Tuesday, February 27, 2018

ਐਨਜੀਟੀ ਦੀਆਂ ਹਦਾਇਤਾਂ ਨਜ਼ਰ ਅੰਦਾਜ਼ ਕਰਕੇ ਮੋਤੀ ਬੀੜ ਵਿਚ ਪੁੱਟੇ ਜਾ ਰਹੇ ਹਨ ਰੁੱਖ

ਭੁੱਖੇ ਮਰ ਰਹੇ ਜੰਗਲੀ ਜੀਵਾਂ ਦੀ ਜ਼ਿੰਦਗੀ ਬਚਾਉਣ ਲਈ ਬੀਜਿਆ ਜਾਵੇਗਾ ਗਿੰਨੀ ਘਾਹ : ਅਧਿਕਾਰੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਫਰਵਰੀ
ਇੱਥੇ 1300 ਦੇ ਕਰੀਬ ਏਕੜ ਵਿਚ ਫੈਲੇ ਮੋਤੀ ਬੀੜ ਵਿਚ ਮਸਕਟ (ਪਹਾੜੀ ਕਿੱਕਰਾਂ) ਦੇ ਰੁੱਖ ਪੁੱਟ ਕੇ ਪਸ਼ੂਆਂ ਅਤੇ ਜਾਨਵਰਾਂ ਲਈ ਚਾਰਾ ਪੈਦਾ ਕਰਨ ਵਾਸਤੇ ਵਿਸ਼ੇਸ਼ ਫਾਰਮ ਤਿਆਰ ਕੀਤੇ ਜਾ ਰਹੇ ਹਨ, ਇਸ ਸਬੰਧੀ ਜੰਗਲਾਤ ਵਿਭਾਗ 'ਤੇ ਦੋਸ਼ ਲੱਗੇ ਹਨ ਕਿ ਵਿਭਾਗ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੀਆਂ ਹਦਾਇਤਾਂ ਨੂੰ ਭੰਗ ਕਰਕੇ ਇੱਥੇ ਖੜੇ ਰੁੱਖਾਂ ਨੂੰ ਪੁੱਟ ਕੇ ਫਾਰਮ ਤਿਆਰ ਕਰ ਰਿਹਾ ਹੈ ਜੋ ਗੈਰ ਵਿਧਾਨਿਕ ਹੈ, ਪਰ ਇਸ ਸਬੰਧੀ ਜੰਗਲਾਤ ਅਧਿਕਾਰੀਆਂ ਦਾ ਆਪਣਾ ਤਰਕ ਹੈ ਕਿ ਉਨ੍ਹਾਂ ਨੇ ਪਹਾੜੀ ਕਿੱਕਰਾਂ ਦੇ ਕੁੱਝ ਝਾੜੀਆਂ ਵਰਗੇ ਛੋਟੇ ਰੁੱਖ ਹੀ ਪੁੱਟੇ ਹਨ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡਕਾਲਾ ਰੋਡ 'ਤੇ ਪੈਂਦੇ ਮੋਤੀ ਬੀੜ ਵਿਚ ਡੀਅਰ ਪਾਰਕ ਦੇ ਨਾਲ ਨਾਲ ਬੀੜ ਵਿਚ ਜਾਂਦੇ ਰਸਤੇ ਤੋਂ ਅੱਗੇ ਜਾ ਕੇ ਜੰਗਲਾਤ ਵਿਭਾਗ ਵੱਲੋਂ ਇਕ ਦਸ ਏਕੜ ਦਾ ਫਾਰਮ ਤਿਆਰ ਕੀਤਾ ਜਾ ਰਿਹਾ ਹੈ, ਸੂਤਰਾਂ ਨੇ ਦਸਿਆ ਕਿ ਇੱਥੇ ਪਹਿਲਾਂ ਵੀ ਬਾਜਰਾ ਆਦਿ ਚਾਰਾ ਬੀਜਿਆ ਗਿਆ ਸੀ, ਪਰ ਹੁਣ ਇੱਥੇ ਪਹਿਲਾਂ ਬਾਜਰਾ ਤੇ ਬਾਅਦ ਵਿਚ ਗਿੰਨੀ ਘਾਹ ਲਾਉਣ ਦੀ ਤਜਵੀਜ਼ ਹੈ, ਤਾਂ ਕਿ ਬੀੜ ਵਿਚ ਫਿਰਦੇ ਪਸ਼ੂਆਂ ਤੇ ਜਾਨਵਰਾਂ ਲਈ ਚਾਰਾ ਪੈਦਾ ਹੋ ਸਕੇ। ਅਧਿਕਾਰਤ ਸੂਤਰਾਂ ਅਨੁਸਾਰ ਇਸ ਜੰਗਲ ਵਿਚ 700 ਤੋਂ ਵੱਧ ਰੋਜ਼ ( ਨੀਲ ਗਊਆਂ), ਜੰਗਲੀ ਸੂਰ, 500 ਤੋਂ ਵੱਧ ਅਵਾਰਾ ਗਊਆਂ, ਗਿੱਦੜ, ਪਾੜੇ, ਖ਼ਰਗੋਸ਼, ਆਦਿ ਹੋਰ ਕਈ ਕਿਸਮਾਂ ਦੇ ਜਾਨਵਰ ਖੁਲੇ ਘੁੰਮਦੇ ਹਨ। ਇਸ ਸਬੰਧੀ ਡੀਐਫਓ ਜੰਗਲੀ ਜੀਵ ਸ੍ਰੀ ਅਰੁਣ ਕੁਮਾਰ ਨੇ ਕਿਹਾ ਕਿ ਮੋਤੀ ਬੀੜ ਵਿੱਚ ਜੰਗਲੀ ਜੀਵ ਬਹੁਤ ਸਾਰੇ ਹਨ, ਜਿਨ੍ਹਾਂ ਲਈ ਚਾਰਾ ਤਿਆਰ ਨਹੀਂ ਹੁੰਦਾ, ਪਹਾੜੀ ਕਿੱਕਰਾਂ ਦੇ ਪੱਤਿਆਂ ਵਿਚ ਕੈਮੀਕਲ ਹੋਣ ਕਰਕੇ ਉਹ ਆਪਣੇ ਹੇਠਾਂ ਕੋਈ ਹੋਰ ਚਾਰਾ ਨੁਮਾ ਪੌਦਾ ਨਹੀਂ ਉੱਗਣ ਦਿੰਦਾ, ਜਿਸ ਕਰਕੇ ਇੱਥੇ ਜਾਨਵਰਾਂ ਲਈ ਚਾਰੇ ਦੀ ਸਮੱਸਿਆ ਬਣੀ ਹੋਈ ਹੈ, ਉਨ੍ਹਾਂ ਕਿਹਾ ਕਿ ਅਸੀਂ ਕੋਈ ਕਿੱਕਰ ਨਹੀਂ ਪੁੱਟੀ ਸਗੋਂ ਅਸੀਂ ਤਾਂ ਪਹਾੜੀ ਕਿੱਕਰਾਂ ਦੀਆਂ ਝਾੜੀਆਂ ਹੀ ਸਾਫ਼ ਕਰਕੇ ਫਾਰਮ ਬਣਾ ਰਹੇ ਹਾਂ, ਜਿੱਥੇ ਗਿੰਨੀ ਘਾਹ ਬੀਜਿਆ ਜਾਵੇਗਾ ਤਾਂ ਕਿ ਜਾਨਵਰਾਂ ਦਾ ਚਾਰਾ ਤਿਆਰ ਹੋ ਸਕੇ, ਐਨਜੀਟੀ ਵੱਲੋਂ ਰੁੱਖ ਕੱਟਣ ਦੀ ਕੀਤੀ ਮਨਾਹੀ ਬਾਰੇ ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਅਸੀਂ ਕੋਈ ਰੁੱਖ ਨਹੀਂ ਕੱਟ ਸਕਦੇ ਨਾ ਹੀ ਅਸੀਂ ਰੁੱਖ ਪੁੱਟ ਰਹੇ ਹਾਂ, ਇਹ ਤਾਂ ਮਸਕਟ ਦੀਆਂ ਝਾੜੀਆਂ ਸਾਫ਼ ਕਰਕੇ ਹੀ ਫਾਰਮ ਬਣਾਇਆ ਗਿਆ ਹੈ ਤਾਂ ਕਿ ਜਾਨਵਰਾਂ ਲਈ ਚਾਰਾ ਤਿਆਰ ਹੋ ਸਕੇ। ਦੂਜੇ ਪਾਸੇ ਮੌਕੇ ਤੇ ਦੇਖਿਆ ਗਿਆ ਕਿ ਜੇਸੀਬੀ ਲਗਾ ਕੇ ਪਹਾੜੀ ਕਿੱਕਰਾਂ ਦੇ
ਰੁੱਖ ਪੁੱਟ ਕੇ ਜੰਗਲ ਵਿਚ ਮੈਦਾਨ ਤਿਆਰ ਕੀਤਾ ਜਾ ਰਿਹਾ ਸੀ।

ਡੀਐਫਓ ਫ਼ੋਟੋ : ਮੋਤੀ ਬੀੜ ਵਿਚਕਾਰ ਫਾਰਮ ਤਿਆਰ ਕਰਨ ਲਈ ਰੁੱਖ ਪੁੱਟੇ ਜਾਣ ਦੀ ਝਲਕ। ਫ਼ੋਟੋ ਅਕੀਦਾ

No comments:

Post a Comment