Tuesday, August 22, 2017

ਮੀਡੀਆ ਵੈਲਫੇਅਰ ਐਸੋਸੀਏਸ਼ਨ ਵੱਲੋਂ ਭਾਖੜਾ ਪੁਲ ਤੇ ਲਗਾਇਆ ਨਲਕਾ ਕੀਤਾ ਲੋਕ ਅਰਪਣ

ਭਾਖੜਾ ਨੇ ਲਗਾਏ ਗਏ ਨਲਕੇ ਦਾ ਪਾਣੀ ਹੈ ਰੋਗ ਰਹਿਤ : ਡਾ. ਹਰਸ਼ਿੰਦਰ ਕੌਰ
ਸਮਾਜ ਸੇਵਾ ਵਿਚ ਯੋਗਦਾਨ ਪਾਉਣ ਲਈ ਬਲਵਿੰਦਰ ਸਿੰਘ ਜਾਤੀਵਾਲ ਦਾ ਕੀਤਾ ਸਨਮਾਨ

ਪਟਿਆਲਾ, 22 ਅਗਸਤ
''ਭਾਖੜਾ ਨੇੜੇ ਨਲਕੇ ਨਾਲ ਨਿਕਲਣ ਵਾਲਾ ਪਾਣੀ ਕੀਮਤੀ ਹੁੰਦਾ ਹੈ ਜੋ ਕਈ ਸਾਰੀਆਂ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ ਤੇ ਸਿਹਤ ਨੂੰ ਵੀ ਤੰਦਰੁਸਤ ਰੱਖਦਾ ਹੈ, ਇਸ ਦੇ ਉਲਟ ਬਠਿੰਡਾ ਮਾਨਸਾ ਇਲਾਕੇ ਦਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਜਿਸ ਤੋਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੈ'' ਇਨ੍ਹਾਂ ਵਿਚਾਰ ਉੱਘੇ ਕਾਲਮ ਨਵੀਸ਼ ਅਤੇ ਲੇਖਕਾ ਡਾਕਟਰ ਹਰਸ਼ਿੰਦਰ ਕੌਰ ਨੇ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਵੱਲੋਂ ਅੱਜ ਸਿੱਧੂਵਾਲ ਵਿਚ ਪਾਣੀਆਂ ਪ੍ਰਤੀ ਕਰਾਏ ਸੈਮੀਨਾਰ ਵਿਚ ਬੋਲਦਿਆਂ ਪ੍ਰਗਟ ਕੀਤੇ। ਇਸੇ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿੱਤ ਨੇ ਕੁੱਝ ਜ਼ਰੂਰੀ ਕਾਰਨਾਂ ਕਰਕੇ ਸੈਮੀਨਾਰ ਵਿਚ ਹਾਜ਼ਰ ਨਾ ਹੋਕੇ ਆਪਣਾ ਸੰਦੇਸ਼ ਦਿੱਤਾ ਕਿ ਮੀਡੀਆ ਵੈਲਫੇਅਰ ਜੋ ਵੀ ਸਮਾਜ ਭਲਾਈ ਦਾ ਕੰਮ ਕਰ ਰਹੀ ਹੈ ਉਹ ਸਹੀ ਹੈ ਉਸ ਦੇ ਅਸੀਂ ਨਾਲ ਹਾਂ ਉਨ੍ਹਾਂ ਨੂੰ ਇਹ ਕੰਮ ਜਾਰੀ ਰੱਖਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਹੋਂਦ ਵਿਚ ਆਈ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਦੀ ਰਹਿਨੁਮਾਈ ਵਿਚ ਸਿੱਧੂਵਾਲ ਪਿੰਡ ਕੋਲ ਭਾਖੜਾ ਦੇ ਪੁਲ ਤੇ ਨਲਕਾ ਲਗਾਉਣ ਦਾ ਕੰਮ ਕੀਤਾ ਹੈ, ਜਿਸ ਲਈ ਸਹਿਯੋਗ ਮਿਲਕਫੈੱਡ ਦੇ ਸਾਬਕਾ ਜਨਰਲ ਮੈਨੇਜਰ ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਨੇ ਕੀਤਾ ਹੈ। ਇਸ ਕਰਕੇ ਅੱਜ ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਦਾ ਸਨਮਾਨ ਵੀ ਕੀਤਾ ਗਿਆ। ਇਸ ਵੇਲੇ ਨਲਕੇ ਦਾ ਰਸਮੀ ਉਦਘਾਟਨ ਡਾ. ਹਰਸ਼ਿੰਦਰ ਕੌਰ ਤੋਂ ਕਰਵਾ ਕੇ ਉਹ ਆਮ ਲੋਕਾਂ ਦੇ ਅਰਪਣ ਕਰ ਦਿੱਤਾ। ਇਸ ਵੇਲੇ ਸਿੱਧੂਵਾਲ ਵਿਚ ਹੋਏ ਪਾਣੀਆਂ ਤੇ ਸੈਮੀਨਾਰ ਵਿਚ ਬੋਲਦਿਆਂ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਬਠਿੰਡਾ ਤੇ ਮਾਨਸਾ ਇਲਾਕੇ ਵਿਚ ਪਾਣੀ ਜ਼ਹਿਰੀਲਾ ਹੋ ਗਿਆ ਹੈ, ਕਈ ਥਾਵਾਂ ਤੇ ਪਾਣੀ ਬਹੁਤ ਜ਼ਿਆਦਾ ਡੂੰਘਾ ਹੋ ਗਿਆ ਜਿਸ ਕਰਕੇ ਕਈ ਇਲਾਕਿਆਂ ਵਿਚ ਹੇਠਲਾ ਪਾਣੀ ਸੈਂਕੜੇ ਫੁੱਟ ਹੇਠਾਂ ਠੀਕ ਨਿਕਲ ਰਿਹਾ ਹੈ ਪਰ ਜੋ ਕੰਮ ਮੀਡੀਆ ਵੈਲਫੇਅਰ ਐਸੋਸੀਏਸ਼ਨ ਨੇ ਭਾਖੜਾ ਦੇ ਪੁਲ ਤੇ ਨਲਕਾ ਲਾ ਕੇ ਕੀਤਾ ਹੈ ਇਹ ਮੀਡੀਆ ਵੱਲੋਂ ਨਵੀਂ ਪਿਰਤ ਪਾਈ ਗਈ ਹੈ, ਮੀਡੀਆ ਆਮ ਤੌਰ ਤੇ ਲਿਖ ਕੇ ਲੋਕਾਂ ਨੂੰ ਜਾਗਰੂਕ ਕਰਦਾ ਹੈ ਪਰ ਇਹ ਸਮਾਜ ਭਲਾਈ ਦਾ ਕੰਮ ਕਰਕੇ ਮੀਡੀਆ ਨੇ ਸਿਰਫ਼ ਜਾਗਰੂਕ ਹੀ ਨਹੀਂ ਕੀਤਾ ਸਗੋਂ ਉਸ ਤੇ ਅਮਲ ਵੀ ਕੀਤਾ ਹੈ। ਇੱਥੇ ਬੋਲਦਿਆਂ ਬਲਵਿੰਦਰ ਸਿੰਘ ਜਾਤੀਵਾਲ ਨੇ ਕਿਹਾ ਕਿ ਮੀਡੀਆ ਵੈਲਫੇਅਰ ਐਸੋਸੀਏਸ਼ਨ ਨੇ ਰਵਾਇਤ ਤੋਂ ਉੱਪਰ ਉੱਠ ਕੇ ਨਲਕਾ ਲਾਉਣ ਦਾ ਕੰਮ ਕਰਕੇ ਨਵੇਕਲਾ ਕੰਮ ਕੀਤਾ ਹੈ। ਇਸ ਵੇਲੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਸਮਾਜ ਭਲਾਈ ਦੇ ਕੰਮ ਕਰਨ ਲਈ ਐਸੋਸੀਏਸ਼ਨ ਹਮੇਸ਼ਾ ਤਤਪਰ ਰਹੇਗੀ, ਲੋਕਾਂ ਦੀ ਆਵਾਜ਼ ਬਣ ਕੇ ਹਮੇਸ਼ਾ ਕੰਮ ਕਰੇਗੀ। ਜਿਸ ਲਈ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਵੀ ਲਈ ਜਾਵੇਗੀ। ਇਸ ਵੇਲੇ ਬੋਲਦਿਆਂ ਹਰਿੰਦਰ ਸਿੰਘ ਨਿੱਕਾ ਨੇ ਕਿਹਾ ਕਿ ਮੀਡੀਆ ਵੱਲੋਂ ਨਵੇਕਲਾ ਕੰਮ ਕਰਨ ਤੇ ਮੈਂ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ। ਇਸ ਵੇਲੇ ਧੰਨਵਾਦੀ ਸ਼ਬਦ ਮੈਂਬਰ ਸ਼੍ਰੋਮਣੀ ਕਮੇਟੀ ਸ. ਸਤਵਿੰਦਰ ਸਿੰਘ ਟੌਹੜਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਇਹ ਸੈਮੀਨਾਰ ਦੀ ਲੜੀ ਵਿਚ ਉਹ ਵੀ ਹਿੱਸਾ ਪਾਉਣਗੇ। ਇਸ ਵੇਲੇ ਇਰਵਿੰਦਰ ਸਿੰਘ ਨੇ ਸਟੇਜ ਦਾ ਕੰਮ ਸੰਭਾਲਿਆ। ਇਸ ਮੌਕੇ ਮਨਦੀਪ ਸਿੰਘ ਜੋਸਨ, ਬਲਿੰਦਰ ਸਿੰਘ, ਗੁਰਮੁਖ ਰੁਪਾਣਾ, ਸਨੀ ਸਨ ਪੰਜਾਬ, ਚਰਨਜੀਤ ਸਿੰਘ ਕੋਹਲੀ, ਇੰਦਰਪਾਲ ਸਿੰਘ, ਲਾਲੀ ਫਾਸਟਵੇਅ, ਹਰਿੰਦਰ ਸਿੰਘ ਸੇਠੀ, ਸੁਦਰਸ਼ਨ ਮਿੱਤਲ, ਪੀਐਸ ਗਰੇਵਾਲ, ਪਰਮਿੰਦਰ ਸਿੰਘ ਟਿਵਾਣਾ , ਸਰਪੰਚ ਕਰਮਜੀਤ ਸਿੰਘ ਸਿੱਧੂਵਾਲ, ਸਰਪੰਚ ਹਮੀਰ ਸਿੰਘ ਉੱਚਾ ਗਾਓਂ ਆਦਿ ਵੀ ਹਾਜ਼ਰ ਸਨ। ਸੈਮੀਨਾਰ ਤੋਂ ਬਾਅਦ ਭਾਖੜਾ ਦੇ ਪੁਲ ਤੇ ਲਗਾਏ ਨਲਕੇ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ।

ਸਿੱਧੂਵਾਲ ਫ਼ੋਟੋ 1: ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ।
ਸਿੱਧੂਵਾਲ ਫ਼ੋਟੋ 2 : ਭਾਖੜਾ ਦੇ ਪੁਲ ਤੇ ਲਗਾਏ ਨਲਕੇ ਦਾ ਰਸਮੀ ਉਦਘਾਟਨ ਕਰਦੇ ਹੋਏ ਹਰਸ਼ਿੰਦਰ ਕੌਰ ਤੇ ਹੋਰ।

