Tuesday, August 22, 2017

ਮੀਡੀਆ ਵੈਲਫੇਅਰ ਐਸੋਸੀਏਸ਼ਨ ਵੱਲੋਂ ਭਾਖੜਾ ਪੁਲ ਤੇ ਲਗਾਇਆ ਨਲਕਾ ਕੀਤਾ ਲੋਕ ਅਰਪਣ

ਭਾਖੜਾ ਨੇ ਲਗਾਏ ਗਏ ਨਲਕੇ ਦਾ ਪਾਣੀ ਹੈ ਰੋਗ ਰਹਿਤ : ਡਾ. ਹਰਸ਼ਿੰਦਰ ਕੌਰ
ਸਮਾਜ ਸੇਵਾ ਵਿਚ ਯੋਗਦਾਨ ਪਾਉਣ ਲਈ ਬਲਵਿੰਦਰ ਸਿੰਘ ਜਾਤੀਵਾਲ ਦਾ ਕੀਤਾ ਸਨਮਾਨ

ਪਟਿਆਲਾ, 22 ਅਗਸਤ
''ਭਾਖੜਾ ਨੇੜੇ ਨਲਕੇ ਨਾਲ ਨਿਕਲਣ ਵਾਲਾ ਪਾਣੀ ਕੀਮਤੀ ਹੁੰਦਾ ਹੈ ਜੋ ਕਈ ਸਾਰੀਆਂ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ ਤੇ ਸਿਹਤ ਨੂੰ ਵੀ ਤੰਦਰੁਸਤ ਰੱਖਦਾ ਹੈ, ਇਸ ਦੇ ਉਲਟ ਬਠਿੰਡਾ ਮਾਨਸਾ ਇਲਾਕੇ ਦਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਜਿਸ ਤੋਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੈ'' ਇਨ੍ਹਾਂ ਵਿਚਾਰ ਉੱਘੇ ਕਾਲਮ ਨਵੀਸ਼ ਅਤੇ ਲੇਖਕਾ ਡਾਕਟਰ ਹਰਸ਼ਿੰਦਰ ਕੌਰ ਨੇ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਵੱਲੋਂ ਅੱਜ ਸਿੱਧੂਵਾਲ ਵਿਚ ਪਾਣੀਆਂ ਪ੍ਰਤੀ ਕਰਾਏ ਸੈਮੀਨਾਰ ਵਿਚ ਬੋਲਦਿਆਂ ਪ੍ਰਗਟ ਕੀਤੇ। ਇਸੇ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿੱਤ ਨੇ ਕੁੱਝ ਜ਼ਰੂਰੀ ਕਾਰਨਾਂ ਕਰਕੇ ਸੈਮੀਨਾਰ ਵਿਚ ਹਾਜ਼ਰ ਨਾ ਹੋਕੇ ਆਪਣਾ ਸੰਦੇਸ਼ ਦਿੱਤਾ ਕਿ ਮੀਡੀਆ ਵੈਲਫੇਅਰ ਜੋ ਵੀ ਸਮਾਜ ਭਲਾਈ ਦਾ ਕੰਮ ਕਰ ਰਹੀ ਹੈ ਉਹ ਸਹੀ ਹੈ ਉਸ ਦੇ ਅਸੀਂ ਨਾਲ ਹਾਂ ਉਨ੍ਹਾਂ ਨੂੰ ਇਹ ਕੰਮ ਜਾਰੀ ਰੱਖਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਹੋਂਦ ਵਿਚ ਆਈ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਦੀ ਰਹਿਨੁਮਾਈ ਵਿਚ ਸਿੱਧੂਵਾਲ ਪਿੰਡ ਕੋਲ ਭਾਖੜਾ ਦੇ ਪੁਲ ਤੇ ਨਲਕਾ ਲਗਾਉਣ ਦਾ ਕੰਮ ਕੀਤਾ ਹੈ, ਜਿਸ ਲਈ ਸਹਿਯੋਗ ਮਿਲਕਫੈੱਡ ਦੇ ਸਾਬਕਾ ਜਨਰਲ ਮੈਨੇਜਰ ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਨੇ ਕੀਤਾ ਹੈ। ਇਸ ਕਰਕੇ ਅੱਜ ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਦਾ ਸਨਮਾਨ ਵੀ ਕੀਤਾ ਗਿਆ। ਇਸ ਵੇਲੇ ਨਲਕੇ ਦਾ ਰਸਮੀ ਉਦਘਾਟਨ ਡਾ. ਹਰਸ਼ਿੰਦਰ ਕੌਰ ਤੋਂ ਕਰਵਾ ਕੇ ਉਹ ਆਮ ਲੋਕਾਂ ਦੇ ਅਰਪਣ ਕਰ ਦਿੱਤਾ। ਇਸ ਵੇਲੇ ਸਿੱਧੂਵਾਲ ਵਿਚ ਹੋਏ ਪਾਣੀਆਂ ਤੇ ਸੈਮੀਨਾਰ ਵਿਚ ਬੋਲਦਿਆਂ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਬਠਿੰਡਾ ਤੇ ਮਾਨਸਾ ਇਲਾਕੇ ਵਿਚ ਪਾਣੀ ਜ਼ਹਿਰੀਲਾ ਹੋ ਗਿਆ ਹੈ, ਕਈ ਥਾਵਾਂ ਤੇ ਪਾਣੀ ਬਹੁਤ ਜ਼ਿਆਦਾ ਡੂੰਘਾ ਹੋ ਗਿਆ ਜਿਸ ਕਰਕੇ ਕਈ ਇਲਾਕਿਆਂ ਵਿਚ ਹੇਠਲਾ ਪਾਣੀ ਸੈਂਕੜੇ ਫੁੱਟ ਹੇਠਾਂ ਠੀਕ ਨਿਕਲ ਰਿਹਾ ਹੈ ਪਰ ਜੋ ਕੰਮ ਮੀਡੀਆ ਵੈਲਫੇਅਰ ਐਸੋਸੀਏਸ਼ਨ ਨੇ ਭਾਖੜਾ ਦੇ ਪੁਲ ਤੇ ਨਲਕਾ ਲਾ ਕੇ ਕੀਤਾ ਹੈ ਇਹ ਮੀਡੀਆ ਵੱਲੋਂ ਨਵੀਂ ਪਿਰਤ ਪਾਈ ਗਈ ਹੈ, ਮੀਡੀਆ ਆਮ ਤੌਰ ਤੇ ਲਿਖ ਕੇ ਲੋਕਾਂ ਨੂੰ ਜਾਗਰੂਕ ਕਰਦਾ ਹੈ ਪਰ ਇਹ ਸਮਾਜ ਭਲਾਈ ਦਾ ਕੰਮ ਕਰਕੇ ਮੀਡੀਆ ਨੇ ਸਿਰਫ਼ ਜਾਗਰੂਕ ਹੀ ਨਹੀਂ ਕੀਤਾ ਸਗੋਂ ਉਸ ਤੇ ਅਮਲ ਵੀ ਕੀਤਾ ਹੈ। ਇੱਥੇ ਬੋਲਦਿਆਂ ਬਲਵਿੰਦਰ ਸਿੰਘ ਜਾਤੀਵਾਲ ਨੇ ਕਿਹਾ ਕਿ ਮੀਡੀਆ ਵੈਲਫੇਅਰ ਐਸੋਸੀਏਸ਼ਨ ਨੇ ਰਵਾਇਤ ਤੋਂ ਉੱਪਰ ਉੱਠ ਕੇ ਨਲਕਾ ਲਾਉਣ ਦਾ ਕੰਮ ਕਰਕੇ ਨਵੇਕਲਾ ਕੰਮ ਕੀਤਾ ਹੈ। ਇਸ ਵੇਲੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਸਮਾਜ ਭਲਾਈ ਦੇ ਕੰਮ ਕਰਨ ਲਈ ਐਸੋਸੀਏਸ਼ਨ ਹਮੇਸ਼ਾ ਤਤਪਰ ਰਹੇਗੀ, ਲੋਕਾਂ ਦੀ ਆਵਾਜ਼ ਬਣ ਕੇ ਹਮੇਸ਼ਾ ਕੰਮ ਕਰੇਗੀ। ਜਿਸ ਲਈ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਵੀ ਲਈ ਜਾਵੇਗੀ। ਇਸ ਵੇਲੇ ਬੋਲਦਿਆਂ ਹਰਿੰਦਰ ਸਿੰਘ ਨਿੱਕਾ ਨੇ ਕਿਹਾ ਕਿ ਮੀਡੀਆ ਵੱਲੋਂ ਨਵੇਕਲਾ ਕੰਮ ਕਰਨ ਤੇ ਮੈਂ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ। ਇਸ ਵੇਲੇ ਧੰਨਵਾਦੀ ਸ਼ਬਦ ਮੈਂਬਰ ਸ਼੍ਰੋਮਣੀ ਕਮੇਟੀ ਸ. ਸਤਵਿੰਦਰ ਸਿੰਘ ਟੌਹੜਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਇਹ ਸੈਮੀਨਾਰ ਦੀ ਲੜੀ ਵਿਚ ਉਹ ਵੀ ਹਿੱਸਾ ਪਾਉਣਗੇ। ਇਸ ਵੇਲੇ ਇਰਵਿੰਦਰ ਸਿੰਘ ਨੇ ਸਟੇਜ ਦਾ ਕੰਮ ਸੰਭਾਲਿਆ। ਇਸ ਮੌਕੇ ਮਨਦੀਪ ਸਿੰਘ ਜੋਸਨ, ਬਲਿੰਦਰ ਸਿੰਘ, ਗੁਰਮੁਖ ਰੁਪਾਣਾ, ਸਨੀ ਸਨ ਪੰਜਾਬ, ਚਰਨਜੀਤ ਸਿੰਘ ਕੋਹਲੀ, ਇੰਦਰਪਾਲ ਸਿੰਘ, ਲਾਲੀ ਫਾਸਟਵੇਅ, ਹਰਿੰਦਰ ਸਿੰਘ ਸੇਠੀ, ਸੁਦਰਸ਼ਨ ਮਿੱਤਲ, ਪੀਐਸ ਗਰੇਵਾਲ, ਪਰਮਿੰਦਰ ਸਿੰਘ ਟਿਵਾਣਾ , ਸਰਪੰਚ ਕਰਮਜੀਤ ਸਿੰਘ ਸਿੱਧੂਵਾਲ, ਸਰਪੰਚ ਹਮੀਰ ਸਿੰਘ ਉੱਚਾ ਗਾਓਂ ਆਦਿ ਵੀ ਹਾਜ਼ਰ ਸਨ। ਸੈਮੀਨਾਰ ਤੋਂ ਬਾਅਦ ਭਾਖੜਾ ਦੇ ਪੁਲ ਤੇ ਲਗਾਏ ਨਲਕੇ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ।

