Sunday, April 03, 2016

ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ 'ਤੇ ਕੋਰਟ ਕੇਸਾਂ ਦੀ ਤਲਵਾਰ

Guru Gobind singh Bhawan in Punjabi University Patiala

ਗੁਰਨਾਮ ਸਿੰਘ ਅਕੀਦਾ
1962 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਖ਼ਾਸ ਕਰਕੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣਾਈ ਗਈ ਸੀ। ਇਹ ਮਾਲਵਾ ਅਤੇ ਪੁਆਧ ਦੇ ਪਛੜੇ ਪੇਂਡੂ ਖੇਤਰਾਂ ਦੇ ਬੱਚਿਆਂ ਨੂੰ ਉਚੇਰੀ ਸਿਖਿਆ ਦੇਣ ਵਾਲੀ ਵਰਦਾਨ ਯੂਨੀਵਰਸਿਟੀ ਵਜੋਂ ਜਾਣੀ ਜਾਂਦੀ ਹੈ। ਬਹੁਤ ਕੁੱਝ ਚੰਗਾ ਹੋਣ ਦੇ ਨਾਲ ਨਾਲ ਕੁੱਝ ਸਰਕਾਰੀ ਨੀਤੀਆਂ, ਕੁੱਝ ਹੋਰ ਕਾਰਨਾ ਕਰਕੇ ਇਸ ਯੂਨੀਵਰਸਿਟੀ ਨੂੰ ਕਈ ਸੰਕਟਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਵਿੱਤੀ ਹਾਲਾਤ :
1997-98 ਤੋਂ ਪਹਿਲਾਂ ਪੰਜਾਬ ਸਰਕਾਰ ਯੂਨੀਵਰਸਿਟੀ ਦੀਆਂ ਤਨਖ਼ਾਹਾਂ ਦਾ 99.94 ਫ਼ੀਸਦੀ ਖ਼ੁਦ ਅਦਾ ਕਰਦੀ ਸੀ। ਅੱਜ ਇਹ ਗਰਾਂਟ ਘਟਦੀ ਘਟਦੀ ਸਿਰਫ਼ 19.55 ਫ਼ੀਸਦੀ ਰਹਿ ਗਈ ਹੈ, ਯੂਨੀਵਰਸਿਟੀ ਨੂੰ ਤਨਖ਼ਾਹਾਂ ਦੇਣ ਲਈ ਬੈਂਕਾਂ ਕੋਲੋਂ 50 ਕਰੋੜ ਤੱਕ ਓਵਰ ਡਰਾਫ਼ਟ ਚੁੱਕਣਾ ਪੈ ਜਾਂਦਾ ਹੈ। 6 ਕਰੋੜ ਰੁਪਏ ਸਲਾਨਾ ਬਿਜਲੀ ਦਾ ਬਿੱਲ ਹੀ ਭਰਨਾ ਪੈਂਦਾ ਹੈ। ਪਿਛਲੇ ਸਾਲ 208 ਕਰੋੜ ਤੇ ਇਸ ਸਾਲ 1305975000 ਰੁਪਏ ਦੇ ਘਾਟੇ ਵਾਲਾ ਬਜਟ ਪਾਸ ਹੋਇਆ, ਇਸ ਘਾਟੇ ਵਿਚ ਐਨਪੀਐਸ ਦੇ ਕਰੀਬ 200 ਕਰੋੜ ਰੁਪਏ ਨਹੀਂ ਜੋੜੇ ਗਏ। ਇਸ ਬਜਟ ਵਿਚ ਸਾਰੇ ਵਸੀਲਿਆਂ ਤੋਂ ਯੂਨੀਵਰਸਿਟੀ ਨੂੰ 2016-17 ਵਿਚ ਕੁਲ ਆਮਦਨ 3994360290 ਰੁਪਏ ਹੋਵੇਗੀ, ਜਦ ਕਿ ਖਰਚਾ 5300335290 ਰੁਪਏ ਕੀਤੇ ਜਾਣ ਦਾ ਅਨੁਮਾਨ ਹੈ। ਇਸ ਸਾਲ ਦੇ ਬਜਟ ਘਾਟਾ ਘਟ ਜਾਣ ਦੇ ਕਾਰਨਾਂ ਵਿਚ ਸਮੈਸਟਰ ਪ੍ਰਣਾਲੀ, ਰਾਜ ਸਰਕਾਰ ਵੱਲੋਂ ਗਰਾਂਟ ਵਿਚ ਵਾਧਾ 50 ਕਰੋੜ ਤੋਂ 70 ਕਰੋੜ ਕੀਤੇ ਜਾਣ ਕਰਕੇ, ਵਾਧੂ ਖ਼ਰਚਿਆਂ ਨੂੰ ਰੋਕਣਾ ਆਦਿ ਦੱਸੇ ਜਾ ਰਹੇ ਹਨ। ਪਿਛਲੇ ਸਾਲ ਫ਼ੀਸਾਂ ਵਿਚੋਂ 830154430 ਰੁਪਏ ਦੇ ਮੁਕਾਬਲੇ ਅਗਲੇ ਸਾਲ ਫ਼ੀਸਾਂ ਤੋਂ 951066320 ਰੁਪਏ ਕਰਕੇ 12091180 ਰੁਪਏ ਵਾਧੂ ਕਮਾਉਣ ਦੀ ਤਜਵੀਜ਼ ਬਣਾਈ ਗਈ ਹੈ। ਫ਼ੀਸਾਂ ਵਧਾਉਣ ਦਾ ਅਧਿਕਾਰੀਆਂ ਵੱਲੋਂ ਇਹ ਤਰਕ  ਦਿੱਤਾ ਗਿਆ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ ਵਿਚ ਫ਼ੀਸਾਂ ਬਹੁਤ ਘੱਟ ਹਨ। ਵਿਦਿਆਰਥੀਆਂ ਦਾ ਤਰਕ ਹੈ ਕਿ ਕਿਸਾਨੀ ਖੁਦਕੁਸ਼ੀਆਂ ਆਦਿ ਸੰਕਟਾਂ ਵਾਲੇ ਪਛੜੇ ਇਲਾਕੇ ਦੀ ਇਸ ਯੂਨੀਵਰਸਿਟੀ ਦੀਆਂ ਫ਼ੀਸਾਂ ਵਧਾਉਣ ਦਾ ਮਤਲਬ ਹੈ ਕਿ ਪਛੜੇ ਇਲਾਕੇ ਨੂੰ ਉਚੇਰੀ ਸਿਖਿਆ ਤੋਂ ਦੂਰ ਕਰਨਾ। ਕੇਂਦਰ ਸਰਕਾਰ ਵੱਲੋਂ ਪ੍ਰੋਜੈਕਟਾਂ ਤੋਂ ਇਲਾਵਾ ਸਿੱਧੇ ਤੌਰ ਤੇ ਕੋਈ ਵਾਧੂ ਗਰਾਂਟ ਮਿਲਣ ਦੇ ਅੰਕੜੇ ਨਹੀਂ ਮਿਲੇ। ਆਰਥਿਕ ਸੰਕਟ ਸਵੀਕਾਰ ਕਰਦਿਆਂ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਗਰਾਂਟਾਂ ਅਤੇ ਫ਼ੀਸਾਂ ਤੇ ਹੀ ਨਿਰਭਰ ਕਰਦੀ ਹੈ।
ਦਾਖ਼ਲੇ :
ਪਿਛਲੇ ਸਾਲ ਯੂਨੀਵਰਸਿਟੀ ਕੈਂਪਸ ਵਿਚ 7284 ਮੁੰਡੇ ਤੇ 7279 ਕੁੜੀਆਂ  ਦੇ ਦਾਖ਼ਲੇ ਹੋਏ, ਰਿਜਨਲ ਸੈਂਟਰਾਂ ਵਿਚ 370 ਮੁੰਡੇ ਤੇ 759 ਕੁੜੀਆਂ, ਨੇਬਰਹੁੱਡ ਕੈਂਪਸ ਵਿਚ 1147 ਮੁੰਡੇ ਤੇ 1278 ਕੁੜੀਆਂ, ਡਿਸਟੈਂਸ ਐਜੂਕੇਸ਼ਨ ਵਿਚ 11972 ਮੁੰਡੇ ਤੇ 8822 ਕੁੜੀਆਂ ਅਤੇ ਕਾਂਸਟੀਚਿਓਂਟ ਕਾਲਜਾਂ ਵਿਚ 7317 ਮੁੰਡੇ ਤੇ 5143 ਕੁੜੀਆਂ ਨੇ ਦਾਖਲਾ ਲਿਆ। ਜਿਸ ਤਹਿਤ ਯੂਨੀਵਰਸਿਟੀ ਵਿਚ ਕੁੱਲ 28090 ਮੁੰਡੇ ਅਤੇ 23281 ਕੁੜੀਆਂ ਮਿਲਾ ਕੇ ਕੁੱਲ 51371 ਬੱਚੇ ਪੜ੍ਹ ਰਹੇ ਹਨ। ਕੁੜੀਆਂ ਦੇ ਘੱਟ ਦਾਖ਼ਲੇ ਹੋਣ ਤੋਂ ਇਹ ਕਿਆਸ ਲਾਇਆ ਜਾ ਸਕਦਾ ਹੈ ਕਿ ਡਿਸਟੈਂਸ ਐਜੂਕੇਸ਼ਨ ਅਤੇ ਮਾਲਵਾ ਤੇ ਪੁਆਧ ਦੇ ਪੇਂਡੂ ਖੇਤਰ ਦੀਆਂ ਕੁੜੀਆਂ ਉਚੇਰੀ ਸਿਖਿਆ ਵਿਚ ਘੱਟ ਤਵੱਜੋ ਦੇ ਰਹੀਆਂ ਹਨ।
ਅਧਿਆਪਕ ਤੇ ਗੈਰ ਅਧਿਆਪਨ :
ਅਧਿਆਪਕਾਂ ਦੀਆਂ ਸਾਰੀਆਂ ਸ਼੍ਰੇਣੀਆਂ ਮਿਲਾ ਕੇ ਕੁੱਲ ਪ੍ਰਵਾਨਿਤ ਅਸਾਮੀਆਂ 1529 ਵਿਚੋਂ 1051 ਭਰੀਆਂ ਹਨ। ਗੈਰ ਅਧਿਆਪਨ ਵਿਚ ਕੁੱਲ ਪ੍ਰਵਾਨਿਤ ਅਸਾਮੀਆਂ 2527 ਵਿਚੋਂ 2107 ਭਰੀਆਂ ਹਨ ਤੇ ਤਕਨੀਕੀ ਸਟਾਫ਼ ਦੀਆਂ ਕੁੱਲ 878 ਵਿਚੋਂ 647 ਭਰੀਆਂ ਹਨ। ਸੇਵਾ ਮੁਕਤ ਹੋਣ ਤੋਂ ਬਾਅਦ 70 ਦੇ ਕਰੀਬ ਅਧਿਆਪਕ ਮੁੜ ਨਿਯੁਕਤ ਹੋਏ ਹਨ, ਪਰ ਨਿਯਮਾਂ ਅਨੁਸਾਰ ਉਨ੍ਹਾਂ ਦੀ ਕੋਈ ਕਥਿਤ ਕਾਰਗੁਜ਼ਾਰੀ ਨਹੀਂ ਦੇਖੀ ਜਾਂਦੀ। ਰਜਿਸਟਰਾਰ ਡਾ. ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਨਿਯੁਕਤੀਆਂ ਯੂਜੀਸੀ ਦੇ ਨਿਯਮਾਂ ਅਨੁਸਾਰ ਹੀ ਹੁੰਦੀਆਂ ਹਨ।
ਜ਼ਮੀਨ 'ਤੇ ਸਰਕਾਰੀ ਕਬਜ਼ਾ :