Saturday, August 19, 2017

ਸ਼ਮਸ਼ਾਨਘਾਟ ਵਿਚ ਸੰਸਕਾਰ ਲਈ ਲੱਗਣ ਵਾਲੀ ਭੱਠੀ ਹੀ ਗ਼ਾਇਬ ਕਰ ਗਿਆ ਇਨਸਾਨ

ਡਾ. ਧਰਮਵੀਰ ਗਾਂਧੀ ਵੱਲੋਂ ਜਾਂਚ ਕਰਨ ਦੇ ਕੀਤੇ ਹੁਕਮ
ਪਟਿਆਲਾ : ਨੇੜਲੇ ਪਿੰਡ ਬਠੋਈ ਖ਼ੁਰਦ ਵਿਖੇ ਸਾਂਸਦੀ ਫ਼ੰਡ ਨਾਲ ਅੰਤਿਮ ਸੰਸਕਾਰ ਕਰਨ ਵਾਲੀ ਖ਼ਰੀਦੀ ਭੱਠੀ ਖ਼ੁਰਦ-ਬੁਰਦ ਹੋਣ ਸਬੰਧੀ ਪਿੰਡ ਦੇ ਕੁਝ ਲੋਕਾਂ ਨੇ ਇਲਜ਼ਾਮ ਲਗਾਏ ਹਨ। ਉੱਧਰ ਡਾ. ਧਰਮਵੀਰ ਗਾਂਧੀ ਵੱਲੋਂ ਦਿੱਤੀ 2 ਲੱਖ ਦੀ ਗਰਾਂਟ ਜਾਂਚ ਕਰਨ ਲਈ ਖ਼ੁਦ ਸਾਂਸਦ ਨੇ ਵੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਆਦੇਸ਼ ਦੇ ਦਿੱਤੇ ਹਨ। ਇਸ ਸਬੰਧੀ ਪਿੰਡ ਦੇ ਵਸਨੀਕ ਸੁਰਿੰਦਰ ਸਿੰਘ, ਸੁਭਾਸ਼ ਸ਼ਰਮਾ, ਗੁਰਬਖ਼ਸ਼ ਸਿੰਘ, ਬਲਵਿੰਦਰ ਸਿੰਘ, ਜਗਦੇਵ ਸ਼ਰਮਾ, ਜੀਤ ਸਿੰਘ ਅਤੇ ਭਜਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਪਿੰਡ ਦੀ ਪੰਚਾਇਤ ਨੇ ਕਰੀਬ 8 ਮਹੀਨੇ ਪਹਿਲਾਂ ਪਿੰਡ ਦੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰਨ ਵਾਲੀ ਭੱਠੀ ਖ਼ਰੀਦੀ ਸੀ, ਪਰ ਅੱਜ ਤੱਕ ਇਹ ਭੱਠੀ ਪਿੰਡ ਵਿਚ ਨਹੀਂ ਪੁੱਜੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੰਚਾਇਤ ਨੇ ਕੁਝ ਅਫ਼ਸਰਾਂ ਦੀ ਮਦਦ ਨਾਲ ਇਸ ਭੱਠੀ ਨੂੰ ਖ਼ੁਰਦ-ਬੁਰਦ ਕਰ ਦਿੱਤਾ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।     ਇਸ ਸਬੰਧੀ ਉਕਤ ਵਿਅਕਤੀਆਂ ਵੱਲੋਂ ਮੀਡੀਆ ਨੂੰ ਦਿੱਤੇ ਦਸਤਾਵੇਜ਼ਾਂ ਮੁਤਾਬਿਕ ਸਰਪੰਚ ਰਣਧੀਰ ਸਿੰਘ, ਪੰਚ ਮੱਖਣ ਸਿੰਘ, ਰਾਜਕੁਮਾਰ, ਸੁਰਜੀਤ ਕੌਰ ਅਤੇ ਨਛੱਤਰ ਸਿੰਘ ਦੇ ਦਸਤਖਤਾਂ ਹੇਠ ਇਕ ਮਤਾ ਪੰਚਾਇਤ ਨੇ 18 ਅਕਤੂਬਰ 2016 ਨੂੰ ਪਾਇਆ ਸੀ ਕਿ ਸਾਂਸਦੀ ਕੋਟੇ ਵਿਚੋਂ ਪਿੰਡ ਨੂੰ 2 ਲੱਖ ਦੀ ਗਰਾਂਟ ਮਿਲੀ ਹੈ, ਇਸ ਲਈ ਅੰਤਿਮ ਸੰਸਕਾਰ ਕਰਨ ਵਾਲੀ ਭੱਠੀ ਖ਼ਰੀਦੀ ਜਾਵੇ। ਇਸ ਤਹਿਤ ਪੰਚਾਇਤ ਨੇ ਸੁਖਵਿੰਦਰਾ ਸਟੀਲ ਵਰਕਸ ਲੁਧਿਆਣਾ ਕੋਲੋਂ 1 ਲੱਖ 75 ਹਜ਼ਾਰ ਦੀ ਮਸ਼ੀਨ, 18 ਹਜ਼ਾਰ ਦੀ ਫਿਟਿੰਗ ਅਤੇ 8 ਹਜ਼ਾਰ ਰੁਪਏ ਕਿਰਾਏ ਸਬੰਧੀ ਭੇਜੀ ਕੁਟੇਸ਼ਨ ਪ੍ਰਵਾਨ ਕਰਕੇ ਫ਼ਰਮ ਨੂੰ ਰਕਮ ਅਦਾ ਕਰਨ ਲਈ ਚੈੱਕ ਵੀ ਕੱਟ ਦਿੱਤਾ। ਇਹ ਪੈਸਾ ਫ਼ਰਮ ਕੋਲ ਪਹੁੰਚ ਵੀ ਗਿਆ ਹੈ ਅਤੇ ਲਗਭਗ 8 ਮਹੀਨ ਪਹਿਲਾਂ ਫ਼ਰਮ ਦੇ ਖਾਤੇ ਵਿਚ ਪੈਸਾ ਜਾ ਚੁੱਕਿਆ ਹੈ। ਜਦਕਿ ਪਿੰਡ ਵਿਚ ਮਸ਼ੀਨ ਅਜੇ ਤੱਕ ਨਹੀਂ ਪਹੁੰਚੀ। ਉੱਧਰ ਪਿੰਡ ਵਲਿਆਂ ਦਾ ਇਲਜ਼ਾਮ ਹੈ ਕਿ ਜੇਕਰ ਮਸ਼ੀਨ ਦੀ ਐਡਵਾਂਸ ਬੁਕਿੰਗ ਕਰਾਉਣੀ ਸੀ ਤਾਂ ਪੂਰਾ ਪੈਸਾ ਦੇਣ ਦੀ ਬਜਾਏ ਕੁਝ ਮਾਮੂਲੀ ਪੈਸਾ ਦੇ ਕੇ ਬੁਕਿੰਗ ਕਰਵਾਈ ਜਾ ਸਕਦੀ ਸੀ ਅਤੇ ਰੱਖਣ ਲਈ ਬਿਲਡਿੰਗ ਦਾ ਪ੍ਰਬੰਧ ਵੀ ਤੁਰੰਤ ਕੀਤਾ ਜਾਣਾ ਸੀ।     ਉੱਧਰ ਜਦੋਂ ਮੀਡੀਆ ਨੇ ਪਿੰਡ ਬਠੋਈ ਖ਼ੁਰਦ ਵਿਖੇ ਜਾ ਕੇ ਸ਼ਮਸ਼ਾਨਘਾਟ ਦਾ ਦੌਰਾ ਕੀਤਾ ਤਾਂ ਵੇਖਿਆ ਗਿਆ ਕਿ ਪਿੰਡ ਵਿਚ 3 ਸ਼ਮਸ਼ਾਨ ਘਾਟ ਹਨ। ਇਸ ਪਿੰਡ ਵਿਚ 1 ਐੱਸ ਸੀ ਅਤੇ 2 ਜਨਰਲ ਸ਼ਮਸ਼ਾਨ ਘਾਟ ਹਨ। ਇਸ ਦੌਰੇ ਦੌਰਾਨ ਸਾਹਮਣੇ ਆਇਆ ਕਿ ਪਿੰਡ ਦੀਆਂ ਤਿੰਨਾਂ ਚੋ ਕਿਸੇ ਵੀ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਵਾਲੀ ਕੋਈ ਵੀ ਮਸ਼ੀਨ ਨਹੀਂ ਸੀ। ਇੱਥੋਂ ਤੱਕ ਕਿ ਸ਼ਮਸ਼ਾਨ ਘਾਟ ਵਿਚ ਚਾਰਦੀਵਾਰੀ ਦਾ ਮਾੜਾ ਹਾਲ ਸੀ, ਗੇਟ ਟੁੱਟੇ ਪਏ ਸਨ ਅਤੇ ਸਾਫ਼ ਸਫ਼ਾਈ ਦਾ ਵੀ ਬੁਰਾ ਹਾਲ ਸੀ। ਮਾਹਿਰਾਂ ਮੁਤਾਬਿਕ ਅੰਤਿਮ ਸੰਸਕਾਰ ਵਾਲੀ ਭੱਠੀ ਲਗਾਉਣ ਵਾਸਤੇ ਬੇਹੱਦ ਸਫ਼ਾਈ ਦੀ ਲੋੜ ਹੁੰਦੀ ਹੈ ਅਤੇ ਇਕ ਬਿਲਡਿੰਗ ਤਿਆਰ ਕਰਨੀ ਪੈਂਦੀ ਹੈ। ਇਸ ਭੱਠੀ ਦਾ ਭਾਰ 60-70 ਕੁਇੰਟਲ ਦੇ ਆਸ-ਪਾਸ ਹੈ। ਇਸ ਨੂੰ ਕੱਚੇ ਥਾਂ ਵਿਚ ਰੱਖਣਾ ਨਹੀਂ ਚਾਹੀਦਾ। ਇਸ ਕਰਕੇ ਸਪੈਸ਼ਲ ਬਿਲਡਿੰਗ ਤਿਆਰ ਕਰਨੀ ਪਏਗੀ। ਇਸ ਮਾਮਲੇ ਦੀ ਅਸਲ ਸਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ।
ਸਾਂਸਦ ਗਾਂਧੀ ਵੱਲੋਂ ਜਾਂਚ ਦੇ ਆਦੇਸ਼
ਇਸ ਮਾਮਲੇ ਸਬੰਧੀ ਸਾਂਸਦ ਡਾ. ਧਰਮਵੀਰ ਗਾਂਧੀ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਲਿਖ ਕੇ ਤੁਰੰਤ ਜਾਂਚ ਕਰਨ ਦੇ
ਮਸ਼ੀਨ ਹਰ ਹਾਲ 'ਚ ਲੱਗੇਗੀ-ਸਰਪੰਚ
ਉੱਧਰ ਪਿੰਡ ਬਠੋਈ ਖ਼ੁਰਦ ਦੇ ਸਰਪੰਚ ਰਣਧੀਰ ਸਿੰਘ ਦਾ ਕਹਿਣਾ ਹੈ ਕਿ ਇਹ ਭੱਠੀ ਹਰ ਹਾਲ ਵਿਚ ਲਗਾਈ ਜਾਏਗੀ। ਉਨ੍ਹਾਂ ਕਿਹਾ ਕਿ ਮਸ਼ੀਨ ਰੱਖਣ ਲਈ ਸ਼ਮਸ਼ਾਨਘਾਟ 'ਚ ਬਿਲਡਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਲੱਗ ਕਿ ਤਿਆਰ ਹੋ ਜਾਏਗੀ।
ਮਸ਼ੀਨ ਤਿਆਰ ਹੈ-ਪੰਚਾਇਤ ਸਕੱਤਰ
ਇਸ ਸਬੰਧੀ ਸਬੰਧਿਤ ਪੰਚਾਇਤ ਸਕੱਤਰ ਸਵਰਨ ਸਿੰਘ ਦਾ ਕਹਿਣਾ ਹੈ ਕਿ ਭੱਠੀ ਪੰਜਾਬ ਵਿਚ ਇੱਕੋ ਥਾਂ ਤੇ ਬਣੀ ਹੈ, ਜਿਸ ਕਰਕੇ ਪਹਿਲਾਂ ਆਰਡਰ ਦੇਣਾ ਪੈਂਦਾਂ ਹੈ ਅਤੇ ਬਠੋਈ ਖ਼ੁਰਦ ਵਾਲੀ ਭੱਠੀ ਬਣ ਕੇ ਤਿਆਰ ਹੈ, ਜੋ ਜਲਦੀ ਹੀ ਪਿੰਡ ਵਿਚ ਫਿੱਟ ਕਰ ਦਿੱਤੀ ਜਾਏਗੀ।

ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਪੈਸਾ ਲੋਕਾਂ ਦੀ ਭਲਾਈ ਲਈ ਲਗਾਇਆ ਜਾਂਦਾ ਹੈ, ਇਸ ਦਾ ਦੁਰਉਪਯੋਗ ਨਹੀਂ ਹੋਣ ਦਿੱਤਾ ਜਾਏਗਾ।