ਸਿੱਧੂਵਾਲ ਫ਼ੋਟੋ 1: ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ।
ਸਿੱਧੂਵਾਲ ਫ਼ੋਟੋ 2 : ਭਾਖੜਾ ਦੇ ਪੁਲ ਤੇ ਲਗਾਏ ਨਲਕੇ ਦਾ ਰਸਮੀ ਉਦਘਾਟਨ ਕਰਦੇ ਹੋਏ ਹਰਸ਼ਿੰਦਰ ਕੌਰ ਤੇ ਹੋਰ।

Saturday, August 19, 2017

ਸ਼ਮਸ਼ਾਨਘਾਟ ਵਿਚ ਸੰਸਕਾਰ ਲਈ ਲੱਗਣ ਵਾਲੀ ਭੱਠੀ ਹੀ ਗ਼ਾਇਬ ਕਰ ਗਿਆ ਇਨਸਾਨ

ਡਾ. ਧਰਮਵੀਰ ਗਾਂਧੀ ਵੱਲੋਂ ਜਾਂਚ ਕਰਨ ਦੇ ਕੀਤੇ ਹੁਕਮ
ਪਟਿਆਲਾ : ਨੇੜਲੇ ਪਿੰਡ ਬਠੋਈ ਖ਼ੁਰਦ ਵਿਖੇ ਸਾਂਸਦੀ ਫ਼ੰਡ ਨਾਲ ਅੰਤਿਮ ਸੰਸਕਾਰ ਕਰਨ ਵਾਲੀ ਖ਼ਰੀਦੀ ਭੱਠੀ ਖ਼ੁਰਦ-ਬੁਰਦ ਹੋਣ ਸਬੰਧੀ ਪਿੰਡ ਦੇ ਕੁਝ ਲੋਕਾਂ ਨੇ ਇਲਜ਼ਾਮ ਲਗਾਏ ਹਨ। ਉੱਧਰ ਡਾ. ਧਰਮਵੀਰ ਗਾਂਧੀ ਵੱਲੋਂ ਦਿੱਤੀ 2 ਲੱਖ ਦੀ ਗਰਾਂਟ ਜਾਂਚ ਕਰਨ ਲਈ ਖ਼ੁਦ ਸਾਂਸਦ ਨੇ ਵੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਆਦੇਸ਼ ਦੇ ਦਿੱਤੇ ਹਨ। ਇਸ ਸਬੰਧੀ ਪਿੰਡ ਦੇ ਵਸਨੀਕ ਸੁਰਿੰਦਰ ਸਿੰਘ, ਸੁਭਾਸ਼ ਸ਼ਰਮਾ, ਗੁਰਬਖ਼ਸ਼ ਸਿੰਘ, ਬਲਵਿੰਦਰ ਸਿੰਘ, ਜਗਦੇਵ ਸ਼ਰਮਾ, ਜੀਤ ਸਿੰਘ ਅਤੇ ਭਜਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਪਿੰਡ ਦੀ ਪੰਚਾਇਤ ਨੇ ਕਰੀਬ 8 ਮਹੀਨੇ ਪਹਿਲਾਂ ਪਿੰਡ ਦੀ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰਨ ਵਾਲੀ ਭੱਠੀ ਖ਼ਰੀਦੀ ਸੀ, ਪਰ ਅੱਜ ਤੱਕ ਇਹ ਭੱਠੀ ਪਿੰਡ ਵਿਚ ਨਹੀਂ ਪੁੱਜੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੰਚਾਇਤ ਨੇ ਕੁਝ ਅਫ਼ਸਰਾਂ ਦੀ ਮਦਦ ਨਾਲ ਇਸ ਭੱਠੀ ਨੂੰ ਖ਼ੁਰਦ-ਬੁਰਦ ਕਰ ਦਿੱਤਾ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।     ਇਸ ਸਬੰਧੀ ਉਕਤ ਵਿਅਕਤੀਆਂ ਵੱਲੋਂ ਮੀਡੀਆ ਨੂੰ ਦਿੱਤੇ ਦਸਤਾਵੇਜ਼ਾਂ ਮੁਤਾਬਿਕ ਸਰਪੰਚ ਰਣਧੀਰ ਸਿੰਘ, ਪੰਚ ਮੱਖਣ ਸਿੰਘ, ਰਾਜਕੁਮਾਰ, ਸੁਰਜੀਤ ਕੌਰ ਅਤੇ ਨਛੱਤਰ ਸਿੰਘ ਦੇ ਦਸਤਖਤਾਂ ਹੇਠ ਇਕ ਮਤਾ ਪੰਚਾਇਤ ਨੇ 18 ਅਕਤੂਬਰ 2016 ਨੂੰ ਪਾਇਆ ਸੀ ਕਿ ਸਾਂਸਦੀ ਕੋਟੇ ਵਿਚੋਂ ਪਿੰਡ ਨੂੰ 2 ਲੱਖ ਦੀ ਗਰਾਂਟ ਮਿਲੀ ਹੈ, ਇਸ ਲਈ ਅੰਤਿਮ ਸੰਸਕਾਰ ਕਰਨ ਵਾਲੀ ਭੱਠੀ ਖ਼ਰੀਦੀ ਜਾਵੇ। ਇਸ ਤਹਿਤ ਪੰਚਾਇਤ ਨੇ ਸੁਖਵਿੰਦਰਾ ਸਟੀਲ ਵਰਕਸ ਲੁਧਿਆਣਾ ਕੋਲੋਂ 1 ਲੱਖ 75 ਹਜ਼ਾਰ ਦੀ ਮਸ਼ੀਨ, 18 ਹਜ਼ਾਰ ਦੀ ਫਿਟਿੰਗ ਅਤੇ 8 ਹਜ਼ਾਰ ਰੁਪਏ ਕਿਰਾਏ ਸਬੰਧੀ ਭੇਜੀ ਕੁਟੇਸ਼ਨ ਪ੍ਰਵਾਨ ਕਰਕੇ ਫ਼ਰਮ ਨੂੰ ਰਕਮ ਅਦਾ ਕਰਨ ਲਈ ਚੈੱਕ ਵੀ ਕੱਟ ਦਿੱਤਾ। ਇਹ ਪੈਸਾ ਫ਼ਰਮ ਕੋਲ ਪਹੁੰਚ ਵੀ ਗਿਆ ਹੈ ਅਤੇ ਲਗਭਗ 8 