Tuesday, April 17, 2018

ਸਿੱਖ ਕਲਚਰ ਦਾ ਫਿਲਮਾਂਕਣ

ਹਰਪਾਲ ਸਿੰਘ ਪੰਨੂ
ਨਾਨਕ ਸ਼ਾਹ ਫਕੀਰ ਫਿਲਮ ਰਿਲੀਜ਼ ਹੋਈ ਤਾਂ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲ ਗਈ। ਇਸ ਵਿਚ ਗੁਰੂ ਜੀ ਦੇ ਪਰਿਵਾਰ ਨੂੰ ਪਰਦੇ ਉੱਪਰ ਸਾਕਾਰ ਕਰਨ ਵਾਸਤੇ ਮਰਦਾਂ ਔਰਤਾਂ ਨੇ ਰੋਲ ਕੀਤੇ ਸਨ। ਜਿਸ ਲੜਕੀ ਨੇ ਬੇਬੇ ਨਾਨਕੀ ਦੀ ਭੂਮਿਕਾ ਨਿਭਾਈ ਉਹ ਸਿੱਕੇ ਦੀ ਧੀ ਹੈ ਤੇ ਮਾਡਲਿੰਗ ਕਰਦੀ ਹੈ। ਮਾਡਲਿੰਗ ਕਰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਖੂਬ ਘੁੰਮੀਆਂ।
    ਹਰ ਵੱਡੀ ਘਟਨਾ ਵਕਤ ਲੋਕਾਂ ਦਾ ਦੋ ਹਿੱਸਿਆਂ ਵਿਚ ਵੰਡੇ ਜਾਣਾ ਸੁਭਾਵਕ ਹੁੰਦਾ ਹੈ।ਇੱਕ ਵਰਗ ਕਹਿ ਰਿਹਾ ਹੈ ਕਿ ਸਿੱਖੀ ਦਾ ਵਿਸਤਾਰ ਫਿਲਮਾ ਰਾਹੀਂ ਬਿਹਤਰ ਹੋ ਸਕਦਾ ਹੈ ਪਰ ਦੂਜੀ ਧਿਰ ਇਸ ਨੂੰ ਵਿਨਾਸਕਾਰੀ ਸਮਝਦੀ ਹੈ। ਅਸੀਂ ਦੇਖਣਾ ਹੈ ਕਿ ਅਸੂਲਨ ਕੀ ਸਹੀ ਹੈ ਕੀ ਗਲਤ।
    ਸਿੱਖੀ ਦੀ ਗੱਲ ਕਰਨ ਤੋਂ ਪਹਿਲਾਂ ਪੰਜਾਬੀ ਸੁਭਾ ਅਤੇ ਪੰਜਾਬੀ ਕਲਚਰ ਦਾ ਇਤਿਹਾਸ ਦੇਖੀਏ। ਦੁਨੀਆਂ ਨਾਲ ਮੁਕਾਬਲਾ ਕਰੀਏ ਤਾਂ ਪੁਰਾਤਨ ਪੰਜਾਬ ਵਿੱਚ ਨਾ ਸਟੇਜ ਦਾ ਵਿਕਾਸ ਹੋਇਆ ਨਾ ਚਿਤਰਕਾਰੀ ਦਾ। ਰਿਗਵੇਦ ਵਿੱਚ ਕਥਨ ਹੈ- "ਇੱਥੋਂ ਦੇ(ਸਿੰਧਵਾਦੀ) ਮੂਲਵਾਸੀ(ਦ੍ਰਾਵਿੜ) ਮਰਦ, ਔਰਤਾਂ ਵਾਂਗ ਬੇਸ਼ਰਮੀ ਨਾਲ ਨਚਦੇ ਹਨ।" ਸਪਸ਼ਟ ਹੋਇਆ ਕਿ ਆਰੀਆ ਕਲਚਰ ਨੂੰ ਨਾਚ ਚੰਗਾ ਨਹੀਂ ਲੱਗਾ। ਆਰੀਆ ਕਲਚਰ ਵਿੱਚ ਕੇਵਲ ਗਿੱਧਾ ਅਤੇ ਭੰਗੜਾ ਪ੍ਰਚੱਲਿਤ ਹਇਆ। ਸਟੇਜ ਜੇ ਮਾੜੀ ਮੋਟੀ ਵਿਕਸਿਤ ਹੋਈ, ਕੇਵਲ ਮਰਾਸੀਆਂ ਰਾਹੀਂ, ਉਹ ਵੀ ਮਸ਼ਕਰੀਆਂ ਤੱਕ ਮਹਿਦੂਦ ਰਹੀ। ਮਿਸਿਜ਼ ਨੋਰਾ ਰਿਚਰਡ ਇਸ ਗਲੋਂ ਹੈਰਾਨ ਹੋਈ ਕਿ ਦੁਨੀਆਂ ਵਿਚ ਇਕ ਕੌਮ ਅਜਿਹੀ ਵੀ ਹੈ ਜਿੱਥੇ ਸਟੇਜ ਸੰਪੂਰਨ ਗੈਰਹਾਜਰ ਹੈ। ਸਾਲ 1913 ਵਿੱਚ ਈਸ਼ਵਰ ਚੰਦਰ ਨੰਦਾ ਦੀ ਇਕਾਂਗੀ ਦੁਲਹਨ ਨੋਰਾ ਰਿਚਰਡ ਦੇ ਨਿਰਦੇਸ਼ਨ ਰਾਹੀਂ ਪਹਿਲੀ ਵਾਰ ਸਟੇਜ ਉਪਰ ਖੇਡੀ ਗਈ। ਸਾਬਤ ਹੋਇਆ ਕਿ ਰਿਗਵੇਦ ਤੋਂ ਨੋਰਾ ਤੱਕ ਸਟੇਜ ਨਹੀਂ ਸੀ।