Monday, August 14, 2017

ਨਵੇਂ ਵੀਸੀ ਡਾ. ਘੁੰਮਣ ਦਾ ਅਹੁਦਾ ਸੰਭਾਲਣ ਦਾ ਤਰੀਕਾ ਕਈ ਸੰਕੇਤ ਦੇ ਗਿਆ

ਚਲਾਕ ਮਾਨਸਿਕਤਾ ਦੇ ਅਧਿਆਪਕਾਂ ਤੋਂ ਬਚਣ ਦੀ ਲੋੜ ਹੈ ਡਾ. ਘੁੰਮਣ ਨੂੰ
ਗੁਰਨਾਮ ਸਿੰਘ ਅਕੀਦਾ
(ਟਿੱਪਣੀ...)
ਹੁਣ ਤੱਕ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਚਲਾਕ ਅਧਿਆਪਕ ਗਰੁੱਪਾਂ ਨੂੰ ਮੂੰਹ ਨਹੀਂ ਲਾਉਣਗੇ, ਇਹ ਉਸ ਵੇਲੇ ਸਾਫ਼ ਹੋ ਗਿਆ ਜਦੋਂ ਉਨ੍ਹਾਂ ਕੱਲ੍ਹ 14 ਅਗਸਤ ਨੂੰ ਆਪਣਾ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਵੇਲੇ ਕੋਈ ਤਾਮ-ਝਾਮ ਨਹੀਂ ਕੀਤਾ ਨਾ ਹੀ ਉਨ੍ਹਾਂ ਨੇ ਕੋਈ ਅਧਿਆਪਕ ਗਰੁੱਪਾਂ ਨੂੰ ਹੀ ਤਰਜੀਹ ਦਿੱਤੀ, ਇਹ ਚੰਗਾ ਸੰਕੇਤ ਹੈ, ਨਹੀਂ ਤਾਂ ਜਦੋਂ ਡਾ. ਜਸਪਾਲ ਸਿੰਘ ਹੋਰਾਂ ਨੇ ਜਦੋਂ ਵੀਸੀ ਦਾ ਅਹੁਦਾ ਸੰਭਾਲਿਆ ਸੀ ਤਾਂ ਅਕਾਲੀ ਦਲ ਦੇ ਜਥੇਦਾਰਾਂ ਨੇ ਯੂਨੀਵਰਸਿਟੀ ਦੇ ਗੇਟ ਤੋਂ ਲੈਕੇ ਵੀਸੀ ਦਫ਼ਤਰ ਤੱਕ ਸੜਕ ਵੀ ਨੀਵੀਂ ਕਰ ਦਿੱਤੀ ਸੀ ਤੇ ਅਧਿਆਪਕਾਂ ਦੀ ਤਾਂ ਗੱਲ ਹੀ ਨਾ ਪੁੱਛੋ।
    ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕਾਂ ਦਾ ਇਹ ਕਿਰਦਾਰ ਰਿਹਾ ਹੈ ਕਿ ਜਿਹੋ ਜਿਹਾ ਵਾਈਸ ਚਾਂਸਲਰ ਇੱਥੇ ਆਉਂਦਾ ਹੈ ਉਸੇ ਦੇ ਰੰਗ ਵਿਚ ਰੰਗ ਜਾਂਦੇ ਹਨ, ਇਕ ਵਾਈਸ ਚਾਂਸਲਰ ਅਜਿਹਾ ਇੱਥੇ ਆਇਆ ਜੋ ਕੁੱਤਿਆਂ ਬਿੱਲੀਆਂ ਨੂੰ ਪਿਆਰ ਕਰਦਾ ਸੀ ਤਾਂ ਕਈ ਅਧਿਆਪਕ ਜੋ ਬੰਦਿਆਂ ਨੂੰ ਵੀ ਪਿਆਰ ਨਹੀਂ ਕਰਦੇ ਉਨ੍ਹਾਂ ਨੇ ਕੁੱਤਿਆਂ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ, ਪਿਛਲੇ ਸਮੇਂ ਦੌਰਾਨ ਇੱਥੇ ਇਕ ਰਾਧਾ ਸੁਆਮੀ ਵੀਸੀ ਆ ਗਏ ਸਨ ਤਾਂ ਅਧਿਆਪਕਾਂ ਨੇ ਕਾਰਾਂ ਦੀਆਂ ਮੁਹਾਰਾਂ ਰਾਧਾ ਸੁਆਮੀ ਡੇਰੇ ਵੱਲ ਮੋੜ ਲਈਆਂ ਸਨ, ਕੁੱਝ ਸਮਾਂ ਪਹਿਲਾਂ ਇੱਥੇ ਇਕ ਕਾਮਰੇਡ ਵੀਸੀ ਆ ਗਏ ਸਨ ਤਾਂ ਕੱਟੜ ਸਿੱਖਾਂ ਨੇ ਵੀ ਕਾਮਰੇਡੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਸੀ, ਉਸ ਤੋਂ ਬਾਅਦ ਇੱਥੇ 'ਰੱਬ ਦਾ ਬੰਦਾ' ਵੀਸੀ ਆ ਗਿਆ ਸੀ ਤਾਂ ਉਸ ਦੇ ਦਫ਼ਤਰ ਤੇ ਬਾਹਰ ਲੱਗੇ ਤਿੰਨ ਬਲਬਾਂ ਨੇ ਸਾਰਾ ਕੁੱਝ ਹੀ ਜੱਗ ਜ਼ਾਹਿਰ ਕਰ ਦਿੱਤਾ ਸੀ, ਜੇਕਰ ਇਕ ਕੁੜੀ ਇੱਥੇ ਨਾ ਜਾਗਦੀ ਤਾਂ ਉਸ ਨੇ ਢਕੇ ਢਕਾਏ ਹੀ ਚਲੇ ਜਾਣਾ ਸੀ, ਉਹ ਤਾਂ ਆਪਣੀ ਪ੍ਰਯੋਗਵਾਦੀ ਕਵਿਤਾ ਵਿਚ ਇੱਥੋਂ ਤੱਕ ਲਿਖਦੇ ਸਨ ਕਿ
'ਮੈਨੂੰ ਮਨਜ਼ੂਰ ਹੋਵੇਗਾ ਜੇਕਰ ਵਰਤ ਲਵੇ ਕੋਈ ਮੇਰੀ ਔਰਤ,
ਪਰ ਨਹੀਂ ਮਨਜ਼ੂਰ ਹੋਵੇਗਾ, ਜੇਕਰ ਕੋਈ ਵਰਤੇ ਮੇਰਾ ਬਿਨਾਕਾ ਟੁੱਥ ਪੇਸਟ'
 ਪਿੱਛੇ ਜਿਹੇ ਇੱਥੇ ਬੜੇ ਸ਼ੌਕੀਨ ਕਿਸਮ ਦੇ ਵਾਈਸ ਚਾਂਸਲਰ ਆ ਗਏ ਸਨ ਤਾਂ ਔਰਤ ਅਧਿਆਪਕਾਂ ਨੇ ਉਨ੍ਹਾਂ ਦੀਆਂ ਸ਼ਾਮ ਦੀਆਂ ਮਹਿਫ਼ਲਾਂ ਵਿਚ ਜਾ ਕੇ ਸ਼ਰਾਬ ਤੱਕ ਵਰਤਾਉਣਾ ਸ਼ੁਰੂ ਕਰ ਦਿੱਤਾ ਸੀ, ਇੱਥੋਂ ਤੱਕ ਕਿ ਕੁੱਝ ਅਧਿਆਪਕ ਔਰਤਾਂ ਨੇ ਤਾਂ ਉਸ ਵੀਸੀ ਦੀ ਮਹਿਫ਼ਲ ਵਿਚ ਨੱਚਣਾ ਵੀ ਸ਼ੁਰੂ ਕਰ ਦਿੱਤਾ ਸੀ, ਇਹ ਜੱਗ ਜ਼ਾਹਿਰ ਗੁਪਤ ਸਚਾਈ ਹੈ। ਪਿਛਲੇ ਸਮੇਂ ਵਿਚ ਇਕ ਵੀਸੀ ਅਜਿਹੇ ਆਏ ਸਨ ਜਿਨ੍ਹਾਂ ਦਾ ਫ਼ੈਸ਼ਨ ਇਕ ਨਵੇਂ ਤਰ੍ਹਾਂ ਦਾ ਕਟਵੇਂ ਚਾਕਾਂ ਵਾਲਾ ਕੁੜਤਾ ਪਾਉਣ ਦਾ ਸੁਭਾਅ ਸੀ, ਆਮ ਤੌਰ ਤੇ ਕੁੱਝ ਲੋਕਾਂ ਦਾ ਆਪਣਾ ਹੀ ਸੁਭਾਅ ਹੁੰਦਾ ਹੈ ਤਾਂ ਪੰਜਾਬੀ ਯੂਨੀਵਰਸਿਟੀ ਦੇ ਕਾਫੀ ਅਧਿਆਪਕਾਂ ਨੇ ਉਹ ਕਟਵੇਂ ਚਾਕ ਵਾਲਾ ਕੁੜਤਾ ਪਾਉਣਾ ਸ਼ੁਰੂ ਕਰ ਦਿੱਤਾ ਸੀ, ਹੋਰ ਤਾਂ ਹੋਰ ਕੁੱਝ ਕਾਮਰੇਡ ਅਧਿਆਪਕਾਂ ਨੇ ਪਗੜੀਆਂ ਸਜਾ ਲਈਆਂ ਸਨ ਤੇ ਦਾੜ੍ਹੀਆਂ ਰੱਖ ਲਈਆਂ ਸਨ ਕਿਉਂਕਿ ਉਹ ਸਿੱਖ ਵਿਦਵਾਨ ਸੀ ਤੇ ਅਕਾਲੀ ਦਲ ਦੇ ਨੇੜੇ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਣਾਏ ਹੋਏ ਸਨ। ਕੱਲ੍ਹ 14 ਅਗਸਤ ਨੂੰ ਨਵੇਂ ਵਾਈਸ ਚਾਂਸਲਰ ਡਾ. ਬੀਐਸ ਘੁੰਮਣ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਕੋਈ ਮੀਡੀਆ ਵਾਲਾ ਨਹੀਂ ਸੱਦਿਆ, ਨਾ ਹੀ ਕੋਈ ਕਾਂਗਰਸੀ ਵਿਧਾਇਕ ਜਾਂ ਮੰਤਰੀ ਇੱਥੇ ਆਇਆ ਨਾ ਹੀ ਕੋਈ ਅਧਿਆਪਕ ਜਥੇਬੰਦੀ ਦਾ ਹੀ ਆਗੂ ਇੱਥੇ ਹਾਜ਼ਰ ਸੀ ਨਾ ਹੀ ਕੋਈ ਨਾਨ ਟੀਚਿੰਗ ਦਾ ਹੀ ਆਗੂ ਹਾਜ਼ਰ ਸੀ ਸਗੋਂ ਉਨ੍ਹਾਂ ਨੇ ਬਿਨਾਂ ਕੋਈ ਤੜਕ-ਭੜਕ ਤੋਂ ਆਪਣਾ ਅਹੁਦਾ ਆਪਣੇ ਵਾਈਸ ਚਾਂਸਲਰ ਦੇ ਅਮਲੇ ਦੀ ਮੌਜੂਦਗੀ ਵਿਚ ਸੰਭਾਲ ਲਿਆ, ਇਹ ਚੰਗਾ ਸੰਕੇਤ ਗਿਆ ਹੈ ਆਸ ਕੀਤੀ ਜਾ ਰਹੀ ਹੈ ਕਿ ਨਵੇਂ ਵਾਈਸ ਚਾਂਸਲਰ ਡਾ. ਘੁੰਮਣ ਯੂਨੀਵਰਸਿਟੀ ਨੂੰ ਆਪਣੇ ਤਰੀਕੇ ਨਾਲ ਹੀ ਚਲਾਉਣਗੇ, ਇਨ੍ਹਾਂ ਕੋਲ ਲੋਕ ਪ੍ਰਸ਼ਾਸਨ ਦਾ ਤਜਰਬਾ ਹੈ, ਇਨ੍ਹਾਂ ਕੋਲ ਆਰਥਿਕ ਮਾਹਿਰਤਾ ਹਾਸਲ ਹੈ। ਇਨ੍ਹਾਂ ਕੋਲ ਵਾਰਡਨ ਤੋਂ ਲੈਕੇ ਕਈ ਸਾਰੇ ਜਰਨਲਾਂ ਦੇ ਸੰਪਾਦਕ ਤੇ ਸੰਪਾਦਕੀ ਬੋਰਡ ਵਿਚ ਰਹਿਣ ਦਾ ਤਜਰਬਾ ਹਾਸਲ ਹੈ। 37 ਸਾਲ ਤੋਂ ਵੱਧ ਦਾ ਅਧਿਆਪਕ ਦਾ ਤਜਰਬਾ ਵੱਡੀ ਗੱਲ ਹੁੰਦੀ ਹੈ।

ਕਈ ਚੁਣੋਤੀਆਂ ਹਨ ਡਾ. ਘੁੰਮਣ ਦੇ ਅੱਗੇ

ਪੰਜਾਬੀ ਯੂਨੀਵਰਸਿਟੀ ਹੁਣ ਵਿੱਤੀ ਸੰਕਟ ਵਿਚ ਚਲ ਰਹੀ ਹੈ। ਯੂਨੀਵਰਸਿਟੀ ਕਰੀਬ 400 ਕਰੋੜ ਦੇ ਘਾਟੇ ਵਿਚ ਹੈ, ਯੂਨੀਵਰਸਿਟੀ ਦਾ ਖਾਤਾ ਖਾਲੀ ਹੀ ਡਾ. ਘੁੰਮਣ ਨੂੰ ਮਿਲਿਆ ਹੈ। ਦੋ ਚੇਅਰਾਂ ਨੂੰ ਛੱਡ ਕੇ ਬਾਕੀ ਦੀਆਂ ਚੇਅਰਾਂ ਦਾ ਬੁਰਾ ਹਾਲ ਹੈ। 53 ਦੇ ਕਰੀਬ ਵਿਭਾਗਾਂ ਵਿਚ ਦਾਖ਼ਲੇ ਬਹੁਤ ਘੱਟ ਹੋਏ ਹਨ। ਸੇਵਾ ਮੁਕਤ ਅਧਿਆਪਕਾਂ ਨੂੰ ਪੁਨਰ ਨਿਯੁਕਤ ਤੇ ਬਰਕਰਾਰ ਰੱਖਣਾ ਹੈ ਕਿ ਨਹੀਂ ਇਹ ਵੀ ਵੱਡੀ ਚੁਣੋਤੀ ਹੈ। ਕਾਰਜਕਾਰੀ ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਅਧਿਆਪਕਾਂ ਦੇ ਹੱਥ ਵਿਚ ਹੀ ਕੁਹਾੜੇ ਫੜਾ ਕੇ ਪੜਤਾਲਾਂ ਕਰਾਈਆਂ ਸਨ, ਉਹ ਪੜਤਾਲਾਂ ਵੀ ਵਿੱਚੇ ਹੀ ਪਈਆਂ ਹਨ, ਕੀ ਉਨ੍ਹਾਂ ਪੜਤਾਲਾਂ ਦੇ ਕੋਈ ਕਾਰਵਾਈ ਹੋਵੇਗੀ ਬਾਰੇ ਵੀ ਵੱਡੀ ਚੁਣੋਤੀ ਵਾਈਸ ਚਾਂਸਲਰ ਡਾ. ਘੁੰਮਣ ਦੇ ਅੱਗੇ ਵਿਕਰਾਲ ਰੂਪ ਧਾਰ ਕੇ ਖੜੀ ਹੈ। ਇੰਜੀਨੀਅਰਿੰਗ ਕਾਲਜ ਜਾਂ ਇੰਜੀਨੀਅਰਿੰਗ ਵਿਭਾਗ ਵਿਚ ਦਾਖ਼ਲੇ ਬਹੁਤ ਘੱਟ ਹੋਏ ਹਨ ਤੇ ਅਧਿਆਪਕਾਂ ਦੀ ਭਰਤੀ ਬਹੁਤ ਜ਼ਿਆਦਾ ਕੀਤੀ ਹੈ, ਇਹ ਵੀ ਪ੍ਰੇਸ਼ਾਨੀ ਖੜੀ ਕਰਨ ਵਾਲੀ ਗੱਲ ਹੈ। ਇਸੇ ਤਰ੍ਹਾਂ ਕਈ ਵਿਭਾਗਾਂ ਵਿਚ ਅਧਿਆਪਕਾਂ ਦੀ ਮਨ ਮਰਜ਼ੀ ਤੇ ਅਜਾਰੇਦਾਰੀ ਬਣੀ ਹੋਈ ਹੈ, ਕਈ ਵਿਭਾਗਾਂ ਵਿਚ ਪੀ ਐੱਚਡੀ ਕਰਾਉਣ ਬਦਲੇ ਕੁੜੀਆਂ ਨੂੰ ਗਲਤ ਤਰੀਕੇ ਨਾਲ ਕੰਮ ਕਰਨ ਲਈ ਕਿਹਾ ਜਾਂਦਾ ਹੈ। ਇੱਥੇ ਪੀਐੱਚਡੀ ਰੁਪਏ ਦੇ ਕੇ ਕਰਾਉਣ ਦਾ ਵੀ ਮਾਮਲਾ ਸਾਹਮਣੇ ਆ ਚੁੱਕਿਆ ਹੈ। ਕਈ ਵਿਭਾਗਾਂ ਵਿਚ ਯੂਜੀਸੀ ਦੀ ਮਨਜ਼ੂਰੀ ਤੋਂ ਬਿਨਾਂ ਹੀ ਵਿਸ਼ੇ ਪੜਾਏ ਜਾ ਰਹੇ ਹਨ। ਅਜਿਹੇ ਹੋਰ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਨੂੰ ਸਹੀ ਕਰਨ ਲਈ ਨਵੇਂ ਵੀਸੀ ਨੂੰ ਕਾਫੀ ਸਮਝਦਾਰੀ ਨਾਲ ਕੰਮ ਕਰਨਾ ਪਵੇਗਾ। ਪਰ ਜੇਕਰ ਨਵੇਂ ਵਾਈਸ ਚਾਂਸਲਰ ਚਲਾਕ ਮਾਨਸਿਕਤਾ ਵਾਲੇ ਅਧਿਆਪਕਾਂ ਦੇ ਚੁੰਗਲ ਵਿਚ ਫਸ ਗਏ ਤਾਂ ਸਮਝੋ ਯੂਨੀਵਰਸਿਟੀ ਦਾ ਬੈਠਿਆ ਭੱਠਾ ਹੋਰ ਵੀ ਗ਼ਰਕ ਜਾਵੇਗਾ।

