Friday, August 14, 2015

ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣੀ ਧੀ ਦਾ ਡੋਲਾ ਦੇਣ ਦਾ ਐਲਾਨ ਕੀਤਾ ਸੀ ਡਾ. ਅੰਬੇਡਕਰ ਨੂੰ

ਪੰਜਾਬੀ ਯੂਨੀਵਰਸਿਟੀ ਵਿਚ ਪੜਿ੍ਆ ਗਿਆ ਪੇਪਰ

ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਤੇ ਅਜੋਕੇ ਯੁੱਗ ਦੇ ਸੰਦਰਭ

ਸਿਰਫ ਦਲਿਤਾਂ ਲਈ ਨਹੀਂ ਸਗੋਂ ਔਰਤਾਂ ਤੇ ਹੋਰ ਸ਼ੋਸ਼ਿਤ ਲੋਕਾਂ ਲਈ ਵੀ ਲੜਾਈ ਲੜਦੇ ਰਹੇ ਡਾ. ਅੰਬੇਡਕਰ
ਗੁਰਨਾਮ ਸਿੰਘ ਅਕੀਦਾ
ਮਹਾਰਾਸ਼ਟਰ ਤੋਂ ਬਾਅਦ ਜੇ ਕਰ ਡਾ. ਭੀਮ ਰਾਓ ਅੰਬੇਡਕਰ ਸਭ ਤੋਂ ਵੱਧ ਹਰਮਨ ਪਿਆਰੇ ਹੋਏ ਤਾਂ ਉਹ ਸੀ ਪੰਜਾਬ। ਪੰਜਾਬੀ ਦਲਿਤ ਲੋਕਾਂ ਨੇ ਬਾਬਾ ਸਾਹਿਬ ਦਾ ਸਾਥ ਆਖਿਰ ਤੱਕ ਨਿਭਾਇਆ। 31 ਮਾਰਚ ਤੋਂ 1 ਅਪ੍ਰੈਲ ਤੱਕ ਪੰਜਾਬ ਲਹੌਰ ਵਿਚ ਲੋਥੀਅਨ ਕਮੇਟੀ ਦੇ ਮੈਂਬਰ ਵਜੋਂ ਰਹੇ ਬਾਬਾ ਸਾਹਿਬ ਦਾ ਸਬੰਧ ਪੰਜਾਬ ਨਾਲ ਗਹਿਰਾ ਬਣ ਗਿਆ ਸੀ। ਦੂਜਾ ਦੌਰਾ ਪੰਜਾਬ ਵਿਚ ਬਾਬਾ ਸਾਹਿਬ ਦਾ 13-14 ਅਪਰੈਲ 1936 ਦਾ ਅੰਮ੍ਰਿਤਸਰ ਵਿਚ ਸਿੱਖ ਕਾਨਫ਼ਰੰਸਾਂ ਵਿਚ ਪੁੱਜਣ ਦਾ ਸੀ, ਉਸ ਵੇਲੇ ਤੋਂ ਹੀ ਸਿੱਖ ਧਰਮ ਅਪਣਾਉਣ ਦਾ ਮਨ ਬਾਬਾ ਸਾਹਿਬ ਦਾ ਬਣਿਆ ਹੋਇਆ ਸੀ। ਤੀਜਾ ਦੌਰਾ ਅਕਤੂਬਰ 1951 ਵਿਚ ਹੁੰਦਾ ਹੈ ਇਸ ਸਮੇਂ ਬਾਬਾ ਸਾਹਿਬ ਨੇ 27, 28, 29 ਅਕਤੂਬਰ ਨੂੰ ਡਾਕਟਰ ਸਾਹਿਬ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵੀ ਪੁੱਜੇ ਸਨ।