    ਫਿਲਮ ਅਤੇ ਸਟੇਜ ਦਾ ਦੌਰ ਸ਼ੁਰੂ ਹੋਇਆ ਤਾਂ ਸੁਭਾਵਿਕ ਹੈ ਕਈਆਂ ਨੂੰ ਪਰਚਾਰ ਦਾ ਇਹ ਮਾਧਿਅਮ ਉੱਤਮ ਲਗਿਆ ਅਤੇ ਸਿੱਖ ਇਤਿਹਾਸ ਦਾ ਸਟੇਜੀਕਰਣ ਅਤੇ ਫਿਲਮਾਂਕਣ ਉਸ਼ਾਹਿਤ ਹੋਣ ਲੱਗਾ। ਇਸ ਸਮੱਸਿਆ ਨੂੰ ਦੇਖਦਿਆ 1944 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਅਪਣੇ ਆਮ ਇਜਲਾਸ ਵਿਚ ਮਤਾ ਪਾਸ ਕੀਤਾ ਕਿ ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾ ਦੇ ਪਰਿਵਾਰਾਂ ਨੂੰ ਨਾ ਸਟੇਜ ਉਪਰ ਦਿਖੲਇਆ ਜਾਵੇਗਾ ਨਾ ਫਿਲਮਾਂਕਣ ਹੋਇਗਾ। ਫੈਸਲਾ ਅਕਾਲ ਤਖਤ ਤੋਂ ਜਾਰੀ ਕੀਤਾ ਗਿਆ ਅਤੇ ਅਜ ਤੱਕ ਲਾਗੂ ਹੈ।
    ਬਕੌਲ ਜਥੇਦਾਰ ਸੁਖਦੇਵ ਸਿੰਘ ਭੌਰ, ਸਾਬਕ ਸਕੱਤਰ ਸ਼੍ਰੋਮਣੀ ਕਮੇਟੀ, ਜਿਨ੍ਹਾ 35 ਸਿੱਖ ਨੁਮਾਇੰਦਿਆਂ  ਨੂੰ ਪਹਿਲੀ ਵਾਰ ਇਹ ਫਿਲਮ ਦਿਖਾਈ ਗਈ ਉਨ੍ਹਾ ਵਿਚ ਭੌਰ ਸਾਹਿਬ ਵੀ ਸਨ। ਹਾਜ਼ਰੀਨ ਨੂੰ ਸ਼੍ਰੀ ਸਿੱਕਾ ਨੇ ਦੱਸਿਆ ਕਿ ਇਹ ਫਿਲਮ ਸ. ਸੁਖਬੀਰ ਸਿੰਘ ਬਾਦਲ, ਹਰਸਿਮਰਿਤ ਕੌਰ ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇਖ ਚੁਕੇ ਹਨ ਤੇ ਭਰਪੂਰ ਪ੍ਰਸ਼ੰਸਾ ਕੀਤੀ ਹੈ। ਸਿੱਕਾ ਨੇ ਪੜਤਾਲੀਆ ਟੀਮ ਨੂੰ ਸਿੰਘ ਸਾਹਿਬ ਵੱਲੋਂ ਜਾਰੀ ਕੀਤਾ ਪ੍ਰਸ਼ੰਸਾ ਪੱਤਰ ਦਿਖਾਇਆ।
    ਇਸੇ ਤਰਾਂ ਦਾ ਤਮਾਸ਼ਾ ਸਿਰਸਾ ਡੇਰਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਵੇਲੇ ਹੋਇਆ ਸੀ। ਸਿੰਘ ਸਾਹਿਬ ਨੇ ਕਲੀਨ ਚਿਟ ਦੇ ਦਿੱਤੀ ਸੀ। ਪੰਥ ਵਿਚ ਜਬਰਦਸਤ ਰੋਸ ਫੈਲਿਆ ਤਾਂ ਮੁਆਫੀਨਾਮਾ ਵਾਪਸ ਵੀ ਹੋ ਗਿਆ। ਉਧਰ ਗੁਰਮੀਤ ਰਾਮ ਰਹੀਮ ਨੇ ਕਿਹਾ ਕਿ ਉਸ ਨੇ ਤਾਂ ਕਿਸੇ ਤੋਂ ਮਾਫੀ ਮੰਗੀ ਹੀ ਨਹੀਂ!!!
