Saturday, April 28, 2018

ਪੁਆਧੀ ਸਾਹਿਤ ਤੇ ਸਭਿਆਚਾਰਕ ਮੰਚ ਆਇਆ ਹੋਂਦ ਵਿਚ

ਭਾਈ ਗੁਰਦਾਸ ਚੇਅਰ ਵੱਲੋਂ ਕਰਾਈ ਗਈ 'ਪੁਆਧੀ ਬੋਲੀ ਦੇ ਬਦਲਦੇ ਪਰਿਪੇਖ' 'ਤੇ ਚਰਚਾ
ਭਾਸ਼ਾ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਦੇ ਭਰਾ ਰਣਵਿੰਦਰ ਸਿੰਘ ਬਣੇ ਸਰਪ੍ਰਸਤ
ਭਾਸ਼ਾ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਦੇ ਨਾਮ ਤੇ ਸਨਮਾਨ ਸ਼ੁਰੂ ਕਰਨ ਦਾ ਐਲਾਨ

ਪਟਿਆਲਾ, 28 ਅਪ੍ਰੈਲ : ਅੱਜ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਦੇ ਹਾਲ ਵਿਚ ਭਾਈ ਗੁਰਦਾਸ ਚੇਅਰ ਵੱਲੋਂ ਪੁਆਧੀ ਵਿਦਵਾਨਾਂ ਅਤੇ ਪੁਆਧੀ ਪ੍ਰੇਮੀਆਂ ਦੇ ਸਹਿਯੋਗ ਨਾਲ 'ਪੁਆਧੀ ਬੋਲੀ ਦੇ ਬਦਲਦੇ ਪਰਿਪੇਖ' ਵਿਸ਼ੇ ਤੇ ਵਿਚਾਰ ਚਰਚਾ ਕਰਾਈ ਗਈ, ਇਸ ਵੇਲੇ ਹੀ ਉਠੇ ਮੁੱਦਿਆਂ ਤੇ ਸਾਰੇ ਪੁਆਧੀ ਵਿਦਵਾਨਾਂ ਤੇ ਪੁਆਧੀ ਪ੍ਰੇਮੀਆ ਦੀ ਮੰਗ ਉੱਤੇ 'ਪੁਆਧੀ ਸਾਹਿਤ ਤੇ ਸਭਿਆਚਾਰਕ ਮੰਚ' ਨਾਮ ਦੀ ਸੰਸਥਾ ਵੀ ਹੋਂਦ ਵਿਚ ਆ ਗਈ, ਜਿਸ ਦੇ ਸਰਪ੍ਰਸਤ ਪੁਆਧੀ ਬੋਲੀ ਦੇ ਪਹਿਲੇ ਖੋਜਕਾਰ ਡਾ. ਬਲਬੀਰ ਸਿੰਘ ਸੰਧੂ ਦੇ ਛੋਟੇ ਭਰਾ ਰਣਵਿੰਦਰ ਸਿੰਘ ਸੰਧੂ ਨੂੰ ਬਣਾ ਕੇ ਉਨ੍ਹਾਂ ਨੂੰ ਸੰਵਿਧਾਨ ਅਨੁਸਾਰ ਸਾਰੇ ਅਹੁਦੇਦਾਰਾਂ ਦੀ ਚੋਣ ਕਰਨ ਦਾ ਅਧਿਕਾਰ ਦਿੱਤਾ ਗਿਆ।
    ਇਸ ਵੇਲੇ ਬਣਾਈ ਗਈ ਸੰਸਥਾ ਵਿਚ ਡਾ. ਰਣਵਿੰਦਰ ਸਿੰਘ ਸੰਧੂ ਨੇ ਐਲਾਨ ਕੀਤਾ ਕਿ ਉਹ ਹਰ ਸਾਲ ਪੁਆਧੀ ਸਾਹਿਤ ਤੇ ਸਭਿਆਚਾਰਕ ਮੰਚ ਦੇ ਬੈਨਰ ਹੇਠ ਭਾਸ਼ਾ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਦੇ ਨਾਮ ਤੇ ਪੁਆਧੀ ਬੋਲੀ, ਸਭਿਆਚਾਰ ਤੇ ਇਲਾਕੇ ਤੇ ਕੰਮ ਕਰਨ ਵਾਲੇ ਵਿਦਵਾਨ ਸੱਜਣ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ। ਇਸੇ ਤਰ੍ਹਾਂ ਡਾ. ਸੰਧੂ ਨੇ ਡਾ. ਬਲਬੀਰ ਸਿੰਘ ਯਾਦਗਾਰੀ ਲੈਕਚਰ ਪੰਜਾਬੀ ਯੂਨੀਵਰਸਿਟੀ ਵਿਚ ਕਰਾਉਣ ਦਾ ਵੀ ਐਲਾਨ ਕੀਤਾ। ਜਿਸ ਦੀ ਇਕ ਵਾਰੀ ਰਾਸ਼ੀ ਜਮਾ ਕਰਵਾਈ ਜਾਵੇਗੀ ਤੇ ਉਸ ਦੇ ਵਿਆਜ ਤੇ ਹੀ ਹਰ ਸਾਲ ਯਾਦਗਾਰੀ ਲੈਕਚਰ ਕਰਾਇਆ ਜਾਵੇਗਾ। ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਅੱਜ ਉਹ ਪੁਆਧੀ ਲੋਕਾਂ ਵਿਚ ਉਨ੍ਹਾਂ ਦੀ ਬੋਲੀ ਵਿਚ ਗੱਲਾਂ ਸੁਣ ਕੇ ਨਿਹਾਲ ਹੋ ਗਿਆ ਹੈ।  ਪੁਆਧੀ ਲੇਖਕ ਡਾ. ਗੁਰਮੀਤ ਸਿੰਘ ਬੈਦਵਾਣ ਨੇ ਕਿਹਾ 'ਪੰਜਾਬ ਕੇ ਲੋਗ ਯੋ ਸੋਚਾਂ ਕੇ ਬਸ ਪੰਜਾਬ ਮਾਂਹ ਮਾਝਾ ਮਾਲਵਾ ਅਰ ਦੁਆਬਾ ਈ ਆ, ਪਰ ਯੋ ਤਾਂ ਪੰਜਾਬ ਕੇ ਮੰਜੇ ਕੇ ਤਿੰਨ ਪਾਵੇ ਆਂ, ਪੁਆਧ ਪੰਜਾਬ ਕੇ ਮੰਜੇ ਕਾ ਚੌਥਾ ਪਾਵਾ ਹੈ, ਜਦ ਤੱਕ ਪੁਆਧ ਕੀ ਪੁਆਧੀ ਬੋਲੀ ਕੀ ਬਾਤ ਨੀ ਪਵੇਗੀ ਤਦ ਤੱਕ ਪੰਜਾਬ ਕਾ ਮੰਜ ਤਿੰਨ ਪਾਵਿਆਂ ਕਾ ਈ ਆ' ਇਸੇ ਤਰ੍ਹਾਂ ਪੁਆਧੀ ਬੋਲੀ ਵਿਚ ਹੀ ਪੁਆਧੀ ਔਰਤ ਸਬੰਧ ਵਿਚ ਗੀਤਾਂ ਦੀ ਖੋਜਕਾਰ ਡਾ. ਚਰਨਜੀਤ ਕੌਰ ਨੇ ਕਿਹਾ 'ਮਾਰ੍ਹੀ ਬੋਲੀ ਮਾਰ੍ਹਾ ਪੁਆਧ ਜਦ ਤੱਕ ਹਰੇਕ ਪੁਆਧੀਏ ਕੇ ਮਨ ਮਾਂਹ ਨੀ
ਪੁਆਧੀ ਫੋਟੋ 1 : ਡਾ. ਬਲਬੀਰ ਸਿੰਘ ਸੰਧੂ ਦੇ ਭਰਾ ਰਣਵਿੰਦਰ ਸਿੰਘ ਸੰਧੂ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ।
ਪੁਆਧ ਫੋਟੋ 2: ਪੁਆਧੀ ਲੇਖਕ ਗਿਆਨੀ ਧਰਮ ਸਿੰਘ ਭੰਖਰਪੁਰ ਦੀ ਕਿਤਾਬ 'ਪੁਆਧੀ ਅਖਾੜੇ ਕੀ ਇਕ ਰਾਤ' ਰਿਲੀਜ਼ ਕੀਤੇ ਜਾਣ ਦੀ ਝਲਕ।
3: ਪੁਆਧੀ ਲੇਖਕ ਗਿਆਨੀ ਧਰਮ ਸਿੰਘ ਭੰਖਰਪੁਰ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ।
ਬਸਦਾ ਤਦ ਤੱਕ ਪੁਆਧੀਆਂ ਮਾਂਹ ਹੀਣ ਭਾਵਨਾ ਆਂਦੀ ਰਹੇਗੀ, ਆਪਣੀ ਮਾਂ ਬੋਲੀ ਪੁਆਧੀ ਆ ਜਿਸ ਪਰ ਮਾਨੂੰ ਪੂਰਾ ਹੌਸਲਾ' ਇੱਥੇ ਹੀ ਬੋਲਦਿਆਂ ਡਾ. ਰਣਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕੇਂਦਰੀ ਟਕਸਾਲੀ ਪੰਜਾਬੀ ਸਿਰਫ਼ ਕਿਤਾਬਾਂ ਦੀ ਭਾਸ਼ਾ ਹੈ ਹਰ ਇਕ ਇਲਾਕੇ ਦੀ ਬੋਲੀ ਆਪਣੀ ਹੈ, ਜੋ ਬੋਲੀ ਬੋਲੀ ਜਾਂਦੀ ਹੈ, ਉਹ ਬੋਲੀ ਦੇ ਸ਼ਬਦ ਸੰਭਾਲਣੇ ਜ਼ਰੂਰੀ ਹਨ। ਇਸ ਵੇਲੇ ਦੇਸ਼ਾਂ ਵਿਦੇਸ਼ਾਂ ਵਿਚ ਫਰੈਂਚ ਪੜਾਉਣ ਵਾਲੇ ਪੁਆਧੀ ਵਿਦਵਾਨ ਜਸਵੰਤ ਸਿੰਘ ਪੂਨੀਆ ਨੇ ਕਿਹਾ ਕਿ ਇਹ ਸੰਸਥਾ ਪੁਆਧ ਦੇ ਹਰੇਕ ਇਲਾਕੇ ਵਿਚ ਆਪਣਾ ਕੰਮ ਕਰੇਗੀ ਤਾਂ ਕਿ ਪੁਆਧੀ ਬੋਲੀ ਉੱਪਰ ਸਭ ਨੂੰ ਮਾਣ ਹੋ ਸਕੇ। ਮੈਂਬਰ ਐਸਜੀਪੀਸੀ ਸਤਵਿੰਦਰ ਸਿੰਘ ਟੌਹੜਾ ਨੇ ਕਿਹਾ ਕਿ ਪੁਆਧੀ ਸੰਸਥਾ ਲਈ ਉਹ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਰਹਿਣਗੇ। ਇੱਥੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ 'ਪੁਆਧ ਕਾ 'ਲਾਕਾ ਅਮੀਰ ਵਿਰਾਸਤ ਕਾ ਮਾਲਕ ਆ, ਪੌਰਾਣਾ ਅਰ ਹੋਰ ਧਾਰਮਿਕ ਗ੍ਰੰਥਾਂ ਵਿਚ ਇਸ 'ਲਾਕੇ ਮਾਂਹ ਸਤਜੁਗ ਤੇ ਲੈਕਾ ਅੱਜ ਤੱਕ ਦੇ ਤੱਥ ਮਿਲ ਰੇਆਂ।' ਇਸ ਵੇਲੇ ਪੁਆਧੀ ਲੇਖਕ ਦੀ ਕਿਤਾਬ 'ਪੁਆਧੀ ਅਖਾੜੇ ਕੀ ਇਕ ਰਾਤ' ਰਿਲੀਜ਼ ਕੀਤੀ ਗਈ ਅਤੇ ਪੁਆਧੀ ਅਖਾੜੇ ਲਾਉਣ ਵਾਲੇ ਬਜ਼ੁਰਗ ਕਲਾਕਾਰ ਰੱਬੀ ਬੈਰੋਂਪੁਰੀਏ ਦਾ ਸਨਮਾਨ ਕੀਤਾ ਗਿਆ, ਹੋਰਨਾਂ ਤੋਂ ਇਲਾਵਾ ਚਰਨ ਪੁਆਧੀ, ਡਾ. ਬਲਰਾਮ ਅੰਬਾਲਾ, ਵਿਸ਼ਵਜੀਤ, ਪੁਆਧੀ ਅਖਾੜੇ ਵਾਲੇ ਸਮਰ ਸਿੰਘ ਸੰਮੀ, ਰਾਮ ਸਿੰਘ ਨਡਿਆਲੀ, ਏਆਈਜੀ ਗੁਰਦੀਪ ਸਿੰਘ, ਡਾ. ਲੱਖਾ ਲਹਿਰੀ, ਫਿਲਮੀ ਕਲਾਕਾਰ ਦਲਜੀਤ ਡੱਲੀ, ਪੁਆਧੀ ਫਿਲਮਕਾਰ ਮਨਜੀਤ ਸਿੰਘ ਰਾਜਪੁਰਾ, ਸਰਪੰਚ  ਨੇਤਰ ਸਿੰਘ ਦਭਾਲੀ, ਮਹਿੰਦਰਾ ਤੋਂ ਬਲਵਿੰਦਰ ਸਿੰਘ, ਡਾ. ਨਾਗਰ ਸਿੰਘ, ਦੇਵ ਮਾਨ, ਡਾ. ਰਾਜਵੰਤ ਕੌਰ ਪੰਜਾਬੀ, ਡਾ. ਕਰਮਜੀਤ ਸਿੰਘ, ਜੀਤ ਸਿੰਘ ਬੁੱਟਰ, ਜੋਗਿੰਦਰ ਸਿੰਘ ਪੰਛੀ, ਆਰ ਐਸ ਸਿਆਨ, ਮਾਸਟਰ ਅਮਰਜੀਤ ਸਿੰਘ ਆਦਿ ਦੋ ਸੌ ਦੇ ਕਰੀਬ ਪੁਆਧੀਆਂ ਨੇ ਹਿਸਾ ਲਿਆ।

Tuesday, April 17, 2018

ਸਿੱਖ ਕਲਚਰ ਦਾ ਫਿਲਮਾਂਕਣ

ਹਰਪਾਲ ਸਿੰਘ ਪੰਨੂ
ਨਾਨਕ ਸ਼ਾਹ ਫਕੀਰ ਫਿਲਮ ਰਿਲੀਜ਼ ਹੋਈ ਤਾਂ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲ ਗਈ। ਇਸ ਵਿਚ ਗੁਰੂ ਜੀ ਦੇ ਪਰਿਵਾਰ ਨੂੰ ਪਰਦੇ ਉੱਪਰ ਸਾਕਾਰ ਕਰਨ ਵਾਸਤੇ ਮਰਦਾਂ ਔਰਤਾਂ ਨੇ ਰੋਲ ਕੀਤੇ ਸਨ। ਜਿਸ ਲੜਕੀ ਨੇ ਬੇਬੇ ਨਾਨਕੀ ਦੀ ਭੂਮਿਕਾ ਨਿਭਾਈ ਉਹ ਸਿੱਕੇ ਦੀ ਧੀ ਹੈ ਤੇ ਮਾਡਲਿੰਗ ਕਰਦੀ ਹੈ। ਮਾਡਲਿੰਗ ਕਰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਖੂਬ ਘੁੰਮੀਆਂ।
    ਹਰ ਵੱਡੀ ਘਟਨਾ ਵਕਤ ਲੋਕਾਂ ਦਾ ਦੋ ਹਿੱਸਿਆਂ ਵਿਚ ਵੰਡੇ ਜਾਣਾ ਸੁਭਾਵਕ ਹੁੰਦਾ ਹੈ।ਇੱਕ ਵਰਗ ਕਹਿ ਰਿਹਾ ਹੈ ਕਿ ਸਿੱਖੀ ਦਾ ਵਿਸਤਾਰ ਫਿਲਮਾ ਰਾਹੀਂ ਬਿਹਤਰ ਹੋ ਸਕਦਾ ਹੈ ਪਰ ਦੂਜੀ ਧਿਰ ਇਸ ਨੂੰ ਵਿਨਾਸਕਾਰੀ ਸਮਝਦੀ ਹੈ। ਅਸੀਂ ਦੇਖਣਾ ਹੈ ਕਿ ਅਸੂਲਨ ਕੀ ਸਹੀ ਹੈ ਕੀ ਗਲਤ।
    ਸਿੱਖੀ ਦੀ ਗੱਲ ਕਰਨ ਤੋਂ ਪਹਿਲਾਂ ਪੰਜਾਬੀ ਸੁਭਾ ਅਤੇ ਪੰਜਾਬੀ ਕਲਚਰ ਦਾ ਇਤਿਹਾਸ ਦੇਖੀਏ। ਦੁਨੀਆਂ ਨਾਲ ਮੁਕਾਬਲਾ ਕਰੀਏ ਤਾਂ ਪੁਰਾਤਨ ਪੰਜਾਬ ਵਿੱਚ ਨਾ ਸਟੇਜ ਦਾ ਵਿਕਾਸ ਹੋਇਆ ਨਾ ਚਿਤਰਕਾਰੀ ਦਾ। ਰਿਗਵੇਦ ਵਿੱਚ ਕਥਨ ਹੈ- "ਇੱਥੋਂ ਦੇ(ਸਿੰਧਵਾਦੀ) ਮੂਲਵਾਸੀ(ਦ੍ਰਾਵਿੜ) ਮਰਦ, ਔਰਤਾਂ ਵਾਂਗ ਬੇਸ਼ਰਮੀ ਨਾਲ ਨਚਦੇ ਹਨ।" ਸਪਸ਼ਟ ਹੋਇਆ ਕਿ ਆਰੀਆ ਕਲਚਰ ਨੂੰ ਨਾਚ ਚੰਗਾ ਨਹੀਂ ਲੱਗਾ। ਆਰੀਆ ਕਲਚਰ ਵਿੱਚ ਕੇਵਲ ਗਿੱਧਾ ਅਤੇ ਭੰਗੜਾ ਪ੍ਰਚੱਲਿਤ ਹਇਆ। ਸਟੇਜ ਜੇ ਮਾੜੀ ਮੋਟੀ ਵਿਕਸਿਤ ਹੋਈ, ਕੇਵਲ ਮਰਾਸੀਆਂ ਰਾਹੀਂ, ਉਹ ਵੀ ਮਸ਼ਕਰੀਆਂ ਤੱਕ ਮਹਿਦੂਦ ਰਹੀ। ਮਿਸਿਜ਼ ਨੋਰਾ ਰਿਚਰਡ ਇਸ ਗਲੋਂ ਹੈਰਾਨ ਹੋਈ ਕਿ ਦੁਨੀਆਂ ਵਿਚ ਇਕ ਕੌਮ ਅਜਿਹੀ ਵੀ ਹੈ ਜਿੱਥੇ ਸਟੇਜ ਸੰਪੂਰਨ ਗੈਰਹਾਜਰ ਹੈ। ਸਾਲ 1913 ਵਿੱਚ ਈਸ਼ਵਰ ਚੰਦਰ ਨੰਦਾ ਦੀ ਇਕਾਂਗੀ ਦੁਲਹਨ ਨੋਰਾ ਰਿਚਰਡ ਦੇ ਨਿਰਦੇਸ਼ਨ ਰਾਹੀਂ ਪਹਿਲੀ ਵਾਰ ਸਟੇਜ ਉਪਰ ਖੇਡੀ ਗਈ। ਸਾਬਤ ਹੋਇਆ ਕਿ ਰਿਗਵੇਦ ਤੋਂ ਨੋਰਾ ਤੱਕ ਸਟੇਜ ਨਹੀਂ ਸੀ।