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ 'ਮੈਰੀਟੋਰੀਅਸ ਸਕੂਲ' ਖੋਲ੍ਹਣ ਲਈ ਯੂਨੀਵਰਸਿਟੀ ਦੀ ਕੀਮਤੀ 6 ਏਕੜ ਤੇ ਵਰਲਡ ਪੰਜਾਬੀ ਸੈਂਟਰ ਲਈ ਕਰੀਬ 2 ਏਕੜ ਜ਼ਮੀਨ ਹਥਿਆ ਲਈ ਹੈ। ਜਿਸ ਦਾ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਕਥਿਤ ਕੋਈ ਫ਼ੰਡ ਨਹੀਂ ਦਿੱਤਾ ਗਿਆ, ਹੁਣ ਸੜਕ ਦੇ ਨੇੜੇ ਨੇੜੇ ਵੀ ਜ਼ਮੀਨ ਸਰਕਾਰ ਨੂੰ ਕਥਿਤ ਮੁਫ਼ਤ ਦੇਣ ਦੇ ਚਰਚੇ ਹਨ। ਐਕਸੀਅਨ ਮਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਹ ਜ਼ਮੀਨ ਬਹੁਤ ਥੋੜੀ ਰਕਮ ਦੀ ਲੀਜ਼ ਤੇ ਦਿੱਤੀ ਹੈ ਜੇਕਰ ਜ਼ਮੀਨ ਨਾ ਵਰਤੀ ਗਈ ਤਾਂ ਇਹ ਸਾਰੀਆਂ ਇਮਾਰਤਾਂ ਸਮੇਤ ਯੂਨੀਵਰਸਿਟੀ ਕੋਲ ਵਾਪਸ ਆ ਜਾਵੇਗੀ।
ਕੋਰਟ ਕੇਸ :
1 ਜਨਵਰੀ ਤੋਂ 30 ਮਾਰਚ 2016 ਤੱਕ ਹੀ ਯੂਨੀਵਰਸਿਟੀ 'ਤੇ 24 ਕੇਸ ਹਾਈਕੋਰਟ ਵਿਚ ਫਾਈਲ ਹੋਏ ਹਨ। ਸੇਵਾ ਮੁਕਤ ਅਧਿਆਪਕਾਂ ਤੇ ਗੈਰ ਅਧਿਆਪਕਾਂ ਦਾ ਦੋਸ਼ ਹੈ ਕਿ ਆਪਣੀ ਗਰੈਚੁਟੀ, ਲੀਵ ਇਨ ਕੇਸ਼ਮੈਂਟ ਆਦਿ ਹੋਰ ਲਾਭ ਲੈਣ ਲਈ ਵੀ ਉਨ੍ਹਾਂ ਨੂੰ ਮਾਨਯੋਗ ਅਦਾਲਤ ਦਾ ਸਹਾਰਾ ਲੈਣਾ ਪੈਂਦਾ ਹੈ। ਯੂਨੀਵਰਸਿਟੀ ਵਿਚ ਹੁੰਦੀਆਂ ਕਥਿਤ ਵੱਖ ਵੱਖ ਬੇਨਿਯਮੀਆਂ, ਭਰਤੀਆਂ ਖ਼ਿਲਾਫ਼ ਮਾਨਯੋਗ ਅਦਾਲਤ ਵਿਚ ਸੈਂਕੜੇ ਕੇਸ ਚਲ ਰਹੇ ਹਨ, ਜਿਸ ਕਰਕੇ ਯੂਨੀਵਰਸਿਟੀ ਨੂੰ ਪੱਕੇ ਤਨਖ਼ਾਹ ਦੇ ਵਕੀਲ ਰੱਖਣੇ ਪਏ ਹਨ। ਇੱਥੋਂ ਤੱਕ ਕਿ ਦੋ ਵੱਡੇ ਅਧਿਕਾਰੀਆਂ ਦੀਆਂ ਪਤਨੀਆਂ ਦੀਆਂ ਨਿਯੁਕਤੀਆਂ ਵੀ ਹਾਈਕੋਰਟ ਵਿਚ 'ਚੈਲੇਂਜ' ਹੋ ਗਈਆਂ ਹਨ।
ਆਰਟੀਆਈ :
ਆਰਟੀਆਈ ਵਿੰਗ 'ਤੇ ਦੋਸ਼ ਹੈ ਕਿ ਉਹ ਕੋਈ ਵੀ ਅਜਿਹੀ ਆਰਟੀਆਈ ਦੇਣ ਲਈ ਤਿਆਰ ਨਹੀਂ ਹੈ ਜਿਸ ਨਾਲ ਅਧਿਕਾਰੀਆਂ ਦੀਆਂ ਬੇਨਿਯਮੀਆਂ ਦੇ ਭੇਦ ਖੁੱਲ੍ਹਦੇ ਹੋਣ। ਆਰਟੀਆਈ ਐਕਟੀਵਿਸਟ ਪਰਮਿੰਦਰਪਾਲ ਸਿੰਘ ਨਦਾਮਪੁਰ ਦਾ ਕਹਿਣਾ ਹੈ ਕਿ ਆਰਟੀਆਈ ਦੀਆਂ ਧਰਾਵਾਂ ਦੀ ਦੁਰਵਰਤੋਂ ਕਰਕੇ ਸੂਚਨਾਵਾਂ ਦੇਣ ਤੋਂ ਕਿਨਾਰਾ ਕੀਤਾ ਜਾਂਦਾ ਹੈ। ਜਿਸ ਤਹਿਤ ਕਥਿਤ 100 ਦੇ ਕਰੀਬ ਕੇਸ ਕਮਿਸ਼ਨ ਕੋਲ ਪੈਂਡਿੰਗ ਪਏ ਹਨ। ਰਜਿਸਟਰਾਰ ਡਾ. ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੋ ਵੀ ਸੂਚਨਾ ਨਿਯਮਾਂ ਅਨੁਸਾਰ ਮੰਗੀ ਜਾਂਦੀ ਹੈ ਉਹ ਦਿੱਤੀ ਜਾਂਦੀ ਹੈ। 
ਚੋਣਾਂ :
ਪੰਜਾਬੀ ਯੂਨੀਵਰਸਿਟੀ ਵਿਚ ਅਧਿਆਪਕਾਂ, ਵਿਦਿਆਰਥੀਆਂ, ਗੈਰ ਅਧਿਆਪਨ ਅਤੇ ਏ ਕਲਾਸ ਅਫ਼ਸਰਾਂ ਦੀਆਂ ਜਥੇਬੰਦੀਆਂ ਦੀਆਂ ਚੋਣਾਂ ਬੰਦ ਹਨ। ਵਿਦਿਆਰਥੀਆਂ ਦੀਆਂ ਪਿਛਲੇ ਦੋ ਦਹਾਕਿਆਂ ਤੋਂ, ਅਧਿਆਪਕਾ ਦੀ ਜਥੇਬੰਦੀ 'ਪੂਟਾ' ਦੀਆਂ ਕਰੀਬ 10 ਸਾਲਾਂ ਤੋਂ, ਨਾਨ ਟੀਚਿੰਗ ਕਰਮਚਾਰੀ ਸੰਘ ਦੀਆਂ ਚੋਣਾਂ ਇਕ ਸਾਲ ਤੋਂ ਅਤੇ ਹੁਣ ਏ ਕਲਾਸ ਅਫ਼ਸਰ ਐਸੋਸੀਏਸ਼ਨ ਦੀਆਂ ਚੋਣਾਂ ਵੀ ਬੰਦ ਪਈਆਂ ਹਨ। ਅਧਿਕਾਰੀ ਚੋਣਾ ਬੰਦ ਹੋਣ ਦਾ ਕਾਰਨ ਜਥੇਬੰਦੀਆਂ ਦੀ ਆਪਸੀ ਫੁੱਟ ਦੱਸਦੇ ਹਨ ਪਰ ਚੋਣਾ ਨਾ ਹੋਣ ਦਾ ਸਿੱਧਾ ਲਾਭ ਅਧਿਕਾਰੀਆਂ ਨੂੰ ਹੀ ਹੁੰਦਾ ਹੈ। ਹੁਣ ਹਾਲ ਇਹ ਹੈ ਕਿ ਸਾਰੇ ਵਰਗਾਂ ਦੇ ਆਪੋ ਆਪਣੇ ਗਰੁੱਪ ਬਣੇ ਹਨ ਜੋ ਗਰੁੱਪ ਅਧਿਕਾਰੀਆਂ ਦੇ ਜ਼ਿਆਦਾ ਨੇੜੇ ਹੁੰਦਾ ਹੈ ਉਹ ਆਪਣੇ ਕੰਮ ਕਰਵਾਉਣ ਵਿਚ ਕਾਮਯਾਬ ਹੁੰਦੇ ਹਨ ਬਾਕੀਆਂ ਨੂੰ ਕਥਿਤ ਫਾਈਲਾਂ ਵਿਚ ਲਟਕਣਾ ਪੈਂਦਾ ਹੈ।    