    ਡੇਰਾ ਸਿਰਸਾ ਦਾ ਡਰਾਮਾ ਸਮਝ ਵਿਚ ਆ ਗਿਆ ਕਿ ਵੋਟ ਸਿਆਸਤ ਨੇ ਅਜਿਹਾ ਕਾਰਾ ਕਰਵਾਇਆ ਪਰ ਇਸ ਫਿਲਮ ਨੂੰ ਸਿੰਘ ਸਾਹਿਬ ਵਲੋਂ ਹਰੀ ਝੰਡੀ ਦੇਣ ਪਿੱਛੇ ਕੀ ਕਾਰਨ ਸਨ, ਸਮਝ ਨਹੀਂ ਆ ਰਿਹਾ। ਪ੍ਰੋਡਿਊਸਰ ਸਿੱਕਾ ਬਾਦਲਾਂ ਦਾ ਰਿਸ਼ਤੇਦਾਰ ਤਾਂ ਹੈ ਨਹੀਂ, ਫਿਰ ਇੰਨੀ ਵੱਡੀ ਤੇ ਖਤਰਨਾਕ ਰਿਆਇਤ ਕਿਊਂ?
    ਮੁੱਖ ਸਕੱਤਰ ਨੇ ਕਮੇਟੀ ਲੈਟਰ-ਹੈੱਡ ਉਪਰ ਪ੍ਰਦਰਸ਼ਨੀ ਦੀ ਪ੍ਰਵਾਨਗੀ ਦਿੱਤੀ, ਗੁਰਦੁਆਰਿਆਂ ਵਿਚ ਇਸ਼ਤਿਹਾਰ ਲਾਉਣ ਦੀ ਹਦਇਤ ਮੈਨੇਜਰਾਂ ਨੂੰ ਕੀਤੀ, ਡਾਇਰੈਕਟਰ ਐਜੂਕੇਸ਼ਨ ਸ. ਜਤਿੰਦਰ ਸਿੰਘ ਸਿੱਧੂ ਨੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਨੂੰ ਸਰਕੁਲਰ ਭੇਜਿਆ ਕਿ ਵਿਦਿਆਰਥੀਆਂ ਨੂੰ ਫਿਲਮ ਦੇਖਣ ਲਈ ਉਤਸ਼ਾਹਿਤ ਕਰੋ। ਸੰਗਤ ਵਿਚ ਗੁੱਸੇ ਦੀ ਪ੍ਰਚੰਡ ਲਹਿਰ ਦੇਖੀ ਤਾਂ ਸਾਰੇ ਪੱਤਰ ਅਤੇ ਸਰਕੁਲਰ ਵਾਪਸ ਲੈਣ ਅਤੇ ਖਿਮਾ ਮੰਗਣ ਦਾ ਐਲਾਨ ਆ ਗਿਆ। ਮੈਨੂ ਇਊਂ ਲੱਗਾ ਜਿਵੇਂ ਕੋਈ ਅਪਰਾਧੀ, ਵਾਅਦਾ ਮੁਆਫ ਗਵਾਹ ਬਣ ਗਿਆ ਹੋਵੇ।
    ਇਹ ਸਾਰਾ ਕੁਝ ਹੋਇਆ ਅਤੇ ਹੋ ਰਿਹਾ ਹੈ, ਸ਼੍ਰੋਮਣੀ ਕਮੇਟੀ ਹਾਊਸ ਦੇ 170 ਚੁਣੇ ਹੋਏ ਮੈਂਬਰ ਹਨ, ਉਨ੍ਹਾ ਵਿਚੋਂ ਕਿਸੇ ਦਾ ਇਸ ਸਮੱਸਿਆ ਬਾਰੇ ਪ੍ਰਤੀਕਰਮ ਨਹੀਂ ਆਇਆ। ਉਹ ਕੀ ਸੋਚ ਰਹੈ ਹਨ ਕੀ ਕਰ ਰਹੇ ਹਨ ਪਤਾ ਤਾਂ ਲੱਗੇ? ਸੰਗਤ ਨੇ ਜਿਨ੍ਹਾ ਨੂੰ ਚੁਣ ਕੇ ਭੇਜਿਆ ਹੈ ਉਹ ਕਦੋਂ ਜ਼ਬਾਨ ਖੋਲ੍ਹਣਗੇ?

                                                94642 51454





No comments:

Post a Comment