    ਫਿਲਮ ਅਤੇ ਸਟੇਜ ਦਾ ਦੌਰ ਸ਼ੁਰੂ ਹੋਇਆ ਤਾਂ ਸੁਭਾਵਿਕ ਹੈ ਕਈਆਂ ਨੂੰ ਪਰਚਾਰ ਦਾ ਇਹ ਮਾਧਿਅਮ ਉੱਤਮ ਲਗਿਆ ਅਤੇ ਸਿੱਖ ਇਤਿਹਾਸ ਦਾ ਸਟੇਜੀਕਰਣ ਅਤੇ ਫਿਲਮਾਂਕਣ ਉਸ਼ਾਹਿਤ ਹੋਣ ਲੱਗਾ। ਇਸ ਸਮੱਸਿਆ ਨੂੰ ਦੇਖਦਿਆ 1944 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਅਪਣੇ ਆਮ ਇਜਲਾਸ ਵਿਚ ਮਤਾ ਪਾਸ ਕੀਤਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾ ਦੇ ਪਰਿਵਾਰਾਂ ਨੂੰ ਨਾ ਸਟੇਜ ਉਪਰ ਦਿਖੲਇਆ ਜਾਵੇਗਾ ਨਾ ਫਿਲਮਾਂਕਣ ਹੋਇਗਾ। ਫੈਸਲਾ ਅਕਾਲ ਤਖਤ ਤੋਂ ਜਾਰੀ ਕੀਤਾ ਗਿਆ ਅਤੇ ਅਜ ਤੱਕ ਲਾਗੂ ਹੈ।
    ਬਕੌਲ ਜਥੇਦਾਰ ਸੁਖਦੇਵ ਸਿੰਘ ਭੌਰ, ਸਾਬਕ ਸਕੱਤਰ ਸ਼੍ਰੋਮਣੀ ਕਮੇਟੀ, ਜਿਨ੍ਹਾ 35 ਸਿੱਖ ਨੁਮਾਇੰਦਿਆਂ  ਨੂੰ ਪਹਿਲੀ ਵਾਰ ਇਹ ਫਿਲਮ ਦਿਖਾਈ ਗਈ ਉਨ੍ਹਾ ਵਿਚ ਭੌਰ ਸਾਹਿਬ ਵੀ ਸਨ। ਹਾਜ਼ਰੀਨ ਨੂੰ ਸ਼੍ਰੀ ਸਿੱਕਾ ਨੇ ਦੱਸਿਆ ਕਿ ਇਹ ਫਿਲਮ ਸ. ਸੁਖਬੀਰ ਸਿੰਘ ਬਾਦਲ, ਹਰਸਿਮਰਿਤ ਕੌਰ ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇਖ ਚੁਕੇ ਹਨ ਤੇ ਭਰਪੂਰ ਪ੍ਰਸ਼ੰਸਾ ਕੀਤੀ ਹੈ। ਸਿੱਕਾ ਨੇ ਪੜਤਾਲੀਆ ਟੀਮ ਨੂੰ ਸਿੰਘ ਸਾਹਿਬ ਵੱਲੋਂ ਜਾਰੀ ਕੀਤਾ ਪ੍ਰਸ਼ੰਸਾ ਪੱਤਰ ਦਿਖਾਇਆ।
    ਇਸੇ ਤਰਾਂ ਦਾ ਤਮਾਸ਼ਾ ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਵੇਲੇ ਹੋਇਆ ਸੀ। ਸਿੰਘ ਸਾਹਿਬ ਨੇ ਕਲੀਨ ਚਿਟ ਦੇ ਦਿੱਤੀ ਸੀ। ਪੰਥ ਵਿਚ ਜਬਰਦਸਤ ਰੋਸ ਫੈਲਿਆ ਤਾਂ ਮੁਆਫੀਨਾਮਾ ਵਾਪਸ ਵੀ ਹੋ ਗਿਆ। ਉਧਰ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਉਸ ਨੇ ਤਾਂ ਕਿਸੇ ਤੋਂ ਮਾਫੀ ਮੰਗੀ ਹੀ ਨਹੀਂ!!!