ਪੰਜਾਬੀ ਯੂਨੀਵਰਸਿਟੀ ਦੇ ਵੀਸੀ ਡਾ. ਘੁੰਮਣ ਦੇ ਬਣ ਜਾਣ ਤੇ ਖ਼ੁਸ਼ੀ ਦੀ ਲਹਿਰ

ਲੰਬੇ ਅਕਾਦਮਿਕ ਤਜਰਬੇ ਦੇ ਮਾਲਕ ਹਨ ਡਾ. ਬੀਐਸ ਘੁੰਮਣ
ਗੁਰਨਾਮ ਸਿੰਘ ਅਕੀਦਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਵਾਈਸ ਚਾਂਸਲਰ ਡਾ. ਬੀਐਸ ਘੁੰਮਣ ਦੇ ਬਣ ਜਾਣ ਤੇ ਪੰਜਾਬੀ ਯੂਨੀਵਰਸਿਟੀ ਵਿਚ ਚਲ ਰਹੀ ਚਰਚਾ ਪੂਰੀ ਹੋਣ ਤੇ ਖ਼ੁਸ਼ੀ ਦੀ ਲਹਿਰ ਛਾਹ ਗਈ। ਪਿਛਲੇ ਤਿੰਨ ਦਿਨਾਂ ਤੋਂ ਡਾ. ਬੀਐਸ ਘੁੰਮਣ ਦੇ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਬਣਨ ਦੀ ਜ਼ੋਰਦਾਰ ਚਰਚਾ ਚਲ ਰਹੀ ਸੀ।
    ਡਾ. ਘੁੰਮਣ ਲੋਕ ਪ੍ਰਸ਼ਾਸਨ ਅਤੇ ਆਰਥਿਕ ਮਾਮਲਿਆਂ ਦੇ ਮਾਹਿਰ ਅਧਿਆਪਕ ਹਨ, ਉਹ ਐਮਏ, ਐਮਫਿਲ ਇਨ ਇਕਨਾਮਿਕਸ ਅਤੇ ਉਨ੍ਹਾਂ ਨੇ ਪੀਐੱਚਡੀ ਇਕਨਾਮਿਕਸ ਐਂਡ ਬਿਜ਼ਨੈੱਸ ਵਿਚ ਕੀਤੀ ਸੀ। ਅਧਿਆਪਨ ਵਿਚ ਉਨ੍ਹਾਂ ਦਾ 37 ਸਾਲ ਤੋਂ ਵੱਧ ਦਾ ਤਜਰਬਾ ਹੈ। 1979 ਵਿਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਜੂਨੀਅਰ ਰਿਸਰਚ ਫੈਲੋ (ਯੂਜੀਸੀ) ਬਣੇ ਸਨ। ਉਸ ਤੋਂ ਬਾਅਦ 1981 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਲੈਕਚਰਾਰ ਬਣੇ, 1988 ਵਿਚ ਰੀਡਰ ਬਣੇ ਤੇ 1998 ਵਿਚ ਪ੍ਰੋਫੈਸਰ ਬਣ ਗਏ ਸਨ। ਉਨ੍ਹਾਂ ਦੀ ਨਿਗਰਾਨੀ ਵਿਚ 15 ਪੀਐੱਚਡੀ ਤੇ 17 ਐਮਫਿਲ ਹੋਈਆਂ ਹਨ। ਉਨ੍ਹਾਂ ਨੇ 3 ਕਿਤਾਬਾਂ ਤੇ 71 ਖੋਜ ਪੱਤਰ ਲਿਖੇ, ਉਨ੍ਹਾਂ ਨੇ 6 ਖੋਜ ਪ੍ਰੋਜੈਕਟ ਪੂਰੇ ਕੀਤੇ ਤੇ ਅੰਤਰਰਾਸ਼ਟਰੀ ਪੱਧਰ ਦੇ 3 ਤਿੰਨ ਪ੍ਰੋਜੈਕਟ ਪੂਰੇ ਕੀਤੇ। ਉਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿਚ 18 ਅੰਤਰਰਾਸ਼ਟਰੀ ਤੇ 86 ਰਾਸ਼ਟਰੀ ਕਾਨਫ਼ਰੰਸਾਂ, ਸੈਮੀਨਾਰ ਤੇ ਮੀਟਿੰਗ ਵਿਚ ਸ਼ਮੂਲੀਅਤ ਕਰਕੇ ਆਪਣੀ ਵਿਦਵਤਾ ਦਾ ਲੋਹਾ ਮਨਾਇਆ ਤੇ ਕਈ ਸਾਰੇ ਦੇਸ਼ਾਂ ਵਿਚ ਪੇਪਰ ਪੜ੍ਹੇ ਤੇ ਪੰਜਾਬ ਸਰਕਾਰ ਦੀਆਂ ਕਈਆਂ ਸਾਰੀਆਂ ਕਮੇਟੀਆਂ ਵਿਚ ਸ਼ੁਮਾਰ ਵੀ ਰਹੇ। ਪੰਜਾਬ ਯੂਨੀਵਰਸਿਟੀ ਦੇ ਰਿਸਰਚ ਜਰਨਲ  ਲੋਕ ਪ੍ਰਸ਼ਾਸਨ ਦੇ ਸੰਪਾਦਕ ਰਹੇ, ਏਸ਼ੀਆ ਪੈਸੀਫਿਕ ਜਰਨਲ  ਦੇ ਸੰਪਾਦਕੀ ਬੋਰਡ ਦੇ ਮੈਂਬਰ ਅਤੇ ਏਸ਼ੀਅਨ ਰੀਵਿਊ ਆਫ਼ ਲੋਕ ਪ੍ਰਸ਼ਾਸਨ ਦੇ ਸੰਪਾਦਕੀ ਬੋਰਡ ਦੇ ਮੈਂਬਰ ਵੀ ਰਹੇ ਤੇ ਹੋਰ ਵੀ ਕਈ ਜਰਨਲ ਦੇ ਸੰਪਾਦਕੀ ਬੋਰਡ ਦੇ ਮੈਂਬਰ ਰਹੇ। ਡਾ. ਘੁੰਮਣ ਪੰਜਾਬ ਯੂਨੀਵਰਸਿਟੀ ਦੇ ਦੋ ਵਾਰ ਸੈਨੇਟ ਮੈਂਬਰ, ਸਿੰਡੀਕੇਟ ਮੈਂਬਰ, ਡੀਨ ਫੈਕਲਟੀ ਆਫ਼ ਆਰਟ, ਅਕਾਦਮਿਕ ਕੌਂਸਲ, ਫੈਕਲਟੀ ਆਫ਼ ਆਰਟ, ਫੈਕਲਟੀ ਆਫ਼ ਕਾਮਰਸ ਐਂਡ ਬਿਜ਼ਨੈੱਸ ਮੈਨੇਜਮੈਂਟ ਲਾਅ ਐਂਡ ਐਜੂਕੇਸ਼ਨ, ਰਿਸਰਚ ਡਿਗਰੀ ਕਮੇਟੀ ਲੋਕ ਪ੍ਰਸ਼ਾਸਨ, ਚੇਅਰਮੈਨ ਕਮ ਐਚਓਡੀ ਲੋਕ ਪ੍ਰਸ਼ਾਸਨ ਵਿਭਾਗ ਪੰਜਾਬ ਯੂਨੀਵਰਸਿਟੀ ਵੀ ਰਹੇ, ਨੈਕ ਟੀਮ ਦੇ ਮੈਂਬਰ ਤੋਂ ਇਲਾਵਾ ਯੂਜੀਸੀ ਦੀਆਂ ਕਈ ਸਾਰੀਆਂ ਕਮੇਟੀਆਂ ਵਿਚ ਵੀ ਰਹੇ, ਇਸ ਤੋਂ ਇਲਾਵਾ ਹੋਰ ਕਈ ਸਾਰੇ ਅਕਾਦਮਿਕ ਅਹੁਦਿਆਂ ਤੇ ਵੀ ਸ਼ੁਮਾਰ ਰਹੇ ਹਨ। ਹੋਰ ਬਹੁਤ ਸਾਰੇ ਤਜਰਬਿਆਂ ਦੇ ਨਾਲ ਨਾਲ ਉਨ੍ਹਾਂ ਦਾ ਹੋਸਟਲ ਵਾਰਡਨ ਦਾ ਵੀ ਤਜਰਬਾ ਹੈ।

Wednesday, July 19, 2017

ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੇ ਰਹਿੰਦੇ ਅਹੁਦੇਦਾਰ ਚੁਣੇ ਗਏ

ਪਹਿਲੀ ਮੀਟਿੰਗ ਵਿਚ ਪ੍ਰਧਾਨ ਚੁਣੇ ਗਏ ਗੁਰਨਾਮ ਸਿੰਘ ਅਕੀਦਾ ਦੀ ਪ੍ਰਧਾਨਗੀ ਵਿਚ ਅੱਜ ਹੋਈ ਮੀਟਿੰਗ
ਸਰਬਜੀਤ ਹੈਪੀ
ਪਟਿਆਲਾ, ਪਟਿਆਲਾ  ਵਿਚ ਕੁੱਝ ਸਮਾਂ ਪਹਿਲਾ ਪ੍ਰਿੰਟ ਅਤੇ  ਇਲੈਕਟ੍ਰੋਨਿਕ ਮੀਡੀਆ ਦੇ  ਪੱਤਰਕਾਰਾਂ  ਨੇ ਇਕੱਠੇ ਹੋਕੇ ਮੀਡੀਆ ਵੈੱਲਫੇਅਰ ਐਸੋਸੀਏਸ਼ਨ  ਨਾਮਕ ਸੰਸਥਾ ਦਾ ਗਠਨ ਕੀਤਾ ਗਿਆ ਸੀ ਜਿਸ ਦੇ ਚਲਦੇ ਅੱਜ ਇਕ  ਵਾਰ ਫੇਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਦੀ ਪ੍ਰਧਾਨਗੀ  ਹੇਠ  ਹੋਈ,  ਜਿਸ ਵਿਚ ਮੈਂਬਰਾਂ  ਨੂੰ ਸੰਸਥਾ ਵਿਚ ਰਹਿੰਦੀਆਂ ਅਹੁਦੇਦਾਰੀਆਂ ਸੌਂਪੀਆਂ ਗਈਆਂ 
