰਾਂਗੇ ਕਿ ਉਸ ਦਾ ਕੀ ਕਸੂਰ ਸੀ ਕਿ ਉਸ ਦੇ ਗੋਲੀਆਂ ਮਾਰੀਆਂ ਗਈਆਂ।

ਸਿੱਦਕ ਦਾ ਜਦੋਂ ਜਨਮ ਹੋਇਆ ਤਾਂ ਉਸ ਦੀ ਦਾਦੀ ਦਵਿੰਦਰ ਕੌਰ ਅਨੁਸਾਰ ਉਹ ਸਮੇਂ ਅਨੁਸਾਰ ਮੌਕੇ ਤੇ ਨਹੀਂ ਪਹੁੰਚ ਸਕੀ ਸੀ, ਉਹ ਦੋਸ਼ ਲਗਾ ਰਹੀ ਹੈ ਕਿ ਸਿੱਦਕ ਦੇ ਜਨਮ ਸਮੇਂ ਡਾਕਟਰਾਂ ਨੇ ਕਿਹਾ ਸੀ ਕਿ ਵਤਨਦੀਪ ਕੌਰ ਨੂੰ ਅਪ੍ਰੇਸ਼ਨ ਨਾਲ ਡਲਿਵਰੀ ਕਰਾਉਣੀ ਚਾਹੀਦੀ ਹੈ, ਪਰ ਵਤਨਦੀਪ ਕੌਰ ਨੇ ਰਾਜਿੰਦਰਾ ਹਸਪਤਾਲ ਵਿਚ ਜਾ ਕੇ ਨਾਰਮਲ ਡਲਿਵਰੀ ਕਰਵਾ ਲਈ ਜਿਸ ਕਰਕੇ ਸਿੱਦਕ ਦੇ ਦਿਮਾਗ਼ ਦੀ ਨਾੜੀ ਵਿਚ ਕੋਈ ਫ਼ਰਕ ਪੈ ਗਿਆ ਤਾਂ ਹੀ ਉਸ ਦਾ ਦਿਮਾਗ਼ੀ ਸਿਸਟਮ ਠੀਕ ਨਹੀਂ ਰਿਹਾ। ਉਹ ਕਹਿੰਦੀ ਹੈ ਕਿ ਵਤਨਦੀਪ ਕੌਰ ਨੇ ਸਾਡੇ ਘਰ ਦਾ ਸੱਤਿਆਨਾਸ ਕਰ ਦਿਤਾ ਕਿਉਂਕਿ ਉਸ ਨੇ ਸਾਡੀ ਮਨੀ ਨਹੀਂ। ਉਹ ਸਾਡੇ ਪੱਤਰਕਾਰਾਂ ਦੀ ਟੀਮ ਨਾਲ  ਗੱਲਾਂ ਕਰਦੀ ਹੋਈ ਆਪਣੇ ਸਪੁੱਤਰ ਦਿਲਾਵਰ ਬਾਰੇ ਗੱਲਾਂ ਕਰਦੀ ਹੈ ਉਸ ਪ੍ਰਤੀ ਪਿਆਰ ਦਾ ਇਜ਼ਹਾਰ ਕਰਕੇ ਵੀ ਦਿਖਾਉਂਦੀ ਹੈ ਪਰ ਉਹ ਕਰੀਬ ਸਵਾ ਘੰਟੇ ਦੀ ਗੱਲਬਾਤ ਵਿਚ ਸਿੱਦਕ ਦਾ ਨਾਮ ਇਕ ਵਾਰ ਵੀ ਨਹੀਂ ਲੈਂਦੀ, ਜਦੋਂ ਉਸ ਨੂੰ ਪੁਛਿਆ ਜਾਂਦਾ ਹੈ ਕਿ ਤੁਸੀਂ ਆਪਣੀ ਪੋਤੀ ਸਿੱਦਕ ਦਾ ਨਾਮ ਕਿਉਂ ਨਹੀਂ ਲਿਆ ਤਾਂ ਉਹ ਝੱਟ ਪੱਟ ਹੀ ਕਹਿੰਦੀ ਹੈ ਕਿ ਮੈਂ ਤਾਂ ਸਿੱਦਕ ਨੂੰ ਬਹੁਤ
ਪਿਆਰ ਕਰਦੀ ਸੀ। ਉਹ ਫੇਰ ਸਿੱਦਕ ਬਾਰੇ ਹੋਰ ਵੀ ਗੱਲਾਂ ਕਰਦੀ ਹੈ ਤੇ ਕਹਿੰਦੀ ਹੈ ਕਿ ਸਿੱਦਕ ਨੂੰ ਤਾਂ ਵਤਨਦੀਪ ਮਾਰਨਾ ਚਾਹੁੰਦੀ ਸੀ, ਤਾਂ ਹੀ ਉਹ ਸਰਕਾਰੀ ਕੁਆਟਰ ਵਿਚ ਜਾਣਾ ਚਾਹੁੰਦੀ ਸੀ।
ਪਰ ਆਮ ਤੌਰ ਤੇ ਦੇਖਿਆ ਹੈ ਤੇ ਪੜਤਾਲ ਵਿਚ ਪਾਇਆ ਹੈ ਕਿ ਸਿੱਦਕ ਨੂੰ ਉਸ ਦਾ ਪਿਤਾ ਦਿਲਾਵਰ ਤੇ ਉਸ ਦੀ ਮਾਂ ਵਤਨਦੀਪ ਕੌਰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਜਦੋਂ ਦੋਵੇਂ ਇਕੱਠੇ ਹੁੰਦੇ ਸਨ ਤਾਂ ਉਹ ਸਿੱਦਕ ਨੂੰ ਹਮੇਸ਼ਾ ਆਪਣੇ ਕੋਲ ਰੱਖਦੇ ਸਨ, ਉਸ ਨਾਲ ਖੇਡਦੇ ਰਹਿੰਦੇ ਸਨ, ਇੱਥੋਂ ਤੱਕ ਕਿ ਉਸ ਨਾਲ ਦੋਵਾਂ ਪਤੀ ਪਤਨੀ ਦੀਆਂ ਖੇਡਦਿਆਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ। ਕਦੇ ਵਤਨਦੀਪ ਕੌਰ ਸਿੱਦਕ ਨੂੰ
