Thursday, September 29, 2016

ਪੰਜਾਬੀ ਯੂਨੀਵਰਸਿਟੀ ਵਿਚ ਸ਼ਹੀਦ ਭਗਤ ਸਿੰਘ ਦੀ ਫ਼ੋਟੋ ਲਾਉਣ ਤੇ ਹੋਇਆ ਵਿਵਾਦ

ਫ਼ੋਟੋ ਉਤਾਰਨ ਲਈ ਅਧਿਕਾਰੀਆਂ ਨੇ ਅੱਜ ਸਾਰਾ ਦਿਨ ਵਿਦਿਆਰਥੀ ਜਥੇਬੰਦੀ ਤੇ ਪਾਇਆ ਦਬਾਅ
ਇਕ ਵਿਦਿਆਰਥੀ ਗਰੁੱਪ ਨੇ ਭਗਤ ਸਿੰਘ ਦੀ ਫ਼ੋਟੋ ਉਤਾਰਨ ਲਈ ਪਾਇਆ ਜਾ ਰਿਹਾ ਹੈ ਲਗਾਤਾਰ ਦਬਾਅ
ਗੁਰਨਾਮ ਸਿੰਘ ਅਕੀਦਾ
ਭਾਰਤ ਦੇ ਕੌਮੀ ਹੀਰੋ ਸਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐਸਐਫ) ਵੱਲੋਂ ਕੈਂਪਸ ਵਿਚ ਬਣਾਈ ਸਰਦਾਰ ਭਗਤ ਸਿੰਘ ਦੀ ਪੇਂਟਿੰਗ ਨੂੰ ਹਟਾਉਣ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਕਾਫ਼ੀ ਜ਼ੋਰ ਲਗਾ ਰੱਖਿਆ ਹੈ। ਇਸ ਦਾ ਕਾਰਨ ਹੈ ਕਿ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਗਰੁੱਪ ਨੇ ਇਹ ਫ਼ੋਟੋ ਉਤਾਰਨ ਲਈ ਅਧਿਕਾਰੀਆਂ ਤੇ ਦਬਾਅ ਪਾਇਆ ਹੈ। ਅੱਜ ਬਾਅਦ ਦੁਪਹਿਰ ਅਧਿਕਾਰੀਆਂ ਦੀ ਏਆਈਐਸਐਫ ਦੇ ਵਿਦਿਆਰਥੀ ਆਗੂਆਂ ਨਾਲ ਫ਼ੋਟੋ ਉਤਾਰਨ ਲਈ ਲਗਾਤਾਰ ਮੀਟਿੰਗ ਚੱਲੀ। ਪਰ ਏਆਈਐਸਐਫ ਨੇ ਫ਼ੋਟੋ ਉਤਾਰਨ ਲਈ ਵਿਦਿਆਰਥੀਆਂ ਨਾਲ ਸਲਾਹ ਮਸ਼ਵਰਾ ਕਰਨ ਲਈ ਸਮਾਂ ਮੰਗਿਆ ਹੈ।
    ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਚ ਚੱਲ ਰਹੀ ਭਗਵਾਨ ਦਾਸ ਕੰਟੀਨ ਦੇ ਪਿਛਲੇ ਪਾਸੇ ਭਾਰਤ ਦੇ ਕੌਮੀ ਸ਼ਹੀਦ ਸਰਦਾਰ ਭਗਤ ਸਿੰਘ ਦੀ ਤਸਵੀਰ ਦੀ ਪੇਂਟਿੰਗ ਕੀਤੀ ਹੋਈ ਹੈ। ਏਆਈਐਸਐਫ ਵੱਲੋਂ ਬਣਾਈ ਇਸ ਪੇਂਟਿੰਗ ਵਿਚ ‘ਭਗਤ ਸਿੰਘ ਨੈਸ਼ਨਲ ਇੰਪਲਾਈਮੈਂਟ ਗਰੰਟੀ ਐਕਟ’ ਬਣਾਉਣ ਦਾ ਨਾਅਰਾ ਦੇ ਕੇ ਵਿਦਿਆਰਥੀਆਂ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਇਸ ਦੇ ਵਿਰੋਧ ਵਿਚ ਵਿਦਿਆਰਥੀਆਂ ਦੇ ਇਕ ਗਰੁੱਪ ਦੇ ਆਗੂ ਰਣਜੀਤ ਸਿੰਘ ਨੇ ‍ਅਧਿਕਾਰੀਆਂ ਕੋਲ ਅਵਾਜ਼ ਉਠਾਈ ਕਿ ਪਹਿਲਾਂ ਯੂਨੀਵਰਸਿਟੀ ਦੀਆਂ ਦੀਵਾਰਾਂ ਦੇ ਚੀ ਗਵੇਰਾ ਦੀ ਫ਼ੋਟੋ ਲਗਾਈ ਗਈ, ਉਸ ਤੋਂ ਬਾਅਦ ਪੀਐਸਯੂ ਵੱਲੋਂ ਭਗਤ ਸਿੰਘ ਦੀ ਛੋਟੀ ਫ਼ੋਟੋ ਲਗਾਈ ਗਈ, ਹੁਣ ਏਆਈਐਸਐਫ ਵੱਲੋਂ ਵੱਡੀ ਪੇਂਟਿੰਗ ਬਣਾਈ ਗਈ ਹੈ, ਜਿਸ ਤੇ ਸਾਨੂੰ ਇਤਰਾਜ਼ ਹੈ। ਪਹਿਲਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਰਹੇ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਯੂਨੀਵਰਸਿਟੀ ਵਿਚ ਇਕ ਅਜਿਹਾ ਗਰੁੱਪ ਬਣਾਇਆ ਹੈ ਜੋ ਯੂਨੀਵਰਸਿਟੀ ਵਿਚ ਲਗਦੀਆਂ ਵਾਧੂ ਤਸਵੀਰਾਂ ਦਾ ਵਿਰੋਧ ਕਰੇਗਾ, ਰਣਜੀਤ ਸਿੰਘ ਨੇ ਕਿਹਾ ਕਿ ਅੱਜ ਭਗਤ ਸਿੰਘ ਦੇ ਸ਼ਰਧਾਲੂ ਸਰਦਾਰ ਭਗਤ ਸਿੰਘ ਦੀ ਫ਼ੋਟੋ ਲਗਾ ਰਹੇ ਹਨ ਕੱਲ੍ਹ ਨੂੰ ਇੱਥੇ ਕੋਈ ਹੋਰ ਫ਼ੋਟੋ ਲਗਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਇਹ ਫ਼ੋਟੋ ਨਾ ਉਤਾਰੀ ਗਈ ਤਾਂ ਉਹ ਸਿੱਖ ਸੰਘਰਸ਼ ਵਿਚ ਸ਼ਹੀਦ ਹੋਏ ਸਿੰਘਾਂ ਦੀਆਂ ਫ਼ੋਟੋਆਂ ਇੱਥੇ ਲਗਾਉਣਗੇ।  ਦੂਜੇ ਪਾਸੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਿਕਲੇ ਏਆਈਐਸਐਫ ਦੇ ਆਗੂ ਪਰਮ ਪੜਤੇਵਾਲ, ਸੰਦੀਪ, ਜੋਧਾ ਸਿੰਘ, ਗੁਰਜੰਟ ਸਿੰਘ ਆਦਿ ਨੇ ਕਿਹਾ ਕਿ ਸਾਨੂੰ ਅੱਜ ਅਧਿਕਾਰੀਆਂ ਨੇ ਸਹੀਦੇ ਆਜ਼ਮ ਭਗਤ ਸਿੰਘ ਦੀ ਫ਼ੋਟੋ ਉਤਾਰਨ ਲਈ ਜ਼ੋਰ ਲਗਾਇਆ ਹੈ ਅਤੇ ਕਿਹਾ ਕਿ ਕੋਈ ਸ਼ਰਾਰਤੀ ਅਨਸਰ ਵੱਲੋਂ ਜੇਕਰ ਸ਼ਹੀਦ ਭਗਤ ਸਿੰਘ ਦੀ ਫ਼ੋਟੋ ਤੇ ਸ਼ਰਾਰਤ ਕਰ ਦਿੱਤੀ ਤਾਂ ਮਾਹੌਲ ਖ਼ਰਾਬ ਹੋ ਜਾਵੇਗਾ। ਪਰ ਸਾਡੀ ਜਥੇਬੰਦੀ ਦਾ ਫ਼ੈਸਲਾ ਹੈ ਕਿ ਉਹ ਇਹ ਫ਼ੋਟੋ ਨਹੀਂ ਉਤਾਰਨਗੇ ਸਗੋਂ ਇਹ ਮਾਮਲਾ ਵਿਦਿਆਰਥੀਆਂ ਕੋਲ ਲੈ ਕੇ ਜਾਣਗੇ। ਉੱਧਰ ਡੀਨ ਵਿਦਿਆਰਥੀ ਭਲਾਈ ਡਾ. ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਦੇ ਜਨਮ ਦਿਨ 28 ਸਤੰਬਰ ਤੱਕ ਅਸੀਂ ਵਿਦਿਆਰਥੀਆਂ ਨੂੰ ਇਹ ਫ਼ੋਟੋ ਲਾਉਣ ਦੀ ਆਗਿਆ ਦੇ ਦਿੱਤੀ ਸੀ, ਪਰ ਇਕ ਜਥੇਬੰਦੀ ਵੱਲੋਂ ਕੀਤੇ ਵਿਰੋਧ ਤੋਂ ਬਾਅਦ ਸਾਡੇ ਲਈ ਸਥਿਤੀ ਕਸੂਤੀ ਬਣ ਜਾਂਦੀ ਹੈ, ਇਸ ਕਰਕੇ ਅਸੀਂ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਤਸਵੀਰ ਖ਼ੁਦ ਹੀ ਉਤਾਰ ਦੇਣ। ਵਿਦਿਆਰਥੀ ਬਹੁਤ ਸਿਆਣੇ ਹਨ ਉਹ ਯੂਨੀਵਰਸਿਟੀ ਦੇ ਮਾਹੌਲ ਬਾਰੇ ਸਮਝ ਕੇ ਵਿਦਿਆਰਥੀਆਂ ਨਾਲ ਸਲਾਹ ਕਰਕੇ ਇਹ ਤਸਵੀਰ ਉਤਾਰਨ ਦਾ ਵਾਅਦਾ ਕਰਕੇ ਗਏ  ਹਨ।

No comments:

Post a Comment