ਮਹੀਨ ਪਹਿਲਾਂ ਫ਼ਰਮ ਦੇ ਖਾਤੇ ਵਿਚ ਪੈਸਾ ਜਾ ਚੁੱਕਿਆ ਹੈ। ਜਦਕਿ ਪਿੰਡ ਵਿਚ ਮਸ਼ੀਨ ਅਜੇ ਤੱਕ ਨਹੀਂ ਪਹੁੰਚੀ। ਉੱਧਰ ਪਿੰਡ ਵਲਿਆਂ ਦਾ ਇਲਜ਼ਾਮ ਹੈ ਕਿ ਜੇਕਰ ਮਸ਼ੀਨ ਦੀ ਐਡਵਾਂਸ ਬੁਕਿੰਗ ਕਰਾਉਣੀ ਸੀ ਤਾਂ ਪੂਰਾ ਪੈਸਾ ਦੇਣ ਦੀ ਬਜਾਏ ਕੁਝ ਮਾਮੂਲੀ ਪੈਸਾ ਦੇ ਕੇ ਬੁਕਿੰਗ ਕਰਵਾਈ ਜਾ ਸਕਦੀ ਸੀ ਅਤੇ ਰੱਖਣ ਲਈ ਬਿਲਡਿੰਗ ਦਾ ਪ੍ਰਬੰਧ ਵੀ ਤੁਰੰਤ ਕੀਤਾ ਜਾਣਾ ਸੀ।     ਉੱਧਰ ਜਦੋਂ ਮੀਡੀਆ ਨੇ ਪਿੰਡ ਬਠੋਈ ਖ਼ੁਰਦ ਵਿਖੇ ਜਾ ਕੇ ਸ਼ਮਸ਼ਾਨਘਾਟ ਦਾ ਦੌਰਾ ਕੀਤਾ ਤਾਂ ਵੇਖਿਆ ਗਿਆ ਕਿ ਪਿੰਡ ਵਿਚ 3 ਸ਼ਮਸ਼ਾਨ ਘਾਟ ਹਨ। ਇਸ ਪਿੰਡ ਵਿਚ 1 ਐੱਸ ਸੀ ਅਤੇ 2 ਜਨਰਲ ਸ਼ਮਸ਼ਾਨ ਘਾਟ ਹਨ। ਇਸ ਦੌਰੇ ਦੌਰਾਨ ਸਾਹਮਣੇ ਆਇਆ ਕਿ ਪਿੰਡ ਦੀਆਂ ਤਿੰਨਾਂ ਚੋ ਕਿਸੇ ਵੀ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਵਾਲੀ ਕੋਈ ਵੀ ਮਸ਼ੀਨ ਨਹੀਂ ਸੀ। ਇੱਥੋਂ ਤੱਕ ਕਿ ਸ਼ਮਸ਼ਾਨ ਘਾਟ ਵਿਚ ਚਾਰਦੀਵਾਰੀ ਦਾ ਮਾੜਾ ਹਾਲ ਸੀ, ਗੇਟ ਟੁੱਟੇ ਪਏ ਸਨ ਅਤੇ ਸਾਫ਼ ਸਫ਼ਾਈ ਦਾ ਵੀ ਬੁਰਾ ਹਾਲ ਸੀ। ਮਾਹਿਰਾਂ ਮੁਤਾਬਿਕ ਅੰਤਿਮ ਸੰਸਕਾਰ ਵਾਲੀ ਭੱਠੀ ਲਗਾਉਣ ਵਾਸਤੇ ਬੇਹੱਦ ਸਫ਼ਾਈ ਦੀ ਲੋੜ ਹੁੰਦੀ ਹੈ ਅਤੇ ਇਕ ਬਿਲਡਿੰਗ ਤਿਆਰ ਕਰਨੀ ਪੈਂਦੀ ਹੈ। ਇਸ ਭੱਠੀ ਦਾ ਭਾਰ 60-70 ਕੁਇੰਟਲ ਦੇ ਆਸ-ਪਾਸ ਹੈ। ਇਸ ਨੂੰ ਕੱਚੇ ਥਾਂ ਵਿਚ ਰੱਖਣਾ ਨਹੀਂ ਚਾਹੀਦਾ। ਇਸ ਕਰਕੇ ਸਪੈਸ਼ਲ ਬਿਲਡਿੰਗ ਤਿਆਰ ਕਰਨੀ ਪਏਗੀ। ਇਸ ਮਾਮਲੇ ਦੀ ਅਸਲ ਸਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ।
ਸਾਂਸਦ ਗਾਂਧੀ ਵੱਲੋਂ ਜਾਂਚ ਦੇ ਆਦੇਸ਼
ਇਸ ਮਾਮਲੇ ਸਬੰਧੀ ਸਾਂਸਦ ਡਾ. ਧਰਮਵੀਰ ਗਾਂਧੀ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਲਿਖ ਕੇ ਤੁਰੰਤ ਜਾਂਚ ਕਰਨ ਦੇ
ਮਸ਼ੀਨ ਹਰ ਹਾਲ 'ਚ ਲੱਗੇਗੀ-ਸਰਪੰਚ
ਉੱਧਰ ਪਿੰਡ ਬਠੋਈ ਖ਼ੁਰਦ ਦੇ ਸਰਪੰਚ ਰਣਧੀਰ ਸਿੰਘ ਦਾ ਕਹਿਣਾ ਹੈ ਕਿ ਇਹ ਭੱਠੀ ਹਰ ਹਾਲ ਵਿਚ ਲਗਾਈ ਜਾਏਗੀ। ਉਨ੍ਹਾਂ ਕਿਹਾ ਕਿ ਮਸ਼ੀਨ ਰੱਖਣ ਲਈ ਸ਼ਮਸ਼ਾਨਘਾਟ 'ਚ ਬਿਲਡਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਲੱਗ ਕਿ ਤਿਆਰ ਹੋ ਜਾਏਗੀ।
ਮਸ਼ੀਨ ਤਿਆਰ ਹੈ-ਪੰਚਾਇਤ ਸਕੱਤਰ
ਇਸ ਸਬੰਧੀ ਸਬੰਧਿਤ ਪੰਚਾਇਤ ਸਕੱਤਰ ਸਵਰਨ ਸਿੰਘ ਦਾ ਕਹਿਣਾ ਹੈ ਕਿ ਭੱਠੀ ਪੰਜਾਬ ਵਿਚ ਇੱਕੋ ਥਾਂ ਤੇ ਬਣੀ ਹੈ, ਜਿਸ ਕਰਕੇ ਪਹਿਲਾਂ ਆਰਡਰ ਦੇਣਾ ਪੈਂਦਾਂ ਹੈ ਅਤੇ ਬਠੋਈ ਖ਼ੁਰਦ ਵਾਲੀ ਭੱਠੀ ਬਣ ਕੇ ਤਿਆਰ ਹੈ, ਜੋ ਜਲਦੀ ਹੀ ਪਿੰਡ ਵਿਚ ਫਿੱਟ ਕਰ ਦਿੱਤੀ ਜਾਏਗੀ।

ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਪੈਸਾ ਲੋਕਾਂ ਦੀ ਭਲਾਈ ਲਈ ਲਗਾਇਆ ਜਾਂਦਾ ਹੈ, ਇਸ ਦਾ ਦੁਰਉਪਯੋਗ ਨਹੀਂ ਹੋਣ ਦਿੱਤਾ ਜਾਏਗਾ।

Monday, August 14, 2017

ਨਵੇਂ ਵੀਸੀ ਡਾ. ਘੁੰਮਣ ਦਾ ਅਹੁਦਾ ਸੰਭਾਲਣ ਦਾ ਤਰੀਕਾ ਕਈ ਸੰਕੇਤ ਦੇ ਗਿਆ

ਚਲਾਕ ਮਾਨਸਿਕਤਾ ਦੇ ਅਧਿਆਪਕਾਂ ਤੋਂ ਬਚਣ ਦੀ ਲੋੜ ਹੈ ਡਾ. ਘੁੰਮਣ ਨੂੰ
ਗੁਰਨਾਮ ਸਿੰਘ ਅਕੀਦਾ
(ਟਿੱਪਣੀ...)
ਹੁਣ ਤੱਕ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਚਲਾਕ ਅਧਿਆਪਕ ਗਰੁੱਪਾਂ ਨੂੰ ਮੂੰਹ ਨਹੀਂ ਲਾਉਣਗੇ, ਇਹ ਉਸ ਵੇਲੇ ਸਾਫ਼ ਹੋ ਗਿਆ ਜਦੋਂ ਉਨ੍ਹਾਂ ਕੱਲ੍ਹ 14 ਅਗਸਤ ਨੂੰ ਆਪਣਾ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਵੇਲੇ ਕੋਈ ਤਾਮ-ਝਾਮ ਨਹੀਂ ਕੀਤਾ ਨਾ ਹੀ ਉਨ੍ਹਾਂ ਨੇ ਕੋਈ ਅਧਿਆਪਕ ਗਰੁੱਪਾਂ ਨੂੰ ਹੀ ਤਰਜੀਹ ਦਿੱਤੀ, ਇਹ ਚੰਗਾ ਸੰਕੇਤ ਹੈ, ਨਹੀਂ ਤਾਂ ਜਦੋਂ ਡਾ. ਜਸਪਾਲ ਸਿੰਘ ਹੋਰਾਂ ਨੇ ਜਦੋਂ ਵੀਸੀ ਦਾ ਅਹੁਦਾ ਸੰਭਾਲਿਆ ਸੀ ਤਾਂ ਅਕਾਲੀ ਦਲ ਦੇ ਜਥੇਦਾਰਾਂ ਨੇ ਯੂਨੀਵਰਸਿਟੀ ਦੇ ਗੇਟ ਤੋਂ ਲੈਕੇ ਵੀਸੀ ਦਫ਼ਤਰ ਤੱਕ ਸੜਕ ਵੀ ਨੀਵੀਂ ਕਰ ਦਿੱਤੀ ਸੀ ਤੇ ਅਧਿਆਪਕਾਂ ਦੀ ਤਾਂ ਗੱਲ ਹੀ ਨਾ ਪੁੱਛੋ।
    ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕਾਂ ਦਾ ਇਹ ਕਿਰਦਾਰ ਰਿਹਾ ਹੈ ਕਿ ਜਿਹੋ ਜਿਹਾ ਵਾਈਸ ਚਾਂਸਲਰ ਇੱਥੇ ਆਉਂਦਾ ਹੈ ਉਸੇ ਦੇ ਰੰਗ ਵਿਚ ਰੰਗ ਜਾਂਦੇ ਹਨ, ਇਕ ਵਾਈਸ ਚਾਂਸਲਰ ਅਜਿਹਾ ਇੱਥੇ ਆਇਆ ਜੋ ਕੁੱਤਿਆਂ ਬਿੱਲੀਆਂ ਨੂੰ ਪਿਆਰ ਕਰਦਾ ਸੀ ਤਾਂ ਕਈ ਅਧਿਆਪਕ ਜੋ ਬੰਦਿਆਂ ਨੂੰ ਵੀ ਪਿਆਰ ਨਹੀਂ ਕਰਦੇ ਉਨ੍ਹਾਂ ਨੇ ਕੁੱਤਿਆਂ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ, ਪਿਛਲੇ ਸਮੇਂ ਦੌਰਾਨ ਇੱਥੇ ਇਕ ਰਾਧਾ ਸੁਆਮੀ ਵੀਸੀ ਆ ਗਏ ਸਨ ਤਾਂ ਅਧਿਆਪਕਾਂ ਨੇ ਕਾਰਾਂ ਦੀਆਂ ਮੁਹਾਰਾਂ ਰਾਧਾ ਸੁਆਮੀ ਡੇਰੇ ਵੱਲ ਮੋੜ ਲਈਆਂ ਸਨ, ਕੁੱਝ ਸਮਾਂ ਪਹਿਲਾਂ ਇੱਥੇ ਇਕ ਕਾਮਰੇਡ ਵੀਸੀ ਆ ਗਏ ਸਨ ਤਾਂ ਕੱਟੜ ਸਿੱਖਾਂ ਨੇ ਵੀ ਕਾਮਰੇਡੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੱਤੀ ਸੀ, ਉਸ ਤੋਂ ਬਾਅਦ ਇੱਥੇ 'ਰੱਬ ਦਾ ਬੰਦਾ' ਵੀਸੀ ਆ ਗਿਆ ਸੀ ਤਾਂ ਉਸ ਦੇ ਦਫ਼ਤਰ ਤੇ ਬਾਹਰ ਲੱਗੇ ਤਿੰਨ ਬਲਬਾਂ ਨੇ ਸਾਰਾ ਕੁੱਝ ਹੀ ਜੱਗ ਜ਼ਾਹਿਰ ਕਰ ਦਿੱਤਾ ਸੀ, ਜੇਕਰ ਇਕ ਕੁੜੀ ਇੱਥੇ ਨਾ ਜਾਗਦੀ ਤਾਂ ਉਸ ਨੇ ਢਕੇ ਢਕਾਏ ਹੀ ਚਲੇ ਜਾਣਾ ਸੀ, ਉਹ ਤਾਂ ਆਪਣੀ ਪ੍ਰਯੋਗਵਾਦੀ ਕਵਿਤਾ ਵਿਚ ਇੱਥੋਂ ਤੱਕ ਲਿਖਦੇ ਸਨ ਕਿ
'ਮੈਨੂੰ ਮਨਜ਼ੂਰ ਹੋਵੇਗਾ ਜੇਕਰ ਵਰਤ ਲਵੇ ਕੋਈ ਮੇਰੀ ਔਰਤ,
ਪਰ ਨਹੀਂ ਮਨਜ਼ੂਰ ਹੋਵੇਗਾ, ਜੇਕਰ ਕੋਈ ਵਰਤੇ ਮੇਰਾ ਬਿਨਾਕਾ ਟੁੱਥ ਪੇਸਟ'
 ਪਿੱਛੇ ਜਿਹੇ ਇੱਥੇ ਬੜੇ ਸ਼ੌਕੀਨ ਕਿਸਮ ਦੇ ਵਾਈਸ ਚਾਂਸਲਰ ਆ ਗਏ ਸਨ ਤਾਂ ਔਰਤ ਅਧਿਆਪਕਾਂ ਨੇ ਉਨ੍ਹਾਂ ਦੀਆਂ ਸ਼ਾਮ ਦੀਆਂ ਮਹਿਫ਼ਲਾਂ ਵਿਚ ਜਾ ਕੇ ਸ਼ਰਾਬ ਤੱਕ ਵਰਤਾਉਣਾ ਸ਼ੁਰੂ ਕਰ ਦਿੱਤਾ ਸੀ, ਇੱਥੋਂ ਤੱਕ ਕਿ ਕੁੱਝ ਅਧਿਆਪਕ ਔਰਤਾਂ ਨੇ ਤਾਂ ਉਸ ਵੀਸੀ ਦੀ ਮਹਿਫ਼ਲ ਵਿਚ ਨੱਚਣਾ ਵੀ ਸ਼ੁਰੂ ਕਰ ਦਿੱਤਾ ਸੀ, ਇਹ ਜੱਗ ਜ਼ਾਹਿਰ ਗੁਪਤ ਸਚਾਈ ਹੈ। ਪਿਛਲੇ ਸਮੇਂ ਵਿਚ ਇਕ ਵੀਸੀ ਅਜਿਹੇ ਆਏ ਸਨ ਜਿਨ੍ਹਾਂ ਦਾ ਫ਼ੈਸ਼ਨ ਇਕ ਨਵੇਂ ਤਰ੍ਹਾਂ ਦਾ ਕਟਵੇਂ ਚਾਕਾਂ ਵਾਲਾ ਕੁੜਤਾ ਪਾਉਣ ਦਾ ਸੁਭਾਅ ਸੀ, ਆਮ ਤੌਰ ਤੇ ਕੁੱਝ ਲੋਕਾਂ ਦਾ ਆਪਣਾ ਹੀ ਸੁਭਾਅ ਹੁੰਦਾ ਹੈ ਤਾਂ ਪੰਜਾਬੀ ਯੂਨੀਵਰਸਿਟੀ ਦੇ ਕਾਫੀ ਅਧਿਆਪਕਾਂ ਨੇ ਉਹ ਕਟਵੇਂ ਚਾਕ ਵਾਲਾ ਕੁੜਤਾ ਪਾਉਣਾ ਸ਼ੁਰੂ ਕਰ ਦਿੱਤਾ ਸੀ, ਹੋਰ ਤਾਂ ਹੋਰ ਕੁੱਝ ਕਾਮਰੇਡ ਅਧਿਆਪਕਾਂ ਨੇ ਪਗੜੀਆਂ ਸਜਾ ਲਈਆਂ ਸਨ ਤੇ ਦਾੜ੍ਹੀਆਂ ਰੱਖ ਲਈਆਂ ਸਨ ਕਿਉਂਕਿ ਉਹ ਸਿੱਖ ਵਿਦਵਾਨ ਸੀ ਤੇ ਅਕਾਲੀ ਦਲ ਦੇ ਨੇੜੇ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਣਾਏ ਹੋਏ ਸਨ। ਕੱਲ੍ਹ 14 ਅਗਸਤ ਨੂੰ ਨਵੇਂ ਵਾਈਸ ਚਾਂਸਲਰ ਡਾ. ਬੀਐਸ ਘੁੰਮਣ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਕੋਈ ਮੀਡੀਆ ਵਾਲਾ ਨਹੀਂ ਸੱਦਿਆ, ਨਾ ਹੀ ਕੋਈ ਕਾਂਗਰਸੀ ਵਿਧਾਇਕ ਜਾਂ ਮੰਤਰੀ ਇੱਥੇ ਆਇਆ ਨਾ ਹੀ ਕੋਈ ਅਧਿਆਪਕ ਜਥੇਬੰਦੀ ਦਾ ਹੀ ਆਗੂ ਇੱਥੇ ਹਾਜ਼ਰ ਸੀ ਨਾ ਹੀ ਕੋਈ ਨਾਨ ਟੀਚਿੰਗ ਦਾ ਹੀ ਆਗੂ ਹਾਜ਼ਰ ਸੀ ਸਗੋਂ ਉਨ੍ਹਾਂ ਨੇ ਬਿਨਾਂ ਕੋਈ ਤੜਕ-ਭੜਕ ਤੋਂ ਆਪਣਾ ਅਹੁਦਾ ਆਪਣੇ ਵਾਈਸ ਚਾਂਸਲਰ ਦੇ ਅਮਲੇ ਦੀ ਮੌਜੂਦਗੀ ਵਿਚ ਸੰਭਾਲ ਲਿਆ, ਇਹ ਚੰਗਾ ਸੰਕੇਤ ਗਿਆ ਹੈ ਆਸ ਕੀਤੀ ਜਾ ਰਹੀ ਹੈ ਕਿ ਨਵੇਂ ਵਾਈਸ ਚਾਂਸਲਰ ਡਾ. ਘੁੰਮਣ ਯੂਨੀਵਰਸਿਟੀ ਨੂੰ ਆਪਣੇ ਤਰੀਕੇ ਨਾਲ ਹੀ ਚਲਾਉਣਗੇ, ਇਨ੍ਹਾਂ ਕੋਲ ਲੋਕ ਪ੍ਰਸ਼ਾਸਨ ਦਾ ਤਜਰਬਾ ਹੈ, ਇਨ੍ਹਾਂ ਕੋਲ ਆਰਥਿਕ ਮਾਹਿਰਤਾ ਹਾਸਲ ਹੈ। ਇਨ੍ਹਾਂ ਕੋਲ ਵਾਰਡਨ ਤੋਂ ਲੈਕੇ ਕਈ ਸਾਰੇ ਜਰਨਲਾਂ ਦੇ ਸੰਪਾਦਕ ਤੇ ਸੰਪਾਦਕੀ ਬੋਰਡ ਵਿਚ ਰਹਿਣ ਦਾ ਤਜਰਬਾ ਹਾਸਲ ਹੈ। 37 ਸਾਲ ਤੋਂ ਵੱਧ ਦਾ ਅਧਿਆਪਕ ਦਾ ਤਜਰਬਾ ਵੱਡੀ ਗੱਲ ਹੁੰਦੀ ਹੈ।

