Monday, June 19, 2017

ਗੋਰਾ ਰੰਗ ਕੜਕਦੀ ਗਰਮੀ ’ਚ ਤਿਪ-ਤਿਪ ਚੋਵੋ ਵੈਰੀਆ

ਖੇਤ ਮਜ਼ਦੂਰਾਂ ਦੀਆਂ ਔਰਤਾਂ ਕੜਕਦੀ ਧੁੱਪ ਵਿਚ ਲਾ ਰਹੀਆਂ ਹਨ ਝੋਨਾ
ਗੁਰਨਾਮ ਸਿੰਘ ਅਕੀਦਾ
ਅੱਜ ਕੱਲ੍ਹ ਉੱਤਰੀ ਭਾਰਤ ਦੇ ਮੈਦਾਨੀ ਖੇਤਰਾਂ ਵਿਚ ਝੋਨੇ (ਜੀਰੀ) ਦੀ ਲਵਾਈ ਜ਼ੋਰਾਂ ਤੇ ਚੱਲ ਰਹੀ ਹੈ, ਖੇਤ ਮਜ਼ਦੂਰ ਔਰਤਾਂ ਤੇ ਮਰਦ ਅਤੇ ਬਿਹਾਰੀ ਤੇ ਯੂ ਪੀ ਦੇ ਬਈਏ ਝੋਨਾ ਲਾਉਣ ਦਾ ਕੰਮ ਕਰ ਰਹੇ ਹਨ। ਇਹ ਝੋਨਾ ਪਿਛਲੇ ਸਾਲ ਹੀ ਵਿਆਹ ਕੇ ਲਿਆਂਦੀ ਗਈ ਲਖਵਿੰਦਰ ਵੀ ਲਗਾ ਰਹੀ ਹੈ। ਉਹ ਸ਼ਾਮ ਨੂੰ ਥੱਕ ਹਾਰ ਕੇ ਆਪਣੇ ਪਤੀ ਨੂੰ ਤਾਹਨਾ ਮਾਰਦੀ ਹੈ ‘ਗੋਰਾ ਰੰਗ ਕੜਕਦੀ ਗਰਮੀ ’ਚ ਤਿਪ ਤਿਪ ਚੋਵੋ ਵੈਰੀਆ’ ਇਹ ਤਾਹਨਾ ਉਸ ਦਾ ਉਸ ਤੇ ਪਤੀ ਦੇ ਧੁਰ ਅੰਦਰ ਤੱਕ ਹੂਕ ਪਾਉਂਦਾ ਹੈ। ਪਰ ਮਾਂ, ਕੁਆਰੀ ਭੈਣ ਭਰਜਾਈ ਤੇ ਹੋਰ ਚਾਚੀਆਂ ਤਾਈਆਂ ਵੀ ਤਾਂ ਝੋਨਾ ਲਾਉਣ ਲਈ ਜਾ ਰਹੀਆਂ ਹਨ ਤਾਂ ਫਿਰ ਲਖਵਿੰਦਰ ਘਰ ਵਿਚ ਇਕੱਲੀ ਕੀ ਕਰੇਗੀ? ਬੱਸ ਇਹ ਹੀ ਇੱਕ ਜ਼ਬਰਦਸਤ ਤੇ ਪੱਕਾ ਕਾਰਨ ਹੈ ਜਿਸ ਕਰ ਕੇ ਲਖਵਿੰਦਰ ਦਾ ਨਵੀਂ ਵਿਆਹੀ ਦੇ ਅਜੇ ਮਹਿੰਦੀ ਦੇ ਹੱਥ ਵੀ ਨਹੀਂ ਫਿੱਟੇ ਸਨ ਕਿ ਉਹ ਖੇਤਾਂ ਵਿਚ ਕੜਕਦੀ ਧੁੱਪ ਵਿਚ ਜੀਰੀ ਲਾਉਣ ਲਈ ਤੁਰ ਪਈ।
    ਛਿਮਾਹੀ ਵਿਚ ਇੱਕ ਵਾਰ ਝੋਨਾ ਲਾਉਣਾ ਤੇ ਕੁੱਝ ਜ਼ਿਮੀਂਦਾਰਾਂ ਵੱਲੋਂ ਮਜ਼ਦੂਰਾਂ ਵੱਲੋਂ ਕਣਕ ਤੇ ਝੋਨੇ ਦੀ ਕਟਾਈ ਖੇਤ ਮਜ਼ਦੂਰਾਂ ਕੋਲੋਂ ਕਰਾਉਣੀ ਤੇ ਖੇਤਾਂ ਵਿਚੋਂ ਸਬਜ਼ੀ ਤੋੜਨੀ ਤੇ ਹੋਰ ਖੇਤੀ ਦੇ ਕੰਮ ਕਰਨੇ ਖੇਤ ਮਜ਼ਦੂਰਾਂ ਦੀਆਂ ਔਰਤਾਂ ਦੇ ਹਿੱਸੇ ਵੀ ਆਉਂਦੇ ਹਨ। ਵੱਖ ਵੱਖ ਖੇਤਾਂ ਵਿਚ ਝੋਨਾ ਲਗਾ ਰਹੀਆਂ ਔਰਤਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਦਰਦ ਬਿਆਨ ਕੀਤਾ ਕਿ ਇਹ ਆਜ਼ਾਦੀ ਸਾਡੇ ਲਈ ਨਹੀਂ ਹੈ, ਜੇਕਰ ਸਾਡੀ ਨਵੀਂ ਵਿਆਹੀ ਨੂੰਹ ਰਾਣੀ ਨੂੰ ਵੀ ਸਾਰੇ ਮੇਕਅਪ ਨੂੰ ਵਿਸਾਰ ਕੇ ਖੇਤਾਂ ਵਿਚ ਗਰਮੀ ਨਾਲ ਗਰਮੀ ਹੋਣਾ ਪੈਂਦਾ ਹੈ ਤਾਂ ਇਹ ਸਾਡੀ ਨੂੰਹ ਰਾਣੀ ਦੇ ਕਰਮਾਂ ਦੇ ਹਿੱਸੇ ਵਿਚ ਆਇਆ ਰੱਬ ਦਾ ਕੀਤਾ ਕਰਾਇਆ ਹੀ ਹੈ, ਰੋਟੀ ਦਾ ਓਹੜ ਪੋਹੜ ਹੋ ਜਾਂਦਾ ਹੈ। ਉਨ੍ਹਾਂ ਕਦੇ ਏਸੀ  ਦੀ ਹਵਾ ਨਹੀਂ ਦੇਖੀ, ਸਗੋਂ ਝੋਨਾ ਲਗਾ ਕੇ ਖੇਤਾਂ ਦੀਆਂ ਵੱਟਾਂ ਤੇ ਬੈਠ ਕੇ ਰੁਮਕਦੀ ਹਵਾ ਨਾਲ ਠੰਢ ਦਾ ਅਹਿਸਾਸ ਕਰ ਲਈਦਾ ਹੈ। ਸਵੇਰੇ ਹੀ ਹਾਜ਼ਰੀ ਦੀ ਰੋਟੀ ਪਕਾਉਣ ਦਾ ਕੰਮ ਵੀ ਨੂੰਹ ਰਾਣੀ ਜਾਂ ਫਿਰ ਕੁਆਰੀਆਂ ਕੁੜੀਆਂ ਕਰਦੀਆਂ ਹਨ, ਥੋੜ੍ਹੀ ਵਡੇਰੀ ਉਮਰ ਦੀਆਂ ਔਰਤਾਂ ਝੋਨਾ ਲਾਉਣ ਲਈ ਬਣਾਏ ਲਾਣੇ ਨੂੰ ਛੇਤੀ ਖੇਤ ਵਿਚ ਪੁੱਜਣ ਦਾ ਸੁਨੇਹਾ ਦਿੰਦੀਆਂ ਹਨ। ਮਰਦ ਝੋਨੇ ਦੀ ਪਨੀਰੀ ਪੁੱਟਣ ਲਈ ਸਵੇਰੇ ਸਾਝਰੇ ਹੀ ਨਿਕਲ ਜਾਂਦੇ ਹਨ। ਝੋਨਾ ਲਵਾਈ ਦਾ ਰੇਟ ਵੱਖ ਵੱਖ ਇਲਾਕਿਆਂ ਵਿਚ ਵੱਖੋ ਵੱਖਰਾ ਹੈ। ਰਾਜਪੁਰਾ ਇਲਾਕੇ ਵਿਚ 400 ਰੁਪਏ ਵਿੱਘਾ ਲਗਾਇਆ ਜਾਂਦਾ ਹੈ, ਇੱਧਰ ਦੇਵੀਗੜ੍ਹ, ਬਲਬੇੜਾ, ਸਮਾਣਾ ਇਲਾਕੇ ਵਿਚ 500 ਰੁਪਏ ਵਿੱਘਾ ਲਗਾਇਆ ਜਾਂਦਾ ਹੈ। ਇੱਕ ਏਕੜ ਸੱਤ ਜਣੇ ਇੱਕ ਦਿਨ ਵਿਚ ਲਗਾ ਦਿੰਦੇ ਹਨ। ਇਨ੍ਹਾਂ ਸੱਤ ਜਣਿਆ‍ ਵਿਚ ਆਮ ਤੌਰ ਤੇ ਦੋ ਮਰਦ ਹੁੰਦੇ ਹਨ ਤੇ ਪੰਜ ਔਰਤਾਂ ਹੁੰਦੀਆਂ ਹਨ। ਮਰਦ ਪਨੀਰੀ ਪੁੱਟ ਕੇ ਧੋ ਕੇ ਖੇਤ ਵਿਚ ਪਹੁੰਚਾਉਂਦੇ ਹਨ ਤੇ ਔਰਤਾਂ ਜੀਰੀ ਲਾਉਂਦੀਆਂ ਹਨ। ਕੋਡੀਆਂ ਕੋਡੀਆਂ ਹੋਈਆਂ ਔਰਤਾਂ ਇਹ ਭੁੱਲ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਕੋਈ ਜ਼ਿਮੀਂਦਾਰਾਂ ਦਾ ਮੁੰਡਾ ਮਾੜੀ ਨਜ਼ਰ ਨਾਲ ਤਾੜ ਵੀ ਰਿਹਾ ਹੈ। ਇਸ ਲਾਣੇ ਵਿਚ ਨਵੀਂ ਵਿਆਹੀ ਖਾਸਕਰਕੇ ਆਪਣਾ ਮੂੰਹ ਢੱਕ ਕੇ ਰੱਖਦੀ ਹੈ। ਆਪਣੇ ਪੱਟ ਤੇ ਕੂਹਣੀ ਦੇ ਮੋੜ ਦਾ ਸਹਾਰਾ ਲੈ ਕੇ ਪਨੀਰੀ ਦੀ ਜੁੜੀ ਫੜੀ ਜਾਂਦੀ ਹੈ ਤੇ ਦੂਜੇ ਹੱਥ ਨਾਲ ਜੀਰੀ ਪਾਣੀ ਨਾਲ ਭਰੇ ਖੇਤ ਵਿਚ ਇੱਕ ਇੱਕ ਕਰ ਕੇ ਲਗਾਈ ਜਾਂਦੀ ਹੈ।ਪਨੀਰੀ ਦਾ ਇੱਕ ਇੱਕ ਦਾਣਾ ਕਰ ਕੇ ਲਾਉਣਾ ਤੇ ਪਾਣੀ ਨਾਲ ਭਰੇ ਸਾਰੇ ਖੇਤ ਵਿਚ ਕੋਡੇ ਕੋਡੇ ਪਿੱਛੇ ਮੁੜਦਿਆਂ ਝੋਨਾ ਲਾਉਣ ਦੀ ਪ੍ਰਕ੍ਰਿਆ ਪੂਰੀ ਕਰਨੀ ਕਾਫ਼ੀ ਮਿਹਨਤ ਦਾ ਕੰਮ ਹੈ। ਪੱਟ ਉੱਤੇ ਜਿੱਥੇ ਕੂਹਣੀ ਰੱਖੀ ਜਾਂਦੀ ਹੈ ਕੁੱਝ ਦਿਨਾਂ ਬਾਅਦ ਹੀ ਉਸੇ ਥਾਂ ਪੱਟ ਉੱਥੇ ਕਾਲਾ ਦਾਗ਼ ਪੈ ਜਾਂਦਾ ਹੈ ਜੋ ਨਵੀਂ ਵਿਆਹੀ ਆਪਣੇ ਪਤੀ ਨੂੰ ਦਿਖਾਉਂਦੀ ਹੈ। ਇਹ ਮਸਾਂ 15 ਤੋਂ 30 ਦਿਨਾਂ ਦਾ ਕੰਮ ਹੁੰਦਾ ਹੈ ਤੇ 12 ਤੋਂ 15 ਘੰਟੇ ਕੰਮ ਕਰਨ ਤੋਂ ਬਾਅਦ ਵੀ ਮਸਾਂ ਰੋਟੀ ਦਾ ਜੁਗਾੜ ਹੀ ਹੁੰਦਾ ਹੈ। ਲਾਭ ਕੌਰ ਅਰਨੌਲੀ ਬੰਤੋ ਕਰਹਾਲੀ, ਸਾਜਲੀ ਭੋਗਲਾਂ ਆਦਿ ਹੋਰ ਬਹੁਤ ਸਾਰੀਆਂ ਔਰਤਾਂ ਨੇ ਕਿਹਾ ਕਿ ਜੇਕਰ ਕਿਸੇ ਔਰਤ ਦੇ ਬੱਚਾ ਨਿੱਕਾ ਹੁੰਦਾ ਹੈ ਤਾਂ ਉਹ ਵੀ ਝੋਨਾ ਲਾਉਣ ਆਉਂਦੀ ਹੈ ਪਰ ਉਹ ਆਪਣੇ ਬੱਚੇ ਨੂੰ ਸੰਭਾਲਣ ਲਈ ਕੋਈ ਹੋਰ ਥੋੜ੍ਹਾ ਵੱਡਾ ਬੱਚਾ ਨਾਲ ਲੈ ਕੇ ਆਉਂਦੀ ਹੈ। ਕਿਸੇ ਤੂਤ, ਟਾਹਲੀ, ਨਿੰਮ, ਆਦਿ ਰੁੱਖ ਦੀ ਛਾਂ ਹੇਠਾਂ ਉਸ ਬੱਚੇ ਨੂੰ ਖਿਡਾਉਣ ਦਾ ਕੰਮ ਹੁੰਦਾ ਹੈ, ਬੱਚਾ ਜੇਕਰ ਜ਼ਿਆਦਾ ਰੋਣ ਲੱਗ ਜਾਵੇ ਤਾਂ ਕਦੇ ਕਦੇ ਉਸ ਨੂੰ ਜ਼ਿਮੀਂਦਾਰਾਂ ਤੋਂ ਲੈ ਕੇ ਥੋੜ੍ਹੀ ਜਿਹੀ ਅਫ਼ੀਮ ਦੇ ਦਿੱਤੀ ਜਾਂਦੀ ਹੈ ਤਾਂ ਕਿ ਉਹ ਸੁੱਤਾ ਰਹੇ। ਇਹ ਕਿਹਾ ਗਿਆ ਹੈ ਕਿ ਝੋਨਾ ਲਾਉਣ ਲਈ ਸਿਰਫ਼ ਔਰਤਾਂ ਜਾਂ ਮਰਦ ਹੀ ਨਹੀਂ ਸਗੋਂ ਨਿੱਕੇ ਨਿਆਣੇ ਬੱਚੇ ਵੀ ਸ਼ਾਮਲ ਹੁੰਦੇ ਹਨ। ਸਵੇਰੇ ਹੀ ਰੋਟੀਆਂ ਪਕਾ ਕੇ ਦੁਪਹਿਰ ਦੀਆਂ ਵੀ ਨਾਲ ਹੀ ਲੈ ਲਈਆਂ ਜਾਂਦੀਆਂ ਹਨ ਤਾਂ ਕਿ ਦੁਪਹਿਰ ਨੂੰ ਰੋਟੀ ਪਕਾਉਣ ਦਾ ਝੰਜਟ ਨਾ ਹੋਵੇ। ਸ਼ਾਮ ਨੂੰ ਥੱਕ ਹਾਰ ਕੇ ਔਰਤਾਂ ਘਰ ਜਾਂਦੀਆਂ ਹਨ ਤੇ ਰੋਟੀ ਵੀ ਪਕਾਉਣੀ ਪੈਂਦੀ ਹੈ, ਇਹ ਝੋਨਾ ਲਾਉਣੀਆਂ ਔਰਤਾਂ ਤੇ ਮਰਦਾਂ ਦੀ ਜੀਵਨ ਲੀਲ੍ਹਾ ਹੁੰਦੀ ਹੈ।
    ਇੱਥੇ ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਵਾਰੀ ਜੀਰੀ ਲਾਉਂਦੇ ਹੋਏ ਸ਼ੁਗ਼ਲ ਵੀ ਕੀਤਾ ਜਾਂਦਾ ਹੈ, ਨਵੀਂ ਵਿਆਹੀ ਨਾਲ ਮਜ਼ਾਕ ਵੀ ਕੀਤਾ ਜਾਂਦਾ ਹੈ ਜੇਕਰ ਉਸ ਦਾ ਦਿਉਰ ਨਾਲ ਹੋਵੇ ਤਾਂ ਝੋਨੇ ਦੇ ਖੇਤ ਵਿਚ ਹੀ ਪਾਣੀ ਵਿਚੋਂ ਹੀ ਗਾਰਾ ਕੱਢ ਕੇ ਨਵੀਂ ਵਿਆਹੀ ਦੇ ਨੂੰ ਲਿਬੇੜ ਦਿੱਤਾ ਜਾਂਦਾ ਹੈ, ਦਿਉਰ ਦੇ ਨਾਲ ਉਸ ਦਾ ਪਤੀ ਵੀ ਲੱਗ ਜਾਂਦਾ ਹੈ ਤਾਂ ਕੁੱਝ ਸਮਾਂ ਮਸਤੀ ਵੀ ਹੋ ਜਾਂਦੀ ਹੈ। ਥੱਕੀ ਹੋਈ ਨਵੀਂ ਵਿਆਹੀ ਰਾਤ ਨੂੰ ਆਪਣੇ ਪਤੀ ਨੂੰ ਕਹਿ ਹੀ ਦਿੰਦੀ ਹੈ ‘‘ਗੋਰਾ ਰੰਗ ਕੜਕਦੀ ਗਰਮੀ ’ਚ ਤਿਪ-ਤਿਪ ਚੋਵੋ ਵੈਰੀਆ’’

   

No comments:

Post a Comment