Saturday, March 03, 2018

ਲੋਕਾਂ ਨੂੰ ਮੰਜ਼ਿਲਾਂ 'ਤੇ ਪਹੁੰਚਾਉਣ ਵਾਲੀ ਰੇਲ ਹੇਠਾਂ ਆਕੇ ਰੋਜ਼ਾਨਾ ਹੋ ਜਾਂਦੀਆਂ ਹਨ ਚਾਰ ਮੌਤਾਂ

ਲੁਧਿਆਣਾ 'ਚ ਰੇਲ ਹੇਠਾਂ ਆਕੇ ਮਰਨ ਵਾਲੇ ਲੋਕ ਸਭ ਤੋਂ ਵੱਧ, ਬਠਿੰਡਾ 'ਚ ਖੁਦਕੁਸ਼ੀਆਂ ਜ਼ਿਆਦਾ
ਗੁਰਨਾਮ ਸਿੰਘ ਅਕੀਦਾ
ਭਾਰਤੀ ਰੇਲਵੇ ਜਿੱਥੇ ਇਨਸਾਨੀ ਜ਼ਿੰਦਗੀਆਂ ਨੂੰ ਆਪੋ ਆਪਣੀਆਂ ਮੰਜ਼ਿਲਾਂ ਤੇ ਪਹੁੰਚਾਉਣ ਦਾ ਕੰਮ ਕਰਦੀ ਹੈ ਉੱਥੇ ਹੀ ਇਹ ਪੰਜਾਬ ਵਿਚ ਹਰ ਦਿਨ ਚਾਰ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿਚ ਪਾਉਣ ਦਾ ਕੰਮ ਵੀ ਕਰਦੀ ਹੈ। ਲੁਧਿਆਣਾ ਜ਼ਿਲ੍ਹੇ ਦੇ ਰੇਲਵੇ ਟਰੈਕਾਂ 'ਤੇ ਪੰਜਾਬ ਵਿਚ ਸਭ ਤੋਂ ਵੱਧ ਮੌਤਾਂ ਹੋਣ ਦਾ ਪਤਾ ਲੱਗਾ ਹੈ ਜਦ ਕਿ ਸਭ ਤੋਂ ਘੱਟ ਮੌਤਾਂ ਅਬੋਹਰ ਇਲਾਕੇ ਵਿਚ ਸਥਿਤ ਰੇਲ ਟਰੈਕਾਂ ਤੇ ਹੋਈਆਂ ਹਨ। ਪੰਜਾਬ ਵਿਚ ਪਿਛਲੇ ਸਾਲ ਕੁੱਲ 1465 ਮੌਤਾਂ ਹੋਈਆਂ ਜਿਸ ਕਰ ਕੇ ਰੋਜ਼ਾਨਾ ਚਾਰ ਮੌਤਾਂ ਰੇਲ ਕਾਰਨ ਹੋਣ ਦਾ ਅੰਕੜਾ ਸਾਹਮਣੇ ਆਉਂਦਾ ਹੈ।
ਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰੇਲ ਹੇਠਾਂ ਆਕੇ ਖੁਦਕੁਸ਼ੀਆਂ ਸਭ ਤੋਂ ਵੱਧ ਬਠਿੰਡਾ ਜ਼ਿਲ੍ਹੇ ਵਿਚ ਕੀਤੀਆਂ ਗਈਆਂ ਹਨ। ਜਦ ਕਿ ਸਭ ਤੋਂ ਘੱਟ ਖੁਦਕੁਸ਼ੀਆਂ ਫ਼ਿਰੋਜਪੁਰ ਵਿਚ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿਛਲੇ ਸਾਲ ਜਲੰਧਰ ਵਿਚ ਰੇਲਵੇ ਟਰੈਕ ਤੇ 273 ਮੌਤਾਂ, ਅੰਮ੍ਰਿਤਸਰ ਵਿਚ 168, ਲੁਧਿਆਣਾ ਵਿਚ 320, ਪਠਾਨਕੋਟ ਵਿਚ 78, ਪਟਿਆਲਾ ਵਿਚ 121, ਸਰਹਿੰਦ ਵਿਚ 144, ਸੰਗਰੂਰ ਵਿਚ 74, ਫ਼ਿਰੋਜ਼ਪੁਰ ਵਿਚ 47, ਫ਼ਰੀਦਕੋਟ ਵਿਚ 49, ਬਠਿੰਡਾ ਵਿਚ 161, ਅਬੋਹਰ ਵਿਚ 34 ਮੌਤਾਂ ਪਿਛਲੇ ਸਾਲ ਰੇਲ ਨਾਲ ਹੋਈਆਂ ਹਨ, ਇਨ੍ਹਾਂ ਕੁੱਲ ਮੌਤਾਂ ਵਿਚੋਂ ਰੇਲਵੇ ਦੁਰਘਟਨਾ ਨਾਲ 809 ਮੌਤਾਂ ਹੋਈਆਂ ਜਦ ਕਿ ਖੁਦਕੁਸ਼ੀਆਂ ਕਰਨ ਵਾਲੀਆਂ ਮੌਤਾਂ 384 ਹੋਈਆਂ, ਇਸੇ ਤਰ੍ਹਾਂ ਹੋਰ ਤਰੀਕਿਆਂ ਨਾਲ 272 ਮੌਤਾਂ ਰੇਲਵੇ ਟਰੈਕ ਨਾਲ ਹੋਈਆਂ ਪਤਾ ਲੱਗੀਆਂ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਮੌਤਾਂ ਵਿਚ ਕੁੱਝ ਅਜਿਹੀਆਂ ਵੀ ਹਨ ਜੋ ਦੁਸ਼ਮਣੀ ਕਰ ਕੇ ਹੱਥ ਪੈਰ ਬੰਨ੍ਹ ਦੇ ਟਰੈਕ ਤੇ ਸੁੱਟ ਦਿੱਤਾ ਗਿਆ ਤਾਂ ਉਹ ਰੇਲ ਨੇ ਮਾਰ ਦਿੱਤਾ। ਇਸੇ ਤਰ੍ਹਾਂ ਕੁੱਝ ਮੌਤਾਂ ਅਜਿਹੀਆਂ ਵੀ ਹੋਈਆਂ ਹਨ ਕਿ ਚੱਲਦਿਆਂ ਰੇਲ ਵਿਚ ਸਵਾਰੀ ਨੂੰ ਧੱਕਾ ਦੇ ਦਿੱਤਾ ਤਾਂ ਉਸ ਦੀ ਮੌਤ ਹੋ ਗਈ, ਉਸ ਨਾਲ ਸਬੰਧਿਤ ਰੇਲਵੇ ਵੱਲੋਂ ਘੱਟੋ ਘੱਟ ਦੋ ਲੱਖ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ ਪਰ ਇਸ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਨਾਲ ਹੋਈ ਮੌਤ ਦਾ ਕੋਈ ਮੁਆਵਜ਼ਾ ਨਹੀਂ ਮਿਲਦਾ।
ਰੇਲਵੇ ਪੁਲੀਸ ਦੇ ਏਆਈਜੀ ਦਲਜੀਤ ਸਿੰਘ ਰਾਣਾ ਅਨੁਸਾਰ ਜਿੱਥੇ ਰੇਲ ਦਾ ਟਰੈਕ ਹੁੰਦਾ ਹੈ ਉੱਥੇ ਜ਼ਿਆਦਾਤਰ ਖੁਦਕੁਸ਼ੀਆਂ ਟਰੈਕ ਹੇਠਾਂ ਹੀ ਆਕੇ ਹੁੰਦੀਆਂ ਹਨ ਪਰ ਜਿੱਥੇ ਭਾਖੜਾ ਜਾਂ ਨਹਿਰ ਨੇੜੇ ਨੂੰ ਚਲਦੀ ਹੈ ਤਾਂ ਉੱਥੇ ਜ਼ਿਆਦਾ ਖੁਦਕੁਸ਼ੀਆਂ ਭਾਖੜਾ ਜਾਂ ਨਹਿਰ ਵਿਚ ਲੋਕ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦੁਖਦਾਈ ਕਾਂਡ ਜ਼ਿਆਦਾਤਰ ਰਾਤ ਦੇ ਸਮੇਂ ਵਾਪਰਦੇ ਹਨ। ਲਾਪਰਵਾਹੀ ਵੀ ਮੌਤ ਦਾ ਕਾਰਨ ਬਣਦੀ ਹੈ ਕਿਉਂਕਿ ਪਿਛਲੇ ਸਾਲ ਤਿੰਨ ਮੌਤਾਂ ਲਾਪਰਵਾਹੀ ਕਰ ਕੇ ਟਰੈਕ ਪਾਰ ਕਰਨ ਨਾਲ ਹੀ ਹੋ ਗਈਆਂ। ਉਨ੍ਹਾਂ ਕਿਹਾ ਕਿ ਇਹ ਮਾੜਾ ਰੁਝਾਨ ਹੈ ਕਿ ਜੋ ਰੇਲ ਆਪਣੇ ਤੇ ਬਿਠਾ ਕੇ ਲੋਕਾਂ ਨੂੰ ਮੰਜ਼ਿਲਾਂ ਤੇ ਪਹੁੰਚਾਉਂਦੀ ਹੈ ਉਸ ਹੇਠਾਂ ਮਰਨਾ ਵੀ ਲੋਕ ਚੁਣ ਲੈਂਦੇ ਹਨ।
ਰੇਲਵੇ ਫ਼ੋਟੋ : ਬਹੁਤ ਮੌਤਾਂ ਰੇਲਵੇ ਟਰੈਕ ਕਰੌਸ ਕਰਦੇ ਵੀ ਹੁੰਦੀਆਂ ਹਨ। ਫ਼ੋਟੋ ਅਕੀਦਾ

No comments:

Post a Comment