ਕਈ ਚੁਣੋਤੀਆਂ ਹਨ ਡਾ. ਘੁੰਮਣ ਦੇ ਅੱਗੇ

ਪੰਜਾਬੀ ਯੂਨੀਵਰਸਿਟੀ ਹੁਣ ਵਿੱਤੀ ਸੰਕਟ ਵਿਚ ਚਲ ਰਹੀ ਹੈ। ਯੂਨੀਵਰਸਿਟੀ ਕਰੀਬ 400 ਕਰੋੜ ਦੇ ਘਾਟੇ ਵਿਚ ਹੈ, ਯੂਨੀਵਰਸਿਟੀ ਦਾ ਖਾਤਾ ਖਾਲੀ ਹੀ ਡਾ. ਘੁੰਮਣ ਨੂੰ ਮਿਲਿਆ ਹੈ। ਦੋ ਚੇਅਰਾਂ ਨੂੰ ਛੱਡ ਕੇ ਬਾਕੀ ਦੀਆਂ ਚੇਅਰਾਂ ਦਾ ਬੁਰਾ ਹਾਲ ਹੈ। 53 ਦੇ ਕਰੀਬ ਵਿਭਾਗਾਂ ਵਿਚ ਦਾਖ਼ਲੇ ਬਹੁਤ ਘੱਟ ਹੋਏ ਹਨ। ਸੇਵਾ ਮੁਕਤ ਅਧਿਆਪਕਾਂ ਨੂੰ ਪੁਨਰ ਨਿਯੁਕਤ ਤੇ ਬਰਕਰਾਰ ਰੱਖਣਾ ਹੈ ਕਿ ਨਹੀਂ ਇਹ ਵੀ ਵੱਡੀ ਚੁਣੋਤੀ ਹੈ। ਕਾਰਜਕਾਰੀ ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਅਧਿਆਪਕਾਂ ਦੇ ਹੱਥ ਵਿਚ ਹੀ ਕੁਹਾੜੇ ਫੜਾ ਕੇ ਪੜਤਾਲਾਂ ਕਰਾਈਆਂ ਸਨ, ਉਹ ਪੜਤਾਲਾਂ ਵੀ ਵਿੱਚੇ ਹੀ ਪਈਆਂ ਹਨ, ਕੀ ਉਨ੍ਹਾਂ ਪੜਤਾਲਾਂ ਦੇ ਕੋਈ ਕਾਰਵਾਈ ਹੋਵੇਗੀ ਬਾਰੇ ਵੀ ਵੱਡੀ ਚੁਣੋਤੀ ਵਾਈਸ ਚਾਂਸਲਰ ਡਾ. ਘੁੰਮਣ ਦੇ ਅੱਗੇ ਵਿਕਰਾਲ ਰੂਪ ਧਾਰ ਕੇ ਖੜੀ ਹੈ। ਇੰਜੀਨੀਅਰਿੰਗ ਕਾਲਜ ਜਾਂ ਇੰਜੀਨੀਅਰਿੰਗ ਵਿਭਾਗ ਵਿਚ ਦਾਖ਼ਲੇ ਬਹੁਤ ਘੱਟ ਹੋਏ ਹਨ ਤੇ ਅਧਿਆਪਕਾਂ ਦੀ ਭਰਤੀ ਬਹੁਤ ਜ਼ਿਆਦਾ ਕੀਤੀ ਹੈ, ਇਹ ਵੀ ਪ੍ਰੇਸ਼ਾਨੀ ਖੜੀ ਕਰਨ ਵਾਲੀ ਗੱਲ ਹੈ। ਇਸੇ ਤਰ੍ਹਾਂ ਕਈ ਵਿਭਾਗਾਂ ਵਿਚ ਅਧਿਆਪਕਾਂ ਦੀ ਮਨ ਮਰਜ਼ੀ ਤੇ ਅਜਾਰੇਦਾਰੀ ਬਣੀ ਹੋਈ ਹੈ, ਕਈ ਵਿਭਾਗਾਂ ਵਿਚ ਪੀ ਐੱਚਡੀ ਕਰਾਉਣ ਬਦਲੇ ਕੁੜੀਆਂ ਨੂੰ ਗਲਤ ਤਰੀਕੇ ਨਾਲ ਕੰਮ ਕਰਨ ਲਈ ਕਿਹਾ ਜਾਂਦਾ ਹੈ। ਇੱਥੇ ਪੀਐੱਚਡੀ ਰੁਪਏ ਦੇ ਕੇ ਕਰਾਉਣ ਦਾ ਵੀ ਮਾਮਲਾ ਸਾਹਮਣੇ ਆ ਚੁੱਕਿਆ ਹੈ। ਕਈ ਵਿਭਾਗਾਂ ਵਿਚ ਯੂਜੀਸੀ ਦੀ ਮਨਜ਼ੂਰੀ ਤੋਂ ਬਿਨਾਂ ਹੀ ਵਿਸ਼ੇ ਪੜਾਏ ਜਾ ਰਹੇ ਹਨ। ਅਜਿਹੇ ਹੋਰ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਨੂੰ ਸਹੀ ਕਰਨ ਲਈ ਨਵੇਂ ਵੀਸੀ ਨੂੰ ਕਾਫੀ ਸਮਝਦਾਰੀ ਨਾਲ ਕੰਮ ਕਰਨਾ ਪਵੇਗਾ। ਪਰ ਜੇਕਰ ਨਵੇਂ ਵਾਈਸ ਚਾਂਸਲਰ ਚਲਾਕ ਮਾਨਸਿਕਤਾ ਵਾਲੇ ਅਧਿਆਪਕਾਂ ਦੇ ਚੁੰਗਲ ਵਿਚ ਫਸ ਗਏ ਤਾਂ ਸਮਝੋ ਯੂਨੀਵਰਸਿਟੀ ਦਾ ਬੈਠਿਆ ਭੱਠਾ ਹੋਰ ਵੀ ਗ਼ਰਕ ਜਾਵੇਗਾ।