ਦੁੱਧ ਪਿਲਾਉਂਦੀ ਸੀ ਕਦੇ ਉਸ ਨੂੰ ਉਸ ਨੂੰ ਪਿਆਰ ਕਰਦੀ ਸੀ, ਉਸ ਲਈ ਵਿਸ਼ੇਸ਼ ਕਰਕੇ ਨੌਕਰਾਣੀ ਰੱਖੀ ਹੋਈ ਸੀ, ਕਿਉਂਕਿ ਵਤਨਦੀਪ ਕੌਰ ਨੌਕਰੀ ਕਰਦੀ ਹੈ, ਅਤੇ ਦਿਲਾਵਰ ਵੀ ਪ੍ਰਾਈਵੇਟ ਨੌਕਰੀ ਕਰਦਾ ਰਹਿੰਦਾ ਸੀ। ਬਾਅਦ ਵਿਚ ਉਸ ਦੀ ਸੰਭਾਲ ਨੌਕਰਾਣੀ ਕਰਦੀ ਸੀ, ਜਾਂ ਫਿਰ ਸੁਖਦੇਵ ਸਿੰਘ ਉਸ ਦੀ ਸੰਭਾਲ ਕਰਦਾ ਸੀ। ਅਕਸਰ ਸਿੱਦਕ ਵਤਨਦੀਪ ਕੋਲ ਹੀ ਸੌਂਦੀ ਸੀ, ਕਦੇ ਕਦੇ ਜਦੋਂ ਉਹ ਰਾਤ ਨੂੰ ਦੇਰ ਤੱਕ ਨਹੀਂ ਸੌਂਦੀ ਸੀ ਤਾਂ ਦਿਲਾਵਰ ਸਿੱਦਕ ਨੂੰ ਆਪਣੇ ਪਿਤਾ ਸੁਖਦੇਵ ਸਿੰਘ ਦੇ ਕਮਰੇ ਵਿਚ ਛੱਡ ਆਉਂਦਾ ਸੀ,ਇਹ ਆਮ ਤੌਰ ਤੇ ਪਿਆਰ ਵਿਚ ਹੀ ਹੁੰਦਾ ਸੀ, ਪਰ ਵਤਨ ਦੀ ਸੱਸ ਕਿਉਂ ਨਹੀਂ ਪਿਆਰ ਕਰਦੀ ਸੀ? ਇਹ ਗੱਲ ਜ਼ਿਕਰ ਕਰਨ ਵਾਲੀ ਹੈ। ਉਹ ਕਿਉਂ ਨਹੀਂ ਰਹਿੰਦੀ ਸੀ ਆਪਣੀ ਪੋਤੀ ਕੋਲ, ਉਹ ਕਿਉਂ ਆਪਣੇ ਭਤੀਜਿਆਂ ਕੋਲ ਰਹਿੰਦੀ ਰਹੀ? ਹੋਰ ਵੀ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਇਹ ਦਰਦਨਾਕ ਕਾਂਡ ਹੋਇਆ ਹੈ ਤਾਂ ਸ਼ਨੀਵਾਰ ਨੂੰ ਦਵਿੰਦਰ ਕੌਰ ਅਬਲੋਵਾਲ ਵਾਲੇ ਘਰ ਆਉਂਦੀ ਹੈ, ਤੇ ਐਤਵਾਰ ਨੂੰ ਰਹਿੰਦੀ ਹੈ, ਸੋਮਵਾਰ ਨੂੰ ਛੁਟੀ ਲੈਂਦੀ ਹੈ, ਜਦ ਕਿ ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਹੋਇਆ, ਹਰਮਿੰਦਰ ਸਿੰਘ (ਭਤੀਜਾ) ਵੀ ਆ ਜਾਂਦਾ ਹੈ। ਇਸ
ਤਹਿਤ ਇਨ੍ਹਾਂ ਦੀ ਸਾਹਮਣੇ ਗੁਆਂਢੀਆਂ ਦੇ ਘਰ ਵਿਚ ਸੁਖਦੇਵ ਸਿੰਘ, ਦਵਿੰਦਰ ਕੌਰ, ਹਰਮਿੰਦਰ ਸਿੰਘ ਦੀ ਕਰੀਬ ਤਿੰਨ ਘੰਟੇ ਮੀਟਿੰਗ ਚਲਦੀ ਹੈ। ਫੇਰ ਉਹ ਮੀਟਿੰਗ ਬਰਖ਼ਾਸਤ ਹੁੰਦੀ ਹੈ ਜਿਸ ਵਿਚ ਕੀ ਸਲਾਹ ਕੀਤੀ ਹੈ ਉਹ ਸਾਹਮਣੇ ਘਰ ਵਾਲੇ ਦਸ ਸਕਦੇ ਹਨ।
25 ਨੂੰ ਵੀ ਦਵਿੰਦਰ ਕੌਰ ਆਪਣੇ ਘਰ ਰਹਿੰਦੀ ਹੈ, ਤੇ 26 ਨੂੰ ਸਵੇਰੇ ਹੀ ਗੁਆਂਢੀਆਂ ਨਾਲ ਹੀ ਚਲੇ ਜਾਂਦੀ ਹੈ। ਗੁਆਂਢਣ ਉਸ ਨਾਲ ਬੱਸ ਵਿਚ ਬੈਠ ਕੇ ਜਾਂਦੀ ਹੈ, ਸਕੂਲ ਵਿਚੋਂ ਸਵੇਰੇ 9 ਵਜੇ ਦਵਿੰਦਰ ਕੌਰ ਆਪਣੇ ਪਤੀ ਸੁਖਦੇਵ ਸਿੰਘ ਨੂੰ ਫ਼ੋਨ ਕਰਦੀ ਹੈ ਜੋ ਪਹਿਲਾਂ ਕਦੇ ਨਹੀਂ ਕੀਤਾ। ਇਹ ਫ਼ੋਨ ਕਿਉਂ ਹੁੰਦਾ ਹੈ? ਬਾਰੇ ਵੀ ਦਵਿੰਦਰ ਕੌਰ ਜਾਣਦੀ ਹੈ ਜਾਂ ਫਿਰ ਉਸ ਦਾ ਪਤੀ ਜੋ ਮਰ ਚੁੱਕਾ ਹੈ ਉਹ ਜਾਣਦਾ ਹੈ। ਫੇਰ ਉਸ ਨੂੰ ਖ਼ੁਦ ਸੁਖਦੇਵ ਸਿੰਘ ਫ਼ੋਨ ਕਰਕੇ ਕੰਮ ਹੋ ਗਿਆ ਬਾਰੇ ਦੱਸਦਾ ਹੈ। ਤੇ ਜਲਦੀ ਆਉਣ ਲਈ ਕਹਿੰਦਾ ਹੈ। ਕਈ ਸਵਾਲ ਪੈਦਾ ਹੁੰਦੇ ਹਨ ਕਿ ਸਿੱਦਕ ਦੇ ਮੂੰਹ ਨੂੰ ਸਲ ਫਾਸ ਲੱਗੀ ਹੋਈ ਸੀ, ਕੀ ਸਲ ਫਾਸ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਹਿਲਾਂ ਸਿੱਦਕ