ਡਾ. ਅੰਬੇਡਕਰ ਨੂੰ ਸਿਰਫ਼ ਦਲਿਤਾਂ ਦੇ ਹੱਕਾਂ ਲਈ ਲੜਨ ਵਾਲਾ ਹੀ ਪ੍ਰਚਾਰਿਆ ਗਿਆ ਹੈ ਜਦ ਕਿ ਉਨ੍ਹਾਂ ਨੇ ਔਰਤਾਂ ਲਈ ਡਟ ਕੇ ਲੜਾਈ ਲੜੀ ਤੇ ਹੋਰ ਸ਼ੋਸ਼ਿਤ ਜਾਤੀਆਂ ਲਈ ਵੀ ਲੜਾਈ ਲੜੀ।
ਤੁਲਸੀ ਦਾਸ ਦੀ ਰਚਿਤ ਰਾਮ ਚਰਿੱਤਰ ਮਾਨਸ ਦੇ ਸੁੰਦਰ ਕਾਂਡ ਵਿਚ ਜਿੱਥੇ ਸ਼ੂਦਰਾਂ ਬਾਰੇ ਗਲਤ ਲਿਖਿਆ ਹੈ ਉੱਥੇ ਹੀ ਔਰਤ ਨੂੰ ਵੀ ਦਲਿਤਾਂ ਦੇ ਬਰਾਬਰ ਹੀ ਖੜਾ ਕੀਤਾ ਹੈ ਜਿਵੇਂ ਕਿ
'ਢੋਲ ਗਵਾਰ ਸ਼ੂਦਰ ਪਸ਼ੂ ਨਾਰੀ
ਸਕਲ ਤਾੜਨਾ ਕੇ ਅਧਿਕਾਰੀ' ਢੋਲ, ਮੂਰਖ, ਸ਼ੂਦਰ, ਪਸ਼ੂ ਤੇ ਨਾਰੀ ਇਹ ਤਾੜ ਕੇ ਹੀ ਰੱਖਣੇ ਚਾਹੀਦੇ ਹਨ, ਇਸੇ ਤਰ੍ਹਾਂ ਬਾਲ ਕਾਂਡ ਵਿਚ ਲਿਖਿਆ ਹੈ
'ਅਸ ਮੋਹਿ ਆਪਨੀ ਕਿੰਕਰੀ ਜਾਨੀ
ਯਦਪਿ ਸਹਜ ਜੜ ਨਾਰੀ ਅਯਿਾਨੀ
ਅਰਥਾਤ ਨਾਰੀਆਂ ਸੁਭਾਉ ਤੋਂ ਹੀ ਮੂਰਖ ਤੇ ਗਿਆਨਹੀਨ ਹੁੰਦੀਆਂ ਹਨ। ਇਸ ਦੇ ਉਲਟ ਡਾ. ਅੰਬੇਡਕਰ ਨੇ ਔਰਤਾਂ ਦੀ ਮਰਦਾਂ ਦੇ ਬਰਾਬਰ ਦੇ ਹੱਕਾਂ ਲਈ ਪੂਰੀ ਲੜਾਈ ਲੜੀ, ਸਤੀ ਪ੍ਰਥਾ ਤੋਂ ਲੈ ਕੇ ਹੋਰ ਕਈ ਸਾਰੀਆਂ ਔਰਤ ਤੇ ਅੱਤਿਆਚਾਰ ਕਰਨ ਵਾਲੀਆਂ ਬਿਮਾਰੀਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਤੇ ਸੰਵਿਧਾਨ ਵਿਚ ਪੂਰੇ ਹੱਕ ਦਿਤੇ।
ਮੇਰਾ ਮੰਨਣਾ ਇਹ ਵੀ ਹੈ ਕਿ ਅਜੋਕੇ ਯੁੱਗ ਵਿਚ ਵੀ ਔਰਤ ਨੂੰ ਬਰਾਬਰਤਾ ਦਾ ਹੱਕ ਦੇਣ ਲੱਗੇ ਸਮਾਜ ਬੜਾ ਹੀ ਤੜਫ਼ ਜਾਂਦਾ ਹੈ। ਜਿਵੇਂ ਕਿ ਔਰਤ ਨੂੰ ਜੇਕਰ ਕੋਈ ਦਾਜ ਦਿੰਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਬਣੇ ਹਨ ਤਾਂ ਕਿ ਕੋਈ ਦਾਜ ਨਾ ਦੇਵੇ, ਜੇਕਰ ਮੈਂ ਇਹ ਸਪਸ਼ਟ ਕਹਿ ਦਿਆਂ ਦਾ ਮਾਮਲਾ ਹੋਰ ਹੀ ਰੰਗਤ ਫੜ ਸਕਦਾ ਹੈ ਪਰ ਸੱਚ ਕਹਿਣ ਤੋਂ ਗੁਰੇਜ਼ ਕਰਨਾ ਵੀ ਸਹੀ ਨਹੀਂ ਹੈ। ਉਦਾਹਰਨ ਵਜੋਂ  ਇਕ ਕੁੜੀ ਵੀ ਤਾਂ ਚਾਰ ਭਰਾਵਾਂ ਦੀ ਇਕ ਭੈਣ ਹੈ, ਉਹ ਵੀ ਘਰ ਦੀ ਇਕ ਮੈਂਬਰ ਹੈ, ਮਨ ਲਓ ਬਾਪੂ ਕੋਲ ਜ਼ਮੀਨ 20 ਏਕੜ ਹੈ ਤਾਂ ਉਸ 20 ਏਕੜ ਵਿਚੋਂ ਇਕ ਫੁੱਟੀ ਕੋਡੀ ਵੀ ਦੇਣ ਤੋਂ ਬਿਨਾਂ ਕੁੜੀ ਨੂੰ ਘਰੋਂ ਪੂਰੇ ਬਾਜੇ ਬਜਾ ਕੇ ਕੱਢ ਦਿਤਾ ਜਾਂਦਾ ਹੈ। ਕੀ ਜ਼ਮੀਨ ਵਿਚ ਉਸ ਦਾ ਹਿੱਸਾ ਨਹੀਂ ਬਣਦਾ? ਦਾਜ ਦੇਣਾ ਕਾਨੂੰਨੀ ਅਪਰਾਧ ਕਰਾਰ ਦੇ ਦਿਤਾ ਗਿਆ ਹੈ ਪਰ ਉਸ ਨੂੰ ਇਕ ਤਰ੍ਹਾਂ ਨਾਲ ਘਰੋਂ ਬੇਘਰ ਕਰਕੇ ਬੇਗਾਨੇ ਘਰ ਦੇ ਰਹਿਮੋ ਕਰਮ ਦੇ ਛੱਡ ਦਿਤਾ ਜਾਂਦਾ ਹੈ। ਡਾਕਟਰ ਭੀਮ ਰਾਓ ਅੰਬੇਡਕਰ ਨੇ ਔਰਤ ਵਾਸਤੇ ਬਰਾਬਰਤਾ ਦੇ ਹੱਕ ਲਿਆ ਕੇ ਦਿੱਤੇ ਪਰ ਕੀ ਅੱਜ ਦਾ ਸਮਾਜ ਔਰਤ ਨੂੰ ਬਰਾਬਰਤਾ ਦਾ ਹੱਕ ਦੇ ਰਿਹਾ ਹੈ? ਨਹੀਂ ਦੇ ਰਿਹਾ।
ਇੱਥੇ ਹੀ ਗੱਲ ਦੱਬੇ ਕੁਚਲੇ ਲੋਕਾਂ ਦੀ ਕਰਦੇ ਹਾਂ, ਡਾਕਟਰ ਸਾਹਿਬ ਨੇ ਦਲਿਤਾਂ ਲਈ ਹਰ ਤਰ੍ਹਾਂ ਦੀ ਲੜਾਈ ਲੜੀ, ਇੱਥੋਂ ਤੱਕ ਕੇ ਜਾਤ ਪਾਤ ਦੇ ਖ਼ਾਤਮੇ ਲਈ ਸਿੱਖ ਧਰਮ ਅਪਣਾਉਣ ਦੀ ਵੀ ਗੱਲ ਕੀਤੀ। ਜਿਸ ਲਈ ਸਿੱਖਾਂ ਨੇ ਬੜਾ ਹੀ ਵੱਡਾ ਜੇਰਾ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ ਜਿਸ ਕਰਕੇ ਸਿੱਖ ਧਰਮ ਤੋਂ ਵੱਡਾ ਤੇ ਅਹਿਮ ਧਰਮ ਡਾਕਟਰ ਸਾਹਿਬ ਨੂੰ ਹੋਰ ਕੋਈ ਲੱਗਾ ਨਹੀਂ, ਪਰ ਉਸ ਵੇਲੇ ਵੀ ਉਨ੍ਹਾਂ ਨਾਲ ਕੁਝ ਸਿੱਖ ਲੀਡਰਾਂ ਨੇ ਧੋਖੇਬਾਜ਼ੀ ਕੀਤਾ ਤੇ ਜ਼ਲੀਲ ਕੀਤਾ, ਜਿਸ ਕਰਕੇ ਬਾਬਾ ਸਾਹਿਬ ਨੂੰ ਸਿੱਖ ਧਰਮ ਦੀ ਥਾਂ ਬੁੱਧ ਧਰਮ ਅਪਣਾਉਣਾ ਪਿਆ। ਸ਼੍ਰੋਮਣੀ ਕਮੇਟੀ ਜਿਹੀ ਪ੍ਰਮਾਣਿਕ ਸੰਸਥਾ ਵੱਲੋਂ ਛਾਪੀਆਂ ਪੁਸਤਕਾਂ ਵਿਚ ਦਰਜ ਹੈ
''1935-36 ਦੀ ਗੱਲ ਹੈ ਕਿ ਡਾ. ਅੰਬੇਡਕਰ, ਹਿੰਦੁਸਤਾਨ ਦੇ 6 ਕਰੋੜ ਅਛੂਤਾਂ ਦੇ ਪ੍ਰਮਾਣਿਕ ਨੇਤਾ ਨੇ ਇਹ ਸਪਸ਼ਟ ਤੇ ਖੁੱਲ੍ਹੀ ਇੱਛਾ ਪ੍ਰਗਟ ਕੀਤੀ ਕੀ ਦੇਸ਼ ਦੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਜੋ ਜਾਤ ਪਾਤ ਦੀ, ਹਜ਼ਾਰਾਂ ਵਰ੍ਹਿਆਂ ਦੀ ਗੁਲਾਮੀ ਵਿਚੋਂ ਉਨ੍ਹਾਂ ਦਾ ਛੁਟਕਾਰਾ ਹੋ ਜਾਵੇ, ਇਸ ਵਿਚਾਰ ਨਾਲ ਹਿੰਦੂ ਮਹਾਂਸਭਾ ਦੇ ਪ੍ਰਧਾਨ, ਡਾ. ਮੁੰਜੇ ਅਤੇ ਸਨਾਤਨ ਹਿੰਦੂ ਜਗਤ ਦੇ ਪ੍ਰਸਿੱਧ ਨੇਤਾ, ਪੰਡਤ ਮਾਲਵੀਯ ਜੀ, ਪੂਰਨ ਤੌਰ ਤੇ ਸਹਿਮਤ ਸਨ, ਡਾ. ਅੰਬੇਡਕਰ ਅਤੇ ਇਨ੍ਹਾਂ ਹਿੰਦੂ ਲੀਡਰਾਂ ਵਿਚਕਾਰ ਜੋ ਚਿੱਠੀ ਪੱਤਰ ਇਸ ਸਮੱਸਿਆ ਦੀ ਪੂਰਤੀ ਬਾਰੇ ਚਲ ਰਿਹਾ ਸੀ, ਉਸ ਦੀਆਂ ਨਕਲਾਂ ਗਾਂਧੀ ਜੀ ਨੂੰ ਗਿਆਤ ਵਜੋਂ ਭੇਜੀਆਂ ਜਾ ਰਹੀਆਂ ਸਨ, ਜਦੋਂ ਇਹ ਸਭ ਕਾਰਜ ਹੁਣ ਸਿਰੇ ਹੀ ਚੜ੍ਹਨ ਵਾਲਾ ਹੈ, ਤਾਂ ਗਾਂਧੀ ਜੀ ਨੇ, ਸ਼ਿਸ਼ਟਾਚਾਰ ਦੇ ਸਾਰੇ ਨਿਯਮਾਂ ਦਾ ਵਿਰੋਧ, ਦੋਹਾਂ ਧਿਰਾਂ ਦੀ ਆਗਿਆ ਲਏ ਤੋਂ ਬਿਨਾਂ, ਇਹ ਚਿੱਠੀ ਪੱਤਰ ਆਪਣੇ ਅਖ਼ਬਾਰ, ਯੰਗ ਇੰਡੀਆ ਵਿਚ ਛਾਪ ਦਿਤਾ ਅਤੇ ਲਿਖਿਆ ਕਿ ''ਅਛੂਤਾਂ ਦਾ ਸਿੱਖੀ ਵਿਚ ਪ੍ਰਵੇਸ਼ ਹਿੰਦੂ ਧਰਮ ਤੋਂ ਪਤੀਤ ਹੋਣ ਦੇ ਤੁੱਲ ਹੈ'',
ਉਸ ਸਮੇਂ ਦੇ ਸ਼ੇਰੇ ਪੰਜਾਬ ਦੇ ਸੰਪਾਦਕ ਸ. ਅਮਰ ਸਿੰਘ ਅਨੁਸਾਰ ਉਸ ਵੇਲੇ ਦੇ ਸਿੱਖ ਲੀਡਰ ਨੇ ਡਾ. ਅੰਬੇਡਕਰ ਨੂੰ ਸਿੱਖ ਬਣਨ ਤੋਂ ਪਰਾਂ ਕਰਨ ਲਈ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜੀਆਂ, ਅੰਬੇਡਕਰ ਨੂੰ ਚੂਹੜੇ ਚਮਾਰ ਤੱਕ ਕਿਹਾ, ਹਰਨਾਮ ਸਿੰਘ ਵਰਗਿਆਂ ਵੱਲੋਂ ਇਹ ਵੀ ਕਿਹਾ ਗਿਆ ''ਓਏ ਤੈਨੂੰ ਇਨ੍ਹਾਂ ਗੱਲਾਂ ਦੀ ਸਮਝ ਨਹੀਂ। ਛੇ ਕਰੋੜ ਅਛੂਤ ਸਿੱਖ ਬਣਾ ਕੇ, ਦਰਬਾਰ ਸਾਹਿਬ ਚੂੜਿਆਂ ਚਮਾਰਾਂ ਨੂੰ ਦੇ ਛੋਡੀਏ?'' ਇਊਂ ਛੇ ਕਰੋੜ 'ਰੰਘਰੇਟੇ, ਗੁਰੂ ਕੇ ਬੇਟੇ' ਗੁਰੂ ਘਰ ਦੇ ਦਰ ਉਤੇ ਆਏ, ਧੱਕੇ ਮਾਰ ਕੇ ਪਰਤਾ ਦਿਤੇ ਗਏ, ਜਿਵੇਂ ਗੁਰੂ ਤੇਗ ਬਹਾਦਰ ਜੀ ਨੂੰ ਹਰਿਮੰਦਰ ਸਾਹਿਬ ਵਿਚ ਵੜਨ ਨਹੀਂ ਸੀ ਦਿਤਾ ਗਿਆ। ਪਰ ਦੂਜੇ ਪਾਸੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਇਹ ਐਲਾਨ ਕੀਤਾ ਕਿ ਜੇਕਰ ਡਾ. ਭੀਮ ਰਾਓ ਅੰਬੇਡਕਰ ਸਿੱਖ ਧਰਮ ਅਪਨਾਉਂਦੇ ਹਨ ਤਾਂ ਉਹ ਆਪਣੀ ਧੀ ਦਾ ਡੋਲਾ (ਰਿਸ਼ਤਾ) ਡਾ. ਅੰਬੇਡਕਰ ਨੂੰ ਦੇ ਦੇਣਗੇ। ਤਾਂ ਕਿ ਅਛੂਤਾਂ ਦਾ ਉੱਚੀਆਂ ਜਾਤਾਂ ਵਿਚ ਸਤਿਕਾਰ ਬਣ ਸਕੇ।
ਇਸ ਸਾਰੇ ਵਰਤਾਰੇ ਨੂੰ ਜਾਣਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਪੁਸਤਕ 'ਸਾਚੀ ਸਾਖੀ' ਪੜ੍ਹੀ ਜਾ ਸਕਦੀ ਹੈ। ਪਰ ਇੱਥੇ ਇਸ ਦਾ ਵਿਸਥਾਰ ਕਰਨਾ ਜ਼ਿਆਦਾ ਸਮੇਂ ਦੀ ਮੰਗ ਕਰਦਾ ਹੈ।
ਮੇਰਾ ਇਹ ਮੰਨਣਾ ਹੈ ਕਿ ਜੇਕਰ ਸਾਰੇ ਸ਼ੂਦਰ ਸਿੱਖ ਬਣ ਜਾਂਦੇ ਤਾਂ ਅੱਜ ਭਾਰਤ ਵਿਚ ਸਿੱਖ ਕਰੀਬ 40 ਕਰੋੜ ਹੋਣੇ ਸਨ। ਇਸ ਬਾਰੇ ਵੀ ਕਿੰਤੂ ਪ੍ਰੰਤੂ ਕੀਤਾ ਜਾਂਦਾ ਹੈ। ਕਿ ਬਾਬਾ ਸਾਹਿਬ ਨੇ ਬੁੱਧ ਧਰਮ ਅਪਣਾਇਆ ਕੀ ਸਾਰੇ ਸ਼ੂਦਰ ਬੋਧੀ ਬਣ ਗਏ। ਇਸ ਸਵਾਲ ਦਾ ਜਵਾਬ ਵੀ ਕਿਤਾਬਾਂ ਵਿਚ ਹੀ ਪਿਆ ਹੈ
''1935-36 ਵਿਚ ਡਾ. ਅੰਬੇਡਕਰ ਨੇ ਐਲਾਨ ਕੀਤਾ, ਕਿ ਮੈਂ 8 ਕਰੋੜ (ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਸ. ਸਾਧੂ ਸਿੰਘ ਭੌਰਾ ਨੇ ਅਛੂਤਾਂ ਦੀ ਗਿਣਤੀ 8 ਕਰੋੜ ਹੀ ਲਿਖੀ ਹੈ) ਅਛੂਤਾਂ ਨੂੰ ਸਿੱਖ ਧਰਮ ਵਿਚ ਸ਼ਾਮਲ ਕਰਾਂਗਾ, ਸਿੰਘ ਸਾਹਿਬ ਨੇ ਅੱਗੇ ਜਾ ਕੇ ਲਿਖਿਆ ਕਿ ਜਦੋਂ ਮੈਨੂੰ (ਸਿੰਘ ਸਾਹਿਬ) ਸਿੱਖ ਮਿਸ਼ਨ ਅਲੀਗੜ੍ਹ ਦਾ ਇੰਚਾਰਜ ਬਣਾਇਆ, ਤਾਂ ਯੂ ਪੀ ਵਿਚ ਸਿੱਖ 45 ਹਜਾਰ ਸਨ ਤਾਂ ਸਿੱਖਾਂ ਦੀ ਜਦੋਂ 1941 ਵਿਚ ਗਿਣਤੀ ਦੀ ਰਿਪੋਰਟ ਆਈ, ਤਾਂ ਸਾਢੇ ਪੰਜ ਲੱਖ ਸਿੱਖ ਸਿਰਫ਼ ਯੂ ਪੀ ਵਿਚ ਹੀ ਹੋ ਗਏ ਸਨ।'' (ਅੰਮ੍ਰਿਤਸਰ ਸਿਫਤੀ ਦਾ ਘਰ, ਜਾਣ ਪਹਿਚਾਣ) ਉਨ੍ਹਾਂ ਨੇ ਦਸਿਆ ਕਿ ਇੱਥੇ 21 ਹਜਾਰ ਸਿੰਘਾਂ ਦਾ ਇਕ ਦਿਨ ਅੰਮ੍ਰਿਤ ਛਕਣ ਦਾ ਵੀ ਰਿਕਾਰਡ ਹੈ। ਜੇਕਰ ਇਕ ਐਲਾਨ ਨੇ ਏਨੇ ਸਿੱਖ ਬਣਾ ਦਿਤੇ ਤਾਂ ਫਿਰ ਜੇਕਰ ਸਹੀ ਵਿਚ ਡਾ. ਅੰਬੇਡਕਰ ਸਿੱਖੀ ਅਪਣਾ ਲੈਂਦੇ ਤਾਂ ਅੱਜ ਭਾਰਤ ਦੀ ਰਾਜਨੀਤੀ ਤੇ ਹਾਲਤ ਹੋਰ ਹੋਣੇ ਸੀ। ਪਰ ਇਸ ਦੇ ਉਲਟ ਸਿੱਖਾਂ ਦੀ ਦੀ ਗਿਣਤੀ ਘੱਟ ਰਹੀ ਹੈ। ਜਿਵੇਂ ਕਿ
1971 ਦੀ ਮਰਦਮ ਸ਼ੁਮਾਰੀ ਅਨੁਸਾਰ ਸਿੱਖਾਂ ਦੀ ਆਬਾਦੀ 2 ਕਰੋੜ (2.7ਫ਼ੀਸਦੀ) (ਸਾਰੇ ਭਾਰਤ ਦੀ ਆਬਾਦੀ ਲਗਭਗ 70 ਕਰੋੜ, 2011 ਦੀ ਜਨਸੰਖਿਆ ਅਨੁਸਾਰ ਸਿੱਖਾਂ ਦੀ ਆਬਾਦੀ ਰਹਿ ਗਈ ਲਗਭਗ 1.3 ਕਰੋੜ (1 ਫ਼ੀਸਦੀ) (ਸਾਰੇ ਭਾਰਤ ਦੀ ਆਬਾਦੀ ਇਕ ਅਰਬ 21 ਕਰੋੜ), ਜਿਸ ਤੋਂ ਇਹ ਸਪਸ਼ਟ ਹੋ ਗਿਆ ਕਿ 40 ਸਾਲਾਂ ਵਿਚ ਸਿੱਖਾਂ ਦੀ ਆਬਾਦੀ ਵਿਚ 70 ਲੱਖ ਦੇ ਕਰੀਬ ਸਿੱਖ ਘੱਟ ਚੁੱਕੇ ਹਨ। 1981 ਵਿਚ ਸਿੱਖ ਪੰਜਾਬ ਵਿਚ 63 ਫ਼ੀਸਦੀ ਸਨ, ਪਰ ਹੁਣ ਸਿਰਫ਼ 57 ਫ਼ੀਸਦੀ ਹੀ ਰਹਿ ਗਏ ਹਨ, ਸਿੱਖਾਂ ਦੀ ਵਾਧਾ ਦਰ 9 ਫ਼ੀਸਦੀ ਆਂਕੀ ਗਈ ਹੈ, ਜਦ ਕਿ ਮੁਸਲਮਾਨਾਂ ਦੀ ਵਾਧਾ ਦਰ 36 ਫ਼ੀਸਦੀ ਹੈ, ਪੂਰੇ ਭਾਰਤ ਦੀ ਔਸਤ ਵਾਧਾ ਦਰ 18 ਫ਼ੀਸਦੀ ਹੈ।
ਸੋ ਡਾ. ਭੀਮ ਰਾਓ ਅੰਬੇਡਕਰ ਨੇ ਸ਼ੋਸ਼ਿਤ ਕੌਮਾਂ ਲਈ ਚਾਹੇ ਉਹ ਦਲਿਤ ਹੋਵੇ ਜਾਂ ਫਿਰ ਔਰਤ ਹੋਵੇ, ਸਾਰਿਆਂ ਲਈ ਕੰਮ ਕੀਤਾ, ਪਰ ਅੱਜ ਦਾ ਰਾਜਨੀਤੀਵਾਨ ਸੰਵਿਧਾਨ ਦੀਆਂ ਮੰਨਣ ਤੋਂ ਇਨਕਾਰੀ ਹੈ। ਜਿਸ ਕਰਕੇ ਮੁੜ ਪੁਰਾਣੇ ਹਾਲਤ ਆ ਗਏ ਹਨ। ਅੱਜ ਦਾ ਰਾਜਨੀਤੀਵਾਨ ਪਿੰਡਾਂ ਵਿਚ ਵੱਖਰੇ ਸ਼ਮਸ਼ਾਨ ਘਾਟਾਂ ਲਈ ਵੱਖਰੀਆਂ ਗਰਾਂਟਾਂ ਦਿੰਦਾ ਹੈ। ਜਾਤ ਪਾਤ ਖ਼ਤਮ ਕਰਨ ਦੀ ਥਾਂ ਵੱਖਰੀਆਂ ਧਰਮਸ਼ਾਲਾਵਾਂ ਲਈ ਗਰਾਂਟਾਂ ਦਿੰਦਾ ਹੈ। ਜਿਸ ਨੂੰ ਸਰਕਾਰੀ ਮਾਨਤਾ ਵੀ ਹੈ। ਹੁਣ ਪੰਜਾਬ ਵਿਚ ਜਾਤਾਂ ਆਧਾਰਤ ਗੁਰਦੁਆਰੇ ਵੀ ਬਣ ਰਹੇ ਹਨ। ਮੈਨੂੰ ਲਗ ਰਿਹਾ ਹੈ ਕਿ ਹੁਣ ਸਮਾਂ ਹੋਰ ਵੀ ਭਿਆਨਕ ਆ ਰਿਹਾ ਹੈ ਜਿਸ ਕਰਕੇ ਜਾਤ ਪਾਤ ਦਾ ਜੁੜਾ ਹੋਰ ਵੀ ਪੱਕਾ ਹੋ ਰਿਹਾ ਹੈ।
ਅੱਜ ਦਾ ਸਿੱਖ ਕਹਿੰਦਾ ਹੈ ਕਿ ਰਵਿਦਾਸ ਗੁਰੂ ਨਹੀਂ ਹੈ, ਉਹ ਤਾਂ ਭਗਤ ਹੈ। ਪਰ ਮੈਂ ਕਹਿੰਦਾ ਹਾਂ ਕਿ ਉਹ ਤਾਂ ਰਵਿਦਾਸ ਨੂੰ ਗੁਰੂ ਮੰਨਣ ਵਾਲਿਆਂ ਦੀ ਮਰਜ਼ੀ ਹੈ ਕਿ ਉਹ ਉਸ ਨੂੰ ਗੁਰੂ ਕਹਿਣ ਜਾਂ ਫਿਰ ਰੱਬ ਕਹਿਣ, ਪਰ ਇਸ ਜਾਤਾਂ ਦੇ ਜਾਲ ਵਿਚ ਫਸੇ ਇਨਸਾਨ ਨੂੰ ਇਹ ਸੋਚਣ ਲਈ ਕਿਉਂ ਮਜਬੂਰ ਹੋਣਾ ਪਿਆ? ਹਰੇਕ ਇਨਸਾਨ ਦਾ ਆਪਣਾ ਰੱਬ ਹੈ ਉਹ ਉਸ ਨੂੰ ਕਿਵੇਂ ਵੀ ਮੰਨੇ ਕਿਸੇ ਨੂੰ ਕੀ ਇਤਰਾਜ਼ ਹੈ। ਬੇਸ਼ੱਕ ਅੱਜ ਸ਼ੂਦਰਾਂ ਲਈ ਤੇ ਔਰਤਾਂ ਲਈ ਕਾਨੂੰਨ ਵੀ ਹਨ ਪਰ ਇਹਨਾਂ ਦੀ ਦਸ਼ਾ ਉਦੋਂ ਤੱਕ ਸਹੀ ਨਹੀਂ ਹੋ ਸਕਦੀ ਜਦੋਂ ਤੱਕ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਨੀਅਤ ਸਹੀ ਨਹੀਂ ਹੋਵੇਗੀ।
ਗੁਰਨਾਮ ਸਿੰਘ ਅਕੀਦਾ
ਲੇਖਕ ਤੇ ਪੱਤਰਕਾਰ
8146001100

No comments:

Post a Comment