ਇਸ ਮੌਕੇ ਪੱਤਰਕਾਰਾਂ ਨੇ ਕਿਹਾ ਕਿ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਦੇ ਬੈਨਰ ਥਲੇ ਪੱਤਰਕਾਰਾਂ ਦੀ ਭਲਾਈ ਦੇ ਲਈ ਦਿਨ ਰਾਤ ਮਿਹਨਤ ਕਰਾਂਗੇ  ਆਉਣ ਵਾਲੇ ਸਮੇਂ ਵਿਚ ਸੰਸਥਾ ਦੇ ਕਿਸੇ ਮੈਂਬਰ ਨੂੰ ਵੀ ਕੰਮ ਕਾਜ  ਦੌਰਾਨ  ਕਿਸੇ ਪ੍ਰਕਾਰ ਦੀ ਮੁਸੀਬਤ ਆਉਂਦੀ  ਹੈ ਤਾ   ਉਸ ਦਾ  ਹੱਲ ਸਾਰੇ ਮੈਂਬਰ ਰਲ ਕੇ ਕਰਨਗੇ
ਇਸ ਮੌਕੇ  ਪਰਮਜੀਤ ਸਿੰਘ ਲਾਲੀ ਨੂੰ ਵਾਈਸ ਪ੍ਰਧਾਨ , ਇੰਦਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ,ਪੀ ਐੱਸ ਗਰੇਵਾਲ ਅਤੇ ਪਰਮਿੰਦਰ ਸਿੰਘ ਟਿਵਾਣਾ   ਨੂੰ ਸਕੱਤਰ ,ਬਲਜੀਤ ਬੇਦੀ ਨੂੰ ਪ੍ਰਚਾਰ ਸਕੱਤਰ , ਸਨੀ ਕੁਮਾਰ ,ਹਰਵਿੰਦਰਪਾਲ ਸਿੰਘ ਸੇਠੀ ,ਜੁਆਇੰਟ ਸੈਕਟਰੀ ਅਤੇ ਸਰਬਜੀਤ ਹੈਪੀ ਨੂੰ ਪ੍ਰੈੱਸ ਸਕੱਤਰ ਵਜੋਂ ਸਰਬਸੰਮਤੀ ਨਾਲ ਚੁਣ ਕੇ ਬਣਾਇਆ ਗਿਆ
ਮੁਨੀਸ਼ ਕੌਸ਼ਲ ਅਤੇ ਇਰਵਿੰਦਰ ਆਹਲੂਵਾਲੀਆ,ਅਮਰਦੀਪ ਸਿੰਘ,ਮਨਦੀਪ ਸਿੰਘ ਜੋਸ਼ਨ ,ਹਰਿੰਦਰ ਸਿੰਘ ਨਿੱਕਾ ,ਗੁਰਚਰਨ ਸਿੰਘ ਚਨੀ ,ਸੁਦਰਸ਼ਨ ਮਿੱਤਲ   ਨੂੰ ਕਾਰਜਕਾਰੀ ਮੈਂਬਰ ,ਬਣਾਇਆ ਗਿਆ
ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਬਲਿਦਰ ਸਿੰਘ ਬਿਨੀ  ਖਜਾਨਚੀ ਧਰਮਿੰਦਰ ਪਾਲ ਸਿੰਘ ਅਤੇ ਪ੍ਰਚਾਰ ਸਕੱਤਰ ਚਰਨਜੀਤ ਸਿੰਘ ਕੋਹਲੀ ਨੇ ਨਵੇਂ ਬਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਨਵੀ ਟੀਮ ਦਾ ਸਵਾਗਤ ਕੀਤਾ।
ਜ਼ਿਕਰਯੋਗ ਹੈ ਕਿ 10 ਜੁਲਾਈ ਨੂੰ ਪਟਿਆਲਾ ਦੇ ਰਣਜੀਤ ਹੋਟਲ ਵਿਚ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਹੋਈ ਸੀ, ਜਿਸ ਦੇ ਜਨਰਲ ਹਾਊਸ ਵਿਚ ਚੋਣ ਕੀਤੀ ਗਈ ਸੀ।
ਪਟਿਆਲਾ ਵਿਚ ਮੀਡੀਆ ਵੈੱਲਫੇਅਰ ਐਸੋਸੀਏਸ਼ਨ ਹੋਂਦ ਵਿਚ ਆਈ ਹੈ, ਇਸ ਐਸੋਸੀਏਸ਼ਨ ਦੇ ਸਰਬ ਸੰਮਤੀ ਨਾਲ ਪਹਿਲੇ
ਇਹ ਚੋਣ ਰਿਟਰਨਿੰਗ ਅਫ਼ਸਰ ਸ੍ਰੀ ਗੁਰਪ੍ਰਤਾਪ ਸਿੰਘ ਆਹਲੂਵਾਲੀਆ ਸੇਵਾਮੁਕਤ ਤਹਿਸੀਲਦਾਰ ਸਨ ਜਿਨ੍ਹਾਂ ਨੇ ਪੂਰੇ ਸੰਵਿਧਾਨਿਕ ਨਿਯਮਾਂ ਅਨੁਸਾਰ ਚੋਣ ਨੂੰ ਨੇਪਰੇ ਚਾੜਿਆ। ਮੀਟਿੰਗ ਵਿਚ ਪਹਿਲਾਂ ਸੰਵਿਧਾਨ ਪੜ੍ਹਿਆ ਗਿਆ ਜੋ ਕਿ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਜਨਰਲ ਹਾਊਸ ਦੀ ਇਸ ਮੀਟਿੰਗ ਵਿਚ ਇਹ ਵੀ ਤਹਿ ਕੀਤਾ ਗਿਆ ਕਿ ਸੰਵਿਧਾਨ ਅਨੁਸਾਰ ਜ਼ਿਲ੍ਹਾ ਪਟਿਆਲਾ ਦੀ ਸਬ ਡਵੀਜ਼ਨ ਨੂੰ ਇਕ ਮੀਤ ਪ੍ਰਧਾਨ ਦਿੱਤਾ ਜਾਵੇ ਤਾਂ ਕਿ ਸਾਰੇ ਜ਼ਿਲ੍ਹੇ ਦੀ ਸ਼ਮੂਲੀਅਤ ਬਣੀ ਰਹਿ ਸਕੇ। ਇਸ ਵੇਲੇ ਪ੍ਰਧਾਨ ਬਣੇ ਸ੍ਰੀ ਅਕੀਦਾ ਨੇ ਕਿਹਾ ਕਿ ਸਾਰੇ ਪੱਤਰਕਾਰਾਂ ਨੂੰ ਇੱਕਮੁੱਠ ਕਰਕੇ ਹੀ ਐਸੋਸੀਏਸ਼ਨ ਚਲਾਈ ਜਾਵੇਗੀ, ਜੋ ਵੀ ਪਹਿਲਾਂ ਕਲੱਬ ਜਾਂ ਸੰਸਥਾਵਾਂ ਚਲ ਰਹੀਆਂ ਹਨ ਉਨ੍ਹਾਂ ਨੂੰ ਵੀ ਐਸੋਸੀਏਟ ਮੈਂਬਰ ਬਣਾਉਣ ਲਈ ਬੇਨਤੀ ਪੱਤਰ ਭੇਜਿਆ ਜਾਵੇਗਾ ਤਾਂ ਕਿ ਸਾਰੇ ਇੱਕਮੁੱਠ ਹੋਕੇ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਸੈਮੀਨਾਰ ਕਰਾਇਆ ਜਾਵੇਗਾ ਜਿਸ ਵਿਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਪੱਤਰਕਾਰ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਸਮੇਂ ਨਾਭਾ, ਰਾਜਪੁਰਾ, ਪਾਤੜਾਂ, ਭਾਦਸੋਂ, ਫ਼ਤਿਹਗੜ੍ਹ ਸਾਹਿਬ, ਸਮਾਣਾ ਤੋਂ ਵੀ ਪੱਤਰਕਾਰ ਭਾਈਚਾਰਾ ਹਾਜ਼ਰ ਹੋਇਆ।
ਫ਼ੋਟੋ : ਚੋਣ ਤੋਂ ਬਾਅਦ ਪੱਤਰਕਾਰ ਖੜੇ ਨਜ਼ਰ ਆ ਰਹੇ ਹਨ।
ਪ੍ਰਧਾਨ ਸ੍ਰੀ ਗੁਰਨਾਮ ਸਿੰਘ ਅਕੀਦਾ ਬਣੇ ਹਨ ਜੋ ਮੀਡੀਆ ਵਿਚ ਕਰੀਬ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਹਨ। ਇਸੇ ਤਰ੍ਹਾਂ ਜਨਰਲ ਸਕੱਤਰ ਬਲਿੰਦਰ ਸਿੰਘ ਬਣੇ ਹਨ ਜਦ ਕਿ ਖ਼ਜ਼ਾਨਚੀ ਸ੍ਰੀ ਧਰਮਿੰਦਰਪਾਲ ਸਿੰਘ ਅਤੇ ਸ੍ਰੀ ਚਰਨਜੀਤ ਸਿੰਘ ਕੋਹਲੀ ਨੂੰ ਪ੍ਰੋਪੋਗੰਡਾ ਸਕੱਤਰ ਬਣਾਇਆ ਗਿਆ ਹੈ, ਸੰਸਥਾ ਦੇ ਸਰਪ੍ਰਸਤ ਸ੍ਰੀ ਪ੍ਰਵੇਸ਼ ਸ਼ਰਮਾ ਬਣੇ ਹਨ ਜੋ ਆਲ ਇੰਡੀਆ ਰੇਡਿਓ ਤੋਂ ਸੇਵਾ ਮੁਕਤ ਹੋਏ ਹਨ। ਬਾਕੀ ਅਹੁਦੇਦਾਰਾਂ ਦੀ ਚੋਣ ਅਗਲੀ ਮੀਟਿੰਗ ਵਿਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਕਿਉਂਕਿ ਸੰਭੂ ਬਾਰਡਰ ਤੇ ਪੱਤਰਕਾਰਾਂ ਦੀ ਸ਼ਮੂਲੀਅਤ ਹੋਣ ਕਰਕੇ ਕਈ ਜ਼ਿੰਮੇਵਾਰ ਪੱਤਰਕਾਰ ਮੀਟਿੰਗ ਵਿਚ ਹਾਜ਼ਰ ਨਹੀਂ ਹੋ ਸਕੇ।

Monday, June 19, 2017

ਗੋਰਾ ਰੰਗ ਕੜਕਦੀ ਗਰਮੀ ’ਚ ਤਿਪ-ਤਿਪ ਚੋਵੋ ਵੈਰੀਆ

ਖੇਤ ਮਜ਼ਦੂਰਾਂ ਦੀਆਂ ਔਰਤਾਂ ਕੜਕਦੀ ਧੁੱਪ ਵਿਚ ਲਾ ਰਹੀਆਂ ਹਨ ਝੋਨਾ
ਗੁਰਨਾਮ ਸਿੰਘ ਅਕੀਦਾ
ਅੱਜ ਕੱਲ੍ਹ ਉੱਤਰੀ ਭਾਰਤ ਦੇ ਮੈਦਾਨੀ ਖੇਤਰਾਂ ਵਿਚ ਝੋਨੇ (ਜੀਰੀ) ਦੀ ਲਵਾਈ ਜ਼ੋਰਾਂ ਤੇ ਚੱਲ ਰਹੀ ਹੈ, ਖੇਤ ਮਜ਼ਦੂਰ ਔਰਤਾਂ ਤੇ ਮਰਦ ਅਤੇ ਬਿਹਾਰੀ ਤੇ ਯੂ ਪੀ ਦੇ ਬਈਏ ਝੋਨਾ ਲਾਉਣ ਦਾ ਕੰਮ ਕਰ ਰਹੇ ਹਨ। ਇਹ ਝੋਨਾ ਪਿਛਲੇ ਸਾਲ ਹੀ ਵਿਆਹ ਕੇ ਲਿਆਂਦੀ ਗਈ ਲਖਵਿੰਦਰ ਵੀ ਲਗਾ ਰਹੀ ਹੈ। ਉਹ ਸ਼ਾਮ ਨੂੰ ਥੱਕ ਹਾਰ ਕੇ ਆਪਣੇ ਪਤੀ ਨੂੰ ਤਾਹਨਾ ਮਾਰਦੀ ਹੈ ‘ਗੋਰਾ ਰੰਗ ਕੜਕਦੀ ਗਰਮੀ ’ਚ ਤਿਪ ਤਿਪ ਚੋਵੋ ਵੈਰੀਆ’ ਇਹ ਤਾਹਨਾ ਉਸ ਦਾ ਉਸ ਤੇ ਪਤੀ ਦੇ ਧੁਰ ਅੰਦਰ ਤੱਕ ਹੂਕ ਪਾਉਂਦਾ ਹੈ। ਪਰ ਮਾਂ, ਕੁਆਰੀ ਭੈਣ ਭਰਜਾਈ ਤੇ ਹੋਰ ਚਾਚੀਆਂ ਤਾਈਆਂ ਵੀ ਤਾਂ ਝੋਨਾ ਲਾਉਣ ਲਈ ਜਾ ਰਹੀਆਂ ਹਨ ਤਾਂ ਫਿਰ ਲਖਵਿੰਦਰ ਘਰ ਵਿਚ ਇਕੱਲੀ ਕੀ ਕਰੇਗੀ? ਬੱਸ ਇਹ ਹੀ ਇੱਕ ਜ਼ਬਰਦਸਤ ਤੇ ਪੱਕਾ ਕਾਰਨ ਹੈ ਜਿਸ ਕਰ ਕੇ ਲਖਵਿੰਦਰ ਦਾ ਨਵੀਂ ਵਿਆਹੀ ਦੇ ਅਜੇ ਮਹਿੰਦੀ ਦੇ ਹੱਥ ਵੀ ਨਹੀਂ ਫਿੱਟੇ ਸਨ ਕਿ ਉਹ ਖੇਤਾਂ ਵਿਚ ਕੜਕਦੀ ਧੁੱਪ ਵਿਚ ਜੀਰੀ ਲਾਉਣ ਲਈ ਤੁਰ ਪਈ।
    ਛਿਮਾਹੀ ਵਿਚ ਇੱਕ ਵਾਰ ਝੋਨਾ ਲਾਉਣਾ ਤੇ ਕੁੱਝ ਜ਼ਿਮੀਂਦਾਰਾਂ ਵੱਲੋਂ ਮਜ਼ਦੂਰਾਂ ਵੱਲੋਂ ਕਣਕ ਤੇ ਝੋਨੇ ਦੀ ਕਟਾਈ ਖੇਤ ਮਜ਼ਦੂਰਾਂ ਕੋਲੋਂ ਕਰਾਉਣੀ ਤੇ ਖੇਤਾਂ ਵਿਚੋਂ ਸਬਜ਼ੀ ਤੋੜਨੀ ਤੇ ਹੋਰ ਖੇਤੀ ਦੇ ਕੰਮ ਕਰਨੇ ਖੇਤ ਮਜ਼ਦੂਰਾਂ ਦੀਆਂ ਔਰਤਾਂ ਦੇ ਹਿੱਸੇ ਵੀ ਆਉਂਦੇ ਹਨ। ਵੱਖ ਵੱਖ ਖੇਤਾਂ ਵਿਚ ਝੋਨਾ ਲਗਾ ਰਹੀਆਂ ਔਰਤਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਦਰਦ ਬਿਆਨ ਕੀਤਾ ਕਿ ਇਹ ਆਜ਼ਾਦੀ ਸਾਡੇ ਲਈ ਨਹੀਂ ਹੈ, ਜੇਕਰ ਸਾਡੀ ਨਵੀਂ ਵਿਆਹੀ ਨੂੰਹ ਰਾਣੀ ਨੂੰ ਵੀ ਸਾਰੇ ਮੇਕਅਪ ਨੂੰ ਵਿਸਾਰ ਕੇ ਖੇਤਾਂ ਵਿਚ ਗਰਮੀ ਨਾਲ ਗਰਮੀ ਹੋਣਾ ਪੈਂਦਾ ਹੈ ਤਾਂ ਇਹ ਸਾਡੀ ਨੂੰਹ ਰਾਣੀ ਦੇ ਕਰਮਾਂ ਦੇ ਹਿੱਸੇ ਵਿਚ ਆਇਆ ਰੱਬ ਦਾ ਕੀਤਾ ਕਰਾਇਆ ਹੀ ਹੈ, ਰੋਟੀ ਦਾ ਓਹੜ ਪੋਹੜ ਹੋ ਜਾਂਦਾ ਹੈ। ਉਨ੍ਹਾਂ ਕਦੇ ਏਸੀ  ਦੀ ਹਵਾ ਨਹੀਂ ਦੇਖੀ, ਸਗੋਂ ਝੋਨਾ ਲਗਾ ਕੇ ਖੇਤਾਂ ਦੀਆਂ ਵੱਟਾਂ ਤੇ ਬੈਠ ਕੇ ਰੁਮਕਦੀ ਹਵਾ ਨਾਲ ਠੰਢ ਦਾ ਅਹਿਸਾਸ ਕਰ ਲਈਦਾ ਹੈ। ਸਵੇਰੇ ਹੀ ਹਾਜ਼ਰੀ ਦੀ ਰੋਟੀ ਪਕਾਉਣ ਦਾ ਕੰਮ ਵੀ ਨੂੰਹ ਰਾਣੀ ਜਾਂ ਫਿਰ ਕੁਆਰੀਆਂ ਕੁੜੀਆਂ ਕਰਦੀਆਂ ਹਨ, ਥੋੜ੍ਹੀ ਵਡੇਰੀ ਉਮਰ ਦੀਆਂ ਔਰਤਾਂ ਝੋਨਾ ਲਾਉਣ ਲਈ ਬਣਾਏ ਲਾਣੇ ਨੂੰ ਛੇਤੀ ਖੇਤ ਵਿਚ ਪੁੱਜਣ ਦਾ ਸੁਨੇਹਾ ਦਿੰਦੀਆਂ ਹਨ। ਮਰਦ ਝੋਨੇ ਦੀ ਪਨੀਰੀ ਪੁੱਟਣ ਲਈ ਸਵੇਰੇ ਸਾਝਰੇ ਹੀ ਨਿਕਲ ਜਾਂਦੇ ਹਨ। ਝੋਨਾ ਲਵਾਈ ਦਾ ਰੇਟ ਵੱਖ ਵੱਖ ਇਲਾਕਿਆਂ ਵਿਚ ਵੱਖੋ ਵੱਖਰਾ ਹੈ। ਰਾਜਪੁਰਾ ਇਲਾਕੇ ਵਿਚ 400 ਰੁਪਏ ਵਿੱਘਾ ਲਗਾਇਆ ਜਾਂਦਾ ਹੈ, ਇੱਧਰ ਦੇਵੀਗੜ੍ਹ, ਬਲਬੇੜਾ, ਸਮਾਣਾ ਇਲਾਕੇ ਵਿਚ 500 ਰੁਪਏ ਵਿੱਘਾ ਲਗਾਇਆ ਜਾਂਦਾ ਹੈ। ਇੱਕ ਏਕੜ ਸੱਤ ਜਣੇ ਇੱਕ ਦਿਨ ਵਿਚ ਲਗਾ ਦਿੰਦੇ ਹਨ। ਇਨ੍ਹਾਂ ਸੱਤ ਜਣਿਆ‍ ਵਿਚ ਆਮ ਤੌਰ ਤੇ ਦੋ ਮਰਦ ਹੁੰਦੇ ਹਨ ਤੇ ਪੰਜ ਔਰਤਾਂ ਹੁੰਦੀਆਂ ਹਨ। ਮਰਦ ਪਨੀਰੀ ਪੁੱਟ ਕੇ ਧੋ ਕੇ ਖੇਤ ਵਿਚ ਪਹੁੰਚਾਉਂਦੇ ਹਨ ਤੇ ਔਰਤਾਂ ਜੀਰੀ ਲਾਉਂਦੀਆਂ ਹਨ। ਕੋਡੀਆਂ ਕੋਡੀਆਂ ਹੋਈਆਂ ਔਰਤਾਂ ਇਹ ਭੁੱਲ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਕੋਈ ਜ਼ਿਮੀਂਦਾਰਾਂ ਦਾ ਮੁੰਡਾ ਮਾੜੀ ਨਜ਼ਰ ਨਾਲ ਤਾੜ ਵੀ ਰਿਹਾ ਹੈ। ਇਸ ਲਾਣੇ ਵਿਚ ਨਵੀਂ ਵਿਆਹੀ ਖਾਸਕਰਕੇ ਆਪਣਾ ਮੂੰਹ ਢੱਕ ਕੇ ਰੱਖਦੀ ਹੈ। ਆਪਣੇ ਪੱਟ ਤੇ ਕੂਹਣੀ ਦੇ ਮੋੜ ਦਾ ਸਹਾਰਾ ਲੈ ਕੇ ਪਨੀਰੀ ਦੀ ਜੁੜੀ ਫੜੀ ਜਾਂਦੀ ਹੈ ਤੇ ਦੂਜੇ ਹੱਥ ਨਾਲ ਜੀਰੀ ਪਾਣੀ ਨਾਲ ਭਰੇ ਖੇਤ ਵਿਚ ਇੱਕ ਇੱਕ ਕਰ ਕੇ ਲਗਾਈ ਜਾਂਦੀ ਹੈ।ਪਨੀਰੀ ਦਾ ਇੱਕ ਇੱਕ ਦਾਣਾ ਕਰ ਕੇ ਲਾਉਣਾ ਤੇ ਪਾਣੀ ਨਾਲ ਭਰੇ ਸਾਰੇ ਖੇਤ ਵਿਚ ਕੋਡੇ ਕੋਡੇ ਪਿੱਛੇ ਮੁੜਦਿਆਂ ਝੋਨਾ ਲਾਉਣ ਦੀ ਪ੍ਰਕ੍ਰਿਆ ਪੂਰੀ ਕਰਨੀ ਕਾਫ਼ੀ ਮਿਹਨਤ ਦਾ ਕੰਮ ਹੈ। ਪੱਟ ਉੱਤੇ ਜਿੱਥੇ ਕੂਹਣੀ ਰੱਖੀ ਜਾਂਦੀ ਹੈ ਕੁੱਝ ਦਿਨਾਂ ਬਾਅਦ ਹੀ ਉਸੇ ਥਾਂ ਪੱਟ ਉੱਥੇ ਕਾਲਾ ਦਾਗ਼ ਪੈ ਜਾਂਦਾ ਹੈ ਜੋ ਨਵੀਂ ਵਿਆਹੀ ਆਪਣੇ ਪਤੀ ਨੂੰ ਦਿਖਾਉਂਦੀ ਹੈ। ਇਹ ਮਸਾਂ 15 ਤੋਂ 30 ਦਿਨਾਂ ਦਾ ਕੰਮ ਹੁੰਦਾ ਹੈ ਤੇ 12 ਤੋਂ 15 ਘੰਟੇ ਕੰਮ ਕਰਨ ਤੋਂ ਬਾਅਦ ਵੀ ਮਸਾਂ ਰੋਟੀ ਦਾ ਜੁਗਾੜ ਹੀ ਹੁੰਦਾ ਹੈ। ਲਾਭ ਕੌਰ ਅਰਨੌਲੀ ਬੰਤੋ ਕਰਹਾਲੀ, ਸਾਜਲੀ ਭੋਗਲਾਂ ਆਦਿ ਹੋਰ ਬਹੁਤ ਸਾਰੀਆਂ ਔਰਤਾਂ ਨੇ ਕਿਹਾ ਕਿ ਜੇਕਰ ਕਿਸੇ ਔਰਤ ਦੇ ਬੱਚਾ ਨਿੱਕਾ ਹੁੰਦਾ ਹੈ ਤਾਂ ਉਹ ਵੀ ਝੋਨਾ ਲਾਉਣ ਆਉਂਦੀ ਹੈ ਪਰ ਉਹ ਆਪਣੇ ਬੱਚੇ ਨੂੰ ਸੰਭਾਲਣ ਲਈ ਕੋਈ ਹੋਰ ਥੋੜ੍ਹਾ ਵੱਡਾ ਬੱਚਾ ਨਾਲ ਲੈ ਕੇ ਆਉਂਦੀ ਹੈ। ਕਿਸੇ ਤੂਤ, ਟਾਹਲੀ, ਨਿੰਮ, ਆਦਿ ਰੁੱਖ ਦੀ ਛਾਂ ਹੇਠਾਂ ਉਸ ਬੱਚੇ ਨੂੰ ਖਿਡਾਉਣ ਦਾ ਕੰਮ ਹੁੰਦਾ ਹੈ, ਬੱਚਾ ਜੇਕਰ ਜ਼ਿਆਦਾ ਰੋਣ ਲੱਗ ਜਾਵੇ ਤਾਂ ਕਦੇ ਕਦੇ ਉਸ ਨੂੰ ਜ਼ਿਮੀਂਦਾਰਾਂ ਤੋਂ ਲੈ ਕੇ ਥੋੜ੍ਹੀ ਜਿਹੀ ਅਫ਼ੀਮ ਦੇ ਦਿੱਤੀ ਜਾਂਦੀ ਹੈ ਤਾਂ ਕਿ ਉਹ ਸੁੱਤਾ ਰਹੇ। ਇਹ ਕਿਹਾ ਗਿਆ ਹੈ ਕਿ ਝੋਨਾ ਲਾਉਣ ਲਈ ਸਿਰਫ਼ ਔਰਤਾਂ ਜਾਂ ਮਰਦ ਹੀ ਨਹੀਂ ਸਗੋਂ ਨਿੱਕੇ ਨਿਆਣੇ ਬੱਚੇ ਵੀ ਸ਼ਾਮਲ ਹੁੰਦੇ ਹਨ। ਸਵੇਰੇ ਹੀ ਰੋਟੀਆਂ ਪਕਾ ਕੇ ਦੁਪਹਿਰ ਦੀਆਂ ਵੀ ਨਾਲ ਹੀ ਲੈ ਲਈਆਂ ਜਾਂਦੀਆਂ ਹਨ ਤਾਂ ਕਿ ਦੁਪਹਿਰ ਨੂੰ ਰੋਟੀ ਪਕਾਉਣ ਦਾ ਝੰਜਟ ਨਾ ਹੋਵੇ। ਸ਼ਾਮ ਨੂੰ ਥੱਕ ਹਾਰ ਕੇ ਔਰਤਾਂ ਘਰ ਜਾਂਦੀਆਂ ਹਨ ਤੇ ਰੋਟੀ ਵੀ ਪਕਾਉਣੀ ਪੈਂਦੀ ਹੈ, ਇਹ ਝੋਨਾ ਲਾਉਣੀਆਂ ਔਰਤਾਂ ਤੇ ਮਰਦਾਂ ਦੀ ਜੀਵਨ ਲੀਲ੍ਹਾ ਹੁੰਦੀ ਹੈ।
    ਇੱਥੇ ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਵਾਰੀ ਜੀਰੀ ਲਾਉਂਦੇ ਹੋਏ ਸ਼ੁਗ਼ਲ ਵੀ ਕੀਤਾ ਜਾਂਦਾ ਹੈ, ਨਵੀਂ ਵਿਆਹੀ ਨਾਲ ਮਜ਼ਾਕ ਵੀ ਕੀਤਾ ਜਾਂਦਾ ਹੈ ਜੇਕਰ ਉਸ ਦਾ ਦਿਉਰ ਨਾਲ ਹੋਵੇ ਤਾਂ ਝੋਨੇ ਦੇ ਖੇਤ ਵਿਚ ਹੀ ਪਾਣੀ ਵਿਚੋਂ ਹੀ ਗਾਰਾ ਕੱਢ ਕੇ ਨਵੀਂ ਵਿਆਹੀ ਦੇ ਨੂੰ ਲਿਬੇੜ ਦਿੱਤਾ ਜਾਂਦਾ ਹੈ, ਦਿਉਰ ਦੇ ਨਾਲ ਉਸ ਦਾ ਪਤੀ ਵੀ ਲੱਗ ਜਾਂਦਾ ਹੈ ਤਾਂ ਕੁੱਝ ਸਮਾਂ ਮਸਤੀ ਵੀ ਹੋ ਜਾਂਦੀ ਹੈ। ਥੱਕੀ ਹੋਈ ਨਵੀਂ ਵਿਆਹੀ ਰਾਤ ਨੂੰ ਆਪਣੇ ਪਤੀ ਨੂੰ ਕਹਿ ਹੀ ਦਿੰਦੀ ਹੈ ‘‘ਗੋਰਾ ਰੰਗ ਕੜਕਦੀ ਗਰਮੀ ’ਚ ਤਿਪ-ਤਿਪ ਚੋਵੋ ਵੈਰੀਆ’’