ਨੂੰ? ਕਿਤੇ ਇਹ ਸਾਰਾ ਕੁੱਝ ਸਿੱਦਕ ਨੂੰ ਮਾਰਨ ਲਈ ਤਾਂ ਨਹੀਂ ਹੋ ਰਿਹਾ ਸੀ। ਇਕ ਗੁਆਂਢੀ ਨੇ ਇਹ ਵੀ ਅੱਗੇ ਤੋਂ ਅੱਗੇ ਕਿਹਾ ਹੈ ਕਿ ਪਿਛਲੇ ਦਿਨੀਂ ਸੁਖਦੇਵ ਸਿੰਘ ਭਾਖੜਾ ਵੱਲ ਤੇਜ ਰਫ਼ਤਾਰ ਨਾਲ ਤੁਰਿਆ ਜਾ ਰਿਹਾ ਸੀ, ਉਸ ਦੀ ਗੋਦੀ ਵਿਚ ਸਿੱਦਕ ਸੀ, ਪਰ ਫੇਰ ਉਹ ਕਾਫੀ ਸਮੇਂ ਬਾਅਦ ਵਾਪਸ ਆ ਗਿਆ। ਆਖਿਰ ਉਹ ਭਾਖੜਾ ਵੱਲ ਕੀ ਕਰਨ ਗਿਆ ਸੀ? ਇਹ ਸਾਰਾ ਕੁੱਝ ਪੁਲਸ ਦੀ ਪੜਤਾਲ ਵਿਚ ਸਾਹਮਣੇ ਆ ਹੀ ਜਾਵੇਗਾ, ਕਿਉਂਕਿ ਪਟਿਆਲਾ ਦੀ ਪੁਲਸ ਵਿਚ ਚੰਗੇ ਕਿਰਦਾਰ ਵਾਲੇ ਅਫ਼ਸਰ ਵੀ ਹਨ ਜੋ ਕਈ ਕੇਸਾਂ ਨੂੰ ਹੱਲ ਕਰਕੇ ਆਪਣੀ ਸਿਆਣਪ ਦਾ ਲੋਹਾ ਮਨਵਾ ਚੁੱਕੇ ਹਨ।
ਦੇਖਣ ਵਾਲੇ ਕਹਿੰਦੇ ਹਨ ਕਿ ਸਿੱਦਕ ਦੀ ਮੌਤ ਤੋਂ ਬਾਅਦ ਸਿੱਦਕ ਦਾ ਰੰਗ ਨੀਲਾ ਹੋ ਗਿਆ ਸੀ, ਕੀ ਉਸ ਦੀ ਮੌਤ ਫੇਰ ਸਲ ਫਾਸ ਨਾਲ ਹੋਈ ਹੈ। ਇਹ ਤਾਂ ਮੈਡੀਕਲ ਰਿਪੋਰਟ ਵਿਚ ਆ ਹੀ ਜਾਵੇਗਾ ਤੇ ਬਿਸਰੇ ਵਿਚ ਆ ਜਾਵੇਗਾ ਕਿ ਸਿੱਦਕ ਦੀ ਮੌਤ ਸਲ ਫਾਸ ਨਾਲ ਹੋਈ ਹੈ ਜਾਂ ਫਿਰ ਕਿਵੇਂ ਹੋਈ ਹੈ? ਪਰ ਸਲ ਫਾਸ ਘਰ ਵਿਚ ਕਿਵੇਂ ਆ ਗਈ? ਨਾ ਤਾਂ ਇਸ ਘਰ ਵਿਚ ਕਣਕ ਦਾ ਢੋਲ ਹੈ ਨਾ ਹੀ ਘਰ ਵਿਚ ਕਿਸੇ ਹੋਰ ਤਰਾਂ ਦੇ ਬੀਜ ਦੀ ਰਾਖੀ ਕਰਨ ਲਈ ਸਲ ਫਾਸ ਵਰਤੀ ਜਾਂਦੀ ਹੈ ਫੇਰ ਸਲ ਫਾਸ ਕਿਥੋਂ ਆ ਗਈ ਘਰ ਵਿਚ? ਇਹ ਵੀ ਪੜਤਾਲ ਵਿਚ ਸਾਹਮਣੇ ਆ ਹੀ ਜਾਵੇਗਾ। ਕੀ ਸੁਖਦੇਵ ਨੇ ਬਣੀ ਹੀ ਬਣਤ ਦੇ ਤਹਿਤ ਕਿਤੇ ਸਿੱਦਕ ਨੂੰ ਮਾਰਨ ਲਈ ਉਸ ਨੂੰ ਸਲ ਫਾਸ ਖਲ਼ਾਈ, ਘਰ ਵਿਚ ਹੀ ਦਿਲਾਵਰ ਵੀ ਸੀ, ਦਿਲਾਵਰ ਸੁੱਤਾ ਪਿਆ ਸੀ ਜਾਂ ਫਿਰ ਕੀ ਕਰ ਰਿਹਾ ਸੀ? ਇਹ ਤਾਂ ਕਿਸੇ ਨੂੰ ਹੀ ਸ਼ਾਇਦ ਪਤਾ ਹੋਵੇ, ਪਰ ਹੋ ਸਕਦਾ ਹੈ ਕਿ ਉਹ ਜਾਗ ਗਿਆ ਹੋਵੇ ਤੇ ਸੁਖਦੇਵ ਸਿੰਘ ਵੱਲੋਂ ਸਿੱਦਕ ਨੂੰ ਮਾਰਨ ਦੀ ਚਲ ਰਹੀ ਕਾਰਵਾਈ ਦਾ ਉਸ ਨੂੰ ਪਤਾ ਲੱਗ ਗਿਆ ਹੋਵੇ ਜਿਸ ਦਾ ਵਿਰੋਧ ਕਰਨ ਲਈ ਦਿਲਾਵਰ ਨੇ ਬਾਪੂ ਸੁਖਦੇਵ ਸਿੰਘ ਨਾਲ ਹੱਥੋ ਪਾਈ ਕੀਤੀ ਹੋਵੇ, ਤੇ ਸੁਖਦੇਵ ਸਿੰਘ ਕੋਲ ਪਿਸਤੌਲ ਤਾਂ ਹੁੰਦਾ ਹੀ ਸੀ ਉਹ ਪਿਸਤੌਲ ਕਿਸੇ ਤੇ ਵੀ ਕੱਢ ਲੈਂਦਾ ਸੀ, ਉਸ ਨੇ ਪਿਸਤੌਲ ਕੱਢ ਲਿਆ ਹੋਵੇ ਤੇ ਰੋਕਣ ਦੇ ਮਨਸੇ ਨਾਲ ਦਿਲਾਵਰ ਵੱਲ ਤਾਣ ਲਿਆ ਹੋਵੇ ਜਿਸ ਕਰਕੇ ਹੱਥੋਪਾਈ ਵੱਧ ਗਈ ਹੋਵੇ ਤੇ ਗੋਲੀ ਦਿਲਾਵਰ ਦੇ ਵੀ ਲੱਗੀ, ਦਿਲਾਵਰ ਦੇ ਗੋਲੀਆਂ ਸਿਰ ਤੇ ਵੀ ਲੱਗੀਆਂ। ਫੇਰ ਉਸ ਨੇ ਸਿੱਦਕ ਦੇ ਵੀ ਗੋਲੀਆਂ ਮਾਰੀਆਂ। ਕਿਉਂਕਿ ਹੋ ਸਕਦਾ ਹੈ ਕਿ ਸਿੱਦਕ ਤੜਫ਼ ਰਹੀ ਹੋਵੇ। ਜਦੋਂ ਇਕ ਬਾਪ ਤੋਂ ਦੋ ਕਤਲ ਹੋ ਗਏ ਤੇ ਉਸ ਦਾ ਪਰਵਾਰ ਉੱਜੜ ਗਿਆ ਤਾਂ ਉਹ ਸਾਰੀ ਉਮਰ ਜੇਲ੍ਹ ਵਿਚ ਰਹੇਗਾ ਤੇ ਫਾਸੀ ਹੋਵੇਗੀ, ਬਾਰੇ ਉਹ ਜਾਣਦਾ ਹੋਵੇ ਤੇ ਉਹ ਵੀ ਸਲ ਫਾਸ ਖਾ ਗਿਆ ਹੋਵੇ। ਹੁਣ ਇਹ ਕਹਾਣੀ ਹੈ, ਮਨਘੜਤ ਕਹਾਣੀ ਹੈ, ਇਸ ਤਰ੍ਹਾਂ ਹੋ ਸਕਦਾ ਹੈ ਜਾਂ ਫਿਰ ਇਹ ਗਲਤ ਵੀ ਹੋਵੇ। ਪਰ ਜੋ ਖ਼ੁਦਕੁਸ਼ੀ ਨੋਟ ਮਿਲਿਆ ਹੈ ਉਸ ਦੀ ਸਚਾਈ ਬਾਰੇ ਜਾਣਨਾ ਅਜੇ ਬਾਕੀ ਹੈ। ਪਰ ਜਦੋਂ ਬੰਦਾ ਆਪਣੇ ਪੁੱਤ ਤੇ ਪੋਤੀ ਨੂੰ ਮਾਰ ਦਿੰਦਾ ਹੈ ਤਾਂ ਫਿਰ ਉਹ ਖ਼ੁਦਕੁਸ਼ੀ ਨੋਟ ਕਿਵੇਂ ਲਿਖ ਸਕਦਾ ਹੈ? ਤੇ ਉਸ ਵੱਲੋਂ ਲਿਖੇ ਖ਼ੁਦਕੁਸ਼ੀ ਨੋਟ ਦੇ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ? ਉਹ ਖ਼ੁਦਕੁਸ਼ੀ ਨੋਟ ਜੋ ਬੰਦਾ ਅਨਪੜ੍ਹ ਹੋਵੇ ਕਿਵੇਂ ਏਨੀ ਜਲਦੀ ਏਨੀ ਵਧੀਆ ਲਿਖਤ ਵਿਚ ਲਿਖ ਸਕਦਾ ਹੈ? ਚਲੋ ਇਸ ਬਾਰੇ ਫੇਰ ਕਰਾਂਗੇ ਵਿਚਾਰ....
ਇਹ ਪੜਤਾਲ ਅਸੀਂ ਇੱਥੇ ਬੰਦ ਕਰਦੇ ਹਾਂ, ਪਰ ਜੇਕਰ ਕੋਈ ਹੋਰ ਪੁਖ਼ਤਾ ਸਬੂਤ ਸਾਹਮਣੇ ਆਉਂਦੇ ਹਨ ਤਾਂ ਅਸੀਂ ਹੋਰ ਅੱਗੇ ਵੀ ਲਿਖਾਂਗੇ। ਸਬੂਤ ਸਾਡੇ ਕੋਲ ਹੋਰ ਵੀ ਹਨ ਪਰ ਉਹ ਇੱਥੇ ਲਿਖੇ ਨਹੀਂ ਜਾ ਸਕਦੇ ਕਿਉਂਕਿ ਪੜਤਾਲ ਪੁਲਸ ਨੇ ਕਰਨੀ ਹੈ, ਪੁਲਸ ਨੂੰ ਪੜਤਾਲ ਕਰਨੀ ਚਾਹੀਦੀ ਹੈ ਉਹ ਕਿਵੇਂ ਪੜਤਾਲ ਕਰਦੀ ਹੈ ਉਨ੍ਹਾਂ ਲਈ ਸਾਰਾ ਕੁੱਝ ਮੈਦਾਨ ਖਾਲੀ ਹੈ।

ਦਿਲਾਵਰ ਤੇ ਸਿੱਦਕ ਨਮਿੱਤ ਭੋਗ 6 ਸਤੰਬਰ ਨੂੰ ਅਬਲੋਵਾਲ ਵਿਚ
ਪਰ ਹਾਂ ਵਤਨਦੀਪ ਕੌਰ ਵੱਲੋਂ ਆਪਣੇ ਪਤੀ ਦਿਲਾਵਰ ਸਿੰਘ ਆਪਣੀ ਡੇਢ ਸਾਲਾ ਧੀ ਸਿੱਦਕਜੋਤ ਕੌਰ ਦੀਆਂ ਅੰਤਿਮ ਰਸਮਾਂ ਸਬੰਧੀ ਸਹਿਜ ਪਾਠ ਦਾ ਭੋਗ ਪਿੰਡ ਅਬਲੋਵਾਲ ਪ੍ਰੀਤਮ ਪਾਰਕ ਕਲੌਨੀ ਦੇ ਗੁਰਦੁਆਰਾ ਸਾਹਿਬ ਵਿਚ ਇਸੇ ਐਤਵਾਰ 6 ਸਤੰਬਰ ਨੂੰ 12 ਵਜੇ ਤੋਂ ਇਕ ਵਜੇ ਤੱਕ ਪਾਇਆ ਜਾ ਰਿਹਾ ਹੈ, ਵਤਨਦੀਪ ਕੌਰ ਨੇ ਕਿਹਾ ਹੈ ਕਿ ਸਾਰੇ ਜਣੇ ਜੋ ਵਤਨਦੀਪ ਕੌਰ ਨਾਲ ਖੜੇ ਹਨ ਇਸ ਸਮੇਂ ਉਸ ਦੇ ਸੋਗ ਸਮਾਗਮ ਵਿਚ ਜ਼ਰੂਰ ਪੁੱਜੋ। 

Tuesday, September 01, 2015

ਕੀ ਆਪਣੇ ਪੁੱਤਰ ਤੇ ਪੋਤੀ ਦਾ ਕਤਲ ਕਰਨ ਵਾਲਾ ਸੁਖਦੇਵ ਸਿੰਘ ਮਾਨਸਿਕ ਰੋਗੀ ਸੀ?

