Saturday, September 12, 2015

ਪੁਰਾਣੇ ਗੀਤਾਂ ਦੇ ਰਿਕਾਰਡ ਸਾਂਭਣ ਦਾ ਜਨੂਨੀ ਹੈ ਜਸਪਾਲ ਸਿੰਘ ਕੁੱਥਾ ਖੇੜੀ ਤੋਂ

ਪੰਜਾਬੀ ਯੂਨੀਵਰਸਿਟੀ 'ਚ ਹੋ ਰਹੀ ਖੋਜ ਵਿਚ ਸਭਿਆਚਾਰ ਦਾ ਮਿਲਿਆ ਖ਼ਜ਼ਾਨਾ

1900 ਤੋਂ ਲੈ ਕੇ ਹੋਏ ਤਵਿਆਂ ਦੇ ਰੂਪ ਵਿਚ ਰਿਕਾਰਡ ਗੀਤਾਂ ਵਿਚ ਮਿਲੇ ਪੁਰਾਣੇ ਕਲਾਕਾਰ

ਗੁਰਨਾਮ ਸਿੰਘ ਅਕੀਦਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਪੁਰਾਣੇ ਰਿਕਾਰਡ ਗੀਤਾਂ ਦੇ ਆਧਾਰ ਤੇ ਪੰਜਾਬੀ ਗੀਤ ਗਾਇਕੀ ਅਤੇ ਪੇਸ਼ਕਾਰੀ, ਰੂਪ ਤੇ ਵਿਚਾਰਧਾਰਾ ਵਿਸ਼ੇ ਤੇ ਖੋਜ (ਪੀਐਚਡੀ) ਹੋ ਰਹੀ ਹੈ, ਜਿਸ ਤਹਿਤ ਡਾ. ਰਾਜਿੰਦਰਪਾਲ ਬਰਾੜ ਦੀ ਨਿਗਰਾਨੀ ਹੇਠ ਸੀਨੀਅਰ ਰਿਸਰਚ ਸਕਾਲਰ ਸਿਮਰਨਜੀਤ ਸਿੰਘ ਨੇ ਇੱਕ ਅਜਿਹਾ ਜਨੂਨੀ ਵਿਅਕਤੀ ਖ਼ੋਜਿਆ ਹੈ ਜਿਸ ਕੋਲ ਸੰਨ 1900 ਤੋਂ ਲੈ ਕੇ ਪੰਜਾਬੀ ਸਭਿਆਚਾਰ ਦੇ ਵੱਖੋ ਵੱਖਰੇ ਪੰਜਾਬੀ ਗੀਤ ਤਵਿਆਂ ਰਾਹੀਂ ਸੁਣਨ ਨੂੰ ਮਿਲਦੇ ਹਨ। ਉਸ ਕੋਲ 1000 ਦੇ ਕਰੀਬ ਪੰਜਾਬੀ ਕਲਾਕਾਰਾਂ ਦੇ 4000 ਦੇ ਕਰੀਬ ਤਵੇ ਸਾਂਭੇ ਪਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ 60 ਵਰ੍ਹੇ ਦੇ ਜਸਪਾਲ ਸਿੰਘ ਪਿੰਡ ਕੁੱਥਾਖੇੜੀ ਨੂੰ ਇਹ ਸ਼ੌਕ 1975 ਤੋਂ ਅਜਿਹਾ  ਪਿਆ ਕਿ ਉਸ ਨੇ 700 ਪੱਥਰ ਦੇ ਤਵੇ ਐੱਸ ਪੀ ਤੇ ਈ ਪੀ , 1500 ਦੇ ਕਰੀਬ ਐੱਸ ਈ ਪੀ,  ਈ ਪੀ ਤੇ ਸੁਪਰ ਤੇ ਹੋਰ ਵੱਡੀ ਗਿਣਤੀ ਵਿਚ ਐਨ ਐਲ ਪੀ, ਐਲ ਪੀ ਇਕੱਠੇ ਕਰ ਲਏ। ਤਵਿਆਂ ਦੇ ਗੀਤਾਂ ਦੀਆਂ ਕਿਸਮਾਂ ਵਿਚ ਦੁਗਾਣਾ, ਸੋਲੋ ਗੀਤ, ਪੰਜਾਬੀ ਫ਼ਿਲਮੀ, ਧਾਰਮਿਕ, ਉਰਦੂ, ਕੱਵਾਲੀ, ਭੇਟਾ ਧਾਰਮਿਕ, ਦੇਸ਼ ਭਗਤੀ, ਲੋਕ-ਗਾਥਾਵਾਂ, ਡਿਸਕੋ ਗੀਤ, ਪੰਜਾਬੀ ਕਾਮੇਡੀ ਗੀਤ, ਪੰਜਾਬੀ ਜੋਕ, ਗੁਰਬਾਣੀ ਸ਼ਬਦ-ਕੀਰਤਨ, ਇਤਿਹਾਸਕ ਕਥਾਵਾਂ, ਢੱਡ-ਸਾਰੰਗੀ ਕਥਾਵਾਂ, ਕਵੀਸ਼ਰੀ, ਸ਼ਹੀਦੀ ਸਾਕੇ, ਓਪੇਰੇ, ਮਸਾਲੇਦਾਰ ਦੋਗਾਣੇ, ਪੰਜਾਬੀ ਪੋਇਟਰੀ, ਪੰਜਾਬੀ ਸਟੇਜੀ ਅਖਾੜੇ, ਰਵਾਇਤੀ ਲੋਕ ਗੀਤ, ਵਿਆਹ ਦੇ ਗੀਤ, ਪੰਜਾਬੀ ਸਰਾਇਕੀ ਐਂਡ ਮੁਲਤਾਨੀ ਗੀਤ, ਢਾਡੀ ਕਲੀਆਂ ਆਦਿ ਅਤੇ ਉਸ ਕੋਲ ਹਿੰਦੀ ਫ਼ਿਲਮੀ ਗੀਤ, ਗ਼ਜ਼ਲ, ਕੱਵਾਲੀਆਂ, ਉਰਦੂ ਅਤੇ ਅੰਗਰੇਜ਼ੀ ਦੇ ਵੀ ਕੁੱਝ ਤਵੇ ਮੌਜੂਦ ਹਨ। ਇਹਨਾਂ ਤਵਿਆਂ ਨੂੰ ਚਲਾਉਣ ਲਈ ਉਨ੍ਹਾਂ ਕੋਲ ਚਾਬੀ ਵਾਲੀ ਗਰਾਮੋਫ਼ੋਨ ਤੋਂ ਬਿਨਾਂ ਬੈਟਰੀ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਵੀ ਮੌਜੂਦ ਹਨ। ਤਵਿਆਂ ਨੂੰ ਰਿਕਾਰਡ ਕਰਨ ਵਾਲੀਆਂ ਕੰਪਨੀਆਂ ਵਿਚ ਐਚ.ਐਮ.ਵੀ., ਰੀਗਲ, ਜੈਨਾਫੋਰ, ਕੋਲੰਬੀਆ, ਸਟਾਰ ਹਿੰਦੁਸਤਾਨ, ਯੰਗ ਇੰਡੀਆ, ਹਿੰਦੁਸਤਾਨ ਰਿਕਾਰਡਜ਼, ਦ ਟਵਿਨ, ਕੋਹੇਨੂਰ ਰਿਕਾਰਡਜ਼ ਜ਼ਿਕਰਯੋਗ ਹਨ, ਇਨ੍ਹਾਂ ਗੀਤਾਂ ਦੇ ਗਾਇਕਾਂ ਵਿਚ ਲਾਲ ਚੰਦ ਯਮ੍ਹਲਾ ਜੱਟ,  ਸੁਰਿੰਦਰ ਕੌਰ, ਹਰਚਰਨ ਗਰੇਵਾਲ, ਰਾਜਿੰਦਰ ਰਾਜਨ, ਸਵਰਨ ਲਤਾ, ਪ੍ਰਕਾਸ਼ ਕੌਰ, ਦੀਦਾਰ ਸੰਧੂ, ਦੀਦਾਰ ਸਿੰਘ ਸਟੈਂਡਾਂ (ਢਾਡੀ), ਨਿਰੰਜਨ ਸਿੰਘ ਐਂਡ ਪਾਰਟੀ (ਢਾਡੀ), ਕਮਲਜੀਤ ਮਧੂ, ਗੰਗਾ ਸਿੰਘ ਐਂਡ ਪਾਰਟੀ (ਢਾਡੀ), ਮੋਹਨ ਸਿੰਘ ਸ਼ੌਂਕੀ (ਢਾਡੀ), ਕਰਮਜੀਤ ਧੂਰੀ, ਨਰਿੰਦਰ ਬੀਬਾ, ਚਾਂਦੀ ਰਾਮ-ਸ਼ਾਤੀ ਦੇਵੀ, ਰੰਗੀਲਾ ਜੱਟ, ਅਮਰ ਸਿੰਘ ਸ਼ੌਂਕੀ (ਢਾਡੀ), ਮੁਹੰਮਦ ਸਦੀਕ-ਰਣਜੀਤ ਕੌਰ, ਕਰਨੈਲ ਗਿੱਲ, ਕਰਤਾਰ ਰਮਲਾ, ਬੀਰ ਚੰਦ ਗੋਪੀ, ਬੁੱਧ ਸਿੰਘ ਤਾਨ, ਮਿਸ ਬਦਰੂਨਿਸਾ, ਰਾਮੇਸ਼ ਰੰਗੀਲਾ, ਨਵਾਬ ਘੁਮਾਰ (ਤੂੰਬਾ-ਅਲਗੋਜ਼ਾ ਗਾਇਕੀ), ਮੋਹਨੀ ਨਰੂਲਾ, ਭਾਈ ਪ੍ਰਧਾਨ ਸਿੰਘ ਐਂਡ ਪਾਰਟੀ (ਆਸਾ ਦੀ ਵਾਰ 6 ਤਵਿਆਂ 'ਚ), ਗੁਰਪਾਲ ਸਿੰਘ ਪਾਲ, ਸੁਰਿੰਦਰ ਛਿੰਦਾ, ਕੁਲਦੀਪ ਕੌਰ, ਗੁਲਸ਼ਨ ਕੋਮਲ., ਕੁਲਦੀਪ ਮਾਣਕ, ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ, ਤਿਰਲੋਕ ਕਪੂਰ, ਸ਼੍ਰੀ ਰਾਮ ਦਰਦ ਪਟਿਆਲਵੀ, ਸੱਦ ਦੀਵਾਨਾ, ਆਸ਼ਾ ਭੌਂਸਲੇ, ਰਾਜ ਗਾਇਕ ਭਾਈ ਸੈਲਾ ਆਦਿ ਹਨ। ਪੰਜਾਬੀ ਯੂਨੀਵਰਸਿਟੀ ਵਿਚ ਆਏ ਜਸਪਾਲ ਸਿੰਘ ਨੇ ਦੱਸਿਆ ਕਿ ਕਈ ਬਜ਼ੁਰਗ ਹੋ ਚੁੱਕੇ ਕਲਾਕਾਰਾਂ ਨੂੰ ਜਦੋਂ ਮੈਂ ਅੱਜ ਮਿਲਦਾ ਹਾਂ ਤਾਂ ਉਹ ਉਨ੍ਹਾਂ ਦੀ ਆਵਾਜ਼ ਵਿਚ ਪੁਰਾਣੇ ਗੀਤ ਸੁਣ ਕੇ ਦੰਗ ਰਹਿ ਜਾਂਦੇ ਹਨ। ਆਮ ਸਾਧਾਰਨ ਪਰਵਾਰ ਦੇ 60 ਸਾਲਾ ਜਸਪਾਲ ਸਿੰਘ ਮਿਸਤਰੀ ਦਾ ਕੰਮ ਕਰਦਾ ਹੈ, ਜਿੱਥੇ ਵੀ ਕਿਤੇ ਪੁਰਾਣਾ ਗੀਤ ਰਿਕਾਰਡ ਮਿਲੇ ਤਾਂ ਮੂੰਹੋਂ ਮੰਗੇ ਰੁਪਏ ਦੇਕੇ ਉਹ ਰਿਕਾਰਡ ਖ਼ਰੀਦ ਲੈਂਦਾ ਹੈ। ਉਸ ਦੇ ਪੀ ਐਚ ਡੀ ਰਾਹੀਂ ਸਾਂਭੇ ਜਾ ਰਹੇ ਸਭਿਆਚਾਰਕ ਖ਼ਜ਼ਾਨੇ ਬਾਰੇ ਉਹ ਕਹਿੰਦਾ ਹੈ ਕਿ ਉਸ ਦੀ ਜ਼ਿੰਦਗੀ ਦੀ ਮਿਹਨਤ ਸਫਲ ਹੋ ਗਈ ਜਾਪ ਰਹੀ ਹੈ।

No comments:

Post a Comment