Tuesday, April 10, 2018

ਖੇਤਾਂ ਵਿਚ ਜੰਗਲ ਲਾਉਣ ਲਈ ਕਿਸਾਨ ਵਧਾਉਣ ਲੱਗੇ ਆਪਣਾ ਹੱਥ

ਰਵਾਇਤੀ ਫ਼ਸਲਾਂ ਤੋਂ ਦੁੱਗਣੀ ਕਮਾਈ ਕਰਾਂਗੇ ਵਣ ਖੇਤੀ ਵਿਚੋਂ : ਕਿਸਾਨ ਮੋਖਾ
ਗੁਰਨਾਮ ਸਿੰਘ ਅਕੀਦਾ
ਜੰਗਲਾਤ ਵਿਭਾਗ ਵੱਲੋਂ ਸ਼ੁਰੂ ਕੀਤੀ ਨਵੀਂ ਸਕੀਮ ਵਣ ਖੇਤੀ (ਐਗਰੋ ਫੋਰੈਸਟਰੀ) ਤਹਿਤ ਕਿਸਾਨਾਂ ਨੇ ਇਸ ਨੂੰ ਹੌਲੀ ਹੌਲੀ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਪਟਿਆਲਾ ਵਿਚ ਪਹਿਲੇ ਸਾਲ 53 ਕਿਸਾਨ ਨੇ ਪਰ ਇਸ ਸਾਲ 98 ਕਿਸਾਨਾਂ ਨੇ ਆਪਣੀ ਖੇਤੀ ਵਿਚ ਵਣ ਲਾਉਣ ਲਈ ਹੱਥ ਵਧਾਇਆ ਹੈ। ਇੱਥੋਂ ਥੋੜੀ ਦੂਰ ਪਿੰਡ ਫ਼ਤਿਹਪੁਰ ਦੇ ਨੌਜਵਾਨ ਕਿਸਾਨ ਸ਼ਿਵਕਰਨ ਸਿੰਘ ਮੋਖਾ ਨੇ ਵਣ ਖੇਤੀ ਨੂੰ ਕਾਫੀ ਲਾਹੇਵੰਦ ਦਸਿਆ ਹੈ।
ਸਰਕਾਰ ਦੀ ਸਕੀਮ ਅਨੁਸਾਰ ਜੇਕਰ ਕੋਈ ਕਿਸਾਨ ਕਿਤੋਂ ਵੀ ਬੂਟੇ ਲੈ ਕੇ ਵੱਟਾਂ ਤੇ ਲਗਾਉਂਦਾ ਹੈ ਤਾਂ 35 ਰੁਪਏ ਪ੍ਰਤੀ ਬੂਟਾ, ਪਰ ਜੇਕਰ ਇਕ ਹੈਕਟੇਅਰ ਵਿਚ 100 ਤੋਂ 500 ਬੂਟਾ ਲਾਉਂਦਾ ਹੈ ਤਾਂ 14000 ਰੁਪਏ, ਜੇਕਰ 500 ਤੋਂ ਹਜ਼ਾਰ ਬੂਟਾ ਲਾਉਂਦਾ ਹੈ ਤਾਂ 15000 ਰੁਪਏ, ਜੇਕਰ 1000 ਤੋਂ 1200 ਬੂਟੇ ਹੈਕਟੇਅਰ ਵਿਚ ਲਾਉਂਦਾ ਹੈ ਤਾਂ ਸਰਕਾਰ ਵੱਲੋਂ ਚਾਰ ਸਾਲਾਂ ਵਿਚ 17500 ਰੁਪਏ ਲਾਭ ਦੇਣ ਦੀ ਸਕੀਮ ਬਣਾਈ ਗਈ ਹੈ। ਦੋ ਸਾਲ ਪਹਿਲਾਂ ਸ਼ੁਰੂ ਕੀਤੀ ਸਕੀਮ ਤਹਿਤ ਨੌਜਵਾਨ ਕਿਸਾਨ ਸ੍ਰੀ ਮੋਖਾ ਨੇ ਇਕੇ ਤਿੰਨ ਏਕੜਾਂ ਵਿਚ ਸਫ਼ੈਦਾ ਤੇ ਹੁਸ਼ਿਆਰਪੁਰ ਵਿਚ 66 ਏਕੜ ਵਿਚ ਕਲੋਨਲ, ਖੈਰ, ਟਾਹਲੀ ਆਦਿ ਰੁੱਖ ਲਗਾਏ ਹਨ, ਉਨ੍ਹਾਂ ਦਸਿਆ ਕਿ ਇੱਥੇ 400 ਬੂਟਾ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਤਿੰਨ ਏਕੜਾਂ ਵਿਚ 1200 ਸਫ਼ੈਦਾ ਲਗਾਇਆ, ਸਰਕਾਰ ਦੀ ਸਕੀਮ ਤਹਿਤ ਪਹਿਲੇ ਤੇ ਦੂਜੇ ਸਾਲ ਲਈ ਬੂਟੇ ਸਹੀ ਹੋਣ ਕਰਕੇ ਸਾਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਮਦਦ ਮਿਲ ਗਈ ਹੈ। ਸ੍ਰੀ ਮੋਖਾ ਨੇ ਦਸਿਆ ਕਿ ਸਾਨੂੰ ਆਸ ਹੈ ਕਿ ਰਵਾਇਤੀ ਫ਼ਸਲਾਂ ਦੇ ਮੁਕਾਬਲੇ ਅਸੀਂ ਦੁੱਗਣਾ ਕਮਾ ਲਵਾਂਗੇ। ਉਨ੍ਹਾਂ ਕਿਹਾ ਕਿ ਕਲੋਨਲ ਸਫ਼ੈਦਾ ਪਾਣੀ ਬਹੁਤ ਜ਼ਿਆਦਾ ਘੱਟ ਖਾਂਦਾ ਹੈ, ਜਿਸ ਤਹਿਤ ਵੱਟਾਂ ਤੇ ਲੱਗੇ ਸਫ਼ੈਦੇ ਜ਼ਿਆਦਾ ਮੋਟੇ ਹਨ। ਸ੍ਰੀ ਮੋਖਾ ਨੇ ਅੱਗੇ ਦਸਿਆ ਕਿ ਦੋ ਸਾਲਾਂ ਤੱਕ ਵਣ ਖੇਤੀ ਵਿਚ ਕਣਕ ਤੇ ਹੋਰ ਫ਼ਸਲਾਂ ਹੋ ਜਾਂਦੀਆਂ ਹਨ ਉਸ ਤੋਂ ਬਾਅਦ ਹਲਦੀ, ਬਾਜਰਾ, ਮੂੰਗੀ, ਚਾਰਾ ਆਦਿ ਫ਼ਸਲਾਂ ਆਮ ਹੁੰਦੀਆਂ ਹਨ, ਲੱਕੜ ਦੇ ਮੰਡੀਕਰਨ ਦੀ ਵੀ ਕੋਈ ਮੁਸ਼ਕਿਲ ਨਹੀਂ ਹੈ।
ਇਸ ਸਬੰਧੀ ਜ਼ਿਲ੍ਹਾ ਜੰਗਲਾਤ ਅਧਿਕਾਰੀ ਹਰਭਜਨ ਸਿੰਘ ਨੇ ਦਸਿਆ ਕਿ ਇਸ ਸਕੀਮ ਤਹਿਤ ਕਿਸਾਨ ਸਾਡੇ ਕੋਲੋਂ ਜਾਂ ਫਿਰ ਕਿਤੋਂ ਵੀ ਰੁੱਖ ਲੈ ਕੇ ਲਾ ਸਕਦੇ ਹਨ। ਜਿਸ ਲਈ ਸਰਕਾਰ ਕਿਸਾਨਾਂ ਨੂੰ ਤਿੰਨ ਸਾਲਾਂ ਵਿਚ ਬੂਟੇ ਦਾ ਸਰਵੇ ਕਰਕੇ ਮਦਦ ਦਿੰਦੀ ਹੈ ਤੇ ਕਿਸਾਨ ਆਪਣੀ ਫ਼ਸਲ ਦਾ ਚਾਰ ਸਾਲਾਂ ਬਾਅਦ ਰੁਪਿਆ ਵੀ ਚੰਗਾ ਕਮਾ ਸਕਦਾ ਹੈ।
ਮੋਖਾ ਫ਼ੋਟੋ : ਸ਼ਿਵਚਰਨ ਸਿੰਘ ਮੋਖਾ ਆਪਣੀ ਲਹਿਰਾਉਂਦੀ ਹੋਈ ਵਣ ਖੇਤੀ ਦਿਖਾਉਂਦਾ ਹੋਇਆ। ਫ਼ੋਟੋ ਅਕੀਦਾ

No comments:

Post a Comment