    ਡੇਰਾ ਸਿਰਸਾ ਦਾ ਡਰਾਮਾ ਸਮਝ ਵਿਚ ਆ ਗਿਆ ਕਿ ਵੋਟ ਸਿਆਸਤ ਨੇ ਅਜਿਹਾ ਕਾਰਾ ਕਰਵਾਇਆ ਪਰ ਇਸ ਫਿਲਮ ਨੂੰ ਸਿੰਘ ਸਾਹਿਬ ਵਲੋਂ ਹਰੀ ਝੰਡੀ ਦੇਣ ਪਿੱਛੇ ਕੀ ਕਾਰਨ ਸਨ, ਸਮਝ ਨਹੀਂ ਆ ਰਿਹਾ। ਪ੍ਰੋਡਿਊਸਰ ਸਿੱਕਾ ਬਾਦਲਾਂ ਦਾ ਰਿਸ਼ਤੇਦਾਰ ਤਾਂ ਹੈ ਨਹੀਂ, ਫਿਰ ਇੰਨੀ ਵੱਡੀ ਤੇ ਖਤਰਨਾਕ ਰਿਆਇਤ ਕਿਊਂ?
    ਮੁੱਖ ਸਕੱਤਰ ਨੇ ਕਮੇਟੀ ਲੈਟਰ-ਹੈੱਡ ਉਪਰ ਪ੍ਰਦਰਸ਼ਨੀ ਦੀ ਪ੍ਰਵਾਨਗੀ ਦਿੱਤੀ, ਗੁਰਦੁਆਰਿਆਂ ਵਿਚ ਇਸ਼ਤਿਹਾਰ ਲਾਉਣ ਦੀ ਹਦਇਤ ਮੈਨੇਜਰਾਂ ਨੂੰ ਕੀਤੀ, ਡਾਇਰੈਕਟਰ ਐਜੂਕੇਸ਼ਨ ਸ. ਜਤਿੰਦਰ ਸਿੰਘ ਸਿੱਧੂ ਨੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਨੂੰ ਸਰਕੁਲਰ ਭੇਜਿਆ ਕਿ ਵਿਦਿਆਰਥੀਆਂ ਨੂੰ ਫਿਲਮ ਦੇਖਣ ਲਈ ਉਤਸ਼ਾਹਿਤ ਕਰੋ। ਸੰਗਤ ਵਿਚ ਗੁੱਸੇ ਦੀ ਪ੍ਰਚੰਡ ਲਹਿਰ ਦੇਖੀ ਤਾਂ ਸਾਰੇ ਪੱਤਰ ਅਤੇ ਸਰਕੁਲਰ ਵਾਪਸ ਲੈਣ ਅਤੇ ਖਿਮਾ ਮੰਗਣ ਦਾ ਐਲਾਨ ਆ ਗਿਆ। ਮੈਨੂ ਇਊਂ ਲੱਗਾ ਜਿਵੇਂ ਕੋਈ ਅਪਰਾਧੀ, ਵਾਅਦਾ ਮੁਆਫ ਗਵਾਹ ਬਣ ਗਿਆ ਹੋਵੇ।
    ਇਹ ਸਾਰਾ ਕੁਝ ਹੋਇਆ ਅਤੇ ਹੋ ਰਿਹਾ ਹੈ, ਸ਼੍ਰੋਮਣੀ ਕਮੇਟੀ ਹਾਊਸ ਦੇ 170 ਚੁਣੇ ਹੋਏ ਮੈਂਬਰ ਹਨ, ਉਨ੍ਹਾ ਵਿਚੋਂ ਕਿਸੇ ਦਾ ਇਸ ਸਮੱਸਿਆ ਬਾਰੇ ਪ੍ਰਤੀਕਰਮ ਨਹੀਂ ਆਇਆ। ਉਹ ਕੀ ਸੋਚ ਰਹੈ ਹਨ ਕੀ ਕਰ ਰਹੇ ਹਨ ਪਤਾ ਤਾਂ ਲੱਗੇ? ਸੰਗਤ ਨੇ ਜਿਨ੍ਹਾ ਨੂੰ ਚੁਣ ਕੇ ਭੇਜਿਆ ਹੈ ਉਹ ਕਦੋਂ ਜ਼ਬਾਨ ਖੋਲ੍ਹਣਗੇ?