2008 ਤੋਂ 2015 ਤੱਕ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਕੰਮਾਂ ਦਾ ਵੇਰਵਾ
40 ਤੋਂ 68 ਵਿਭਾਗ ਹੋਏ, ਕਈ ਵਿਭਾਗ ਯੂਜੀਸੀ ਦੇ ਨਿਯਮਾਂ ਤੋਂ ਉਲਟ ਚਲ ਰਹੇ ਹਨ।
 ਫੈਕਲਟੀ ਮੈਂਬਰਾਂ ਦੁਆਰਾ ਰਿਸਰਚ ਪ੍ਰੋਜੈਕਟ
ਯੂਜੀਸੀ ਤੇ ਹੋਰ : 62
ਆਨ ਗੋਇੰਗ (ਚਲ ਰਹੇ)
ਯੂਜੀਸੀ ਦੁਆਰਾ ਫਡਿੰਗ : 66 ਪ੍ਰੋਜੈਕਟ
ਹੋਰ ਸੰਸਥਾਵਾਂ ਦੁਆਰਾ : 70 ਪ੍ਰੋਜੈਕਟਰ

ਫੈਕਲਟੀ ਦੁਆਰਾ ਕਾਰਜ
ਅਸਲ ਕਿਤਾਬਾਂ : 438
ਸੰਪਾਦਨ ਕਿਤਾਬਾਂ : 154
ਲੇਖਾਂ ਵਾਲੀਆਂ ਕਿਤਾਬਾਂ : 478
ਪੱਤ੍ਰਿਕਾਵਾਂ ਵਿਚ ਖੋਜ ਪੇਪਰ : 4967
ਪਬਲੀਕੇਸ਼ਨ ਦੁਆਰਾ ਕਿਤਾਬਾਂ ਪਬਲਿਸ਼ : 537
ਪੇਟੈਂਟ ਰਜਿਸਟਰਡ ਅਤੇ ਮਨਜ਼ੂਰ : 22
ਯੂਨੀਵਰਸਿਟੀ ਦੀਆਂ ਆਪਣੀਆਂ ਪੱਤ੍ਰਿਕਾਵਾਂ : 11
ਪੀਐਚਡੀ ਸੰਪੂਰਨ : 998+7 = 1005
ਕੌਮੀ ਤੇ ਕੌਮਾਂਤਰੀ ਯੂਨੀਵਰਸਿਟੀਆਂ ਨਾਲ ਸਮਝੌਤੇ : 28
ਇੰਡਸਟਰੀਜ਼ ਤੇ ਇੰਸਟੀਚਿਊਟਸ ਨਾਲ ਸਮਝੌਤੇ : 8
ਤੋਂ ਇਲਾਵਾ
11 ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਸੈਂਟਰ ਸਥਾਪਤ ਕੀਤੇ।
ਖੇਡਾਂ ਵਿਚ ਲਗਾਤਾਰ 7 ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ ਟਰਾਫ਼ੀ) ਹਾਸਲ ਕੀਤੀ
ਅਨੇਕਾਂ ਪ੍ਰਬੰਧਕੀ ਕਮੀਆਂ ਦੇ ਬਾਵਜੂਦ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਸ਼ਲਾਘਾ ਹੁੰਦੀ ਹੈ ਕਿ ਬਿਨਾਂ ਕਿਸੇ ਵਿਵਾਦ ਤੋਂ ਇਹ ਯੂਨੀਵਰਸਿਟੀ ਚਲ ਰਹੀ ਹੈ।

ਗੁਰਨਾਮ ਸਿੰਘ ਅਕੀਦਾ
8146001100