ਕਲ ਤੋਂ ਅੱਗੇ ਪੰਜਵੀਂ ਕਿਸ਼ਤ

ਰਾਜਿੰਦਰਾ ਹਸਪਤਾਲ ਤੋਂ ਪਾਗਲਪਣ ਦੀ ਦਵਾਈ ਚਲ ਰਹੀ ਸੀ ਸੁਖਦੇਵ ਸਿੰਘ ਦੀ

ਆਖਿਰ ਹਰਮਿੰਦਰ ਸਿੰਘ ਦਾ ਛੋਟਾ ਭਰਾ ਵੈਟਰਨਰੀ ਡਾਕਟਰ ਬਲਕਰਨ ਸਿੰਘ ਕਿਉਂ ਲਗਦੈ ਪਾਗਲ ਜਿਹਾ

ਗੁਰਨਾਮ ਸਿੰਘ ਅਕੀਦਾ

ਅਬਲੋਵਾਲ ਪਟਿਆਲਾ ਦੇ ਪ੍ਰੀਤਮ ਪਾਰਕ ਦੀ ਕੋਠੀ ਨੰਬਰ 26/27 ਵਿਚ ਇਕ ਬਾਪ ਸੁਖਦੇਵ ਸਿੰਘ ਵੱਲੋਂ ਆਪਣੇ ਹੀ ਇਕਲੌਤੇ ਪੁੱਤਰ ਦਿਲਾਵਰ ਸਿੰਘ ਅਤੇ ਇਕਲੌਤੀ ਵਾਰਸ ਪੋਤੀ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਗਿਆ ਹੈ। ਅਤੇ ਆਪ ਖੁੱਦ ਸਲਫਾਸ ਖਾਕੇ ਆਤਮ ਹੱਤਿਆ ਕਰ ਲਈੇ
ਅੱਜ ਸਾਡੇ ਹੱਥ ਇਕ ਬੜਾ ਹੀ ਪੁਖ਼ਤਾ ਸਬੂਤ ਹੱਥ ਲੱਗਾ ਹੈ ਕਿ ਸੁਖਦੇਵ ਸਿੰਘ ਦੀ ਰਾਜਿੰਦਰਾ ਹਸਪਤਾਲ ਤੋਂ ਦਿਮਾਗ਼ੀ ਰੋਗ (ਮਾਨਸਿਕ ਰੋਗ) ਦੀ ਦਵਾਈ ਚਲ ਰਹੀ ਸੀ। ਹਾਲਾਂ ਕਿ ਦਿਮਾਗ਼ੀ ਪ੍ਰੇਸ਼ਾਨੀ ਦੀਆਂ ਗੋਲੀਆਂ ਤਾਂ ਬਲਕਰਨ ਸਿੰਘ (ਹਰਮਿੰਦਰ ਸਿੰਘ ਦਾ ਛੋਟੇ ਵੈਟਰਨਰੀ ਡਾਕਟਰ ਭਰਾ) ਵੀ ਖਾ ਰਿਹਾ ਹੈ। ਪਰ ਸੁਖਦੇਵ ਸਿੰਘ ਨੂੰ ਕੀ ਮਾਨਸਿਕ ਰੋਗ ਸੀ?, ਰਾਜਿੰਦਰਾ ਹਸਪਤਾਲ ਵਿਚ 18 ਸਤੰਬਰ 2014 ਨੂੰ ਪਰਚੀ ਨੰਬਰ 232246 ਕੱਟੀ ਹੋਈ ਹੈ, ਜਿਸ ਤੇ ਸੁਖਦੇਵ ਸਿੰਘ ਦੀ ਉਮਰ 54 ਸਾਲ ਲਿਖੀ ਹੋਈ ਹੈ। ਜਿਸ ਵਿਚ ਡਾਕਟਰ ਨੇ ਪੰਜ ਦਵਾਈਆਂ ਲਿਖੀਆਂ ਹਨ। ਇਨ੍ਹਾਂ ਦਵਾਈਆਂ ਬਾਰੇ ਕੁੱਝ ਡਾਕਟਰਾਂ ਨਾਲ ਸਬੰਧ ਕਾਇਮ ਕੀਤਾ ਗਿਆ, ਹਾਲਾਂ ਕਿ ਉਨ੍ਹਾਂ ਡਾਕਟਰਾਂ ਦਾ ਨਾਮ ਇੱਥੇ ਲਿਖਣਾ ਠੀਕ ਨਹੀਂ ਹੈ, ਇਸ ਸਲਿਪ ਦੀ ਫ਼ੋਟੋ ਅਸੀਂ ਬਲੌਗ ਤੇ ਪਾ ਰਹੇ ਹਾਂ, ਜਿਸ ਨੂੰ ਇਨ੍ਹਾਂ ਦਵਾਈਆਂ ਬਾਰੇ ਪਤਾ ਕਰਨਾ ਹੋਵੇ ਤਾਂ ਉਹ ਕਿਸੇ ਵੀ ਡਾਕਟਰ ਕੋਲੋਂ ਪਤਾ ਕਰ ਸਕਦਾ ਹੈ ਕਿ ਇਹ ਦਵਾਈਆਂ ਕਿਸ ਬਿਮਾਰੀ ਦੀਆਂ ਹੁੰਦੀਆਂ ਹਨ।
ਇਸ ਬਾਰੇ ਡਾਕਟਰਾਂ ਨੇ ਕਿਹਾ ਕਿ ਇਹ ਦਵਾਈਆਂ ਮਾਨਸਿਕ ਰੋਗੀ ਦੀਆਂ ਹਨ। ਜਿਸ ਨੂੰ ਦਿਮਾਗ਼ੀ ਪ੍ਰੇਸ਼ਾਨੀ ਹੋਵੇ, ਪਾਗਲਪਣ ਦੇ ਦੌਰੇ ਪੈਂਦੇ ਹੋਣ, ਡਾਕਟਰਾਂ ਨੇ ਇਹ ਵੀ ਕਿਹਾ ਕਿ ਇਸ ਪਰਚੀ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਵਿਚੋਂ ਮਾਹਿਰ ਡਾਕਟਰ ਵੱਲੋਂ ਲਿਖੀ ਗਈ ਦਵਾਈ ਬਹੁਤ ਹੀ ਤੇਜ ਹੈ, ਜੋ ਬਹੁਤ ਹੀ ਸਖ਼ਤ ਰੋਗੀਆਂ ਨੂੰ ਦਿਤੀ ਜਾਂਦੀ ਹੈ।
