Wednesday, February 21, 2018

ਪੰਜਾਬ ਵਿਚ ਨੌਜਵਾਨਾਂ ਤੇ ਲੱਗਦੇ ਨਸ਼ਿਆਂ ਦੇ ਦਾਗ ਵੀ ਧੋ ਰਿਹਾ ਹੈ ਪੁਸਤਕ ਮੇਲਾ

ਨੌਜਵਾਨ ਖ਼ਰੀਦ ਰਹੇ ਹਨ ਨਾਵਲ, ਕਹਾਣੀਆਂ, ਮੁਕਾਬਲਿਆਂ ਦੀਆਂ ਪੁਸਤਕਾਂ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 21 ਫਰਵਰੀ
ਪੰਜਾਬੀ ਯੂਨੀਵਰਸਿਟੀ ਵਿਚ ਲੱਗਾ ਪੁਸਤਕ ਮੇਲਾ ਪੰਜਾਬ ਦੇ ਨੌਜਵਾਨਾਂ ਤੇ ਲੱਗੇ ਨਸ਼ਿਆਂ ਦੇ ਦਾਗ ਵੀ ਧੋ ਰਿਹਾ ਹੈ। ਇਹ ਮੇਲਾ ਸਿਰਫ਼ ਕਿਤਾਬਾਂ ਵੇਚਣ ਦਾ ਮਾਮਲਾ ਤਹਿ ਨਹੀਂ ਕਰ ਰਿਹਾ ਸਗੋਂ ਇਹ ਮੇਲਾ ਸਪਸ਼ਟ ਕਰ ਰਿਹਾ ਹੈ ਕਿ ਨੌਜਵਾਨ ਨਸ਼ਿਆਂ ਦੇ ਆਦੀ ਨਹੀਂ ਹਨ ਸਗੋਂ ਪੁਸਤਕਾਂ ਪੜ੍ਹਨ ਦੇ ਵੀ ਆਦੀ ਹਨ। ਇੱਥੇ ਮੇਲੇ ਵਿਚ ਪੁਸਤਕਾਂ ਖ਼ਰੀਦਣ ਲਈ ਨੌਜਵਾਨਾਂ ਨੇ ਕਾਫੀ ਜੋਰ ਲਗਾ ਰੱਖਿਆ ਹੈ।
    ਪਬਲਿਸ਼ਰ ਅਸ਼ੋਕ ਅਨੁਸਾਰ ਇੱਥੇ ਨੌਜਵਾਨਾਂ ਵੱਲੋਂ ਕਾਫੀ ਕਿਤਾਬਾਂ ਖ਼ਰੀਦੀਆਂ ਜਾ ਰਹੀਆਂ ਹਨ, ਇਹ ਕਿਤਾਬਾਂ ਫਿਕਸ਼ਨ, ਜਨਰਲ, ਬੰਦੂਕਾਂ ਦੀ ਨਹੀਂ ਸਗੋਂ ਨੌਕਰੀਆਂ ਲੈਣ ਲਈ ਮੁਕਾਬਲੇ ਲੜਨ ਲਈ ਵੀ ਪੁਸਤਕਾਂ ਖ਼ਰੀਦ ਰਹੇ ਹਨ। ਇੱਥੇ ਅੰਗਰੇਜ਼ੀ ਵਿਚ ਵਿਕ ਰਿਹਾ ਸਾਹਿਤ ਇਹ ਸਪਸ਼ਟ ਕਰ ਰਿਹਾ ਹੈ ਕਿ ਪੰਜਾਬ ਵਿਚ ਹੁਣ ਪੰਜਾਬੀ ਦੇ ਨਾਲ ਅੰਗਰੇਜ਼ੀ ਵਿੱਚ ਮਿਲਦਾ ਸਾਹਿਤ ਵੀ ਖ਼ਰੀਦਿਆ ਜਾ ਰਿਹਾ ਹੈ। ਬਠਿੰਡਾ ਇਲਾਕੇ ਵਿਚੋਂ ਆਏ ਕੰਵਲਪ੍ਰੀਤ ਨੇ ਦਸਿਆ ਕਿ ਮੈਂ ਅੱਜ ਇਸ ਮੇਲੇ ਵਿਚੋਂ ਜਸਬੀਰ ਮੰਡ ਦਾ ਬੋਲ ਮਰਦਾਨਿਆਂ ਖ਼ਰੀਦਿਆ, ਜਨਰਲ ਨਾਲਿਜ਼ ਦੀਆਂ ਕਿਤਾਬਾਂ ਖ਼ਰੀਦੀਆਂ, ਨਾਨਕ ਸਿੰਘ ਇੱਥੇ ਕਾਫੀ ਪਿਆ ਸੀ ਮੈਂ ਸਾਰਾ ਹੀ ਖ਼ਰੀਦ ਲਿਆ, ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤੇ ਜਾ ਰਹੇ 50 ਫ਼ੀਸਦੀ ਰਿਆਇਤ ਦਾ ਉਸ ਨੇ ਕਾਫੀ ਲਾਭ ਉਠਾਇਆ ਤੇ ਯੂਨੀਵਰਸਿਟੀ ਦੀਆਂ ਇਤਿਹਾਸ ਨਾਲ ਸਬੰਧਿਤ ਤੇ ਪੰਜਾਬੀ ਨਾਲ ਸਬੰਧਿਤ ਪੁਸਤਕਾਂ ਖ਼ਰੀਦੀਆਂ। ਇਸੇ ਤਰ੍ਹਾਂ ਐਸ ਐਸ ਚੱਠਾ ਨੇ ਦਸਿਆ ਕਿ ਉਸ ਨਾਲ ਆਏ ਨੌਜਵਾਨ ਮੁੰਡੇ ਕੁੜੀਆਂ ਨੇ ਕਾਫੀ ਸਾਹਿਤ ਖ਼ਰੀਦਿਆ ਹੈ। ਇਸ ਵੇਲੇ ਉਨ੍ਹਾਂ ਦਸਿਆ ਕਿ ਅਸੀਂ ਜੋ ਸਾਹਿਤ ਖ਼ਰੀਦ ਰਹੇ ਹਾਂ ਉਹ ਰਾਮ ਪੁਰਾ ਇਲਾਕੇ ਦੇ ਮੁੰਡਿਆਂ ਨੂੰ ਪੜਾਵਾਂਗੇ ਕਿਉਂਕਿ ਸਾਡੇ ਕੋਲ ਲਾਇਬ੍ਰੇਰੀਆਂ ਵਿਚ ਇਹ ਭੰਡਾਰ ਕਾਇਮ ਰਹੇਗਾ।
    ਇੱਥੇ ਨੌਜਵਾਨ ਜਦੋਂ ਪੁਸਤਕਾਂ ਖ਼ਰੀਦ ਰਹੇ ਸਨ ਤਾਂ ਆਮ ਤੌਰ ਤੇ ਕਿਹਾ ਜਾ ਰਿਹਾ ਸੀ ਕਿ ਜੋ ਵਿਦਿਆਰਥੀ ਕਾਲਜਾਂ ਵਿਚ ਪੜ੍ਹ ਰਹੇ ਹਨ ਉਹ ਤਾਂ ਪੁਸਤਕਾਂ ਖ਼ਰੀਦਣ ਤਾਂ ਗੱਲ ਕੋਈ ਵੱਖਰੀ ਨਹੀਂ ਹੈ ਪਰ ਜੋ ਨੌਜਵਾਨ ਪੜਾਈ ਪੂਰੀ ਕਰ ਚੁੱਕੇ ਹਨ ਉਹ ਪੁਸਤਕਾਂ ਖ਼ਰੀਦਣ ਤਾਂ ਲੱਗਦਾ ਹੈ ਕਿ ਪੁਸਤਕਾਂ ਦਾ ਪਿਆਰ ਪੰਜਾਬੀ ਨੌਜਵਾਨਾ ਨੂੰ ਕਾਫੀ ਹੈ।
ਬੁੱਕ ਮੇਲਾ ਫ਼ੋਟੋ 1 : ਪੁਸਤਕ ਮੇਲੇ ਵਿਚੋਂ ਪੁਸਤਕਾਂ ਖ਼ਰੀਦ ਕੇ ਲੈ ਜਾਂਦੇ ਨੌਜਵਾਨ। ਫ਼ੋਟੋ ਅਕੀਦਾ

No comments:

Post a Comment