Saturday, March 17, 2018

ਲੋਪ ਹੋ ਰਹੀਆਂ ਹਨ ਪੰਜਾਬ ਦੀਆਂ ਦੇਸੀ ਚਿੜੀਆਂ ਮੁੜ ਚਹਿਕਣ ਲੱਗੀਆਂ

ਚਿੜੀ ਦਿਵਸ ਤੇ ਦੇਸੀ ਚਿੜੀਆਂ ਨੂੰ ਪਾਲਣ ਵਾਲੇ ਪੰਛੀ ਪ੍ਰੇਮੀਆਂ ਨੂੰ ਉਤਸ਼ਾਹਿਤ ਕਰੇ ਸਰਕਾਰ : ਚਿੜੀ ਪ੍ਰੇਮੀ ਬੋਪਾਰਾਏ
ਗੁਰਨਾਮ ਸਿੰਘ ਅਕੀਦਾ
ਪੰਜਾਬ ਦੀਆਂ ਲੋਪ ਹੋ ਰਹੀਆਂ ਦੇਸੀ ਚਿੜੀਆਂ ਮੁੜ ਕਈ ਇਲਾਕਿਆਂ ਵਿਚ ਚਹਿਕਣ ਲੱਗੀਆਂ ਹਨ, 20 ਮਾਰਚ ਨੂੰ ਆਉਣ ਵਾਲੇ ਕੌਮਾਂਤਰੀ ਚਿੜੀ ਦਿਵਸ ਤੇ ਚਿੜੀ ਪ੍ਰੇਮੀ ਹਰਿੰਦਰ ਸਿੰਘ ਬੋਪਾਰਾਏ ਨੇ ਇਸ ਦਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਨੇ ਕਦੇ ਵੀ ਪੰਜਾਬ ਦੇ ਪੰਛੀਆਂ ਨੂੰ ਬਚਾਉਣ ਲਈ ਕੋਈ ਚਾਰਾਜੋਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਚਿੜੀਆਂ ਦੀ ਚੀਂ ਚੀਂ ਬਰਕਰਾਰ ਰੱਖਣ ਲਈ ਵਿਸ਼ੇਸ਼ ਯੋਜਨਾਵਾਂ ਉਲੀਕੇ ਤਾਂ ਕਿ ਚਿੜੀਆਂ ਬਚੀਆਂ ਰਹਿ ਸਕਣ। ਉਨ੍ਹਾਂ ਆਪਣੀ ਭਾਵਨਾ ਪ੍ਰਗਟ ਕਰਦਿਆ ਕਿਹਾ ਕਿ 'ਜਦੋਂ ਸਵੇਰੇ ਚਿੜੀਆਂ ਚੀਂ ਚੀਂ ਕਰਕੇ ਸਾਨੂੰ ਜਗਾਉਂਦੀਆਂ ਹਨ ਤਾਂ ਇੰਜ ਲੱਗਦਾ ਹੈ ਕਿ ਕੁਦਰਤ ਸਾਡੇ ਬਿਲਕੁਲ ਅੰਗ ਸੰਗ ਹੈ'।
ਪਟਿਆਲਾ ਸਰਹਿੰਦ ਰੋਡ ਉੱਪਰ ਵਸੇ ਹੋਏ  ਪਿੰਡ ਹਰਦਾਸਪੁਰ ਦੇ ਪੰਛੀ ਪ੍ਰੇਮੀ ਹਰਿੰਦਰ ਸਿੰਘ ਬੋਪਾਰਾਏ ਨੇ  ਆਪਣੇ ਘਰ ਵਿਚ ਹੀ ਪਿਛਲੇ 20 ਸਾਲ ਤੋਂ 6 ਦਰਜਨ ਦੇਸੀ ਚਿੜੀਆਂ ਅਤੇ ਚਿੜੇ ਪਾਲੇ ਹੋਏ ਹਨ। ਜੇ ਕਿਸੇ ਕਾਰਨ ਕੋਈ ਚਿੜੀ ਮਰ ਵੀ ਜਾਂਦੀ ਹੈ ਤਾਂ ਵੀ ਚਿੜੀਆਂ ਵੱਲੋਂ ਦਿਤੇ ਗਏ ਆਂਡਿਆਂ ਵਿਚੋਂ ਚਿੜੀਆਂ ਦੀ ਨਵੀਂ ਪੀੜ੍ਹੀ ਜਨਮ ਲੈ ਲੈਂਦੀ ਹੈ। ਇਸ ਤਰਾਂ ਦੇਸੀ ਚਿੜੀਆਂ ਅਤੇ ਚਿੜਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।  ਇਸ ਦੇ ਨਾਲ ਹੀ ਉਸ ਨੇ ਕਬੂਤਰ ਅਤੇ ਹੋਰ ਕਈ ਤਰਾਂ ਦੇ ਪੰਛੀ ਵੀ ਪਾਲੇ ਹੋਏ ਹਨ। ਦੇਸੀ ਚਿੜੀਆਂ ਅਤੇ ਹੋਰ ਪੰਛੀਆਂ ਦੀ ਉਹ ਆਪਣੇ ਬੱਚਿਆਂ ਵਾਂਗ ਸੰਭਾਲ ਕਰਦਾ ਹੈ ਅਤੇ ਇਹਨਾਂ ਨੂੰ ਹਰ ਦਿਨ ਹੀ ਚੋਗ਼ਾ ਅਤੇ ਹੋਰ ਖਾਣ ਪੀਣ ਦਾ ਸਮਾਨ ਪਾਉਣ ਦੇ ਨਾਲ  ਹੀ ਇਹਨਾਂ ਦੇ ਪਾਣੀ ਪੀਣ ਲਈ ਵੀ ਢੁਕਵਾਂ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਪੰਜਾਬ ਵਿਚ ਹੀ ਦੇਸੀ ਚਿੜੀਆਂ ਅਲੋਪ ਹੋ ਗਈਆਂ ਸਨ ਉਦੋਂ ਵੀ ਇਸ ਪੰਛੀ ਪ੍ਰੇਮੀ ਬੋਪਾਰਾਏ ਦੇ ਘਰ ਦਰਜਨਾਂ ਦੀ ਗਿਣਤੀ ਵਿਚ  ਚਿੜੀਆਂ ਚਹਿਕਦੀਆਂ ਰਹੀਆਂ ਅਤੇ ਹੁਣ ਇਹਨਾਂ ਦੇਸੀ ਚਿੜੀਆਂ ਦੀ ਗਿਣਤੀ 6 ਦਰਜਨ ਤੋਂ ਉੱਪਰ ਹੋ ਗਈ ਹੈ। ਇਸ ਸਬੰਧੀ ਚਿੜੀਆਂ ਸਬੰਧੀ ਜਾਣਕਾਰੀ ਰੱਖਣ ਵਾਲੇ ਮਾਹਿਰ ਜਗਮੋਹਨ ਸਿੰਘ ਲੱਕੀ ਨੇ  ਕਿਹਾ ਕਿ ਬੋਪਾਰਾਏ ਦੀ ਤਰਾਂ ਹੀ ਲੁਧਿਆਣਾ ਦੇ ਕੈਂਟ, ਜੱਸੋਵਾਲ, ਬਾਰਨਹਾਰਾ, ਸ਼ੇਖਪੁਰਾ, ਭੈਣੀ ਏਰੀਨਾ, ਕੁਲਾਰ, ਫ਼ਿਰੋਜ਼ਪੁਰ ਦੇ ਪੀਰ ਮੁਹੰਮਦ, ਕੋਟ ਕਰੋਰ ਕਲਾਂ, ਪਟਿਆਲਾ ਦੇ ਭਿੱਲੋਵਾਲੀ ਤੇ ਮੰਡ ਖਹਿਰਾ, ਕਪੂਰਥਲਾ ਦੇ ਖਾਟੀ, ਅੰਮ੍ਰਿਤਸਰ ਦੇ ਭਿੰਦਰ, ਚੌਹਾਨ, ਥੋਈਆਂ, ਗਗਰਾਹ ਭਾਨਾ, ਜਲੰਧਰ ਦੇ ਸੰਘੇ ਖ਼ਾਲਸਾ,ਫ਼ਰੀਦਕੋਟ ਦੇ ਮਚਾਕੀ ਤੇ ਮੁਹਾਲੀ ਜ਼ਿਲ੍ਹੇ ਦੇ ਮਿਰਜ਼ਾਪੁਰ ਵਿਚ ਮਿਲਦੇ ਕੁਲ ਪੰਛੀਆਂ ਵਿਚੋਂ 25 ਤੋਂ 45 ਫ਼ੀਸਦੀ ਪੰਛੀ ਚਿੜੀਆਂ ਹੀ ਹਨ। ਸ੍ਰੀ ਲੱਕੀ ਨੇ ਕਿਹਾ  ਕਿ ਪੰਜਾਬੀਆਂ ਨਾਲ ਲੰਮਾ ਸਮਾਂ ਰੁੱਸੀ ਰਹੀ ਚਿੜੀ ਹੁਣ ਇਕ ਵਾਰ ਫਿਰ ਪੰਜਾਬੀਆਂ ਦੇ ਵਿਹੜੇ ਆ ਗਈ ਹੈ, ਪੰਜਾਬੀਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਇਸ ਚਿੜੀ ਨੂੰ ਜੀ ਆਇਆਂ ਕਹਿੰਦਿਆਂ ਇਸ ਦੀ ਖ਼ੁਰਾਕ ਦੇ ਨਾਲ ਹੀ ਪਾਣੀ ਅਤੇ ਹੋਰ ਦੇਖਭਾਲ ਵੀ ਕਰਨ। ਇਸ ਦੇ ਨਾਲ ਹੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਦੇਸੀ ਚਿੜੀਆਂ ਨੂੰ ਪਾਲਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਵਾਲੇ ਪੰਛੀ ਪ੍ਰੇਮੀਆਂ ਨੂੰ ਉਤਸ਼ਾਹਿਤ ਕਰੇ। 20 ਮਾਰਚ ਨੂੰ ਚਿੜੀ ਦਿਵਸ਼ ਮਨਾ ਰਹੇ ਜੰਗਲਾਤ ਵਿਭਾਗ (ਵਿਸਥਾਰ) ਨੇ ਦਸਿਆ ਕਿ ਸਾਡੇ ਕੋਲ ਚਿੜੀਆਂ ਦਾ ਕੋਈ ਅੰਕੜਾ ਤਾਂ ਨਹੀਂ ਹੈ ਪਰ ਅਸੀਂ ਚਿੜੀ ਦਿਵਸ਼ ਮਨਾ ਕੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਜਰੂਰ ਕਰ ਰਹੇ ਹਾਂ।
ਬੋਪਾਰਾਏ ਫ਼ੋਟੋ : ਪਟਿਆਲਾ ਸਰਹਿੰਦ ਰੋਡ ਉੱਪਰ ਵਸੇ ਹੋਏ ਪਿੰਡ ਹਰਦਾਸਪੁਰ ਵਿਚ ਇੱਕ ਪੰਛੀ ਪ੍ਰੇਮੀ ਦੇ ਘਰ ਪਿਛਲੇ 20 ਸਾਲ ਤੋਂ ਰਹਿ ਰਹੀਆਂ ਦੇਸੀ ਚਿੜੀਆਂ। 

No comments:

Post a Comment