ਪੰਜਾਬੀ ਯੂਨੀਵਰਸਿਟੀ ਦੇ ਵੀਸੀ ਡਾ. ਘੁੰਮਣ ਦੇ ਬਣ ਜਾਣ ਤੇ ਖ਼ੁਸ਼ੀ ਦੀ ਲਹਿਰ

ਲੰਬੇ ਅਕਾਦਮਿਕ ਤਜਰਬੇ ਦੇ ਮਾਲਕ ਹਨ ਡਾ. ਬੀਐਸ ਘੁੰਮਣ
ਗੁਰਨਾਮ ਸਿੰਘ ਅਕੀਦਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਵਾਈਸ ਚਾਂਸਲਰ ਡਾ. ਬੀਐਸ ਘੁੰਮਣ ਦੇ ਬਣ ਜਾਣ ਤੇ ਪੰਜਾਬੀ ਯੂਨੀਵਰਸਿਟੀ ਵਿਚ ਚਲ ਰਹੀ ਚਰਚਾ ਪੂਰੀ ਹੋਣ ਤੇ ਖ਼ੁਸ਼ੀ ਦੀ ਲਹਿਰ ਛਾਹ ਗਈ। ਪਿਛਲੇ ਤਿੰਨ ਦਿਨਾਂ ਤੋਂ ਡਾ. ਬੀਐਸ ਘੁੰਮਣ ਦੇ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਬਣਨ ਦੀ ਜ਼ੋਰਦਾਰ ਚਰਚਾ ਚਲ ਰਹੀ ਸੀ।
    ਡਾ. ਘੁੰਮਣ ਲੋਕ ਪ੍ਰਸ਼ਾਸਨ ਅਤੇ ਆਰਥਿਕ ਮਾਮਲਿਆਂ ਦੇ ਮਾਹਿਰ ਅਧਿਆਪਕ ਹਨ, ਉਹ ਐਮਏ, ਐਮਫਿਲ ਇਨ ਇਕਨਾਮਿਕਸ ਅਤੇ ਉਨ੍ਹਾਂ ਨੇ ਪੀਐੱਚਡੀ ਇਕਨਾਮਿਕਸ ਐਂਡ ਬਿਜ਼ਨੈੱਸ ਵਿਚ ਕੀਤੀ ਸੀ। ਅਧਿਆਪਨ ਵਿਚ ਉਨ੍ਹਾਂ ਦਾ 37 ਸਾਲ ਤੋਂ ਵੱਧ ਦਾ ਤਜਰਬਾ ਹੈ। 1979 ਵਿਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਜੂਨੀਅਰ ਰਿਸਰਚ ਫੈਲੋ (ਯੂਜੀਸੀ) ਬਣੇ ਸਨ। ਉਸ ਤੋਂ ਬਾਅਦ 1981 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਲੈਕਚਰਾਰ ਬਣੇ, 1988 ਵਿਚ ਰੀਡਰ ਬਣੇ ਤੇ 1998 ਵਿਚ ਪ੍ਰੋਫੈਸਰ ਬਣ ਗਏ ਸਨ। ਉਨ੍ਹਾਂ ਦੀ ਨਿਗਰਾਨੀ ਵਿਚ 15 ਪੀਐੱਚਡੀ ਤੇ 17 ਐਮਫਿਲ ਹੋਈਆਂ ਹਨ। ਉਨ੍ਹਾਂ ਨੇ 3 ਕਿਤਾਬਾਂ ਤੇ 71 ਖੋਜ ਪੱਤਰ ਲਿਖੇ, ਉਨ੍ਹਾਂ ਨੇ 6 ਖੋਜ ਪ੍ਰੋਜੈਕਟ ਪੂਰੇ ਕੀਤੇ ਤੇ ਅੰਤਰਰਾਸ਼ਟਰੀ ਪੱਧਰ ਦੇ 3 ਤਿੰਨ ਪ੍ਰੋਜੈਕਟ ਪੂਰੇ ਕੀਤੇ। ਉਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿਚ 18 ਅੰਤਰਰਾਸ਼ਟਰੀ ਤੇ 86 ਰਾਸ਼ਟਰੀ ਕਾਨਫ਼ਰੰਸਾਂ, ਸੈਮੀਨਾਰ ਤੇ ਮੀਟਿੰਗ ਵਿਚ ਸ਼ਮੂਲੀਅਤ ਕਰਕੇ ਆਪਣੀ ਵਿਦਵਤਾ ਦਾ ਲੋਹਾ ਮਨਾਇਆ ਤੇ ਕਈ ਸਾਰੇ ਦੇਸ਼ਾਂ ਵਿਚ ਪੇਪਰ ਪੜ੍ਹੇ ਤੇ ਪੰਜਾਬ ਸਰਕਾਰ ਦੀਆਂ ਕਈਆਂ ਸਾਰੀਆਂ ਕਮੇਟੀਆਂ ਵਿਚ ਸ਼ੁਮਾਰ ਵੀ ਰਹੇ। ਪੰਜਾਬ ਯੂਨੀਵਰਸਿਟੀ ਦੇ ਰਿਸਰਚ ਜਰਨਲ  ਲੋਕ ਪ੍ਰਸ਼ਾਸਨ ਦੇ ਸੰਪਾਦਕ ਰਹੇ, ਏਸ਼ੀਆ ਪੈਸੀਫਿਕ ਜਰਨਲ  ਦੇ ਸੰਪਾਦਕੀ ਬੋਰਡ ਦੇ ਮੈਂਬਰ ਅਤੇ ਏਸ਼ੀਅਨ ਰੀਵਿਊ ਆਫ਼ ਲੋਕ ਪ੍ਰਸ਼ਾਸਨ ਦੇ ਸੰਪਾਦਕੀ ਬੋਰਡ ਦੇ ਮੈਂਬਰ ਵੀ ਰਹੇ ਤੇ ਹੋਰ ਵੀ ਕਈ ਜਰਨਲ ਦੇ ਸੰਪਾਦਕੀ ਬੋਰਡ ਦੇ ਮੈਂਬਰ ਰਹੇ। ਡਾ. ਘੁੰਮਣ ਪੰਜਾਬ ਯੂਨੀਵਰਸਿਟੀ ਦੇ ਦੋ ਵਾਰ ਸੈਨੇਟ ਮੈਂਬਰ, ਸਿੰਡੀਕੇਟ ਮੈਂਬਰ, ਡੀਨ ਫੈਕਲਟੀ ਆਫ਼ ਆਰਟ, ਅਕਾਦਮਿਕ ਕੌਂਸਲ, ਫੈਕਲਟੀ ਆਫ਼ ਆਰਟ, ਫੈਕਲਟੀ ਆਫ਼ ਕਾਮਰਸ ਐਂਡ ਬਿਜ਼ਨੈੱਸ ਮੈਨੇਜਮੈਂਟ ਲਾਅ ਐਂਡ ਐਜੂਕੇਸ਼ਨ, ਰਿਸਰਚ ਡਿਗਰੀ ਕਮੇਟੀ ਲੋਕ ਪ੍ਰਸ਼ਾਸਨ, ਚੇਅਰਮੈਨ ਕਮ ਐਚਓਡੀ ਲੋਕ ਪ੍ਰਸ਼ਾਸਨ ਵਿਭਾਗ ਪੰਜਾਬ ਯੂਨੀਵਰਸਿਟੀ ਵੀ ਰਹੇ, ਨੈਕ ਟੀਮ ਦੇ ਮੈਂਬਰ ਤੋਂ ਇਲਾਵਾ ਯੂਜੀਸੀ ਦੀਆਂ ਕਈ ਸਾਰੀਆਂ ਕਮੇਟੀਆਂ ਵਿਚ ਵੀ ਰਹੇ, ਇਸ ਤੋਂ ਇਲਾਵਾ ਹੋਰ ਕਈ ਸਾਰੇ ਅਕਾਦਮਿਕ ਅਹੁਦਿਆਂ ਤੇ ਵੀ ਸ਼ੁਮਾਰ ਰਹੇ ਹਨ। ਹੋਰ ਬਹੁਤ ਸਾਰੇ ਤਜਰਬਿਆਂ ਦੇ ਨਾਲ ਨਾਲ ਉਨ੍ਹਾਂ ਦਾ ਹੋਸਟਲ ਵਾਰਡਨ ਦਾ ਵੀ ਤਜਰਬਾ ਹੈ।