Friday, May 04, 2018

ਵਾਤਾਵਰਣ ਤੇ ਖੋਜ ਕਰਨ ਵਾਲੇ ਡਾ. ਰਣਵਿੰਦਰ ਸਿੰਘ ਨੇ ਵਿਸ਼ਵ ਸਿਹਤ ਸੰਸਥਾ ਦੀ ਖੋਜ ਨੂੰ ਨਕਾਰਿਆ

ਪਟਿਆਲਾ ਤੋਂ ਵੱਧ ਤਾਂ ਜਲੰਧਰ ਤੇ ਲੁਧਿਆਣਾ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹਨ : ਡਾ. ਰਣਵਿੰਦਰ ਸਿੰਘ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਮਈ
ਵਿਸ਼ਵ ਸਿਹਤ ਸੰਸਥਾ (ਡਬਲਿਉਐਚਓ) ਨੇ ਪਟਿਆਲਾ ਨੂੰ ਭਾਰਤ ਦਾ ਤੇਹਰਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਗਰਦਾਨੇ ਜਾਣ ਤੋਂ ਬਾਅਦ ਇਸ ਰਿਪੋਰਟ ਤੇ ਉਂਗਲੀਆਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ, ਪੰਜਾਬ ਦੇ ਲੁਧਿਆਣਾ, ਜਲੰਧਰ ਤੇ ਪਟਿਆਲਾ ਸ਼ਹਿਰਾਂ ਤੇ ਵਾਤਾਵਰਨ ਅਤੇ ਹੋਰ ਕਈ ਤਰ੍ਹਾਂ ਦੀਆਂ ਖੋਜਾਂ ਕਰਨ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀ) ਦੇ ਪ੍ਰੋਫੈਸਰ ਡਾ. ਰਣਵਿੰਦਰ ਸਿੰਘ ਨੇ ਕਿਹਾ ਹੈ ਕਿ ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਬਿਲਕੁਲ ਹੀ ਝੂਠੀ ਤੇ ਤੱਥਾਂ ਰਹਿਤ ਹੈ।
    ਜੀਐਨਡੀ ਤੋਂ ਸੇਵਾ ਮੁਕਤ ਹੋਕੇ ਹੁਣੇ ਹੀ ਪਟਿਆਲਾ ਰਹਿਣ ਆਏ ਡਾ. ਰਣਵਿੰਦਰ ਸਿੰਘ ਸੰਧੂ ਨੇ ਇਹ ਪ੍ਰੋਜੈਕਟ ਯੂਜੀਸੀ ਵੱਲੋਂ ਮਾਨਤਾ ਪ੍ਰਾਪਤ ਅਤੇ ਫੰਡਿਗ ਪ੍ਰਾਪਤ 2012 ਵਿਚ ਪੂਰਾ ਕੀਤਾ ਸੀ, ਉਹ ਦਾਅਵਾ ਕਰਦੇ ਹਨ ਕਿ ਪਟਿਆਲਾ ਤਾਂ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਤੋਂ ਵੀ ਘੱਟ ਪ੍ਰਦੂਸ਼ਿਤ ਹੈ। ਵਿਸ਼ਵ ਸਿਹਤ ਸੰਸਥਾ ਵੱਲੋਂ ਇਹ ਰਿਪੋਰਟ ਕਿਸ ਪੈਰਾਮੀਟਰ ਤੇ ਪਰਖ ਕੇ ਜਾਰੀ ਕੀਤੀ ਹੈ ਉਸ ਨੇ ਇਸ ਤੇ ਵੀ ਸੰਕਾ ਪ੍ਰਗਟ ਕੀਤੀ ਹੈ। ਪਟਿਆਲਾ ਸ਼ਹਿਰ ਵਿਚ ਖੁੱਲ੍ਹੀਆਂ ਥਾਵਾਂ 4.6 ਫ਼ੀਸਦੀ, ਜਲੰਧਰ ਵਿਚ 0.87 ਫ਼ੀਸਦੀ ਜਦ ਕਿ ਲੁਧਿਆਣਾ ਵਿਚ 1.0 ਫ਼ੀਸਦੀ ਹੀ ਹਨ। ਇਸੇ ਤਰ੍ਹਾਂ ਇੱਥੇ ਬਾਰਾਂਦਰੀ ਵਰਗੇ ਬਾਗ ਹਨ, ਸੜਕਾਂ ਤੇ ਹਰਿਆਲੀ ਹੈ, ਇੱਥੇ ਜੰਗਲ ਭਰਪੂਰ ਹਨ, ਜਿਵੇਂ ਕਿ ਇੱਥੇ ਡਕਾਲਾ ਰੋਡ ਤੇ ਸੈਂਕੜੇ ਹੈਕਟੇਅਰ ਵਿਚ ਮੋਤੀ ਬੀੜ, ਪਟਿਆਲਾ ਨਜ਼ਦੀਕ ਹੀ ਘਲੌੜੀ ਵਾਲਾ ਜੰਗਲ, ਚੀਕਾ ਦੀ ਸੜਕ ਤੇ ਸੈਂਕੜੇ ਏਕੜ ਵਿਚ ਸਫੇੜਾ ਜੰਗਲ, ਭੁਨਰਹੇੜੀ ਕੋਲ ਸੈਂਕੜੇ ਹੈਕਟੇਅਰ ਵਿਚ ਫੈਲਿਆ ਜੰਗਲ, ਨਾਭਾ ਨਜ਼ਦੀਕ ਮੈਹਸ ਜੰਗਲ, ਭਾਦਸੋਂ ਨਜ਼ਦੀਕ ਵੀ ਸੈਂਕੜੇ ਹੈਕਟੇਅਰ ਵਿਚ ਫੈਲਿਆ ਜੰਗਲ ਮੌਜੂਦ ਹੈ। ਡਾ. ਸੰਧੂ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਪ੍ਰਦੁਸ਼ਣ ਮਾਪਣ ਵਾਲਾ ਯੰਤਰ ਪਿਛਲੇ ਸਾਲ ਹੀ ਲੱਗਾ ਹੈ, ਇਸ ਤੋਂ ਪਹਿਲਾਂ ਇਥੇ ਯੰਤਰ ਹੀ ਨਹੀਂ ਸੀ। ਉਹ ਆਪਣੀ ਖੋਜ ਨੂੰ ਅੱਜ ਵੀ ਪ੍ਰਭਾਵਸ਼ਾਲੀ ਦੱਸਦੇ ਹੋਏ ਕਹਿੰਦੇ ਹਨ ਕਿ ਹਵਾ ਦਾ ਪ੍ਰਦੂਸ਼ਣ ਤਾਂ ਪਟਿਆਲਾ ਵਿਚ ਇਨ੍ਹਾਂ ਤਿੰਨਾ ਸ਼ਹਿਰਾਂ ਵਿਚੋਂ ਸਭ ਤੋਂ ਘੱਟ ਹੈ, ਜਿਵੇਂ ਕਿ (ਰਿਹਾਇਸ਼ੀ) ਲੁਧਿਆਣਾ ਵਿਚ ਰਿਸਪਾਇਰਏਬਲ ਸਸਪੈਂਡਡ ਪਾਰਟੀਕੁਲੇਟ ਮੈਟਰ (ਆਰਐਸਪੀਐਮ) 255, ਨਾਈਟ੍ਰੋਜਨ ਔਕਸਾਈਡ (ਐਨਓਐਕਸ) 31, ਸਲਫਰ ਡਾਈਅਕਸਾਈਡ (ਐਸਓ2) 9 ਹੈ, ਜਲੰਧਰ ਵਿਚ ਆਰਐਸਪੀਐਮ 228, ਐਨਓਐਕਸ 25, ਐਸਓ2 11, ਪਟਿਆਲਾ ਵਿਚ ਆਰਐਸਪੀਐਮ 215, ਐਨਓਐਕਸ 22, ਐਸਓ2 6 ਹੈ, (ਵਪਾਰਕ ਏਰੀਏ) ਵਿਚ ਲੁਧਿਆਣਾ ਵਿਚ ਆਰਐਸਪੀਐਮ 165, ਐਨਓਐਕਸ 33, ਐਸਓ2 10, ਜਲੰਧਰ ਵਿਚ ਐਸਪੀਐਮ 192, ਐਨਓਐਕਸ 32 ਤੇ ਐਸਓ2 11, ਜਦ ਕਿ ਪਟਿਆਲਾ ਵਿਚ ਇਹ ਹੈ ਹੀ ਨਹੀਂ। (ਇੰਡਸਟਰੀ ਏਰੀਆ) ਲੁਧਿਆਣਾ ਵਿਚ ਆਰਐਸਪੀਐਮ 265, ਐਨਓਐਕਸ 36, ਐਸਓ2 8, ਜਲੰਧਰ ਵਿਚ ਆਰਐਸਪੀਐਮ 235, ਐਨਓਐਕਸ 31, ਐਸਓ2 18 ਹੈ, ਪਰ ਪਟਿਆਲਾ ਵਿਚ ਆਰਐਸਪੀਐਮ 220, ਐਨਓਐਕਸ 22 ਅਤੇ ਐਸਓ2 6 ਹੈ। ਡਾ. ਰਣਵਿੰਦਰ ਸਿੰਘ ਨੇ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕਿਸੇ ਵੀ ਪੈਰਾਮੀਟਰ ਦੀ ਕਸੌਟੀ ਤੇ ਪਟਿਆਲਾ ਭਾਰਤ ਦਾ 13 ਸ਼ਹਿਰ ਪ੍ਰਦੂਸ਼ਿਤ ਨਹੀਂ ਹੋ ਸਕਦਾ। ਉਹ ਵਿਸ਼ਵ ਸਿਹਤ ਸੰਸਥਾ ਦੀ ਇਸ ਖੋਜ ਨੂੰ ਮੁੱਢੋਂ ਰੱਦ ਕਰਦੇ ਹਨ।
ਫ਼ੋਟੋ ਡਾ. ਰਣਵਿੰਦਰ ਸਿੰਘ : ਡਾ. ਰਣਵਿੰਦਰ ਸਿੰਘ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ। ਫ਼ੋਟੋ ਅਕੀਦਾ



No comments:

Post a Comment