   

Saturday, June 03, 2017

ਗੁਰੂ ਨਾਨਕ ਦੇਵ ਜਾਂ ਪੰਜਾਬੀ ਯੂਨੀਵਰਸਿਟੀ ਦਾ ਵੀਸੀ ਬਣਨਾ ਹੈ ਉਮੀਦਵਾਰ ਆਪਣੀ ਮਨਪਸੰਦ ਦੱਸਣ

 ਵੀਸੀ ਬਣਨ ਵਾਲੇ 132 ਉਮੀਦਵਾਰਾਂ ਨੂੰ ਈਮੇਲ ਕਰ ਕੇ ਪੁੱਛਿਆ ਹੈ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਨੇ
ਪੰਜਾਬੀ ਯੂਨੀਵਰਸਿਟੀ ਦੇ ਵੀ ਢਾਈ ਦਰਜਨ ਤੋਂ ਵੱਧ ਪ੍ਰੋਫੈਸਰ ਪੀਯੂ ਦਾ ਵੀਸੀ ਬਣਨ ਦੇ ਚਾਹਵਾਨ
ਗੁਰਨਾਮ ਸਿੰਘ ਅਕੀਦਾ
ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲੱਗਣ ਲਈ ਅਰਜ਼ੀਆਂ ਦੇਣ ਵਾਲੇ 132 ਉਮੀਦਵਾਰਾਂ ਨੂੰ ਪੁੱਛਿਆ ਗਿਆ ਹੈ ਕਿ ਉਹ ਆਪਣੀ ਪਸੰਦ ਦੱਸਣ ਕਿ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਬਣਨਾ ਚਾਹੁੰਦੇ ਹਨ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਬਣਨ ਦੇ ਚਾਹਵਾਨ ਹਨ। ਪੰਜਾਬੀ ਯੂਨੀਵਰਸਿਟੀ ਦਾ ਵੀਸੀ ਬਣਨ ਲਈ ਪੰਜਾਬੀ ਯੂਨੀਵਰਸਿਟੀ ਦੇ ਹੀ ਕਰੀਬ ਢਾਈ ਦਰਜਨ ਪ੍ਰੋਫੈਸਰਾਂ ਨੇ ਅਰਜ਼ੀਆਂ ਦਿੱਤੀਆਂ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਡਾ. ਇੰਦਰਜੀਤ ਸਿੰਘ ਨੇ ਸਾਰੇ ਉਮੀਦਵਾਰਾਂ ਨੂੰ ਰਾਏ ਜਾਣਨ ਲਈ ਇੱਕ ਈਮੇਲ ਕੀਤੀ ਹੈ, ਜਿਸ ਬਾਰੇ ਕੁੱਝ ਉਮੀਦਵਾਰਾਂ ਨੇ ਇਸ ਈਮੇਲ ਦਾ ਬੁਰਾ ਵੀ ਮਨਾਇਆ ਹੈ।
    ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਰਜਿਸਟਰਾਰ ਨੇ ਸਾਰੇ 132 ਉਮੀਦਵਾਰਾਂ ਨੂੰ ਪੁੱਛਿਆ ਹੈ ਕਿ ਉਹ ਆਪਣੀ ਰਾਏ ਪ੍ਰਗਟ ਕਰਨ ਕਿ ਉਹ ਕਿਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਨਾ ਚਾਹੁੰਦੇ ਹਨ। ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਨ ਲਈ ਅਰਜ਼ੀਆਂ ਪੇਸ਼ ਕਰਨ ਵਾਲੇ ਉਮੀਦਵਾਰਾਂ ਵਿਚ ਨਰਿੰਦਰ ਕੁਮਾਰ ਕੁਲਸ਼ੇਸਤਾ, ਮਹਿੰਦਰ ਕੁਮਾਰ ਆਈਏਐਸ, ਅਸ਼ੋਕ ਸ਼ਰਮਾ, ਡਾ. ਜੇ ਕੇ, ਮੁਹੰਮਦ ਤਾਲਿਬ, ਕੇ ਵੀ ਸਿੰਘ, ਵਿਜੈਅਨੀਅਗੁਰੂ ਮੂਰਤੀ, ਡਾ. ਐਸਪੀ ਰਥ, ਕਮਲ ਕੁਮਾਰ, ਬਖ਼ਸ਼ੀ ਐਮ, ਮਦਨ ਗੋਇਲ, ਦਿਨੇਸ਼ ਤਿਵਾੜੀ, ਗੁਰਵਤਨ ਸਿੰਘ ਮੀਰਾਂਪੁਰੀ, ਹਨੂਮਾਨ ਸ਼ਰਮਾ, ਸਤੀਸ਼ ਚੰਦਰ ਭਾਟੀਆ, ਇੰਦਰਜੀਤ ਸਿੰਘ, ਪਾਰਥੋ ਗੁੰਗਲੀ, ਯੋਗਰਾਜ ਸੂਦ, ਰਾਕੇਸ਼ ਸ਼ਰਮਾ, ਵਿਮਲ ਸਿੱਕਰੀ, ਆਰਐਮ ਭਗਤ, ਸ਼ਮਸ਼ੇਰ ਮੌੜ, ਰਵੇਲ ਸਿੰਘ,  ਪ੍ਰੋ. ਸੁਖਦੇਵ, ਪ੍ਰੋ. ਐਸਐਸ ਸੰਧੂ, ਕਿਸ਼ੋਰ ਆਧਵ, ਐਚ ਕੇ ਸਿੰਘ, ਪੁਸ਼ਪਿੰਦਰ ਸਿੰਘ ਗਿੱਲ, ਐਚਕੇ ਸਿੰਘ ਮੀਰਾ, ਨਰਿੰਦਰ ਪਾਲ ਸਿੰਘ, ਹਰਦੀਪ ਤੇਜਾ, ਸਿਮਾਂਚਲੋ ਸਾਰੀਗੜ੍ਹੀ, ਸੁਖਦਰਸ਼ਨ ਸਿੰਘ, ਡਾ. ਐਮਐਚ ਫੁਲੇਕਰ, ਜੇ ਐਸ ਢਿੱਲੋਂ, ਡਾ. ਅਮਰਜੀਤ ਸਿੰਘ ਸਿੱਧੂ, ਡਾ. ਐਸਕੇ ਬੀ, ਸਤਵਿੰਦਰ ਮਰਵਾਹਾ, ਗੁਰਮੀਤ ਸਿੰਘ, ਜੀਆ ਸਦੀਕੀ, ਡਾ. ਬਲਵੰਤ ਸਿੰਘ ਮੱਲੀ, ਸਤਵੀਰ ਸਿੰਘ ਗੋਸਲ, ਸਲੀਮ ਲਾਹੌਰੀ, ਐਚ ਐਸ ਭੱਟੀ, ਪ੍ਰੋ. ਜਗਬੀਰ ਸਿੰਘ, ਸੁਰੇਸ਼ ਕੁਮਾਰ ਅਗਰਵਾਲ, ਕੁਲਬੀਰ ਸੰਧੂ, ਡਾ. ਜੋਗਿੰਦਰ ਸਿੰਘ ਅਰੋੜਾ, ਜੇ ਬੀ ਸਿੰਘ, ਡਾ. ਐਸਐਨ ਮੋਦੀ, ਜਸਵਿੰਦਰ ਸਿੰਘ, ਨਵਤੇਜ ਸਿੰਘ, ਡਾ. ਆਰ ਸਿੰਘ, ਗੁਰਸ਼ਰਨ ਸਿੰਘ, ਰਾਧੇ ਸ਼ਿਆਮ ਸ਼ਰਮਾ, ਰਾਕੇਸ਼ ਦੱਤਾ, ਆਰ ਕੇ ਸ਼ਰਮਾ, ਸੁਰਿੰਦਰ ਗੱਖੜ, ਐਸਐਸ ਦਿਓਲ, ਸੁਸ਼ੀਲ ਗੋਇਲ,  ਕੇਸੀ ਰਲਹਨ, ਜਗਜੀਤ ਕੌਰ, ਜੇਐਸ ਸੈਣੀ, ਡਾ. ਰਮੇਸ਼ ਕੁਮਾਰ, ਯੋਗੇਸ਼ ਸ਼ਰਮਾ, ਵਿਕਰਮ ਚੱਢਾ, ਬਲਦੇਵ ਸਿੰਘ ਸੰਧੂ, ਪਰਮਜੀਤ ਸਿੰਘ, ਆਰਸੀ ਗੁਪਤਾ, ਬੀਐਸ ਘੁੰਮਣ, ਮੁਹੰਮਦ ਇਕਬਾਲ ਇਕਬਾਲ, ਜਸਪਾਲ ਸਿੰਘ ਰੰਧਾਵਾ, ਆਈਬੀਐਸ ਸਬਾਨਾ, ਮਨੀ ਰਾਏ,  ਜਗਤਾਰ ਸਿੰਘ ਆਈਆਰਐਸ, ਦੁਲਚਾ ਸਿੰਘ ਬਰਾੜ, ਰਵੀਇੰਦਰ ਸਿੰਘ ਜੌਲੀ, ਨਾਲਿਨ ਕੁਮਾਰ ਸ਼ਾਸਤਰੀ, ਉਪੇਂਦਰ ਦਿਵੇਦੀ, ਬਲਵੀਰ ਸਿੰਘ, ਏਐਸ ਚਾਵਲਾ, ਪ੍ਰੋ. ਏਸੀ ਵੈਦ, ਸ਼ਰਨਜੀਤ ਢਿੱਲੋਂ, ਵੀਕੇ ਰਤਨ, ਅਨਿਲ ਸ਼ਰਮਾ, ਧਰਮਜੀਤ ਸਿੰਘ, ਸੁਰੇਸ਼ ਕੁਮਾਰ, ਕੁਲਦੀਪ ਸਿੰਘ, ਅਸ਼ੋਕ ਪਾਲ, ਦਵਿੰਦਰ ਸਿੰਘ, ਅਵਿਨਾਸ਼ ਸਿੰਘ ਮਾਨ, ਵਿਜੈ ਨਾਗਪਾਲ, ਹਰਵਿੰਦਰ ਭੱਟੀ, ਮਨੋਜ ਗੈੱਲੀ, ਤਾਰਾ ਚੰਦ ਗੁਪਤਾ, ਕੇਆਰ ਅਨੇਜਾ, ਏਵੀ ਜੌਰਜ, ਬੂਟਾ ਸਿੰਘ, ਗੁਰਚਰਨ ਸਿੰਘ,ਰਾਜਿੰਦਰ ਸਿੱਧੂ, ਇੰਦਰ ਮਲਹਨ, ਰਾਕੇਸ਼ ਗਰਗ, ਆਰਡੀ ਕੰਕਾਰੀਆ, ਜੋਇਤਸਨਾ ਸੈਨ ਗੁਪਤਾ, ਨੀਲਮ ਵਰਮਾ, ਦਲਜੀਤ ਸਿੰਘ, ਪਰਮਜੀਤ ਜੱਜ, ਸੁਖਮਨੀ ਰਿਆੜ, ਇਜਾਜ਼ ਅਲੀ ਅਰਸ਼ਦ, ਨਵਲ ਕਿਸ਼ੋਰ, ਜੀਆਈਐਸ ਸੰਧੂ, ਨੀਰਾ ਕਪੂਰ, ਬੀਪੀ ਨਗੌਰੀ, ਡਾ. ਰਾਜਿੰਦਰ ਗਿੱਲ, ਪ੍ਰੋ. ਟੀਐਸ ਬੈਨੀਪਾਲ, ਜਸਪਾਲ ਕਰਕਾਂਗ, ਦਰਸ਼ਨ ਸਿੰਘ ਮੋਹਨ, ਡਾ. ਬੀ ਸਿੰਘ, ਡਾ. ਟੀਐਸ ਸਿੱਧੂ, ਰਾਣਾ ਨਾਇਰ, ਹਰਜਿੰਦਰ ਵਾਲੀਆ, ਐਸਐਸ ਬਧਵਰ, ਮੰਜੂ ਵਰਮਾ, ਨੀਲਮ ਗਰੇਵਾਲ, ਡਾ. ਐਮ ਜੋਸ਼ੀ, ਡਾ. ਗੁਰਪ੍ਰੀਤ ਕੌਰ, ਮਨਿੰਦਰਪਾਲ ਸਿੰਘ, ਜੀਐਲਕੇ ਖੰਨਾ, ਨਰਿੰਦਰ ਕੇ ਡੋਗਰਾ, ਜਗਤਾਰ ਸਿੰਘ, ਬੀਐੱਸ ਪਾਵਲਾ ਨੂੰ ਈਮੇਲ ਰਾਹੀਂ ਰਜਿਸਟਰਾਰ ਨੇ ਆਪਣੀ ਪਹਿਲੀ ਪਸੰਦ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਲੱਗਣ ਦੀ ਰਾਏ ਪੁੱਛੀ ਹੈ। ਇਸ ਸਬੰਧ ਵਿਚ ਕੁੱਝ ਉਮੀਦਵਾਰਾਂ ਨੇ ਬੁਰਾ ਵੀ ਮਨਾਇਆ ਹੈ ਕਿ ਇਸ ਤਰ੍ਹਾਂ ਰਾਏ ਜਾਣਨ ਦਾ ਭਾਵ ਹੈ ਕਿ ਉਹ ਉਮੀਦਵਾਰ ਬਣੇ ਪ੍ਰਫੈਸਰਾਂ ਨੂੰ ਬੇਇੱਜ਼ਤੀ ਕਰ ਰਹੇ ਹਨ। ਕੁੱਝ ਸਾਬਕਾ ਵਾਈਸ ਚਾਂਸਲਰਾਂ ਨੇ ਕਿਹਾ ਹੈ ਕਿ ਵੀਸੀ ਲਾਉਣ‍ ਦੀ ਇਹ ਪ੍ਰਕ੍ਰਿਆ ਹੀ ਗ਼ਲਤ ਹੈ, ਵੀਸੀ ਵਰਗਾ ਸਨਮਾਨਯੋਗ ਅਹੁਦਾ ਸਗੋਂ ਵਿਦਵਾਨਾਂ ਨੂੰ ਆਫ਼ਰ ਕੀਤਾ ਜਾਂਦਾ ਹੈ ਨਾ ਕਿ ਇਸ ਤਰ੍ਹਾਂ ਇਸ ਅਹੁਦੇ ਦਾ ਅਪਮਾਨ ਕੀਤਾ ਜਾਂਦਾ ਹੈ।
ਸਾਰੇ ਉਮੀਦਵਾਰਾਂ ਨੂੰ ਈਮੇਲ ਰਾਹੀਂ ਸੰਦੇਸ਼ ਭੇਜਣ ਦੇ ਮਾਮਲੇ ਵਿਚ ਵਾਈਸ ਚਾਂਸਲਰ ਸ੍ਰੀ ਅਨੁਰਾਗ ਵਰਮਾ ਨੇ ਕਿਹਾ ਹੈ ਕਿ

ਵਾਈਸ ਚਾਂਸਲਰ ਖੋਜ ਕਮੇਟੀ ਦੇ ਚੇਅਰਮੈਨ ਨੇ ਕਿਹਾ ਹੈ ਕਿ ਦੋਵਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲੱਗਣੇ ਹਨ, ਦੋਵਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲੱਗਣ ਲਈ ਬਹੁਤ ਸਾਰੇ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ ਜਿਨ੍ਹਾਂ ਵਿਚ ਕਾਫ਼ੀ ਉਮੀਦਵਾਰ ਸਾਂਝੇ ਹਨ, ਇਸ ਕਰ ਕੇ ਇਹ ਪੁੱਛਿਆ ਗਿਆ ਹੈ ਕਿ ਉਮੀਦਵਾਰ ਖ਼ੁਦ ਹੀ ਦੱਸਣ ਕਿ ਉਹ ਕਿਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨਾ ਚਾਹੁੰਦੇ ਹਨ।

Thursday, April 06, 2017

ਵਿਸਾਖੀ ਨੂੰ ਦਿੱਤੀ ਅਮਰੀਕਾ ਦੀ ਕਾਂਗਰਸ ਦੇ ਇਜਲਾਸ ਵਿਚ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ

ਕਾਂਗਰਸ ਦੇ ਇਜਲਾਸ ਵਿਚ ਸਪੀਕਰ ਦੀ ਹਾਜ਼ਰੀ ਵਿਚ ਪੜਿਆ ਵਿਸਾਖੀ ਨੂੰ ਮਾਨਤਾ ਦੇਣ ਦਾ ਮਤਾ
ਸਿੱਖ ਕੋਆਰਡੀਨੇਸ਼ਨ ਕਮੇਟੀ ਤੇ ਸਿੱਖ ਕਾਕਸ ਦੇ ਉੱਦਮਾਂ ਸਦਕਾ ਹੋਇਆ ਇਹ ਵੱਡਾ ਕੰਮ
8 ਅਪਰੈਲ ਨੂੰ ਵਿਸਾਖੀ ਨੂੰ 'ਨੈਸ਼ਨਲ ਸਿੱਖ ਡੇਅ' ਨਿਰਧਾਰਿਤ ਕਰਾਉਣ ਲਈ ਹੋਵੇਗੀ ਸਿੱਖ ਡੇ ਪਰੇਡ