                                                94642 51454





Tuesday, April 10, 2018

ਖੇਤਾਂ ਵਿਚ ਜੰਗਲ ਲਾਉਣ ਲਈ ਕਿਸਾਨ ਵਧਾਉਣ ਲੱਗੇ ਆਪਣਾ ਹੱਥ

ਰਵਾਇਤੀ ਫ਼ਸਲਾਂ ਤੋਂ ਦੁੱਗਣੀ ਕਮਾਈ ਕਰਾਂਗੇ ਵਣ ਖੇਤੀ ਵਿਚੋਂ : ਕਿਸਾਨ ਮੋਖਾ
ਗੁਰਨਾਮ ਸਿੰਘ ਅਕੀਦਾ
ਜੰਗਲਾਤ ਵਿਭਾਗ ਵੱਲੋਂ ਸ਼ੁਰੂ ਕੀਤੀ ਨਵੀਂ ਸਕੀਮ ਵਣ ਖੇਤੀ (ਐਗਰੋ ਫੋਰੈਸਟਰੀ) ਤਹਿਤ ਕਿਸਾਨਾਂ ਨੇ ਇਸ ਨੂੰ ਹੌਲੀ ਹੌਲੀ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਪਟਿਆਲਾ ਵਿਚ ਪਹਿਲੇ ਸਾਲ 53 ਕਿਸਾਨ ਨੇ ਪਰ ਇਸ ਸਾਲ 98 ਕਿਸਾਨਾਂ ਨੇ ਆਪਣੀ ਖੇਤੀ ਵਿਚ ਵਣ ਲਾਉਣ ਲਈ ਹੱਥ ਵਧਾਇਆ ਹੈ। ਇੱਥੋਂ ਥੋੜੀ ਦੂਰ ਪਿੰਡ ਫ਼ਤਿਹਪੁਰ ਦੇ ਨੌਜਵਾਨ ਕਿਸਾਨ ਸ਼ਿਵਕਰਨ ਸਿੰਘ ਮੋਖਾ ਨੇ ਵਣ ਖੇਤੀ ਨੂੰ ਕਾਫੀ ਲਾਹੇਵੰਦ ਦਸਿਆ ਹੈ।
ਸਰਕਾਰ ਦੀ ਸਕੀਮ ਅਨੁਸਾਰ ਜੇਕਰ ਕੋਈ ਕਿਸਾਨ ਕਿਤੋਂ ਵੀ ਬੂਟੇ ਲੈ ਕੇ ਵੱਟਾਂ ਤੇ ਲਗਾਉਂਦਾ ਹੈ ਤਾਂ 35 ਰੁਪਏ ਪ੍ਰਤੀ ਬੂਟਾ, ਪਰ ਜੇਕਰ ਇਕ ਹੈਕਟੇਅਰ ਵਿਚ 100 ਤੋਂ 500 ਬੂਟਾ ਲਾਉਂਦਾ ਹੈ ਤਾਂ 14000 ਰੁਪਏ, ਜੇਕਰ 500 ਤੋਂ ਹਜ਼ਾਰ ਬੂਟਾ ਲਾਉਂਦਾ ਹੈ ਤਾਂ 15000 ਰੁਪਏ, ਜੇਕਰ 1000 ਤੋਂ 1200 ਬੂਟੇ ਹੈਕਟੇਅਰ ਵਿਚ ਲਾਉਂਦਾ ਹੈ ਤਾਂ ਸਰਕਾਰ ਵੱਲੋਂ ਚਾਰ ਸਾਲਾਂ ਵਿਚ 17500 ਰੁਪਏ ਲਾਭ ਦੇਣ ਦੀ ਸਕੀਮ ਬਣਾਈ ਗਈ ਹੈ। ਦੋ ਸਾਲ ਪਹਿਲਾਂ ਸ਼ੁਰੂ ਕੀਤੀ ਸਕੀਮ ਤਹਿਤ ਨੌਜਵਾਨ ਕਿਸਾਨ ਸ੍ਰੀ ਮੋਖਾ ਨੇ ਇਕੇ ਤਿੰਨ ਏਕੜਾਂ ਵਿਚ ਸਫ਼ੈਦਾ ਤੇ ਹੁਸ਼ਿਆਰਪੁਰ ਵਿਚ 66 ਏਕੜ ਵਿਚ ਕਲੋਨਲ, ਖੈਰ, ਟਾਹਲੀ ਆਦਿ ਰੁੱਖ ਲਗਾਏ ਹਨ, ਉਨ੍ਹਾਂ ਦਸਿਆ ਕਿ ਇੱਥੇ 400 ਬੂਟਾ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਤਿੰਨ ਏਕੜਾਂ ਵਿਚ 1200 ਸਫ਼ੈਦਾ ਲਗਾਇਆ, ਸਰਕਾਰ ਦੀ ਸਕੀਮ ਤਹਿਤ ਪਹਿਲੇ ਤੇ ਦੂਜੇ ਸਾਲ ਲਈ ਬੂਟੇ ਸਹੀ ਹੋਣ ਕਰਕੇ ਸਾਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਮਦਦ ਮਿਲ ਗਈ ਹੈ। ਸ੍ਰੀ ਮੋਖਾ ਨੇ ਦਸਿਆ ਕਿ ਸਾਨੂੰ ਆਸ ਹੈ ਕਿ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਅਸੀਂ ਦੁੱਗਣਾ ਕਮਾ ਲਵਾਂਗੇ। ਉਨ੍ਹਾਂ ਕਿਹਾ ਕਿ ਕਲੋਨਲ ਸਫ਼ੈਦਾ ਪਾਣੀ ਬਹੁਤ ਜ਼ਿਆਦਾ ਘੱਟ ਖਾਂਦਾ ਹੈ, ਜਿਸ ਤਹਿਤ ਵੱਟਾਂ ਤੇ ਲੱਗੇ ਸਫ਼ੈਦੇ ਜ਼ਿਆਦਾ ਮੋਟੇ ਹਨ। ਸ੍ਰੀ ਮੋਖਾ ਨੇ ਅੱਗੇ ਦਸਿਆ ਕਿ ਦੋ ਸਾਲਾਂ ਤੱਕ ਵਣ ਖੇਤੀ ਵਿਚ ਕਣਕ ਤੇ ਹੋਰ ਫ਼ਸਲਾਂ ਹੋ ਜਾਂਦੀਆਂ ਹਨ ਉਸ ਤੋਂ ਬਾਅਦ ਹਲਦੀ, ਬਾਜਰਾ, ਮੂੰਗੀ, ਚਾਰਾ ਆਦਿ ਫ਼ਸਲਾਂ ਆਮ ਹੁੰਦੀਆਂ ਹਨ, ਲੱਕੜ ਦੇ ਮੰਡੀਕਰਨ ਦੀ ਵੀ ਕੋਈ ਮੁਸ਼ਕਿਲ ਨਹੀਂ ਹੈ।
ਇਸ ਸਬੰਧੀ ਜ਼ਿਲ੍ਹਾ ਜੰਗਲਾਤ ਅਧਿਕਾਰੀ ਹਰਭਜਨ ਸਿੰਘ ਨੇ ਦਸਿਆ ਕਿ ਇਸ ਸਕੀਮ ਤਹਿਤ ਕਿਸਾਨ ਸਾਡੇ ਕੋਲੋਂ ਜਾਂ ਫਿਰ ਕਿਤੋਂ ਵੀ ਰੁੱਖ ਲੈ ਕੇ ਲਾ ਸਕਦੇ ਹਨ। ਜਿਸ ਲਈ ਸਰਕਾਰ ਕਿਸਾਨਾਂ ਨੂੰ ਤਿੰਨ ਸਾਲਾਂ ਵਿਚ ਬੂਟੇ ਦਾ ਸਰਵੇ ਕਰਕੇ ਮਦਦ ਦਿੰਦੀ ਹੈ ਤੇ ਕਿਸਾਨ ਆਪਣੀ ਫ਼ਸਲ ਦਾ ਚਾਰ ਸਾਲਾਂ ਬਾਅਦ ਰੁਪਿਆ ਵੀ ਚੰਗਾ ਕਮਾ ਸਕਦਾ ਹੈ।
ਮੋਖਾ ਫ਼ੋਟੋ : ਸ਼ਿਵਚਰਨ ਸਿੰਘ ਮੋਖਾ ਆਪਣੀ ਲਹਿਰਾਉਂਦੀ ਹੋਈ ਵਣ ਖੇਤੀ ਦਿਖਾਉਂਦਾ ਹੋਇਆ। ਫ਼ੋਟੋ ਅਕੀਦਾ