ਜਦੋਂ ਉਸ ਦੀ ਪਤਨੀ ਤੇ ਵਤਨ ਦੀਪ ਕੌਰ ਦੀ ਸੱਸ ਦਵਿੰਦਰ ਕੌਰ ਨਾਲ ਗੱਲ ਕੀਤੀ ਗਈ ਸੀ ਤਾਂ ਉਸ ਨੇ ਕਿਹਾ ਸੀ ਕਿ ਉਹ ਕਈ ਵਾਰੀ ਗੋਲੀਆਂ ਖਾਂਦੇ ਸੀ, ਪਰ ਮੈਂ ਬਹੁਤਾ ਇੱਥੇ ਆਉਂਦੀ ਨਹੀਂ ਸੀ, ਇਸ ਕਰਕੇ ਮੈਨੂੰ ਪਤਾ ਨਹੀਂ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਕਈ ਵਾਰੀ ਗ਼ੁੱਸੇ ਹੋ ਜਾਂਦੇ ਸਨ। ਕਈ ਵਾਰੀ ਉਹ ਰਿਵਾਲਵਰ ਕੱਢ ਲੈਂਦੇ ਸੀ, ਇਕ ਵਾਰੀ ਵਤਨ ਦੀਪ ਕੌਰ ਦੇ ਬਾਪੂ ਅਜਾਇਬ ਸਿੰਘ ਤੇ ਵੀ ਪਿਸਤੌਲ ਕੱਢ ਲਿਆ ਸੀ। ਇਹ ਵੀ ਕਿਹਾ ਕਿ ਉਨ੍ਹਾਂ ਨੇ ਇਕ ਦਿਨ ਵਤਨ ਦੀਪ ਕੌਰ ਦੇ ਬਾਪੂ ਤੇ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ ਸਨ। ਦਿਮਾਗ਼ੀ ਪ੍ਰੇਸ਼ਾਨੀ ਦੀਆਂ ਗੋਲੀਆਂ ਖਾਣ ਦਾ ਉਨ੍ਹਾਂ ਨੇ ਕੋਈ ਇਨਕਾਰ ਨਹੀਂ ਕੀਤਾ ਨਾ ਹੀ ਸਵੀਕਾਰ ਕੀਤਾ, ਸਗੋਂ ਅਨਜਾਣਤਾ ਪ੍ਰਗਟਾਈ।
ਇਹ ਵੀ ਪਤਾ ਲੱਗਾ ਹੈ ਕਿ ਮਾਨਸਿਕ ਰੋਗਾਂ ਦੇ ਕਿਸੇ ਪ੍ਰਾਈਵੇਟ ਡਾਕਟਰ ਕੋਲੋਂ ਵੀ ਸੁਖਦੇਵ ਸਿੰਘ ਦੀ ਦਵਾਈ ਚਲ ਰਹੀ ਸੀ। ਜਿਸ ਡਾਕਟਰ ਕੋਲੋਂ ਸੁਖਦੇਵ ਸਿੰਘ ਦੀ ਦਵਾਈ ਚਲ ਰਹੀ ਸੀ ਉਹ ਵੀ ਸਾਬਕਾ ਪ੍ਰੋਫੈਸਰ ਅਤੇ ਮੁਖੀ ਮਨੋਰੋਗ ਅਤੇ ਨਸ਼ਾ ਮੁਕਤੀ ਵਿਭਾਗ ਮੈਡੀਕਲ ਕਾਲਜ ਪਟਿਆਲਾ ਹੈ। ਇਕ ਤਾਂ ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸੁਖਦੇਵ ਸਿੰਘ ਦਾ ਮਾਨਸਿਕ ਤਵਾਜ਼ਨ ਠੀਕ ਨਹੀਂ ਸੀ। ਜਿਸ ਕਰਕੇ ਉਸ ਨੂੰ ਦਵਾਈ ਦਿਤੀ ਜਾ ਰਹੀ ਸੀ। ਕੀ ਮਾਨਸਿਕ ਰੋਗੀ ਨੁੰ ਜਦੋਂ ਦੌਰਾ ਪੈਂਦਾ ਹੈ ਤਾਂ ਕੀ ਉਹ ਕਿਸੇ ਨੂੰ ਵੀ ਮਾਰ ਸਕਦਾ ਹੈ ? ਕੀ ਆਪਣੇ ਪੁੱਤਰ ਜਾਂ ਫਿਰ ਆਪਣੀ ਪੋਤੀ ਨੂੰ ਵੀ ਮਾਰ ਸਕਦਾ ਹੈ? ਕੀ ਉਹ ਆਪਣੇ ਅਾਪ ਨੂੰ ਵੀ ਮਾਰ ਸਕਦਾ ਹੈ? ਖੁਦਕੁਸ਼ੀ ਨੋਟ ਬਾਰੇ ਫੇਰ ਲਿਖਾਂਗੇ, ਪਰ ਜੇਕਰ ਉਹ ਮਾਨਸਿਕ ਰੋਗ ਦੀਆਂ ਗੋਲੀਆਂ ਖਾ ਰਿਹਾ ਸੀ ਤਾਂ ਕੀ ਉਹ ਪਾਗਲ ਸੀ? ਇਹ ਵੀ ਪੜਤਾਲ ਕਰਨ ਦੀ ਮੰਗ ਕਰਦਾ ਹੈ।