ਗਗਨਦੀਪ ਸਿੰਘ
ਵਾਸ਼ਿੰਗਟਨ ਡੀਸੀ 6 ਅਪਰੈਲ
ਵਿਸ਼ਵ ਵਿਚ ਰਹਿੰਦੀ ਸਾਰੀ ਸਿੱਖ ਕੌਮ ਲਈ ਇਹ ਵੱਡੀ ਅਤੇ ਖ਼ੁਸ਼ੀ ਦੀ ਖ਼ਬਰ ਹੈ ਕਿ ਅਮਰੀਕਾ ਦੇ ਸਮੁੱਚੇ ਕਾਂਗਰਸ ਮੈਨਾ ਦੇ ਇਜਲਾਸ ਵਿਚ ਅੱਜ ਸਿੱਖਾਂ ਦੇ ਤਿਉਹਾਰ ਵਿਸਾਖੀ ਨੂੰ ਮਾਨਤਾ ਦੇਣ ਦਾ ਮਤਾ ਪਾ ਦਿੱਤਾ ਗਿਆ ਹੈ। ਇਹ ਮਤਾ ਵਾਸ਼ਿੰਗਟਨ ਡੀਸੀ ਦੀ ਕੈਪੀਟਲ ਹਿੱਲ ਵਿਚ ਪਾਇਆ ਗਿਆ ਜਿੱਥੇ ਕਿ ਅਮਰੀਕਾ ਸਰਕਾਰ ਦੇ ਮਤੇ ਪੈਂਦੇ ਹਨ ਤੇ ਕਾਨੂੰਨ ਬਣਦੇ ਹਨ। ਇਹ ਮਤਾ ਪੈਣ ਨਾਲ ਅਮਰੀਕਾ ਵਿਚ ਵਿਸਾਖੀ ਨੂੰ 'ਨੈਸ਼ਨਲ ਸਿੱਖ ਡੇਅ' ਵਜੋਂ ਨਿਰਧਾਰਿਤ ਕਰਨ ਦਾ ਵੀ ਰਾਹ ਖੁਲ ਗਿਆ ਹੈ।
    ਅੱਜ ਵਾਸ਼ਿੰਗਟਨ ਡੀਸੀ ਦੀ ਕੈਪੀਟਲ ਹਿੱਲ ਵਿਚ ਅਮਰੀਕਾ ਦੇ ਸਾਰੇ ਕਾਂਗਰਸ ਮੈਨ ਸਪੀਕਰ ਪੌਲ ਰਾਇਨ ਪ੍ਰਧਾਨਗੀ ਵਿਚ ਹੋਈ 115ਵੀਂ ਕਾਂਗਰਸ ਦੇ ਪਹਿਲੇ ਇਜਲਾਸ ਵਿਚ ਇਕੱਤਰ ਸਨ, ਜਿਸ ਵਿਚ ਵਿਸਾਖੀ ਨੂੰ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ ਦੇਣ ਲਈ ਮਤਾ ਨੰਬਰ 189 ਕਾਂਗਰਸ ਮੈਨ ਪੈਟਰਿਕ ਰੋਮੀ ਨੇ ਪੜਿਆ। ਇਸ ਮਤੇ ਵਿਚ ਵਿਸ਼ੇਸ਼ ਕਰਕੇ 100 ਤੋਂ ਵੱਧ ਗੁਰਦੁਆਰਾ ਸਾਹਿਬ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਕਾਂਗਰਸ ਮੈਨਾ ਵੱਲੋਂ ਬਣਾਈ ਸਿੱਖ ਕਾਕਸ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਕਿ ਇਨ੍ਹਾਂ ਸੰਸਥਾਵਾਂ ਨੇ ਵਿਸਾਖੀ ਦੀ  ਧਾਰਮਿਕ, ਸਭਿਆਚਾਰਕ ਤੇ ਇਤਿਹਾਸਕ ਮਹੱਤਤਾ ਬਾਰੇ ਅਮਰੀਕਾ ਦੀ ਕਾਂਗਰਸ ਨੂੰ ਸਬੂਤਾਂ ਸਮੇਤ ਦਸਿਆ, ਜਿਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖ਼ਾਲਸਾ ਪੰਥ ਸਾਜਿਆ ਸੀ। ਇਸ ਮਤੇ ਵਿਚ ਸਭ ਨੂੰ ਵਿਸਾਖੀ ਦਾ ਤਿਉਹਾਰ
ਮਨਾਉਣ ਲਈ ਕਿਹਾ ਗਿਆ। ਇਸ ਤੋਂ ਬਾਅਦ ਕਾਂਗਰਸ ਮੈਨ ਨੇ ਇਹ ਵੀ ਕਿਹਾ ਕਿ ਵਿਸਾਖੀ ਨੂੰ ਅਮਰੀਕਾ ਵਿਚ 'ਨੈਸ਼ਨਲ ਸਿੱਖ ਡੇਅ' ਨਿਰਧਾਰਿਤ ਕਰਾਉਣ ਲਈ ਜੋ 8 ਅਪਰੈਲ ਨੂੰ ਨੈਸ਼ਨਲ ਸਿੱਖ ਡੇਅ ਪਰੇਡ ਹੋ ਰਹੀ ਹੈ ਉਸ ਵਿਚ ਸਾਰੇ ਹੀ ਵੱਧ ਚੜ ਕੇ ਹਿੱਸਾ ਲੈਣ। ਇਸ ਦੀ ਖ਼ੁਸ਼ੀ ਸਾਂਝੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਕੋਆਰਡੀਨੇਟਰ ਸ. ਹਿੰਮਤ ਸਿੰਘ ਨੇ ਕਿਹਾ ਕਿ ਸਾਰੀ ਸਿੱਖ ਕੌਮ ਲਈ ਅੱਜ ਦਾ ਦਿਹਾੜਾ ਖ਼ੁਸ਼ੀਆਂ ਭਰਿਆ ਹੈ ਕਿਉਂਕਿ ਅੱਜ ਅਮਰੀਕਾ ਦੀ ਕਾਂਗਰਸ ਦੇ ਇਜਲਾਸ ਵਿਚ ਮਤਾ ਪੈਣ ਨਾਲ ਇਹ ਹੁਣ ਅਮਰੀਕਾ ਵਿਚ ਵਿਸਾਖੀ ਨੂੰ ਸਿੱਖਾਂ ਦੇ ਤਿਉਹਾਰ ਵਜੋਂ ਮਾਨਤਾ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਮਦਦ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ, ਸਿੱਖ ਜਥੇਬੰਦੀਆਂ ਨੇ ਕੀਤੀ ਹੈ, ਸਾਰੇ ਹੀ ਇਸ ਖ਼ੁਸ਼ੀ
ਦੇ ਸਾਂਝੀਦਾਰ ਹਨ। ਹੁਣ 8 ਅਪਰੈਲ ਨੂੰ ਵਾਸ਼ਿੰਗਟਨ ਡੀਸੀ ਵਿਚ ਹੀ 'ਨੈਸ਼ਨਲ ਸਿੱਖ ਡੇ ਪਰੇਡ' ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਬਹੁਤ ਵੱਡੀ ਗਿਣਤੀ ਵਿਚ ਸਿੱਖ ਇਕੱਠੇ ਹੋਣਗੇ।
https://www.youtube.com/watch?v=bnFMKxas6s4

ਯੂਜੀਸੀ 2013 ਦੇ ਨਿਯਮਾਂ ਅਨੁਸਾਰ ਅਕਾਦਮਿਕ ਵਿਦਵਾਨ ਹੀ ਬਣ ਸਕਦਾ ਹੈ ਵਾਈਸ ਚਾਂਸਲਰਨਿਯਮਾਂ ਵਿਚ ਸੋਧ ਕਰਕੇ ਕਿਸੇ ਆਈਏਐਸ ਨੂੰ ਪੰਜਾਬੀ ਯੂਨੀਵਰਸਿਟੀ ਦਾ ਵੀਸੀ ਲਗਾਉਣ ਦੀ ਤਿਆਰੀ
ਗੁਰਨਾਮ ਸਿੰਘ ਅਕੀਦਾ
ਪੰਜਾਬੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਲੱਗਣ ਦੀ ਚਰਚਾ ਵਿਚ ਸੋਸ਼ਲ ਮੀਡੀਆ ਨੇ ਪੂਰਾ ਰੰਗ ਦਿਖਾਇਆ ਹੋਇਆ ਹੈ। ਪਿਛਲੇ ਦਿਨਾਂ ਤੋਂ ਇੱਕ ਆਈਏਐਸ ਤੇ ਕੁੱਝ ਹੋਰ ਅਧਿਕਾਰੀਆਂ ਦੇ ਨਾਮਾਂ ਦੀ ਚਰਚਾ ਵੀ ਚਲੀ ਸੀ ਪਰ ਯੂਜੀਸੀ ਵੱਲੋਂ ਜਾਰੀ 13 ਜੂਨ 2013 ਨੂੰ ਕੱਢੇ ਪੱਤਰ ਵਿਚ ਵਾਈਸ ਚਾਂਸਲਰ ਲਗਾਉਣ ਦੀਆਂ ਸ਼ਰਤਾਂ ਬਿਲਕੁਲ ਸਪਸ਼ਟ ਹਨ ਕਿ ਨਾ ਤਾਂ ਵਾਈਸ ਚਾਂਸਲਰ ਸਿਰਫ਼ ਬਿਉਰੋਕਰੇਟ ਹੀ ਲੱਗ ਸਕਦਾ ਹੈ ਨਾ ਹੀ ਕੋਈ ਫ਼ੌਜੀ ਅਫ਼ਸਰ ਹੀ ਲੱਗ ਸਕਦਾ ਹੈ। ਪਰ ਸੂਤਰ ਇਹ ਵੀ ਦੱਸਦੇ ਹਨ ‍ਕਿ ਨਵੀਂ ਸਰਕਾਰ ਕੁੱਝ ਨਿਯਮ ਵਿਧਾਨ ਬਦਲ ਕੇ ਵਾਈਸ ਚਾਂਸਲਰ ਕਿਸੇ ਬਿਊਰੋਕਰੇਟ ਜਾਂ ਫਿਰ ਫ਼ੌਜੀ ਅਫ਼ਸਰ ਨੂੰ ਲਗਾਉਣਾ ਚਾਹੁੰਦੀ ਹੈ।        
                ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਵੱਲੋਂ 13 ਜੂਨ 2013 ਨੂੰ ਪੱਤਰ ਨੰਬਰ ਐਫ. 1-2/2009, (ਈਸੀ/ਪੀਐਸ), ਵੀ (1) ਵੀਓਐਫ-2 ਅਨੁਸਾਰ ਦੱਸਿਆ ਗਿਆ ਹੈ ਕਿ ਧਾਰਾ 7.3.0 ਦੇ ਮੱਦੇਨਜ਼ਰ ਯੂਨੀਵਰਸਿਟੀਆਂ ਦਾ ਵਾਈਸ ਚਾਂਸਲਰ ਲਗਾਉਣ ਲਈ ਇੱਕ 3-5 ਵਿਅਕਤੀਆਂ ਦਾ ਪੈਨਲ ਬਣੇਗਾ।ਉਹ ਪੈਨਲ ਪਬਲਿਕ ਨੋਟੀਫ਼ਿਕੇਸ਼ਨ ਰਾਹੀਂ ਕੁੱਝ ਯੋਗ ਵਿਅਕਤੀਆਂ ਦੀ ਚੋਣ ਕਰੇਗਾ, ਇਹ ਵਿਅਕਤੀ ਬਹੁਤ ਹੀ ਸਾਫ਼ ਸੁਥਰੀ ਸ਼ਵੀ ਵਾਲੇ, ਉੱਚੇ ਕਿਰਦਾਰ ਵਾਲੇ, ਪ੍ਰਬੁੱਧ ਵਿਦਵਾਨ ਤਾਂ ਹੋਣੇ ਹੀ ਚਾਹੀਦੇ ਹਨ ਪਰ ਨਾਲੋ ਨਾਲ ਸੰਸਥਾ ਨੂੰ ਚਲਾਉਣ ਦੇ ਸਮਰੱਥ ਹੋਣ, ਇਸ ਪੱਤਰ ਵਿਚ ਸਪਸ਼ਟ ਲਿ‍ਖਿਆ ਹੈ ਕਿ ਵਾਈਸ ਚਾਂਸਲਰ ਲੱਗਣ ਲਈ ਕਿਸੇ ਯੂਨੀਵਰਸਿਟੀ ਦੇ ਜਾਂ ਫਿਰ ਇਸ ਦੇ ਬਰਾਬਰ ਦੀ ਖੋਜ ਸੰਸਥਾ ਦਾ ਉਸ ਵਿਅਕਤੀ ਕੋਲ 10 ਸਾਲ ਦਾ ਪ੍ਰੋਫੈਸਰ ਵਜੋਂ ਤਜਰਬਾ ਹੋਣਾ ਚਾਹੀਦਾ ਹੈ। ਇਸ ਪੱਤਰ ਤੋਂ ਬਿਲਕੁਲ ਸਹੀ ਪਤਾ ਲੱਗਦਾ ਹੈ ਕਿ ਵਾਈਸ ਚਾਂਸਲਰ ਲੱਗਣ ਲਈ ਵਿਅਕਤੀ ਨਿਰੋਲ ਅਕਾਦਮਿਸ਼ਨ ਹੋਣਾ ਚਾਹੀਦਾ ਹੈ ਜਿਸ ਕੋਲ ਕਿਸੇ ਸੰਸਥਾ ਨੂੰ ਚਲਾਉਣ ਦਾ ਪ੍ਰਬੰਧਕੀ ਤਜਰਬਾ ਵੀ ਹੋਵੇ। ਇਸ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਖੋਜ ਕਮੇਟੀ ਇਹ ਵੀ ਧਿਆਨ ਵਿਚ ਰੱਖੇਗੀ ਕਿ ਜਿਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਗਾਇਆ ਜਾ ਰਿਹਾ ਹੈ ਉਸ ਵਿਚ ਵਾਈਸ ਚਾਂਸਲਰ ਲੱਗਣ ਦੀਆਂ ਜੇਕਰ ਕੋਈ ਹਦਾਇਤਾਂ ਹਨ ਉਹ ਵੀ ਲਾਜ਼ਮੀ ਦੇਖ ਲਈਆਂ ਜਾਣ। ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲੱਗਣ ਲਈ ਇਹ ਵੀ ਜ਼ਰੂਰੀ ਦੇਖਣਾ ਹੋਵੇਗਾ ਕਿ ਜਿਸ ਵਿਅਕਤੀ ਦੀ ਚੋਣ ਕੀਤੀ ਗਈ ਹੈ ਕੀ ਉਹ ਪੰਜਾਬੀ ਸਭਿਆਚਾਰ, ਧਰਮ ਤੇ ਪੰਜਾਬ ਦੇ ਸਮਾਜਿਕ ਸਰੋਕਾਰਾਂ ਬਾਰੇ ਜਾਣਕਾਰੀ ਰੱਖਦੇ ਹਨ? ਕਿਉਂਕਿ ਪੰਜਾਬੀ ਯੂਨੀਵਰਸਿਟੀ ਇੱਕ ਅਜਿਹੀ ਸੰਸਥਾ ਹੈ ਜਿਸ ਵਿਚ ਭਿੰਨ ਭਿੰਨ ਪ੍ਰਕਾਰ ਦੀ ਖੋਜ ਹੋ ਰਹੀ ਹੈ। ਯੂਜੀਸੀ ਦੇ ਨਿਯਮਾਂ ਅਨੁਸਾਰ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਾ ਤਾਂ ਕੋਈ ਆਈਏਐਸ ਲੱਗ ਸਕਦਾ ਹੈ ਨਾ ਹੀ ਕੋਈ ਫ਼ੌਜੀ ਲੱਗ ਸਕਦਾ ਹੈ।
ਸਖਤ ਅਫਸਰ ਸਿੱਧੂ ਦੇ ਨਾਮ ਦੀ ਚਰਚਾ ਨਾਲ ਸਹਿਮ ਵਿਚ ਹਨ ਯੂਨੀਵਰਸਿਟੀ ਦੇ ਕੁਝ ਅਧਿਆਪਕ
ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲੱਗਣ ਲਈ ਸਾਬਕਾ ਆਈਏਐਸ ਕੁਸਮਜੀਤ ਕੌਰ ਸਿੱਧੂ ਦੇ ਨਾਮ ਦੀ ਚਰਚਾ ਨਾਲ ਪੰਜਾਬੀ ਯੂਨੀਵਰਸਿਟੀ ਦੇ ਕੁਝ ਅਧਿਆਪਕ ਕਾਫੀ ਸਹਿਮ ਵਿਚ ਹਨ। ਪਿਛਲੇ ਸਮੇਂ ਵਿਚ ਵਾਈਸ ਚਾਂਸਲਰਾਂ ਨੂੰ ਕਥਿਤ ਕੱਠਪੁੱਤਲੀ ਵਾਂਗ ਚਲਾਉਣ ਵਾਲੇ ਕੁਝ ਅਧਿਆਪਕ ਗਰੁੱਪਾਂ ਵਿਚ ਇਸ ਗੱਲੋਂ ਸਹਿਮ ਹੈ ਕਿ ਬੀਬੀ ਸਿੱਧੂ ਸਖਤ ਹੈ ਤੇ ਇਕ ਔਰਤ ਹੋਣ ਦੇ ਨਾਤੇ ਉਸ ਨੂੰ ਕਿਸੇ ਤਰ੍ਹਾਂ ਵੀ ਆਪਣੀਆਂ ਚਲਾਕੀਆਂ ਨਾਲ ਰਿਝਾਉਣ ਤੋਂ ਅਸਮਰਥ ਰਹਿਣਗੇ।