ਪਰ ਇਹ ਸਵੀਕਾਰ ਦਵਿੰਦਰ ਕੌਰ ਅਤੇ ਉਸ ਦੇ ਭਤੀਜੇ ਹਰਮਿੰਦਰ ਸਿੰਘ ਨੇ ਸਵੀਕਾਰ ਕੀਤਾ ਕਿ ਵੈਟਰਨਰੀ ਇੰਸਪੈਕਟਰ ਬਲਕਰਨ ਸਿੰਘ ਤਾਂ ਮਾਨਸਿਕ ਰੋਗ ਦੀ ਦਵਾਈ ਖਾਂਦੇ ਹਨ। ਉਨ੍ਹਾਂ ਦੀ ਪੁਰਾਣੀ ਫ਼ੋਟੋ ਦੇਖ ਕੇ ਤੇ ਨਵੀਂ ਫ਼ੋਟੋ ਦੇਖ ਕੇ ਪਤਾ ਹੀ ਨਹੀਂ ਲਗਦਾ ਕਿ ਇਹ ਦੋਵੇਂ ਫ਼ੋਟੋਆਂ ਬਲਕਰਨ ਸਿੰਘ ਦੀਆਂ ਹੋਣਗੀਆਂ, ਆਖਿਰ ਜਿਸ ਨੇ ਵੈਟਰਨਰੀ ਡਾਕਟਰ ਦੀ ਪੜ੍ਹਾਈ ਕੀਤੀ ਹੋਵੇ ਤੇ ਉਸ ਨੇ ਪੜਾਈ ਵਿਚ ਚੰਗੇ ਨੰਬਰ ਹਾਸਲ ਕੀਤੇ ਹੋਣ, ਤਾਂ ਫਿਰ ਉਹ ਆਖ਼ਰ ਮਾਨਸਿਕ ਰੋਗੀ ਕਿਵੇਂ ਹੋ ਗਿਆ। ਇਸ ਸਬੰਧ ਵਿਚ ਵਤਨ ਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਡਾ. ਬਲਕਰਨ ਸਿੰਘ ਦਾ ਵੱਡਾ ਭਰਾ ਹਰਮਿੰਦਰ ਸਿੰਘ ਖ਼ੁਦ ਤਲਾਕ ਵਿਚ ਹਨ। ਉਹ ਸਾਰੀ ਪ੍ਰੋਪਰਟੀ ਦਾ ਠੇਕਾ ਆਪ ਹੀ ਲੈਂਦਾ ਹੈ, ਉਸ ਨੂੰ ਚਾਹੀਦਾ ਸੀ ਕਿ ਡਾ. ਬਲਕਰਨ ਸਿੰਘ ਦਾ ਵਿਆਹ ਹੋ ਜਾਵੇ, ਵਤਨ ਦੀਪ ਕੌਰ ਨੇ ਕਿਹਾ ਕਿ ਮੇਰੇ ਕੋਲ ਇਸ ਦਾ ਸਬੂਤ ਤਾਂ ਕੋਈ ਨਹੀਂ ਪਰ ਹੋ ਸਕਦਾ ਹੈ ਕਿ ਡਾ. ਬਲਕਰਨ ਸਿੰਘ ਨੂੰ ਪਾਗਲ ਵਰਗਾ ਬਣਾਉਣ ਵਿਚ ਵੀ ਕਿਸੇ ਦਾ ਹੱਥ ਹੋਵੇ। ਇੱਥੇ ਅਸੀਂ ਡਾ. ਬਲਕਰਨ ਸਿੰਘ ਦੀ ਪੁਰਾਣੀ ਤਸਵੀਰ ਤੇ ਹੁਣ ਦੀ ਤਸਵੀਰ ਪਾ ਰਹੇ ਹਾਂ।

ਇਸੇ ਤਰ੍ਹਾਂ ਦਵਿੰਦਰ ਕੌਰ ਕਹਿੰਦੀ ਹੈ ਕਿ ਮੈਂ ਇਕ ਸਾਲ ਪਟਿਆਲਾ ਪ੍ਰੀਤਮ ਪਾਰਕ ਵਿਚ ਬਿਲਕੁਲ ਨਹੀਂ ਆਈ ਫੇਰ ਮੈਂ ਸ਼ਨੀਵਾਰ ਤੇ ਐਤਵਾਰ ਆਉਣ ਲੱਗ ਪਈ ਸੀ, ਫੇਰ ਮੈਂ ਸ਼ਨੀਵਾਰ ਤੇ ਐਤਵਾਰ ਵੀ ਆਉਣਾ ਬੰਦ ਕਰ ਦਿਤਾ ਸੀ। ਉਸ ਨੇ ਕਿਹਾ ਕਿ ਮੈਨੂੰ ਇੱਥੇ ਆਉਣ ਤੋਂ ਸੁਖਦੇਵ ਸਿੰਘ ਰੋਕਦੇ ਸੀ ਜਿਸ ਦਾ ਕਾਰਨ ਦਵਿੰਦਰ ਕੌਰ ਨੇ ਇਹ ਦਸਿਆ ਕਿ ਕਿਉਂਕਿ ਮੇਰੀ ਨੂੰਹ ਵਤਨ ਦੀਪ ਕੌਰ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੀ ਸੀ। ਜਿਸ ਕਰਕੇ ਸਰਦਾਰ ਜੀ ਬਹੁਤ ਦੁਖੀ ਹੋ ਜਾਂਦੇ ਸੀ। ਗੁਆਂਢੀ ਕਹਿੰਦੇ ਹਨ ਕਿ ਜਦੋਂ ਵੀ ਦਵਿੰਦਰ ਕੌਰ ਇੱਥੇ ਸ਼ਨੀਵਾਰ ਤੇ ਐਤਵਾਰ ਆਉਂਦੀ ਸੀ ਤਾਂ ਉਹ ਆਪਣੇ ਪਤੀ ਸੁਖਦੇਵ ਸਿੰਘ ਨਾਲ ਬਹੁਤ ਜ਼ਿਆਦਾ ਲੜਦੀ ਸੀ, ਇਹ ਲੜਾਈ ਕੋਈ ਅੰਦਰ ਵੜ ਕੇ ਨਹੀਂ ਹੁੰਦੀ ਸੀ ਸਗੋਂ ਇਹ ਲੜਾਈ ਉਹ ਸ਼ਰੇਆਮ ਬਾਹਰ ਪੋਰਚ ਵਿਚ ਆਕੇ ਉਚੀ ਉਚੀ ਬੋਲ ਕੇ ਵੀ ਕਰਦੀ ਸੀ, ਉਹ ਕਈ ਵਾਰੀ ਕਹਿ ਚੁੱਕੀ ਸੀ ਕਿ ਇਹ ਕੋਠੀ ਮੇਰੇ ਨਾਮ ਹੈ ਤੁਸੀਂ ਇੱਥੋਂ ਬਾਹਰ ਨਿਕਲੋ, ਤਾਂ ਸੁਖਦੇਵ ਸਿੰਘ ਨੇ ਇਹ ਵੀ ਕਿਹਾ ਸੀ ਕਿ ਮੈਂ ਇਹ ਕੋਠੀ ਵਾਲੀ ਜਗ੍ਹਾ ਦਵਿੰਦਰ ਦੇ ਨਾਮ ਲਗਾ ਕੇ ਬਹੁਤ ਗ਼ਲਤੀ ਕੀਤੀ ਹੈ।
ਇਨ੍ਹਾਂ ਗੱਲਾਂ ਦਾ ਨਤੀਜਾ ਕੀ ਹੋਵੇਗਾ ਇਹ ਤਾਂ ਪੁਲਸ ਦੀ ਪੜਤਾਲ ਵਿਚ ਸਾਹਮਣੇ ਆਵੇਗਾ, ਪਰ ਇਕ ਪਾਸੇ ਦਵਿੰਦਰ ਦਾ ਪਤੀ ਤੇ ਪੁੱਤ ਤੇ ਪੋਤੀ ਚਲੀ ਗਈ ਹੈ, ਪਰ ਉਹ ਤਾਂ ਪਹਿਲਾਂ ਵੀ ਆਪਣੇ ਪਤੀ ਨਾਲ ਨਹੀਂ ਰਹਿੰਦੀ ਸੀ, ਉਹ ਤਾਂ ਜਦੋਂ ਵੀ ਪਟਿਆਲਾ ਆਉਂਦੀ ਸੀ ਤਾਂ ਕਥਿਤ ਉੱਪਰਲੇ ਕਮਰੇ ਵਿਚ ਸੌਂਦੀ ਸੀ ਤੇ ਉਸ ਦਾ ਪਤੀ ਹੇਠਾਂ ਵਾਲੇ ਕਮਰੇ ਵਿਚ ਸੌਂਦਾ ਸੀ। ਉਹ ਤਾਂ ਪਹਿਲਾਂ ਵੀ ਆਪਣੇ ਭਤੀਜਿਆਂ ਵਿਚ ਰਹਿੰਦੀ ਸੀ ਤੇ ਅੱਜ ਉਸ ਦੇ ਭਤੀਜੇ ਉਸ ਦੇ ਪਟਿਆਲਾ ਵਾਲੀ ਕੋਠੀ ਵਿਚ ਆਕੇ ਰਹਿਣ ਲੱਗ ਪਏ ਹਨ। ਦੂਜੇ ਪਾਸੇ ਵਤਨ ਦੀਪ ਕੌਰ ਦਾ ਪਤੀ ਤੇ ਬੇਟੀ ਚਲੀ ਗਈ ਹੈ, ਉਹ ਘਰ ਤੋਂ ਬੇਘਰ ਹੋ ਗਈ ਹੈ ਦੂਜੇ ਪਾਸੇ ਉਸ ਉਤੇ ਕੇਸ ਦਰਜ ਹੋ ਗਿਆ ਹੈ। ਸਿਰਫ਼ ਉਸ ਤੇ ਹੀ ਨਹੀਂ ਸਗੋਂ ਕਹਿੰਦੇ ਜਦੋਂ ਧੀ ਨੂੰ ਦੁਖ ਹੋਵੇ ਤਾਂ ਉਸ ਦੇ ਦੁੱਖਾਂ ਦੇ ਸਾਂਝੀ ਪੇਕੇ ਹੁੰਦੇ ਹਨ। ਉਸ ਦੇ ਦੁੱਖ ਦਰਦਾਂ ਦਾ ਸਾਂਝੀ ਉਸ ਦੇ ਪਿਤਾ ਦੇ ਵੀ ਉਸ ਨਾਲ ਹੀ ਕੇਸ ਦਰਜ ਹੋ ਗਿਆ ਹੈ। ਜਿਸ ਲਈ ਉਨ੍ਹਾਂ ਨੂੰ ਬਹੁਤ ਸਾਰੀ ਪ੍ਰੇਸ਼ਾਨੀਆਂ ਵਿਚੋਂ ਗੁਜ਼ਰਨਾ ਪਵੇਗਾ। ਵਕਤ ਬੜਾ ਬੇਰਹਿਮ ਹੈ। ਕੰਨੀ ਜਿਹੀ ਖਿਸਕਾ ਕੇ ਲੰਘ ਜਾਂਦਾ ਹੈ ਤੇ ਪਤਾ ਵੀ ਨਹੀਂ ਲਗਦਾ ਪਰ ਕਈ ਵਾਰੀ ਇਹ ਜਦੋਂ ਲੰਘਦਾ ਹੈ ਤਾਂ ਕਾਫੀ ਸਾਰੀ ਪੀੜ ਵੀ ਦੇ ਦਿੰਦਾ ਹੈ। ਇਹ ਪੀੜ ਕਿਸ ਨੂੰ ਜ਼ਿਆਦਾ ਹੈ ਇਹ ਪਾਠਕ ਸਮਝ ਰਹੇ ਹੋਣਗੇ?

ਬਾਕੀ ਕਲ ਛੇਵੀਂ ਕਿਸ਼ਤ